ਚੋਣ ਨਤੀਜੇ -ਦੇਸ਼ ਦੇ ਬਹੁ ਗਿਣਤੀ ਲੋਕਾਂ ਨੇ ਭਾਜਪਾ ਦੇ ਏਜੰਡੇ ਸਹੀ ਪਾ ਦਿੱਤੀ ਹੈ

bagel singh dhaliwal 190524 ਚੋਣ ਨਤੀਜੇaa

ਕੱਲ੍ਹ ਇੱਕ ਵਾਰ ਫਿਰ ਦੇਸ਼ ਦਾ ਵੋਟਰ ਜਾਂ ਤਾਂ ਹਾਰ ਗਿਆ ਜਾਂ ਫਿਰ ਦੇਸ਼ ਦਾ ਬਹੁ ਗਿਣਤੀ ਵੋਟਰ ਹਿੰਦੂਕਰਣ ਦਾ ਮੁੱਦਈ ਬਣ ਗਿਆ ਹੈ।ਸ਼ਾਇਦ ਹਾਰਿਆ ਨਹੀਂ,ਉਹ ਭਾਈਚਾਰਕ ਸਾਂਝਾਂ ਨੂੰ ਨਜ਼ਰ-ਅੰਦਾਜ਼ ਕਰਕੇ ਮੋਦੀ ਦੇ ਫ਼ਿਰਕੂ ਏਜੰਡੇ ਤੇ ਡਟ ਕੇ ਪਹਿਰਾ ਦੇਣ ਦੀ ਗਵਾਹੀ ਭਰ ਗਿਆ ਹੈ,ਪਰੰਤੂ ਇੱਕ ਗੱਲ ਸਮੁੱਚੇ ਦੇਸ਼ ਦੇ ਸੂਝਵਾਨ ਤੇ ਇਨਸਾਫ਼ ਪਸੰਦ ਲੋਕਾਂ ਨੂੰ ਯਾਦ ਰੱਖਣੀ ਚਾਹੀਦੀ ਹੈ,ਕਿ ਜਦੋਂ ਅਜਿਹੀ ਸੋਚ ਪ੍ਰਬਲ ਹੋ ਜਾਵੇ,ਉਦੋਂ ਦੇਸ਼ ਦੀ ਅਖੰਡਤਾ ਕਾਇਮ ਨਹੀਂ ਰਹਿੰਦੀ।ਉਦੋਂ ਦੇਸ਼ ਦੇ ਟੁਕੜੇ ਟੁਕੜੇ ਹੋਣ ਤੋ ਕੋਈ ਵੀ ਰੋਕ ਨਹੀਂ ਸਕਦਾ,ਕਿਉਂਕਿ ਜਦੋਂ ਜ਼ੁਲਮਾਂ ਦੀ ਅੱਤ ਹੁੰਦੀ ਹੈ,ਉਦੋਂ ਹੀ ਵਿਰੋਧ ਦੀ ਲਹਿਰ ਜਨਮ ਲੈਂਦੀ ਹੈ,ਜਦੋਂ ਵਿਰੋਧ ਦੀ ਲਹਿਰ ਜਨਮ ਲੈਂਦੀ ਹੈ,ਤਾਂ ਉਸ ਲਹਿਰ ਚੋ ਕੁੱਦੀ ਜੁਆਨੀ ਮੁਕਾਬਲੇ ਵਿਚ ਹਾਰਨ ਨਾਲੋਂ ਮਰ ਮਿਟਣ ਨੂੰ ਪਹਿਲ ਦਿੰਦੀ ਹੈ,ਜਦੋਂ ਮਰ ਮਿਟਣ ਦੀ ਠਾਣ ਲੈਣ ,ਉਦੋਂ ਤਾਂ ਕੋਈ ਪਰਿਵਾਰ ਵੀ ਇਕੱਠਾ ਨਹੀਂ ਰਹਿ ਸਕਦਾ,ਉਸ ਮੌਕੇ ਘਰ ਅਤੇ ਦੇਸ਼ ਦੋਨੋਂ ਹੀ ਟੁੱਟਦੇ ਹਨ।

