ਸਿੱਖ ਕੌਮ ਨੂੰ ਨਵੇਂ ਸਾਲ 2016 ਵਿੱਚ ਸਿਧਾਂਤਕ ਚਨੌਤੀਆਂ

ਬੇਸ਼ੱਕ ਲੰਘੇ ਸੈਂਕੜੇ ਸਾਲ ਵੀ ਸਿੱਖ ਕੌਂਮ ਲਈ ਕੋਈ ਖੁਸ਼ੀ ਵਾਲੇ ਨਹੀ ਕਹੇ ਜਾ ਸਕਦੇ ਪਰੰਤੂ ਪਿਛਲਾ ਸਾਲ 2015 ਤਾਂ ਬਹੁਤ ਹੀ ਮੰਦਭਾਗਾ ਰਿਹਾ ਹੈ। ਇਸ ਸਾਲ ਵਿੱਚ ਤਾਂ ਸਿੱਖ ਦੁਸ਼ਮਣ ਤਾਕਤਾਂ ਨੇ ਸਿੱਖ ਕੌਂਮ ਦੀ ਹਿੱਕ ਤੇ ਚੜਨ ਤੱਕ ਦਾ ਹੌਸਲਾ ਕਰ ਲਿਆ।ਸਿੱਖਾਂ ਦੀ ਸ਼ਰ ਜਮੀਨ ਪੰਜਾਬ ਦੀ ਧਰਤੀ ਤੇ ਪਰਾਣਾਂ ਤੋਂ ਪਿਆਰੇ ਸਹਿਬ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਘੋਰ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਕਿਸੇ ਗਿਣੀ ਮਿਥੀ ਸਾਜਸ਼ ਤਹਿਤ ਲਗਾਤਾਰ ਵਾਪਰਦੀਆਂ ਰਹੀਆਂ,ਪਰ ਸਰਕਾਰੀ ਤੰਤਰ ਇਹਨਾਂ ਅਣਹੋਣੀਆਂ ਨੂੰ ਰੋਕਣ ਦੀ ਵਜਾਇ ਸਾਂਤਮਈ ਰੋਸ਼ ਪ੍ਰਦਰਸਣ ਕਰਦੀਆਂ ਸਿੱਖ ਸੰਗਤਾਂ ਤੇ ਜੁਲਮ ਢਾਹੁੰਦਾ ਰਿਹਾ ਤੇ ਸਿੱਖ ਆਪਣੇ ਪੁਰਖਿਆਂ ਦੇ ਰਾਹ ਤੇ ਚੱਲ ਕੇ ਸ਼ਹਾਦਤਾਂ ਵੀ ਦੇਣ ਤੋਂ ਪਿੱਛੇ ਨਹੀ ਹਟੇ। ਇਧਰ ਸਿੱਖ ਸੰਗਤਾਂ ਰੋਸ਼ ਪ੍ਰਗਟ ਕਰਦੀਆਂ ਰਹੀਆਂ ਉਧਰ ਹਕੂਮਤਾਂ ਦਾ ਜਬਰ ਚਲਦਾ ਰਿਹਾ ਇਸ ਨੇਕੀ ਤੇ ਬਦੀ ਦੀ ਲੜਾਈ ਵਿੱਚ ਉਲਝਿਆ ਸਾਲ 2015 ਵਤੀਤ ਹੋ ਗਿਆ। ਨਵਾਂ ਸਾਲ 2016 ਚੜਿਆ ਹਰ ਪਾਸੇ ਖੁਸ਼ੀਆਂ ਵਾਲਾ ਮਹੌਲ ਸਿਰਜਿਆ ਗਿਆ,ਜਸਨ ਮਨਾਏ ਜਾ ਰਹੇ ਹਨ ਪਰ ਜਦੋਂ ਗੰਭੀਰਤਾ ਨਾਲ ਬੈਠ ਕੇ ਸੋਚਿਆ ਜਾਂਦਾ ਹੈ ਤਾਂ ਇੰਝ ਲੱਗਦਾ ਹੈ ਕਿ ਅਸੀਂ ਭਟਕ ਗਏ ਹਾ, ਬੇ ਗੈਰਤੇ ਹੋ ਗਏ ਹਾਂ, ਅਸੀਂ ਆਪਣੇ ਗੁਰੂ ਦੀ ਹੋਈ ਬੇਅਦਬੀ ਕੁੱਝ ਦਿਨਾਂ ਵਿੱਚ ਹੀ ਵਿਸਾਰ ਚੁੱਕੇ ਹਾਂ। ਜਦੋਂ ਮਨ ਇਹਨਾਂ ਸੋਚਾਂ ਦੇ ਗਹਿਰੇ ਸਮੁੰਦਰ ਵਿੱਚ ਡੂੰਘਾ ਉਤਰ ਜਾਂਦਾ ਹੈ ਤਾਂ ਆਪਣੇ ਆਪ ਤੋ ਸਰਮ ਮਹਿਸੂਸ ਹੋਣ ਲੱਗ ਜਾਂਦੀ ਹੈ, ਇੰਝ ਲੱਗਦਾ ਹੈ ਕਿ ਅਸੀਂ ਗੁਰੂ ਦੇ ਸਿੱਖ ਅਖਵਾਉਂਣ ਦੇ ਹੱਕਦਾਰ ਹੀ ਨਹੀ ਹਾਂ।ਕੌਣ ਹੋਵੇਗਾ ਐਨਾ ਅਕ੍ਰਿਤਘਣ ਜਿਹੜਾ ਆਪਣੇ ਪਿਉ ਦੀ ਦਾਹੜੀ ਪੁਟਵਾ ਕੇ ਵੀ ਜਸਨ ਮਨਾਉਂਦਾ ਹੋਵੇਗਾ ? ਸਾਡਾ ਸੱਭਿਆਚਾਰ ਤਾਂ ਦੂਸਰੇ ਦੇ ਦੁੱਖ ਦਰਦ ਨੂੰ ਵੀ ਆਪਣਾ ਸਮਝ ਕੇ ਵੰਡ ਲੈਂਦਾ ਰਿਹਾ ਹੈ ਫਿਰ ਇਹ ਕੀ ਭਾਣਾ ਵਰਤ ਗਿਆ ਕਿ ਸਿੱਖੀ ਸਿਧਾਤਾਂ ਦੀ ਰਾਖੀ ਲਈ ਬੰਦ ਬੰਦ ਕਟਵਾ ਜਾਣ ਵਾਲੀ ਕੌਂਮ ਅੱਜ ਆਪਣੇ ਗੁਰੂ ਪਿਤਾ ਦੀ ਬੇਅਦਬੀ, ਇਸ ਬੇਅਦਬੀ ਨੂੰ ਨਾ ਸਹਾਰਦੇ ਦੋ ਨੌਜਵਾਨਾਂ ਦੀ ਸ਼ਹਾਦਤ ਅਤੇ ਬੇਅਦਬੀ ਦੇ ਰੋਸ਼ ਵਿੱਚ ਸਾਂਤਮਈ ਬੈਠੀਆਂ ਸਿੱਖ ਸੰਗਤਾਂ ਤੇ ਢਾਹੇ ਗਏ ਹਕੂਮਤੀ ਜਬਰ ਨੂੰ ਵੀ ਐਨਾ ਜਲਦੀ ਕਿਉਂ ਵਿਸਰ ਚੁੱਕੀ ਹੈ। ਜਦੋਂ ਕਿ ਪੰਜਾਬ ਦੇ ਹਿੰਦੂ ਅਤੇ ਮੁਸਲਮਾਨ ਦੋਨੋਂ ਹੀ ਭਾਈਚਾਰਿਆਂ ਦੇ ਲੋਕ ਇਹਨਾਂ ਅਸਿਹ ਘਟਨਾਵਾਂ ਕਾਰਨ ਸਦਮੇ ਵਿੱਚ ਆਈ ਸਿੱਖ ਕੌਂਮ ਦੇ ਦੁੱਖ ਵਿੱਚ ਸ਼ਰੀਕ ਹੋਏ ਹਨ।