‘ਰੈਨਮਾਰਕ’ ਵਿਖੇ ਪਹਿਲੀ ਵਾਰ ਨਗਰ ਕੀਰਤਨ

IMG_5575_result copyਸਾਊਥ ਆਸਟ੍ਰੇਲੀਆ ਦੇ ਪੰਜਾਬੀ ਵਸੋਂ ਵਾਲੇ ਹਲਕੇ ਰਿਵਰਲੈਂਡ ਦੇ ਕਸਬੇ ‘ਰੈਨਮਾਰਕ’ ਵਿਖੇ ਪਹਿਲੀ ਵਾਰ ਨਗਰ ਕੀਰਤਨ ਕੱਢਿਆ ਗਿਆ। ਇਸ ਦਾ ਆਯੋਜਨ ਰਿਵਰਲੈਂਡ ਦੀ ਸਾਰੀ ਸਿੱਖ ਕਮਿਊਨਿਟੀ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਇਹ ਨਗਰ ਕੀਰਤਨ ਮੱਲ੍ਹੀ ਸੁਪਰ ਮਾਰਕੀਟ ਤੋਂ ਸ਼ੁਰੂ ਹੋ ਕੇ ਰੈਨਮਾਰਕ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਇਸ ਦੌਰਾਨ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਇਕ ਟਰੱਕ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਜਾਈ ਗਈ। ਇਸ ਵਿਚ ਰਿਵਰਲੈਂਡ ਦੀਆਂ ਸੰਗਤਾਂ ਤੋਂ ਇਲਾਵਾ ਐਡੀਲੇਡ ਅਤੇ ਹੋਰ ਦੂਰੋਂ ਨੇੜੇ ਤੋਂ ਵੀ ਸੰਗਤਾਂ ਨੇ ਵੱਡੇ ਉਤਸ਼ਾਹ ਨਾਲ ਹਾਜ਼ਰੀ ਲਗਵਾਈ। ਦੂਜੀ ਵਿਸ਼ਵ ਜੰਗ ਤੋਂ ਬਾਅਦ ਵਸੇ ਇਸ ਛੋਟੇ ਜਿਹੇ ਖ਼ੂਬਸੂਰਤ ਕਸਬੇ ‘ਚ ਇਸ ਦੌਰਾਨ ਹਰ ਪਾਸੇ ਖ਼ਾਲਸਾਈ ਰੰਗ ਚੜ੍ਹਿਆ ਹੋਇਆ ਸੀ। ਇਸ ਵਕਤ ਜਿੱਥੇ ਧੁਰ ਕੀ ਬਾਣੀ ਦਾ ਇਲਾਹੀ ਕੀਰਤਨ ਕੀਤਾ ਗਿਆ, ਉੱਥੇ ਸਾਰੇ ਰਾਹ ‘ਚ ਗੁਰੂ ਕੇ ਅਤੁੱਟ ਲੰਗਰ ਵੀ ਵਰਤਾਏ ਗਏ। ਰਣਜੀਤ ਅਖਾੜਾ ਮੈਲਬਰਨ ਤੋਂ ਵਿਸ਼ੇਸ਼ ਤੌਰ ਤੇ ਆਏ ਗਤਕਾ ਖਿਡਾਰੀਆਂ ਨੇ ਖ਼ਾਲਸਾ ਮਾਰਸ਼ਲ ਆਰਟ ਦਾ ਬਾਖ਼ੂਬੀ ਪ੍ਰਦਰਸ਼ਨ ਕਰਕੇ ਸੜਕਾਂ ਦੇ ਦੋਹਾਂ ਕਿਨਾਰਿਆਂ ਦੇ ਖੜ੍ਹੇ ਗੋਰਿਆਂ ਨੂੰ ਕੀਲ ਲਿਆ। ਸਾਰੇ ਭਾਈਚਾਰਿਆਂ ਨੇ ਇਸ ਅਦੁੱਤੀ ਯਾਤਰਾ ਦਾ ਆਨੰਦ ਮਾਣਿਆ। ਇਸ ਮੌਕੇ ਤੇ ਉਚੇਚੇ ਤੌਰ ਤੇ ਪੰਜਾਬੀ ਅਖ਼ਬਾਰ ਅਤੇ ਹਰਮਨ ਰੇਡੀਉ, ਮੁਰੇ ਪੁਨੀਰ(ਅੰਗਰੇਜ਼ੀ ਅਖ਼ਬਾਰ), ੯੩.੭ ਰੇਡੀਉ, ਰੈਨਮਾਰਕ ਪਰਿੰਗਾ ਕੌਂਸਲ, ਸਾਊਥ ਆਸਟ੍ਰੇਲੀਆ ਪੁਲਿਸ, ਹੈਂਸਕੇ ਟਰਾਂਸਪੋਰਟ, ਜਗਮੋਹਨ ਸਿੰਘ ਮੱਲ੍ਹੀ (ਸਾਊਥ ਆਸਟ੍ਰੇਲੀਆ ਪੁਲਿਸ) ਅਤੇ ਰਣਜੀਤ ਅਖਾੜਾ ਦਾ ਉਨ੍ਹਾਂ ਦੇ ਸਹਿਯੋਗ ਲਈ ਵਿਸ਼ੇਸ਼ ਤੌਰ ਸਨਮਾਨ ਕੀਤਾ ਗਿਆ। ਇੱਥੇ ਜ਼ਿਕਰਯੋਗ ਹੈ ਕਿ ਲੋਕਲ ਅਖ਼ਬਾਰਾਂ ਅਤੇ ਟੀ.ਵੀ. ਚੈਨਲਾਂ ਵਾਲਿਆਂ ਨੇ ਵੀ ਇਸ ਨਗਰ ਕੀਰਤਨ ਦੀ ਕਵਰੇਜ ਕਰਕੇ ਇਸ ਸਮਾਗਮ ਵਿਚ ਖ਼ਾਸ ਦਿਲਚਸਪੀ ਦਿਖਾਈ। ਇਹ ਜਾਣਕਾਰੀ ਦਿੰਦਿਆਂ ਬਲਕਾਰ ਸਿੰਘ ਮੱਲ੍ਹੀ ਨੇ ਖ਼ੁਸ਼ੀ ਜ਼ਾਹਿਰ ਕੀਤੀ ਕਿ ਰਿਵਰਲੈਂਡ ਦੀ ਸਿੱਖ ਕਮਿਊਨਿਟੀ ਨੂੰ ਇਕ ਥਾਂ ਇਕੱਠੇ ਹੋ ਕੇ ਦੁਨੀਆ ਭਰ ਨੂੰ ਇਕ ਚੰਗਾ ਸੁਨੇਹਾ ਦਿੱਤਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks