ਨਾਰਦਰਨ ਟੈਰਿਟਰੀ ਅੰਦਰ 2000 ਪੱਛਮੀ ਆਸਟ੍ਰੇਲੀਆ ਤੋਂ ਆਏ ਯਾਤਰੀਆਂ ਨੂੰ ਟੈਸਟਾਂ ਅਤੇ ਆਈਸੋਲੇਸ਼ਨ ਦੇ ਹੁਕਮ ਜਾਰੀ

(ਦ ਏਜ ਮੁਤਾਬਿਕ) ਪੱਛਮੀ ਆਸਟ੍ਰੇਲੀਆ ਅੰਦਰ ਲਗਾਏ ਗਏ ਲਾਕਡਾਊਨ ਕਾਰਨ, ਨਾਰਦਰਨ ਟੈਰਿਟਰੀ ਵਿੱਚ ਆਉਣ ਵਾਲੇ 2000 ਦੇ ਕਰੀਬ ਪੱਛਮੀ ਆਸਟ੍ਰੇਲੀਆਈ ਯਾਤਰੀਆਂ ਨੂੰ ਉਨ੍ਹਾਂ ਦੇ ਕਰੋਨਾ ਟੈਸਟ ਕਰਵਾਉਣ ਅਤੇ ਜਦੋਂ ਤੱਕ ਟੈਸਟਾਂ ਦੇ ਨਤੀਜੇ ਨੈਗੇਟਿਵ ਨਹੀਂ ਆ ਜਾਉਂਦੇ ਉਦੋਂ ਤੱਕ ਆਈਸੋਲੇਸ਼ਨ ਵਿੱਚ ਰਹਿਣ ਦੇ ਹੁਕਮ ਸੁਣਾਏ ਗਹੇ ਹਨ। ਮੁੱਖ ਮੰਤਰੀ ਸ੍ਰੀ ਮਾਈਕਲ ਗਨਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਅਜਿਹੇ ਵਿਅਕਤੀ ਜੋ ਬੀਤੇ ਹਫ਼ਤੇ ਦੌਰਾਨ ਪੱਛਮੀ ਆਸਟ੍ਰੇਲੀਆ ਦੇ ਕਰੋਨਾ ਪ੍ਰਭਾਵਿਤ ਇਲਾਕਿਆਂ ਵਿਚੋਂ ਆਏ ਹਨ, ਨੂੰ ਕਾਨੂੰਨਨ ਤੌਰ ਤੇ ਆਪਣੇ ਕਰੋਨਾ ਟੈਸਟ ਫੌਰਨ ਕਰਵਾਉਣੇ ਚਾਹੀਦੇ ਹਨ ਅਤੇ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਹ ਮਹਿਜ਼ ਸਲਾਹ ਹੀ ਨਹੀਂ ਹੈ ਸਗੋਂ ਬਾਕਾਇਦਾ, ਰਾਜ ਦੇ ਕਾਨੂੰਨਾਂ ਮੁਤਾਬਿਕ ਲਾਜ਼ਮੀ ਹੈ ਅਤੇ ਇਸ ਦੀ ਉਲੰਘਣਾ ਕਰਨ ਨਾਲ ਕਾਫੀ ਨੁਕਸਾਨ ਉਠਾਉਣਾ ਪੈ ਸਕਦਾ ਹੈ ਅਤੇ ਉਲੰਘਣਾਂ ਕਰਨ ਵਾਲਿਆਂ ਨੂੰ ਭਾਰੀ ਜੁਰਮਾਨੇ ਅਤੇ ਸਜ਼ਾਵਾਂ ਵੀ ਹੋ ਸਕਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬੀਤੇ ਕੱਲ੍ਹ ਪਰਥ ਤੋਂ ਇੱਕ ਫਲਾਈਟ ਐਲਿਸ ਸਪ੍ਰਿੰਗ ਲੈਂਡ ਕੀਤੀ ਸੀ ਅਤੇ ਇਸਨੇ ਅੱਗੇ ਫੇਰ ਡਾਰਵਿਨ ਜਾਣਾ ਸੀ ਪਰੰਤੂ ਇਸਦੀ ਡਾਰਵਿਨ ਦੀ ਉਡਾਣ ਤੋਂ ਪਹਿਲਾਂ ਜਿਹੜੇ 39 ਲੋਕ ਇਸ ਵਿੱਚ ਸਵਾਰ ਸਨ ਅਤੇ ਉਹ ਪੱਛਮੀ ਆਸਟ੍ਰੇਲੀਆ ਦੇ ਕਰੋਨਾ ਪ੍ਰਭਾਵਿਤ ਖੇਤਰਾਂ ਨਾਲ ਸਬੰਧਤ ਸਨ, ਸਾਰਿਆਂ ਨੂੰ ਹੀ ਆਈਸੋਲੇਸ਼ਨ ਵਿੱਚ ਜਾਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ। ਇਸੇ ਤਰਾ੍ਹਂ ਨਾਲ ਸੜਕਾਂ ਉਪਰ ਆਵਾਜਾਈ ਵੀ ਸਰਕਾਰ ਅਤੇ ਸਿਹਤ ਅਧਿਕਾਰੀਆਂ ਦੀ ਪੜਤਾਲ ਵਿੱਚ ਹੈ ਅਤੇ ਹਰ ਤਰਫ਼ ਹੀ ਪੈਨੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਜੂਦਾ ਸਮੇਂ ਦੇ ਹਾਲਾਤਾਂ ਨੂੰ ਨਜਿੱਠਣ ਵਾਸਤੇ ਉਹੀ ਪਾਲਿਸੀ ਅਪਣਾਈ ਗਈ ਹੈ ਜਿਹੜੀ ਕਿ ਬ੍ਰਿਸਬੇਨ ਵਿੱਚ ਕੁੱਝ ਹਫ਼ਤਿਆਂ ਪਹਿਲਾਂ ਆਏ ਕਰੋਨਾ ਕਲਸਟਰ ਸਮੇਂ ਰਾਜ ਭਰ ਵਿੱਚ ਅਪਣਾਈ ਗਈ ਸੀ ਕਿਉਂਕਿ ਹਰ ਕਿਸੇ ਦੀ ਸਿਹਤ ਹੀ ਇਸ ਸਮੇਂ ਮੁੱਖ ਮੁੱਦਾ ਹੈ ਅਤੇ ਕਿਸੇ ਤਰ੍ਹਾਂ ਦੀ ਵੀ ਅਣਗਹਿਲੀ ਦੀ ਸੰਭਾਵਨਾਂ ਨੂੰ ਤੂਲ ਨਹੀਂ ਦਿੱਤੀ ਜਾ ਸਕਦੀ।

Install Punjabi Akhbar App

Install
×