
2021 ਲਈ ‘ਨਿਊ ਸਾਊਥ ਵੇਲਜ਼ ਆਸਟ੍ਰੇਲੀਅਨਜ਼ ਆਫ ਦਾ ਯਿਅਰ’ ਦੇ ਚਾਰ ਨਾਮਾਂ ਦਾ ਐਲਾਨ ਕਰਦਿਆਂ ਪ੍ਰੀ੍ਰਮੀਅਰ ਗਲੈਡਿਜ਼ ਬਰਜਿਕਲਿਅਨ ਨੇ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੇ ਵਿਅਕਤਿਤਵ ਹਮੇਸ਼ਾ ਜਨਤਕ ਤੌਰ ਉਪਰ ਪ੍ਰੇਰਣਾ ਦਾ ਸਾਧਨ ਬਣਦੇ ਹਨ ਅਤੇ ਸਹੀ ਰਾਹਾਂ ਦੇ ਰੌਸ਼ਨ ਮੁਨਾਰੇ ਹੁੰਦੇ ਹਨ। ਉਨ੍ਹਾਂ ਇਨ੍ਹਾਂ ਵਿਅਕਤੀਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਹਿਲੇ ਵਿਅਕਤੀ ਸ੍ਰੀ ਫਿਜ਼ੀਮੋਨਜ਼ (Mr Fitzsimmons) ਹਨ ਜੋ ਕਿ ਮੌਜੂਦਾ ਸਮੇਂ ਅੰਦਰ ਰਾਜ ਵਿੱਚ ਰੈਜ਼ਿਲਿਐਂਸ ਕਮਿਸ਼ਨਰ ਵੀ ਹਨ ਅਤੇ ਜਿਨ੍ਹਾਂ ਦੀ ਸਹੀ ਅਗੁਵਾਈ ਅਧੀਨ ਬੀਤੇ ਸਾਲ ਦੀ ਬੁਸ਼ਫਾਇਰ ਨੂੰ ਰੋਕਣ ਵਿੱਚ ਪੂਰਨ ਸਹਾਇਤਾ ਕੀਤੀ ਸੀ ਅਤੇ ਦਿਨ ਰਾਤ ਇੱਕ ਕਰਕੇ ਆਪਣੇ ਫਰਜ਼ ਨੂੰ ਪੂਰਨ ਰੂਪ ਵਿੱਚ ਨਿਭਾਇਆ ਸੀ। ਦੂਸਰੇ ਵਿਜੇਤਾ ਆਂਟੀ ਆਈਸਾਬੇਲ ਰੇਡ ਹਨ ਜੋ ਕਿ ਬਹੁਤ ਬਜ਼ੁਰਗ ਹਨ ਅਤੇ 1932 ਦੇ ਜੰਮਪਲ਼ ਹਨ। ਉਹ ਉਨ੍ਹਾਂ ਦੀ ਆਪਣੀ ਅਲੋਪ ਹੋ ਚੁਕੀ ਜਾਤੀ (ਜੈਨਰੇਸ਼ਨ) ਦੇ ਇਕਲੌਤੇ ਜੀਵਿਤ ਸ਼ਖ਼ਸੀਅਤ ਹਨ ਅਤੇ ਉਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਲੋਕਾਂ ਦੀ ਸੇਵਾ ਵਿੱਚ ਹੀ ਲਗਾਇਆ ਹੈ। ਤੀਸਰੇ ਜੇਤੂ ਨੇਥੇਨ ਪਾਰਕਰ ਜੋ ਕਿ ਪੇਸ਼ੇ ਵਜੋਂ ਪਾਇਲਟ ਹਨ ਅਤੇ ਅਪਾਹਜਾਂ ਦੀਆਂ ਖੇਡਾਂ ਵਿੱਚ ਸੋਨ ਤਮਗਾ ਜੇਤੂ ਵੀ ਹਨ ਅਤੇ ਇੱਕ ਬਹੁਤ ਹੀ ਵਧੀਆ ਬੁਲਾਰੇ, ਮੈਂਟੋਰ, ਫਲਾਇੰਗ ਇੰਸਟਰਕਟਰ ਅਤੇ ਇਨਸਾਨ ਹਨ ਜੋ ਕਿ ਬਿਮਾਰੀ ਨਾਲ ਜੂਝ ਰਹੇ ਬੱਚਿਆਂ ਨੂੰ ਜਹਾਜ਼ ਦੀ ਸ਼ੋਂਕੀਆ ਸੈਰ ਵੀ ਕਰਵਾਉਂਦੇ ਹਨ। ਚੌਥੇ ਜੇਤੂ ਸਥਾਨਕ ਹੀਰੋ ਅਤੇ ਪੇਸ਼ੇ ਤੋਂ ਵਕੀਲ ਰੋਜ਼ਮੈਰੀ ਕੈਰੀਊਕੀ ਹਨ ਅਤੇ ਉਹ ਆਪ ਵੀ ਰਫੂਜੀ ਹੋਣ ਕਾਰਨ, ਰਫੂਜੀਆਂ ਦੀ ਮਦਦ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੇ ਹਨ ਅਤੇ ਉਨ੍ਹਾਂ ਨੇ ਰਫੂਜੀਆਂ ਲਈ ਬਹੁਤ ਕੁੱਝ ਕੀਤਾ ਵੀ ਹੈ ਅਤੇ ਕਰ ਵੀ ਰਹੇ ਹਨ।
ਉਕਤ ਸ਼ਖ਼ਸੀਅਤਾਂ ਨੂੰ ਇਨਾਮ ਜਨਵਰੀ 2021 ਦੀ 25 ਤਾਰੀਖ ਨੂੰ ਕੈਨਬਰਾ ਵਿਖੇ ਦਿੱਤੇ ਜਾਣਗੇ। ਜ਼ਿਆਦਾ ਜਾਣਕਾਰੀ www.australianoftheyear.org.au ਉਪਰ ਵਿਜ਼ਿਟ ਕਰ ਕੇ ਲਈ ਜਾ ਸਕਦੀ ਹੈ।