ਲੰਡਨ ਵਸਦੇ ਕਾਰੋਬਾਰੀ ਕਰਨ ਬੁੱਟਰ ਵੱਲੋਂ ਕਿਸਾਨ ਸੰਘਰਸ਼ ‘ਚ ਸ਼ਹੀਦ ਹੋਏ ਕਿਸਾਨ ਦੇ ਪਰਿਵਾਰ ਨੂੰ 2 ਲੱਖ ਰੁਪਏ ਦੇਣ ਦਾ ਐਲਾਨ

-ਔਖੇ ਵਕਤ ‘ਚ ਕਿਸਾਨ ਧਿਰ ਨਾਲ ਖੜ੍ਹਨਾ ਸਭ ਦਾ ਸਾਂਝਾ ਫ਼ਰਜ਼- ਕਰਨ ਬੁੱਟਰ

ਗਲਾਸਗੋ/ਲੰਡਨ –ਭਾਰਤ ਵਿੱਚ ਚੱਲ ਰਹੇ ਕਿਸਾਨ ਸੰਘਰਸ਼ ਦੀ ਚਰਚਾ ਵਿਸ਼ਵ ਪੱਧਰ ‘ਤੇ ਹੋ ਰਹੀ ਹੈ। ਭਾਰਤ ਸਰਕਾਰ ਤੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਲੀ ਪਹੁੰਚਣੋਂ ਰੋਕਣ ਲਈ ਅਪਣਾਏ ਕੋਝੇ ਹਥਕੰਡਿਆਂ ਦੀ ਵੀ ਰੱਜਵੀਂ ਆਲੋਚਨਾ ਹੋ ਰਹੀ ਹੈ। ਸਰਕਾਰੀ ਤੰਤਰ ਵੱਲੋਂ ਵੱਡੇ ਵੱਡੇ ਪੱਥਰ ਕਰੇਨਾਂ ਦੀ ਮਦਦ ਨਾਲ ਕੌਮੀ ਮਾਰਗ ‘ਤੇ ਰੱਖ ਕੇ ਕਿਸਾਨਾਂ ਦੇ ਰਾਹ ‘ਚ ਅੜਿੱਕੇ ਖੜ੍ਹੇ ਕੀਤੇ ਗਏ। ਇਸ ਸੰਘਰਸ਼ ਦੌਰਾਨ ਦਿੱਲੀ ਵੱਲ ਜਾ ਰਹੇ ਜ਼ਿਲ੍ਹਾ ਮਾਨਸਾ ਦੇ ਪਿੰਡ ਖਿਆਲੀ ਚਹਿਲਾਂਵਾਲੀ ਦੇ ਨੌਜਵਾਨ ਕਿਸਾਨ ਧੰਨਾ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਧੰਨਾ ਸਿੰਘ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਲੰਡਨ ਵਸਦੇ ਨੌਜਵਾਨ ਕਾਰੋਬਾਰੀ ਹਰਦਿਆਲ ਸਿੰਘ ‘ਕਰਨ ਬੁੱਟਰ’ ਵੱਲੋਂ 2 ਲੱਖ ਰੁਪਏ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ। ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਧੰਨਾ ਸਿੰਘ ਦੇ ਮਾਸੂਮ ਬੱਚਿਆਂ ਨੂੰ ਤੇ ਪਰਿਵਾਰ ਕੀ ਪਤਾ ਸੀ ਕਿ ਆਪਣੇ ਖੇਤਾਂ ਦੀ ਰਾਖੀ ਸੰਬੰਧੀ ਆਪਣਾ ਦੁੱਖ ਦਿੱਲੀ ਨੂੰ ਸੁਨਾਉਣ ਗਿਆ ਧੰਨਾ ਸਿੰਘ ਵਾਪਸ ਸਾਹਹੀਣ ਹੋ ਕੇ ਮੁੜੇਗਾ। ਕਰਨ ਬੁੱਟਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਕਿਸਾਨਾਂ ਨਾਲ ਖੜ੍ਹਨਾ ਸਾਡਾ ਸਭ ਦਾ ਸਾਂਝਾ ਫ਼ਰਜ਼ ਬਣਦਾ ਹੈ। ਉਹ ਫ਼ਰਜ਼ ਪਛਾਣਦਿਆਂ ਹੀ ਇਹ ਨਿਗੁਣੀ ਜਿਹੀ ਰਾਸ਼ੀ ਜਲਦ ਹੀ ਧੰਨਾ ਸਿੰਘ ਦੇ ਪਰਿਵਾਰ ਤੱਕ ਪਹੁੰਚਦੀ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕਰਨ ਬੁੱਟਰ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਨੱਥੋਵਾਲ ਨਾਲ ਸੰਬੰਧਤ ਹਨ ਅਤੇ ਉਹਨਾਂ ਭਾਰਤ ਸਰਕਾਰ ਦੀ ਤਰਫੋਂ “ਜਿਊਲਜ਼ ਆਫ ਪੰਜਾਬ” ਵਜੋਂ ਅੰਤਰਰਾਸ਼ਟਰੀ ਪੱਧਰ ‘ਤੇ ਸਭ ਤੋਂ ਨੌਜਵਾਨ ਕਾਰੋਬਾਰੀ ਹੋਣ ਦਾ ਸਨਮਾਨ ਮਿਲਣ ਦਾ ਮਾਣ ਵੀ ਪ੍ਰਾਪਤ ਹੈ। 

Install Punjabi Akhbar App

Install
×