’20 ਦਸੰਬਰ ਦਾ ਪੰਜਾਬ ਵਾਤਾਵਰਨ ਸੰਮੇਲਨ’

ਵਾਤਾਵਰਨ ਨੂੰ ਅਹਿਮ ਮੁੱਦਾ ਬਣਾਉਣ ਲਈ ਰਾਜਸੀ ਪਾਰਟੀਆਂ ਨੂੰ ਕਰਾਂਗੇ ਮਜਬੂਰ : ਚੰਦਬਾਜਾ

ਫਰੀਦਕੋਟ -ਪੰਜਾਂ ਪਾਣੀਆਂ ਦੇ ਦੇਸ਼ ਵਜੋਂ ਜਾਣੀ ਜਾਂਦੀ ਪੰਜਾਬ ਦੀ ਧਰਤੀ, ਪਾਣੀ ਹਵਾ ਦੇ ਵੱਡੇ ਸੰਕਟ ਦੇ ਮੁਹਾਣ ‘ਤੇ ਖੜੀ ਹੈ। ਜਿੱਥੇ ਸਾਡੇ ਦਰਿਆ ਗੰਦੇ ਨਾਲਿਆਂ ਦਾ ਰੂਪ ਧਾਰਨ ਕਰਦੇ ਜਾ ਰਹੇ ਹਨ, ਉੱਥੇ ਧਰਤੀ ਹੇਠਲਾ ਪਾਣੀ ਖਤਰਨਾਕ ਹੱਦ ਤੱਕ ਹੇਠਾਂ ਚਲਾ ਗਿਆ ਹੈ। ਜੇਕਰ ਅਜਿਹੇ ਹਾਲਾਤ ਰਹੇ ਤਾਂ ਅਗਲੇ ਕੁਝ ਹੀ ਸਾਲਾਂ ਤੱਕ ਪੰਜਾਬ ਦੇ ਲੋਕ ਪਾਣੀ ਦੀ ਬੂੰਦ-ਬੂੰਦ ਦੇ ਮੁਥਾਜ ਹੋ ਕੇ ਰਹਿ ਜਾਣਗੇ। ਹਾਲਾਤ ਐਨੇ ਭਿਆਨਕ ਹੋਣਗੇ ਕਿ ਜਿਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਬੇਹੱਦ ਅਫਸੋਸ ਦੀ ਗੱਲ ਇਹ ਹੈ ਕਿ ਇਸ ਪੰਜਾਬ ਦਾ ਵਾਤਾਵਰਣ ਸੰਕਟ ਕਿਸੇ ਵੀ ਰਾਜਸੀ ਪਾਰਟੀ ਦੇ ਏਜੰਡੇ ‘ਤੇ ਨਹੀਂ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਗੁਰਪ੍ਰੀਤ ਸਿੰਘ ਚੰਦਬਾਜਾ ਸੰਸਥਾਪਕ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ, ਮੈਂਬਰ ਪੰਜਾਬ ਵਾਤਾਵਰਣ ਚੇਤਨਾ ਲਹਿਰ ਅਤੇ ਕਨਵੀਨਰ ਨਰੋਆ ਪੰਜਾਬ ਮੰਚ ਨੇ ਦੱਸਿਆ ਕਿ ਭਵਿੱਖ ‘ਚ ਪੰਜਾਬ ਵਾਤਾਵਰਨ ਚੇਤਨਾ ਲਹਿਰ ਦੇ ਬੈਨਰ ਹੇਠ ਪੰਜਾਬ ਭਰ ‘ਚ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਡੀ ਮੁਹਿੰਮ ਵਿੱਢੀ ਜਾਵੇਗੀ। ਜਿਸ ਤਹਿਤ 20 ਦਸੰਬਰ ਦਿਨ ਸੋਮਵਾਰ ਨੂੰ ਰਾਮਗੜ੍ਹੀਆ ਕਾਲਜ ਲੁਧਿਆਣਾ ਵਿਖੇ ਵਾਤਾਵਰਣ ਸੰਮੇਲਨ ਕੀਤਾ ਜਾ ਰਿਹਾ ਹੈ, ਜਿਸ ‘ਚ ਸੰਤ ਬਲਵੀਰ ਸਿੰਘ ਸੀਚੇਵਾਲ, ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਦਮਦਮਾ ਸਾਹਿਬ, ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਬੀਬੀ ਇੰਦਰਜੀਤ ਕੌਰ ਪਿੰਗਲਵਾੜਾ, ਕਾਹਨ ਸਿੰਘ ਪੰਨੂੰ ਦੀ ਅਗਵਾਈ ‘ਚ ਇੰਜ. ਜਸਕੀਰਤ ਸਿੰਘ ਲੁਧਿਆਣਾ, ਓਮੇਂਦਰ ਦੱਤ ਨਿਰਦੇਸ਼ਕ ਖੇਤੀ ਵਿਰਾਸਤ ਮਿਸ਼ਨ, ਗੁਰਚਰਨ ਸਿੰਘ ਨੂਰਪੁਰ ਸਾਹਿਤਕਾਰ, ਗੁਰਬਿੰਦਰ ਸਿੰਘ ਬਾਜਵਾ, ਇੰਜੀ. ਕਪਿਲ ਅਰੋੜਾ, ਡਾ. ਅਮਰਜੀਤ ਸਿੰਘ ਮਾਨ ਸੰਗਰੂਰ, ਮਹਿੰਦਰਪਾਲ ਲੂੰਬਾ ਮੋਗਾ ਅਤੇ ਪੰਜਾਬ ਦੀ ਨਾਮਵਰ ਹਸਤੀ ਅਤੇ ਸੰਸਥਾਵਾਂ ਸ਼ਾਮਲ ਹੋਣਗੀਆਂ, ਭਵਿੱਖ ‘ਚ ਲੋਕਾਂ ‘ਚ ਜਾਗ੍ਰਤੀ ਪੈਦਾ ਕਰਨ ਲਈ ਪੰਜਾਬ ਭਰ ‘ਚ ਲਹਿਰ ਚਲਾਈ ਜਾਵੇਗੀ। ਪ੍ਰੈਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਮੁਤਾਬਿਕ ਇਸ ਵਾਸਤੇ ਵੱਖ-ਵੱਖ ਜਥੇਬੰਦੀਆਂ ਤੋਂ ਇਲਾਵਾ ਰਾਜ ਭਰ ਦੀਆਂ ਲੋਕ ਹਿਤਾਂ ਲਈ ਕੰਮ ਕਰਨ ਵਾਲੀਆਂ ਧਾਰਮਿਕ ਅਤੇ ਰਾਜਸੀ ਜਥੇਬੰਦੀਆਂ ਦਾ ਸਹਿਯੋਗ ਲੈਣ ਉਪਰੰਤ ਉਕਤ ਸੰਮੇਲਨ ਵਿੱਚ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਤੋਂ ਵਾਤਾਵਰਨ ਦੀ ਸ਼ੁੱਧਤਾ ਲਈ ਅਹਿਦ ਲਿਆ ਜਾਵੇਗਾ, ਕਿਉਂਕ ਇਸ ਸਬੰਧੀ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨਾਂ ਨੂੰ ਸੁਨੇਹਾ ਵੀ ਭੇਜਿਆ ਗਿਆ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸਿਮਰਜੀਤ ਸਿੰਘ ਬਰਾੜ ਸੂਬਾਈ ਪ੍ਰਧਾਨ ਪੀਆਰਟੀਸੀ ਯੂਨੀਅਨ ਅਜ਼ਾਦ, ਗੁਰਮੀਤ ਸਿੰਘ ਸੰਧੂ, ਹਰਵਿੰਦਰ ਸਿੰਘ ਮਰਵਾਹ, ਗੁਰਨਾਮ ਸਿੰਘ ਬਰਾੜ, ਅਵਤਾਰ ਸਿੰਘ ਪਿਪਲੀ, ਬਖਸ਼ੀਸ਼ ਸਿੰਘ ਅਤੇ ਮਨਦੀਪ ਸਿੰਘ ਫਰੀਦਕੋਟ ਆਦਿ ਵੀ ਹਾਜਰ ਹੋਏ।