ਭਾਰਤ ਦੀ ਮਹਾਨਤਾ ਉਹਦੀ ਬਹੁ ਕੌਮੀ ਵੰਨ ਸੁਵੰਨਤਾ ਨਾਲ ਹੈ ਨਾਂ ਕਿ ਕੱਟੜਵਾਦ ਦੁਆਰਾ ਬਣਾਏ ਜਾ ਰਹੇ ਹਿੰਦੂ ਰਾਸ਼ਟਰ ਕਰਕੇ। ਅਜਿਹੇ ਸਮਿਆਂ ਵਿਚ ਸੂਬਿਆਂ ਦੇ ਹਿਤ ਖ਼ਾਸ ਕਰਕੇ ਜੰਮੂ ਕਸ਼ਮੀਰ ਅਤੇ ਪੰਜਾਬ ਵਰਗੇ ਸੂਬਿਆਂ ਦੇ ਹਿਤ ਉਦੋਂ ਦਮ ਤੋੜਨ ਲੱਗਦੇ ਹਨ,ਜਦੋਂ ਦੇਸ਼ ਨੂੰ ਚਲਾਉਣ ਵਾਲੇ ਸ਼ਾਸਕਾਂ ਦੀ ਸੋਚ ਵਿਚ ਫ਼ਿਰਕੂ ਕੁੜੱਤਣ ਭਰੀ ਹੋਵੇ।ਹੁਣੇ ਹੁਣੇ ਹੋਈਆਂ ਸਤਾਰਵੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਸਮੂਹ ਇਨਸਾਫ਼ ਪਸੰਦ ਲੋਕ,ਸਮੁੱਚੀਆਂ ਘੱਟ ਗਿਣਤੀਆਂ ਅਤੇ ਦਲਿਤ ਸਮਾਜ ਦੇ ਲੋਕਾਂ ਨੂੰ ਨਿਰਾਸ ਅਤੇ ਫ਼ਿਕਰਮੰਦ ਕੀਤਾ ਹੈ,ਜਦੋਂ ਕਿ ਬਾਕੀ ਸਮੁੱਚਾ ਦੇਸ਼ ਇਸ ਅਣ-ਕਿਆਸੀ ਜਿੱਤ ਦੇ ਜਸ਼ਨਾਂ ਵਿਚ ਮਸ਼ਰੂਫ਼ ਜਾਪਦਾ ਹੈ।ਜਦੋਂ ਚੋਣਾਂ ਦੇ ਸਾਹਮਣੇ ਆਏ ਇੱਕ ਤਰਫਾ ਨਤੀਜਿਆਂ ਵੱਲ ਨਜ਼ਰ ਮਾਰਦੇ ਹਾਂ ਤੇ ਦੇਖਦੇ ਹਾਂ ਕਿ ਮਾਨਵਤਾ ਦੀ ਦੁਸ਼ਮਣ ਸਾਧਵੀ ਪ੍ਰਿਗਿਆ ਚੋਣਾਂ ਵਿਚ ਆਸਾਨੀ ਨਾਲ ਜਿੱਤ ਪ੍ਰਾਪਤ ਕਰ ਗਈ ਹੈ ਤੇ ਕਨ੍ਹਈਆ,ਗਾਂਧੀ ਵਰਗੇ ਸਮਾਜ ਸੁਧਾਰਕਾਂ ਨੂੰ ਲੋਕਾਂ ਨੇ ਬੁਰੀ ਤਰਾਂ ਨਕਾਰ ਦਿੱਤਾ ਹੈ,ਤਾਂ ਦੇਸ਼ ਦੇ ਇਨਸਾਫ਼ ਪਸੰਦ ਲੋਕਾਂ ਦਾ ਮਨ ਬੇਹੱਦ ਡੂੰਘੇ ਸਦਮੇ ਚ ਚਲਾ ਜਾਣਾ ਸੁਭਾਵਿਕ ਹੈ।