ਹੁਣ ਬੇਸ਼ੱਕ ਹਾਲਾਤ ਬਦਲ ਰਹੇ ਹਨ ਲੋਕ ਫੁੱਟ ਪਾਊ ਤਾਕਤਾਂ ਨੂੰ ਪਛਾਨਣ ਦਾ ਹੌਸਲਾ ਵੀ ਕਰਨ ਲੱਗ ਪਏ ਹਨ ਪਰੰਤੂ ਇਸ ਦੇ ਬਾਵਜੂਦ ਵੀ ਕਿਤੇ ਨਾ ਕਿਤੇ ਅਜਿਹੀ ਲਕੀਰ ਖਿੱਛੀ ਜਾ ਚੁੱਕੀ ਹੈ ਜਿਸ ਨੂੰ ਮਿਟਾਉਣਾ ਹੁਣ ਆਮ ਬੰਦੇ ਦੇ ਵਸ ਤੋਂ ਵਾਹਰ ਦੀ ਗੱਲ ਬਣ ਗਈ ਹੈ। ਉੱਚ ਪੱਧਰ ਤੇ ਸਿਆਸੀ ਲੋਕਾਂ ਲਈ ਕੰਮ ਕਰਦੀਆਂ ਅਜੰਸੀਆਂ ਇਸ ਅਮਿੱਟ ਲੀਕ ਦਾ ਹੀ ਖੂਬ ਲਾਹਾ ਲੈਣਾ ਚਾਹੁੰਦੀਆਂ  ਹਨ। ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਹਾਲਾਤਾ ਨੂੰ ਵਿਗਾੜਨ ਦੀ ਕੋਸਿਸ ਕੀਤੀ ਜਾਵੇਗੀ ਤਾਂ ਕਿ ਇੱਕ ਵਾਰ ਫਿਰ ਸਿੱਖ ਜੁਆਨੀ ਦੇ ਘਾਣ ਕਰਨ ਲਈ ਮੈਦਾਨ ਤਿਆਰ ਕੀਤਾ ਜਾ ਸਕੇ ਅਜਿਹੇ ਇੱਕ ਤੀਰ ਨਾਲ ਦੋ ਦੋ ਨਿਸਾਨੇ ਫੁੰਡਣ ਦੀ ਤਾਕ ਵਿੱਚ ਬੈਠੀਆਂ ਕੱਟੜਵਾਦੀ ਤਾਕਤਾਂ ਜਿੰਨਾਂ ਨੂੰ ਸੂਬੇ ਦੀ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦਾ ਪੂਰਾ ਪੂਰਾ ਸਮੱਰਥਨ ਪਰਾਪਤ ਹੈ ਜਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਸ੍ਰ ਬਾਦਲ ਦਾ ਰਿਮੋਟ ਤਾਂ ਪਹਿਲਾਂ ਹੀ ਇਹਨਾਂ ਤਾਕਤਾਂ ਦੇ ਗੜ੍ਹ ਨਾਗਪੁਰ ਕੇਂਦਰ ਕੋਲ ਮੌਜੂਦ ਹੈ ਇਸ ਲਈ ਸ੍ਰ ਬਾਦਲ ਦੀ ਸਰਕਾਰ ਨੇ ਤਾਂ ਕੌਂਮ ਵਿਰੋਧੀ ਰੋਲ ਨਿਭਾਉਣ ਵਿੱਚ ਨਾਂ ਪਹਿਲਾਂ ਕੋਈ ਕਸਰ ਛੱਡੀ ਹੈ ਤੇ ਨਾ ਹੀ ਭਵਿੱਖ ਵਿੱਚ ਛੱਡੀ ਜਾਵੇਗੀ।ਆਪਣੇ ਅਕਾਵਾਂ ਨੂੰ ਖੁਸ਼ ਕਰਨ ਲਈ ਉਹਨਾਂ ਨੇ ਹਰ ਇੱਕ ਉਹ ਰਾਸਤਾ ਅਖਤਿਆਰ  ਕਰਨ ਦਾ ਪੱਕਾ ਮਨ ਬਣਾ ਲਿਆ ਹੈ ਜਿਹੜਾ ਸਿੱਖੀ ਸਿਧਾਤਾਂ ਨੂੰ ਮਲੀਆਮੇਟ ਕਰਨ ਵਾਲਾ ਹੋਵੇਗਾ।