‘2021 ਰੈਜ਼ੀਡੈਂਟ ਵੀਜ਼ਾ’-ਕਰੋਨਾ ਤਾਲਾਬੰਦੀ ਖੋਲ੍ਹੇਗੀ ਕਿਸਮਤ

ਨਿਊਜ਼ੀਲੈਂਡ ’ਚ ਅਗਲੇ ਸਾਲ 50 ਹਜ਼ਾਰ ਤੋਂ ਵੱਧ ਭਾਰਤੀ ਕਾਮੇ ਹੋ ਸਕਦੇ ਹਨ ਪੱਕੇ

ਔਕਲੈਂਡ  :- ਨਿਊਜ਼ੀਲੈਂਡ ਸਰਕਾਰ ਵੱਲੋਂ ਬੀਤੀ 30 ਸਤੰਬਰ ਨੂੰ ਯੁਕਮੁਸ਼ਤ ‘2021 ਰੈਜ਼ੀਡੈਂਟ ਵੀਜ਼ਾ’ ਸਕੀਮ ਦਾ ਐਲਾਨ ਕੀਤਾ ਗਿਆ ਸੀ। ਇਹ ਸਕੀਮ ਇਕ ਵਾਰ ਲਈ ਕੱਢੀ ਗਈ ਹੈ। ਇਸ ਤਹਿਤ ਅਗਲੇ ਸਾਲ 165,000 ਉਹ ਲੋਕ ਪੱਕੇ ਹੋ ਜਾਣਗੇ ਜਿਸ ਨੂੰ ਨਿਊਜ਼ੀਲੈਂਡ ਰਹਿੰਦੇ ਨੂੰ ਤਿੰਨ ਸਾਲ ਜਾਂ ਜਿਆਦਾ ਹੋ ਗਏ ਹੋਣ, ਜਾਂ ਪ੍ਰਤੀ ਘੰਟਾ 27 ਡਾਲਰ ਜਾਂ ਇਸ ਤੋਂ ਵੱਧ ਕਮਾ ਰਿਹਾ ਹੋਵੇ ਜਾਂ ਸਕਿੱਲ ਸ਼ਾਰਟੇਜ਼ ਲਿਸਟ (ਹੁਨਰਮੰਦਾਂ ਦੀ ਘਾਟ ਵਾਲੀ ਸ਼੍ਰੇਣੀ) ਦੇ ਵਿਚ ਕੰਮ ਕਰਦਾ ਹੋਵੇ ਜਾਂ, ਆਪਣੇ  ਕਿੱਤੇ ਦੀ ਰਜਿਸਟ੍ਰੇਸ਼ਨ ਹੋਈ ਹੋਵੇ ਅਤੇ ਉਹ ਸਿਹਤ ਅਤੇ ਸਿੱਖਿਆ ਖੇਤਰ ਵਿਚ ਕੰਮ ਕਰਦਾ ਹੋਵੇ ਜਾਂ ਨਿੱਜੀ ਦੇਖਭਾਲ ਖੇਤਰ ਜਾਂ ਨਾਜ਼ੁਕ ਸਿਹਤ ਵਾਲੇ ਵਿਅਕਤੀਆਂ ਲਈ ਸਿਹਤ ਕਰਮਚਾਰੀ ਦੀ ਭੂਮਿਕਾ ਵਿਚ ਹੋਵੇ ਜਾਂ ਪ੍ਰਾਇਮਰੀ ਉਦਯੋਗ (ਡੇਅਰੀ ਉਦਯੋਗ, ਗਾਂ ਤੇ ਭੇਡ ਫਾਰਮ, ਜੰਗਲਾਤ, ਜਾਨਵਰ ਦੇਖ-ਭਾਲ, ਸਾਇੰਸ ਤੇ ਖੋਜ਼, ਮੱਛੀ ਤੇ ਹਾਰਟੀਕਲਚਰ ਆਦਿ)  ਦੇ ਵਿਚ ਖਾਸ ਰੋਲ ਅਦਾ ਕਰ ਰਿਹਾ ਹੋਵੇ।
ਇਸ ਸਕੀਮ ਦੇ ਤਹਿਤ ਇਥੇ ਰਹਿੰਦੇ ਭਾਰਤੀਆਂ ਦੀ ਗਿਣਤੀ ਦਾ ਲੇਖਾ-ਜੋਖਾ ਕੀਤਾ ਜਾਵੇ ਤਾਂ ਇਹ ਗਿਣਤੀ ਲਗਪਗ 50 ਤੋਂ 60,000 ਦੇ ਕਰੀਬ ਬਣਦੀ ਹੈ। ‘ਇੰਡੀਅਨ ਵੀਕਐਂਡਰ’ ਅਖਬਾਰ ਵੱਲੋਂ ਪ੍ਰਾਪਤ ਕੀਤੇ ਗਏ ਅੰਕੜੇ ਦਸਦੇ ਹਨ ਕਿ ਬੀਤੀ ਜੁਲਾਈ ਦੇ ਅੰਤ ਤੱਕ ਇਥੇ 46,335 ਭਾਰਤੀ ਕਾਮੇ ਵਰਕ ਵੀਜੇ ਉਤੇ ਸਨ। 9,045 ਭਾਰਤੀ ਲੋਕ ਅਜਿਹੇ ਹਨ ਜਿਨ੍ਹਾਂ ਦੀਆਂ ਅਰਜ਼ੀਆਂ ਪੱਕੇ ਹੋਣ ਵਾਸਤੇ ਸਕਿੱਲਡ ਮਾਈਗ੍ਰਾਂਟ ਕੈਟਾਗਿਰੀ ਅਤੇ ਫੈਮਿਲੀ ਕੈਟਾਗਿਰੀ ਦੇ ਵਿਚ ਲੱਗੀਆਂ ਹਨ। ਇਸ ਤੋਂ ਇਲਾਵਾ 7,380 ਅਜਿਹੇ ਲੋਕ ਵੀ ਹਨ ਜਿਹੜੇ ਪੜ੍ਹਾਈ ਵੀਜ਼ੇ ਉਤੇ ਹਨ। ਪਿਛਲੇ ਕੁਝ ਮਹੀਨਿਆਂ ਦੇ ਵਿਚ ਇਹ ਅੰਕੜੇ ਕੁਝ ਉਪਰ-ਥੱਲੇ ਵੀ ਹੋਏ ਹੋਣਗੇ ਪਰ ਫਿਰ ਵੀ ਪੱਕੇ ਹੋਣ ਲਈ ਯੋਗ ਹੋਣ ਵਾਲਿਆਂ ਦੀ ਗਿਣਤੀ 50,000 ਤੋਂ ਉਪਰ ਬਣਦੀ ਨਜ਼ਰ ਆ ਰਹੀ ਹੈ।
ਪਾਸਪੋਰਟ ਅਤੇ ਬਾਕੀ ਕਾਗਜ਼ਾਤ ਤਿਆਰ ਰੱਖੋ: ਭਵਿੱਖ ਦੇ ਵਿਚ ਪੱਕੇ ਹੋਣ ਵਾਲੀਆਂ ਅਰਜ਼ੀਆਂ ਦੇ ਲਈ ਲੋਕਾਂ ਨੇ ਕਾਗਜ਼ਾਤ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਹਨ। ਨਿਰਧਾਰਤ ਮਿਆਦ ਵਾਲਾ ਪਾਸਪੋਰਟ, ਪੀ. ਸੀ. ਸੀ. (ਪੁਲਿਸ ਕਲੀਅਰਿੰਸ ਸਰਟੀਫਿਕੇਟ) ਸਥਾਨਕ  ਜਾਂ ਲੋੜ ਪੈਣ ਉਤੇ ਪਿਛਲੇ ਵਤਨ ਦੀ , ਸਿਹਤ ਸਬੰਧੀ ਮੁੱਢਲੀ ਚੈਕ ਅਤੇ ਕਿਰਦਾਰ ਸਬੰਧੀ ਪਾਸ ਹੋਣਾ ਲਾਜ਼ਮੀ ਹੈ। ਕੁਝ ਲੋਕਾਂ ਲਈ ਮੈਡੀਕਲ ਸਰਟੀਫਿਕੇਟ ਅਤੇ ਛਾਤੀ ਦਾ ਐਕਸਰਾ ਮੰਗਿਆ ਜਾ ਸਕਦਾ ਹੈ। ਇਮੀਗ੍ਰੇਸ਼ਨ ਵਾਲੇ ਕੇਸ ਦੇ ਹਿਸਾਬ ਨਾਲ ਬਾਕੀ ਕਾਗਜ਼ਾਂ ਦੀ ਵੀ ਮੰਗ ਕਰ ਸਕਦੇ ਹਨ।
ਭਾਰਤੀ ਹਾਈ ਕਮਿਸ਼ਨ ਤੋਂ ਔਕਲੈਂਡ ਕੌਂਸਲੇਟ ਸ੍ਰੀ ਭਵ ਢਿੱਲੋਂ ਨੇ ਵੀ ਅੱਜ ਇਕ ਇੰਟਰਵਿਊ ਦੇ ਵਿਚ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਾਸਪੋਰਟ ਆਦਿ ਚੈਕ ਕਰ ਲੈਣ ਅਤੇ ਜੇਕਰ ਉਹ ਮਿਆਦ ਪੁਗਾ ਚੁੱਕੇ ਹਨ ਤਾਂ ਦੁਬਾਰਾ ਬਨਾਉਣ ਵਾਸਤੇ ਅਰਜ਼ੀ ਦੇਣ। ਇਹ ਅਰਜ਼ੀ ਪਾਸਪੋਰਟ ਖਤਮ ਹੋਣ ਤੋਂ 12 ਮਹੀਨੇ ਪਹਿਲਾਂ ਦਿੱਤੀ ਜਾ ਸਕਦੀ ਹੈ।
ਅਰਜ਼ੀਆਂ ਹੋਣਗੀਆਂ ਆਨ ਲਾਈਨ ਤੇ ਇਮੀਗ੍ਰੇਸ਼ਨ ਸਲਾਹਕਾਰਾਂ ਵੀ ਖਿੱਚ ਲਈ ਤਿਆਰੀ: ‘2021 ਰੈਜੀਡੈਂਟ ਵੀਜ਼ਾ’ ਸ਼੍ਰੇਣੀ ਲਈ ਅਰਜ਼ੀਆਂ ਆਨ ਲਾਈਨ ਭਰੀਆਂ ਜਾਣਗੀਆਂ। ਯੋਗ ਉਮੀਦਵਾਰਾਂ ਦੇ ਲਈ ਯੋਗਤਾ ਚੈਕ ਕਰਨ ਵਾਸਤੇ 30 ਸਤੰਬਰ ਤੋਂ ਹੀ ਇਮੀਗ੍ਰੇਸ਼ਨ ਵੈਬਸਾਈਟ ਉਤੇ ਆਨ ਲਾਈਨ ਚੈਕਰ ਕੰਮ ਕਰ ਰਿਹਾ ਹੈ। ਨਿਊਜ਼ੀਲੈਂਡ ਇਮੀਗ੍ਰੇਸ਼ਨ ਪਹਿਲਾਂ ਵੀ ਇਸ ਗੱਲ ਉਤੇ ਜ਼ੋਰ ਦਿੰਦੀ ਰਹੀ ਹੈ ਕਿ ਅਰਜ਼ੀਦਾਤਾ ਖੁਦ ਆਪਣੀ ਅਰਜ਼ੀ ਲਾ ਸਕਦਾ ਹੈ। ਇਸ ਦੇ ਲਈ ਪਹਿਲਾਂ ਹੀ ‘ਰੀਅਲ ਮੀ’ ਲੌਗ ਇਨ ਸਿਸਟਮ ਆਦਿ ਕੰਮ ਕਰ ਰਿਹਾ ਹੈ। ਬਹੁਤ ਸਾਰੇ ਲੋਕ ਆਪਣੀਆਂ ਅਰਜ਼ੀਆਂ ਆਪ ਲਗਾਉਣਗੇ ਪਰ ਇਸਦੇ ਬਾਵਜੂਦ ਕਈ ਲੋਕਾਂ ਕੋਲ ਅਜਿਹੇ ਸਾਧਨ ਨਹੀਂ ਹੋਣਗੇ ਜਾਂ ਕਿਸੀ ਗੱਲੋਂ ਉਹ ਸਪਸ਼ਟ ਨਹੀਂ ਹੋਣਗੇ ਤਾਂ ਉਹ ਜ਼ਰੂਰ ਇਮੀਗ੍ਰੇਸ਼ਨ ਸਲਾਹਕਾਰਾਂ ਦੀ ਮਦਦ ਲੈਣਗੇ। ਇਸਦੇ ਲਈ ਨਿਊਜ਼ੀਲੈਂਡ ਵਸਦੇ ਕੁਝ ਇਮੀਗ੍ਰੇਸ਼ਨ ਸਲਾਹਕਾਰਾਂ ਨੇ ਵਿਸ਼ੇਸ ਰਿਆਇਤਾਂ ਦਾ ਵੀ ਐਲਾਨ ਕਰ ਦਿੱਤਾ ਹੈ ਅਤੇ ਆਪਣੇ ਸੰਭਾਵੀ ਗਾਹਕਾਂ ਦੀਆਂ ਲਿਸਟਾਂ ਬਨਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਪਹਿਲੀ ਦਸੰਬਰ 2021 ਤੋਂ ਇਹ ਅਰਜ਼ੀਆਂ ਭਰੀਆਂ ਜਾਣੀਆਂ ਹਨ। ਨਿਯਮ, ਸ਼ਰਤਾਂ ਅਤੇ ਫੀਸਾਂ ਆਦਿ ਦਾ ਵੇਰਵਾ ਅਜੇ ਆਉਣਾ ਬਾਕੀ ਹੈ। ਅਕਤੂਬਰ ਮਹੀਨੇ ਯੋਗ ਅਰਜ਼ੀ ਦਾਤਾਵਾਂ ਨੂੰ ਇਮੀਗ੍ਰੇਸ਼ਨ ਵਿਭਾਗ ਵੱਲੋਂ ਇਸ ਬਾਰੇ ਦੱਸਿਆ ਜਾਵੇਗਾ।

Install Punjabi Akhbar App

Install
×