ਨਿਊ ਸਾਊਥ ਵੇਲਜ਼ ਪੁਲਿਸ ਵਿੱਚ 204 ਨਵੇਂ ਅਫ਼ਸਰਾਂ ਦਾ ਸਵਾਗਤ

ਪ੍ਰੀਮੀਅਰ ਗਲੈਡੀਜ਼ ਬਰਜਿਕਲਿਅਨ ਸਮੇਤ ਪੁਲਿਸ ਅਤੇ ਆਪਾਤਕਾਲੀਨ ਸੇਵਾਵਾਂ ਦੇ ਮੰਤਰੀ ਡੇਵਿਡ ਐਲਿਅਟ ਅਤੇ ਕਾਰਜਕਾਰੀ ਪੁਲਿਸ ਕਮਿਸ਼ਨਰ ਡੇਵਿਡ ਹਡਸਨ (ਏ.ਪੀ.ਐਮ.) ਨੇ, ਨਿਊ ਸਾਊਥ ਵੇਲਜ਼ ਪੁਲਿਸ ਫੋਰਸ ਵਿੱਚ ਨਵੇਂ 204 ਅਫ਼ਸਰਾਂ ਦੀ ਸ਼ਮੂਲੀਅਤ ਦਾ ਸਵਾਗਤ ਕੀਤਾ ਜਿਨ੍ਹਾਂ ਵਿੱਚ ਕਿ 14 ਵੈਟਰਨ ਵੀ ਸ਼ਾਮਿਲ ਹਨ ਜੋ ਕਿ ਆਸਟ੍ਰੇਲੀਆਈ ਡਿਫੈਂਸ ਫੋਰਸ ਵਿਚੋਂ ਗੌਲਬਰਨ ਵਿਖੇ ਬਤੌਰ ਪਰੋਬੇਸ਼ਨਰੀ ਕੰਸਟੇਬਲ ਚੁਣੇ ਗਏ ਹਨ। ਇਨ੍ਹਾਂ ਸਭ ਦੇ ਸਵਾਗਤ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਅਤੇ ਹੁਣ ਇਹ ਅਫ਼ਸਰ ਸਮੁੱਚੇ ਰਾਜ ਵਿੱਚ ਵੱਖਰੀਆਂ ਵੱਖਰੀਆਂ ਥਾਵਾਂ ਉਪਰ ਆਪਣੇ ਅਹੁਦੇ ਸੰਭਾਲਣਗੇ।
ਸ੍ਰੀ ਐਲੀਅਟ ਨੇ ਐਨਜ਼ੇਕ ਡੇਅ ਤੋਂ ਪਹਿਲਾਂ ਹੋਏ ਇਸ ਆਯੋਜਨ ਵਿੱਚ ਖਾਸ ਤੌਰ ਤੇ ਉਕਤ ਅਫ਼ਸਰਾਂ ਨੂੰ ਵਧਾਈ ਦਿੱਤੀ।
ਉਨ੍ਹਾਂ ਦੱਸਿਆ ਕਿ ਕਿ 17 ਵੈਟਰਨਾਂ ਨੇ ਕਲਾਸ 346 ਰਾਹੀਂ ਪੁਲਿਸ ਫੋਰਸ ਜੁਆਇਨ ਕੀਤੀ ਹੈ ਅਤੇ ਇਨ੍ਹਾਂ ਤੋਂ ਇਲਾਵਾ 15 ਹੋਰ ਵੀ ਹਨ ਜੋ ਕਿ ਹਾਲੇ ਟ੍ਰੇਨਿੰਗ ਵਿੱਚ ਹਨ। ਅਤੇ ਉਨ੍ਹਾਂ ਇਹ ਵੀ ਕਿਹਾ ਕਿ ਇਹ ਬਹੁਤ ਵਧੀਆ ਗੱਲ ਹੈ ਕਿ ਸਾਡੀ ਫੌਜ ਵਿੱਚੋਂ ਫੌਜੀ ਕਦੇ ਵੀ ਸੇਵਾ ਮੁੱਕਤ ਹੋਣਾ ਨਹੀਂ ਚਾਹੁੰਦੇ ਅਤੇ ਹਰ ਸਮੇਂ ਉਨ੍ਹਾਂ ਅੰਦਰ ਇੱਕ ਭਾਵਨਾ ਕਾਇਮ ਰਹਿੰਦੀ ਹੈ ਕਿ ਕਿਤੇ ਨਾ ਕਿਤੇ ਜਨਤਕ ਤੌਰ ਤੇ ਸੁਰੱਖਿਆ ਦਲਾਂ ਵਿੱਚ ਸ਼ਾਮਿਲ ਹੋ ਕੇ ਆਪਣੀ ਭੂਮਿਕਾ ਨਿਭਾਉਂਦੇ ਰਹਿਣ ਅਤੇ ਲੋਕਾਂ ਦੀ ਜਾਨ ਮਾਲ ਦੀ ਹਿਫ਼ਾਜ਼ਤ ਵਿੱਚ ਤਾਇਨਾਤ ਰਹਿਣ।
ਕਾਰਜਕਾਰੀ ਪੁਲਿਸ ਕਮਿਸ਼ਨਰ ਡੇਵਿਡ ਹਡਸਨ (ਏ.ਪੀ.ਐਮ.) ਨੇ ਵੀ ਇਸ ਮੌਕੇ ਤੇ ਕਿਹਾ ਕਿ ਇਸ ਕਰੋਨਾ ਕਾਲ ਵਿੱਚ ਜਦੋਂ ਕਿ ਹਰ ਤਰਫ਼ ਮੁਸੀਬਤ ਹੀ ਦਿਖਾਈ ਦਿੰਦੀ ਹੈ, ਵੀ ਸਾਡੇ ਅਫ਼ਸਾਰ ਆਪਣੀਆਂ ਸੇਵਾਵਾਂ ਨੂੰ ਜਨਤਕ ਤੌਰ ਤੇ ਨਿਭਾਉਣ ਲਈ ਆਤੁਰ ਹਨ ਤਾਂ ਇਹ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਉਹ ਵੀ ਕਲਾਸ 346 ਦੇ ਅਫ਼ਸਰਾਂ ਦਾ ਸਵਾਗਤ ਕਰਦੇ ਹਨ ਅਤੇ ਉਨ੍ਹਾ ਨੂੰ ਸ਼ੁਭ ਇਛਾਵਾਂ ਭੇਟ ਕਰਦੇ ਹਨ।
ਜ਼ਿਕਰਯੋਗ ਹੈ ਕਿ ਕਲਾਸ 346 ਵਿੱਚ 149 ਆਦਮੀ ਅਤੇ 55 ਮਹਿਲਾਵਾਂ ਹਨ, ਜਿਨ੍ਹਾਂ ਨੇ ਕਿ 8 ਮਹੀਨਿਆਂ ਦੀ ਟ੍ਰੇਨੰਗ ਤੋਂ ਬਾਅਦ ਹੁਣ ਆਪਣੇ ਆਪਣੇ ਅਹੁਦੇ ਜਨਤਕ ਸੇਵਾਵਾਂ ਲਈ ਸੰਭਾਲੇ ਹਨ ਅਤੇ ਉਹ ਸੋਮਵਾਰ ਅਪ੍ਰੈਲ 26, 2021 ਨੂੰ ਆਪਣੇ ਆਪਣੇ ਸਟੈਸ਼ਨਾਂ ਉਪਰ ਹਾਜ਼ਰੀ ਭਰਨਗੇ।

Install Punjabi Akhbar App

Install
×