ਜਿੱਥੇ ਫ਼ਿਰਕੂ ਜ਼ਹਿਨੀਅਤ ਦਾ ਬੋਲਬਾਲਾ ਹੋਵੇ,ਓਥੇ ਹੱਕ ਸੱਚ ਇਨਸਾਫ਼ ਦੀ ਗੱਲ ਭੱਦਾ ਮਜ਼ਾਕ ਬਣ ਕੇ ਰਹਿ ਜਾਂਦੀ ਹੈ।ਜਦੋਂ ਮੁਲਕ ਦੇ ਬਹੁ ਗਿਣਤੀ ਲੋਕ ਉਨ੍ਹਾਂ ਲੋਕਾਂ ਦੇ ਹੱਥ ਦੇਸ਼ ਦੀ ਵਾਂਗ ਡੋਰ ਦੇਣ ਜਾ ਰਹੇ ਹੋਣ ਜਿੱਥੇ ਮਾਰ ਧਾੜ ਤੋਂ ਸਿਵਾਏ ਦੂਜੀ ਤੀਜੀ ਕੋਈ ਹੋਰ ਗੱਲ ਹੀ ਨਹੀਂ,ਜਿੱਥੇ ਇਨਸਾਨੀਅਤ ਦਮ ਘੁੱਟ ਕੇ ਮਰ ਰਹੀ ਹੁੰਦੀ ਹੈ,ਓਥੇ ਅਠਾਰ੍ਹਵੀਂ ਸਦੀ ਦੇ ਅਫਗਾਨੀ ਧਾੜਵੀਆਂ ਤੋ ਦੇਸ਼ ਦੀ ਹੋਂਦ ਅਤੇ ਇੱਜ਼ਤ ਨੂੰ ਬਚਾਉਣ ਵਾਲੇ ਪੰਜਾਬ ਵਰਗੇ ਸੂਬੇ ਅੰਦਰ ਮੌਜੂਦਾ ਸਮੇਂ ਵਿਚ ਪੰਜਾਬੀਅਤ ਦੀ ਲੜਾਈ ਲੜਨ ਵਾਲੇ ਡਾ ਧਰਮਵੀਰ ਗਾਂਧੀ,ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕੁਰਬਾਨੀਆਂ ਦੇਣ ਵਾਲੇ ਪਰਿਵਾਰ ਦੀ ਬੀਬੀ ਪਰਮਜੀਤ ਕੌਰ ਖਾਲੜਾ,ਬਹੁ ਗਿਣਤੀ ਫ਼ਿਰਕਾਪ੍ਰਸਤੀ ਦੀ ਭੇਟ ਚੜ੍ਹੇ ਪੰਜਾਬੋਂ ਬਾਹਰ ਵਸਦੇ ਸਿੱਖਾਂ ਦੀ ਮਾਰ ਖੁਪਾਈ ਦਾ ਪਤਾ ਲਗਾ ਕੇ ਦੇਸ਼ ਦੇ ਕਾਨੂੰਨ ਤੋ ਉਨ੍ਹਾਂ ਫ਼ਿਰਕੂ ਦਰਿੰਦਿਆਂ ਨੂੰ ਸਜ਼ਾ ਦੀ ਮੰਗ ਕਰਨ ਵਾਲਾ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਸਿੱਖ ਹਿਤਾਂ ਸਮੇਤ ਘੱਟ ਗਿਣਤੀਆਂ ਦੇ ਮੁੱਢਲੇ ਅਧਿਕਾਰਾਂ ਅਤੇ ਆਜ਼ਾਦੀ ਦੀ ਲੰਮੇ ਸਮੇਂ ਤੋਂ ਲੜਾਈ ਲੜਨ ਵਾਲੇ ਸ੍ਰ ਸਿਮਰਨਜੀਤ ਸਿੰਘ ਮਾਨ ਵਰਗੇ ਆਗੂਆਂ ਦੀ ਜਿੱਤ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ।ਉਦੋਂ ਇਹ ਜਿੱਤ ਹੋਰ ਵੀ ਔਖੀ ਤੇ ਮੁਸ਼ਕਲ ਹੋ ਜਾਂਦੀ ਹੈ,ਜਦੋਂ ਆਪਣੇ ਹੀ ਲੋਕ ਗੀਦੀ ਬਣ ਜਾਣ ਅਤੇ ਦੁਸ਼ਮਣ ਦੀਆਂ ਸਾਜ਼ਿਸ਼ਾਂ ਨੂੰ ਸਮਝਣ ਦੇ ਬਾਵਜੂਦ ਵੀ ਨਿੱਕੀਆਂ ਨਿੱਕੀਆਂ ਖ਼ੁਦਗ਼ਰਜ਼ੀਆਂ ਅਤੇ ਲਾਲਸਾਵਾਂ ਦਾ ਸ਼ਿਕਾਰ ਹੋ ਕੇ ਆਪਣੀ ਆਤਮਾ ਦੇ ਖ਼ਿਲਾਫ਼ ਭੁਗਤਣ ਦੀ ਆਦਤ ਬਣਾ ਲੈਣ,ਅਤੇ ਜਦੋਂ ਸ਼ਰਾਬ ਦੀ ਬੋਤਲ ਬਦਲੇ ਇਮਾਨ ਵੇਚਣ ਨੂੰ ਕੁੱਝ ਹੀ ਪਲ ਲਗਦੇ ਹੋਣ,ਉਦੋਂ ਕੌਮੀ ਹਿਤਾਂ ਦੀ ਲੜਾਈ ਜਿੱਤਣੀ ਬੇਹੱਦ ਕਠਿਨ ਤੇ ਨਾਮੁਮਕਨ ਬਣ ਜਾਂਦੀ ਹੈ।ਉਦੋਂ ਪੰਜਾਬ ਅਤੇ ਜੰਮੂ ਕਸ਼ਮੀਰ ਵਰਗੇ ਸੂਬਿਆਂ ਦੀ ਸਭਿਅਤਾ ਦੀ ਹੋਂਦ,ਭਾਸ਼ਾ ਅਤੇ ਪਛਾਣ ਬੇਹੱਦ ਖ਼ਤਰਿਆਂ ਚ ਘਿਰੀ ਮਹਿਸੂਸ ਕਰਦੀ ਹੈ,ਜਦੋਂ ਦੇਸ਼ ਦਾ ਹਾਕਮ ਫ਼ਿਰਕਾਪ੍ਰਸਤੀ ਦੇ ਏਜੰਡੇ ਨੂੰ ਲਾਗੂ ਕਰਨ ਦੇ ਨਾਮ ਤੇ ਦੁਬਾਰਾ ਬੜੀ ਸ਼ਾਨ ਨਾਲ ਸੱਤਾ ਪ੍ਰਾਪਤ ਕਰ ਲੈਂਦਾ ਹੈ।

ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਭਾਰਤ ਦੇ ਸਮੁੱਚੇ ਉਹ ਲੋਕ ਜਿਹੜੇ ਧਾਰਮਿਕ ਫ਼ਿਰਕਾਪ੍ਰਸਤੀ ਦੇ ਵਿਰੋਧੀ ਹਨ,ਜਿਹੜੇ ਧਾਰਮਿਕ ਕੱਟੜਤਾ ਦੇ ਵਿਰੋਧੀ ਹਨ,ਜਿਹੜੇ ਹਮੇਸ਼ਾ ਹੱਕ ਸੱਚ ਦੀ ਗੱਲ ਕਰਨ ਵਿਚ ਯਕੀਨ ਰੱਖਦੇ ਹਨ,ਅਤੇ ਸਮੁੱਚੇ ਉਹ ਲੋਕ ਜਿਹੜੇ ਇਨਸਾਫ਼ ਪਸੰਦੀ ਦੀ ਚਾਹਤ ਰੱਖਣ ਵਾਲੇ ਹਨ,ਕੀ ਆਪਸੀ ਏਕਤਾ ਦਾ ਰਾਹ ਅਖ਼ਤਿਆਰ ਕਰ ਸਕਦੇ ਹਨ? ਜੇਕਰ ਕਰ ਸਕਦੇ ਹਨ,ਤਾਂ ਕਿਸੇ ਵੀ ਖ਼ਤਰੇ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ,ਜੇਕਰ ਉਪਰੋ ਹੱਕ ਸੱਚ ਇਨਸਾਫ਼ ਦੀਆਂ ਗੱਲਾਂ ਕਰਨ ਵਾਲੇ ਅੰਦਰੋਂ ਘੱਟ ਗਿਣਤੀਆਂ ਦੀ ਹੋਂਦ ਨੂੰ ਖ਼ਤਮ ਕਰਨ ਵਿਚ ਕੇਂਦਰੀ ਤਾਕਤਾਂ ਦੇ ਸਲਾਹਕਾਰ ਬਣ ਜਾਣ,ਫਿਰ ਲੋਕ ਭਲੇ ਦੀ ਆਸ ਕਰਨੀ ਬੇਅਰਥ ਸਮਝੀ ਜਾਣੀ ਚਾਹੀਦੀ ਹੈ।ਪਿਛਲੀ ਸਦੀ ਦੇ ਸਿੱਖ ਖਾੜਕੂ ਸੰਘਰਸ਼ ਮੌਕੇ ਵੀ ਪੰਜਾਬ ਦੇ ਬਹੁਤ ਸਾਰੇ ਅਖੌਤੀ ਕਾਮਰੇਡ ਅਤੇ ਕੁੱਝ ਪੱਤਰਕਾਰ ਪੰਜਾਬ ਦੇ ਖ਼ਿਲਾਫ਼ ਭੁਗਤਦੇ ਹੀ ਨਹੀਂ ਰਹੇ,ਸਗੋਂ ਕੇਂਦਰ ਦੇ ਥਾਪੜੇ ਵਾਲੇ ਜ਼ਾਲਮ ਪੁਲਿਸ ਮੁਖੀਆਂ ਨੂੰ ਸਿੱਖ ਜੁਆਨੀ ਨੂੰ ਮਾਰ ਖਪਾਉਣ ਦੀਆਂ ਤਰਕੀਬਾਂ ਵੀ ਦੱਸਦੇ ਰਹੇ ਹਨ,ਅਜਿਹੇ ਲੋਕਾਂ ਦੀ ਨੀਅਤ ਅਤੇ ਨੀਤੀ ਨੂੰ ਸਪਸ਼ਟ ਰੂਪ ਵਿਚ ਨਿਖੇੜਨਾ ਹੋਵੇਗਾ,ਤਾਂ ਕਿਤੇ ਕੁੱਝ ਨਾ ਕੁੱਝ ਅਜਿਹੇ ਹਾਲਾਤਾਂ ਨਾਲ ਲੜਨ ਦੀ ਸਮਰੱਥ ਪੈਦਾ ਕੀਤੀ ਜਾ ਸਕਦੀ ਹੈ।ਇਹ ਕਹਿਣ ਵਿਚ ਕੋਈ ਝਿਜਕ ਨਹੀਂ ਹੋਣੀ ਚਾਹੀਦੀ ਕਿ ਦੇਸ਼ ਦੇ ਬਹੁ ਗਿਣਤੀ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਦੇ ਫ਼ਿਰਕੂ ਏਜੰਡੇ ਤੇ ਆਪਣੀ ਸਹੀ ਪਾ ਦਿੱਤੀ ਹੈ,ਸੋ ਉਪਰੋਕਤ ਆਉਣ ਵਾਲੇ ਸੰਭਾਵੀ ਖ਼ਤਰਿਆਂ ਦੇ ਸੰਦਰਭઠ ਵਿਚ ਸਮੁੱਚੀਆਂ ਘੱਟ ਗਿਣਤੀਆਂ,ਦਲਿਤਾਂ ਅਤੇ ਸਮੂਹ ਇਨਸਾਫ਼ ਪਸੰਦ ਲੋਕਾਂ ਨੂੰ ਇੱਕ ਪਲੇਟ ਫਾਰਮ ਤੇ ਇਕੱਠੇ ਹੋਣ ਬਾਰੇ ਸੋਚਣਾ ਪਵੇਗਾ।

Install Punjabi Akhbar App

Install
×