ਤਸਮਾਨੀਆ ਦੇ ਸਮੁੰਦਰੀ ਕਿਨਾਰੇ ਉਪਰ ਸੈਂਕੜੇ ਵ੍ਹੇਲ ਮੱਛੀਆਂ ਦੀ ਮੌਤ

ਬੀਤੇ ਕੁੱਝ ਦਿਨਾਂ ਵਿੱਚ ਹੀ ਇਹ ਦੂਸਰੀ ਘਟਨਾ ਹੈ ਕਿ ਵ੍ਹੇਲ ਮੱਛੀਆਂ ਦਾ ਇੱਕ ਹੋਰ ਝੁੰਡ ਤਸਮਾਨੀਆ ਦੇ ਸਮੁੰਦਰੀ ਕਿਨਾਰੇ (ਸਟਰੈਹਨ ਦੇ ਦੱਖਣ ਵਿੱਚ ਮੈਕੁਆਰਇਰੀ ਹਾਰਬਰ ਵਿਖੇ) ਭਟਕ ਕੇ ਆ ਗਿਆ ਅਤੇ 230 ਦੀ ਗਿਣਤੀ ਵਾਲੇ ਇਸ ਸਮੂਹ ਵਿੱਚੋਂ 195 ਪ੍ਰਾਣੀਆਂ ਦੀ ਜਾਨ ਚਲੀ ਗਈ।
ਮੈਰੀਨ ਕੰਜ਼ਰਵੇਸ਼ਨਿਸਟ ਦੇ ਕਰਮਚਾਰੀਆਂ ਨੇ ਇੱਕ ਬਚਾਉ ਅਭਿਆਨ ਚਲਾਇਆ ਹੋਇਆ ਹੈ ਜਿਸ ਦੇ ਤਹਿਤ ਇਸ ਸਮੂਹ ਦੀਆਂ 35 ਮੱਛੀਆਂ ਨੂੰ ਬਚਾ ਲਿਆ ਗਿਆ ਹੈ ਅਤੇ ਵਾਪਿਸ ਸਮੁੰਦਰ ਵਿੱਚ ਛੱਡਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ, ਸੋਮਵਾਰ ਨੂੰ, 14 ਸਪਰਮ ਵ੍ਹੇਲ ਮੱਛੀਆਂ ਤਸਮਾਨੀਆ ਦੇ ਹੀ ਕਿੰਗ ਆਈਲੈਂਡ ਦੇ ਮ੍ਰਿਤ ਪਾਈਆਂ ਗਈਆਂ ਸਨ। ਤਸਮਾਨੀਆ ਦੇ ਸਬੰਧਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਹੈ ਕਿ ਇਹ ਸਭ ਨਰ ਸਪਰਮ ਮੱਛੀਆਂ ਸਨ ਅਤੇ ਆਪਣੇ ਮਾਪਿਆਂ ਦੇ ਸੰਗਠਨ ਨੂੰ ਛੱਡ ਕੇ ਆਈਆਂ ਸਨ ਜੋ ਸਮੁੰਦਰ ਦੇ ਪਾਣੀਆਂ ਵਿੱਚ ਭਟਕ ਗਏ ਅਤੇ ਇੱਥੇ ਆ ਕੇ ਇਨ੍ਹਾਂ ਦੀ ਜਾਨ ਚਲੀ ਗਈ ਸੀ।
ਇਸ ਸਭ ਕਾਰੇ ਵਾਸਤੇ ਸਮੁੰਦਰ ਨਾਲ ਹੋ ਰਹੀ ਤਰ੍ਹਾਂ ਤਰ੍ਹਾਂ ਦੀ ਛੇੜਛਾੜ -ਜੋ ਕਿ ਮਨੁੱਖ ਵੱਲੋਂ ਹੀ ਕੀਤੀ ਜਾ ਰਹੀ ਹੈ, ਹੀ ਜ਼ਿੰਮੇਵਾਰ ਠਹਿਰਾਈ ਜਾ ਰਹੀ ਹੈ। ਦਿਨ ਰਾਤ ਜਾਰੀ ਇਹੀ ਛੇੜਛਾੜ ਸਮੁੰਦਰ ਦੇ ਪਾਣੀਆਂ ਵਿੱਚ ਇਨ੍ਹਾਂ ਪ੍ਰਾਣੀਆਂ ਦੇ ਪ੍ਰਤੀ ਵਿਪਰੀਤ ਵਾਤਾਵਰਣ ਪੈਦਾ ਕਰ ਰਹੀ ਹੈ ਜੋ ਕਿ ਇਨ੍ਹਾਂ ਪ੍ਰਾਣੀਆਂ ਲਈ ਮੌਤ ਦਾ ਕਾਰਨ ਬਣ ਰਿਹਾ ਹੈ ਅਤੇ ਇਸ ਵਾਸਤੇ ਕੇਵਲ ਅਤੇ ਕੇਵਲ ਮਨੁੱਖੀ ਕਾਰੇ ਹੀ ਜ਼ਿੰਮੇਵਾਰ ਹਨ।
ਜ਼ਿਕਰਯੋਗ ਇਹ ਵੀ ਹੈ ਕਿ ਅੱਜ ਤੋਂ ਤਕਰੀਬਨ 2 ਸਾਲ ਪਹਿਲਾਂ ਵੀ ਇਸੇ ਬੀਚ ਉਪਰ 470 ਪਾਇਲਟ ਵ੍ਹੇਲ ਮੱਛੀਆਂ ਦੀ ਮੌਤ ਹੋਈ ਸੀ।