ਇਸ ਲਈ ਇਹ ਨਵਾਂ ਸਾਲ 2016 ਸਿੱਖ ਕੌਂਮ ਲਈ ਸਿਧਾਂਤਕ ਚਨੌਤੀਆਂ ਭਰਿਆ ਹੀ ਰਹੇਗਾ। ਪਿਛਲੇ ਸਾਲ ਵਿੱਚ ਸਹਿਬ ਸ੍ਰੀ ਗੁਰੂ ਗਰੰਥ ਸਹਿਬ ਜੀ ਦੀ ਹੋਈ ਬੇਅਦਬੀ ਲਈ ਜੁੰਮੇਵਾਰ ਤਾਕਤਾਂ ਨੂੰ ਨੰਗਿਆਂ ਕਰਨ ਵਿੱਚ ਅਸਫਲ ਰਹਿਣਾ, ਬਹਿਵਲ ਕਲਾਂ ਗੋਲੀ ਕਾਂਡ ਵਿੱਚ ਦੋਸ਼ੀ ਪੁਲਿਸ ਅਫਸਰਾਂ ਤੇ ਕੋਈ ਵੀ ਕਾਰਵਾਈ ਕਰਨ ਤੋਂ ਪਾਸਾ ਵੱਟਣਾ, ਇਸ ਦੇ ਉਲਟ ਸਰਬੱਤ ਖਾਲਸਾ ਦੇ ਪ੍ਰਬੰਧਕਾਂ ਅਤੇ ਸਰਬਤ ਖਾਲਸਾ ਵੱਲੋਂ ਥਾਪੇ ਗਏ ਤਿੰਨ ਜਥੇਦਾਰਾਂ ਤੇ ਦੇਸ਼ ਧਰੋਹੀ ਦੇ ਝੂਠੇ ਪਰਚੇ ਦਰਜ ਕਰਕੇ ਜੇਲਾਂ ਵਿੱਚ ਤੁੰਨਣ ਦੀ ਕਾਰਵਾਈ ਪੁਰਾਤਨ ਸਿੱਖ ਪਰੰਪਰਾਵਾਂ ਨੂੰ ਢਾਹ ਲਾਉਣ ਲਈ ਹੀ ਕੀਤੀ ਗਈ। ਸਰਕਾਰ ਖਿਲਾਫ ਉੱਠੇ ਸਿੱਖ ਰੋਹ ਨੂੰ ਜਿਸ ਹੁਸਿਆਰੀ ਨਾਲ ਠੰਡਾ ਕੀਤਾ ਗਿਆ ਉਹ ਵੀ ਕੌਂਮ ਲਈ ਚਿੰਤਾ ਅਤੇ ਚਿੰਤਨ ਦਾ ਵਿਸ਼ਾ ਹੈ। ਫੈਸਲਾਕੁਨ ਸੰਘਰਸ਼ ਦੇ ਰਾਹ ਪਈ ਕੌਮ ਨੂੰ ਅਧਵਾਟੇ ਛੱਡ ਕੇ ਪਾਸਾ ਵੱਟ ਜਾਣ ਵਾਲੇ ਆਗੂਆਂ ਪ੍ਰਚਾਰਕਾਂ ਦਾ ਅਸਲ ਮਕਸਦ ਕੀ ਸੀ, ਕਿਹੜੀ ਮਜਬੂਰੀ ਬਣੀ ਜਿਹੜੀ ਉਹਨਾਂ ਨੂੰ ਸੰਘਰਸ਼ ਤੋਂ ਟਾਲਾ ਵੱਟਣ ਲਈ ਮਜਬੂਰ ਕਰਦੀ ਰਹੀ।ਕਿਉਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨਕਸ਼ੇ ਕਦਮਾਂ ਤੇ ਚੱਲਣ ਦਾ ਦਾਅਵਾ ਕਰਨ ਵਾਲੇ ਲੋਕ ਉਹਨਾਂ ਦੀ ਸੋਚ ਨੂੰ ਖਤਮ ਕਰਨ ਵਾਲੇ ਲੋਕਾਂ ਨਾਲ ਜਾ ਮਿਲੇ,ਇਹ ਸਾਰੇ ਅਣਸੁਲਝੇ ਸਵਾਲ ਓਨਾ ਚਿਰ ਹੱਲ ਨਹੀ ਹੋਣਗੇ ਜਦੋਂ ਤੱਕ ਚਲਾਕ ਮਕਾਰ ਸਿੱਖੀ ਭੇਸ ਵਿੱਚ ਬੈਠੇ ਪਹਾੜਾ ਸਿੰਘ ਹੋਰਾਂ ਦੇ ਵਾਰਸਾਂ ਦੀ ਪਾਟੋਧਾੜ ਕੀਤੀ ਸਿੱਖ ਕੌਮ ਇੱਕ ਕੇਸਰੀ ਨਿਸਾਨ ਥੱਲੇ ਇਕੱਤਰ ਹੋਣ ਲਈ ਪੰਥਕ ਆਗੂਆਂ ਨੂੰ ਮਜਬੂਰ ਨਹੀ ਕਰਦੀ।ਚੜਦੇ ਸਾਲ ਬਾਦਲਕੇ ਨਾਗਪੁਰੀ ਰਿਮੋਟ ਨਾਲ ਚਲਦੇ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਕੱਤਰਾਂ ਅਤੇ ਕਮੇਟੀ ਮੈਂਬਰਾਂ ਨੇ ਜਿਸ ਤਰਾਂ ਸਰਬੰਸਦਾਨੀ ਗੁਰੂ ਪਿਤਾ ਵੱਲੋਂ ਬਖਸ਼ੀ ਜੁੰਮੇਵਾਰੀ ਨਿਭਾਉਣ ਵਾਲੇ ਪੰਜ ਪਿਆਰਿਆਂ ਨੂੰ ਬਰਖਾਸਤ ਕਰਕੇ ਕੌਂਮ ਨੂੰ ਸਿੱਧੀ ਚਨੌਤੀ ਦਿੱਤੀ ਹੈ ਉਹ ਵੀ ਹੁਣ ਕੌਂਮ ਦੀ ਗੈਰਤ ਦਾ ਸਵਾਲ ਬਣ ਗਈ ਹੈ ਕਿਉਂ ਕਿ ਗੁਰੂ ਗ੍ਰੰਥ ਸਹਿਬ ਤੇ ਹਮਲਿਆਂ ਤੋਂ ਵਾਅਦ ਬਾਦਲ ਪਰਿਵਾਰ ਦੇ ਹੁਕਮਾਂ ਤੇ ਸਿੱਖੀ ਸਿਧਾਤਾਂ ਤੇ ਕੀਤਾ ਗਿਆ ਇਹ ਇਸ ਨਵੇਂ ਸਾਲ ਦਾ ਸਭ ਤੋਂ ਵੱਡਾ ਹਮਲਾ ਹੈ। ਅਜਿਹਾ ਕਰਨ ਪਿੱਛੇ ਵੀ ਬਹੁਤ ਵੱਡੀਆਂ ਸਾਜਸ਼ਾਂ ਛੁਪੀਆਂ ਹੋਈਆਂ ਹਨ ਜਿੰਨਾਂ ਨੂੰ ਅਣਗੌਲਿਆ ਕਰਨ ਦਾ ਮਤਲਬ ਸਿੱਖੀ ਸਿਧਾਤਾਂ ਦੇ ਕਾਤਲਾਂ ਨੂੰ ਮੁਆਫੀ ਦੇਣਾ ਹੈ। ਜਿਸ ਤਰਾਂ ਪਹਿਲਾਂ ਸ੍ਰੀ ਅਕਾਲ ਤਖਤ ਸਹਿਬ ਦੇ ਜਥੇਦਾਰ ਤੋਂ ਮਨ ਮਰਜੀ ਦੇ ਇੱਕ ਤਰਫੇ ਅਤੇ ਕੌਮ ਵਿਰੋਧੀ ਫੈਸਲੇ ਕਰਵਾ ਕੇ ਸ੍ਰੀ ਅਕਾਲ ਤਖਤ ਸਹਿਬ ਦੀ ਆਣ ਸਾਨ ਨੂੰ ਢਾਹ ਲਾਕੇ ਮਰਯਦਾ ਦਾ ਘਾਣ ਕੀਤਾ ਗਿਆ ਹੈ ਇਹ ਵੀ ਉਸੇ ਕੜੀ ਦਾ ਅਗਲਾ ਕਦਮ ਹੀ ਸਮਝਣਾ ਚਾਹੀਂਦਾ ਹੈ। ਪਹਿਲਾਂ ਸ੍ਰੀ ਅਕਾਲ ਤਖਤ ਦੀ ਸਰਬ ਉੱਚਤਾ ਨੂੰ ਢਾਹ, ਫਿਰ ਸਹਿਬ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਬੇਅਦਬੀ ਅਤੇ ਸਿੱਖ ਦੁਸ਼ਮਣ ਤਾਕਤਾਂ ਦਾ ਉਸ ਤੋਂ ਅਗਲਾ ਕਦਮ ਪੰਜ ਪਿਆਰਿਆਂ ਤੇ ਕੀਤਾ ਹਮਲਾ ਹੈ, ਕਿਉਂ ਕਿ ਗੁਰੂ ਸਹਿਬ ਵੱਲੋਂ ਸਿੱਖਾਂ ਨੂੰ ਪੰਜ ਪਿਆਰਿਆਂ ਦਾ ਹੁਕਮ ਟਾਲਣ ਦਾ ਮਤਲਬ ਗੁਰੂ ਪੰਥ ਦਾ ਹੁਕਮ ਟਾਲਣਾ ਦ੍ਰਿੜ ਕਰਵਾਇਆ ਗਿਆ ਹੈ ਇਸ ਲਈ ਇਸ ਮਰਯਾਦਾ ਨੂੰ ਬਹੁਤ ਸੋਚ ਸਮਝ ਕੇ ਨਿਸਾਨਾ ਬਣਾਇਆ ਗਿਆ ਹੈ ਤਾਂ ਕਿ ਭਵਿੱਖ ਵਿੱਚ ਕੌਮ ਨੂੰ ਹਰ ਪਾਸੇ ਤੋਂ ਨਿਹੱਥਾ ਕਰਕੇ ਸਿੱਖਾਂ ਤੇ ਨਾਗਪੁਰੀ ਸੋਚ ਨੂੰ ਮੜ੍ਹਿਆ ਜਾ ਸਕੇ।2017 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜਰ ਇਸ ਨਵੇਂ ਸਾਲ 2016 ਵਿੱਚ ਸਿੱਖ ਕੌਮ ਅੱਗੇ ਉਪਰੋਕਤ ਸਿਧਾਂਤਕ ਚਨੌਤੀਆਂ ਦਰਪੇਸ਼ ਹਨ ਜਿੰਨਾਂ ਨੂੰ ਕਬੂਲ ਕਰਕੇ ਸਿੱਖ ਕੌਮ ਨੂੰ ਗੁਰੂ ਸਹਿਬ ਵੱਲੋਂ ਬਖਸ਼ੀ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਠੋਸ ਰਣਨੀਤੀ ਤਿਆਰ ਕਰ ਲੈਣੀ ਚਾਹੀਂਦੀ ਹੈ ਤਾਂ ਕਿ ਸਿੱਖ ਦੁਸ਼ਮਣ ਤਾਕਤਾਂ ਦੇ ਸਿੱਖ ਸਿਧਾਤਾਂ ਨੂੰ ਤਹਿਸ ਨਹਿਸ ਕਰਨ ਦੇ ਇਰਾਦੇ ਨਾਲ ਗੁਰਦੁਆਰਾ ਪ੍ਰਬੰਧ ਤੇ ਕੀਤੇ ਨਜਾਇਜ ਕਬਜੇ ਨੂੰ ਤੋੜਿਆ ਜਾ ਸਕੇ।

Install Punjabi Akhbar App

Install
×