ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਪ੍ਰਧਾਨ ਬਾਬਾ ਖੜਕ ਸਿੰਘ

(6 ਜੂਨ 151ਵੇਂ ਜਨਮ ਦਿਵਸ ‘ਤੇ ਵਿਸ਼ੇਸ਼)

Hardeep Singh Jhaj 190616 Baba Kharak S. pic 2

 

ਪੰਜਾਬ ਵਿੱਚ ਸਿੱਖ ਧਰਮ ਦੇ ਪ੍ਰਸਿੱਧ ਆਗੂਆਂ ਵੱਲੋਂ ਗੁਰਦੁਾਰਿਆਂ ਦੇ ਸੁਧਾਰ ਵਾਸਤੇ 1920 ਤੋਂ 1925 ਈ: ਤੱਕ ਇੱਕ ਜਨ ਅੰਦੋਲਨ ਚਲਾਇਆ ਗਿਆ, ਜਿਸ ਨੂੰ ‘ਅਕਾਲੀ ਅੰਦੋਲਨ’ ਕਿਹਾ ਜਾਂਦਾ ਹੈ। ਇਸ ਲਹਿਰ ਨੇ ਅਨੇਕਾਂ ਸਿੱਖ ਰਾਜਨੀਤਿਕ ਆਗੂਆਂ ਨੂੰ ਜਨਮ ਦਿੱਤਾ। ਜਿਨ੍ਹਾਂ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਪ੍ਰਧਾਨ ਬਾਬਾ ਖੜਕ ਸਿੰਘ ਇੱਕ ਸਨ। ਬਾਬਾ ਜੀ ਦਾ ਜਨਮ 6 ਜੂਨ, 1868 ਈ: ਨੂੰ ਮੌਜੂਦਾ ਪਾਕਿਸਤਾਨ ਦੇ ਜ਼ਿਲ੍ਹਾ ਸਿਆਲਕੋਟ ਵਿਖੇ ਪਿਤਾ ਰਾਇ ਬਹਾਦਰ ਸ੍ਰ. ਹਰੀ ਸਿੰਘ ਦੇ ਘਰ ਹੋਇਆ। ਬਾਬਾ ਖੜਕ ਸਿੰਘ ਨੇ ਆਪਣੀ ਦਸਵੀਂ ਦੀ ਪ੍ਰੀਖਿਆ ਮਿਸ਼ਨ ਹਾਈ ਸਕੂਲ ਅਤੇ ਗਿਆਰ੍ਹਵੀਂ ਮੁਰ੍ਹੇ ਕਾਲਜ ਸਿਆਲਕੋਟ ਤੋਂ ਪਾਸ ਕੀਤੀ। ਮਗਰੋਂ ਬਾਬਾ ਜੀ ਸਰਕਾਰੀ ਕਾਲਜ ਲਾਹੌਰ, ਜੋ ਪੰਜਾਬ ਯੂਨੀਵਰਸਿਟੀ ਦੇ ਅਧੀਨ ਸੀ ਤੋਂ 1889 ਈ: ਵਿੱਚ ਬੀ.ਏ. ਪਾਸ ਕਰਨ ਵਾਲੇ ਵਿਦਿਆਰਥੀਆਂ ਦੇ ਪਹਿਲੇ ਬੈਚ ‘ਚੋਂ ਇੱਕ ਸਨ। ਬਾਅਦ ਵਿੱਚ ਲਾਅ ਕਾਲਜ, ਅਲਾਹਾਬਾਦ ਵਿਖੇ ਕਾਨੂੰਨ ਦੀ ਡਿਗਰੀ ਲਈ ਦਾਖ਼ਲਾ ਲਿਆ। ਪਰ ਆਪਣੇ ਪਿਤਾ ਜੀ ਅਤੇ ਭਰਾ ਦੇ ਦੇਹਾਂਤ ਹੋ ਜਾਣ ਕਾਰਨ ਪੜ੍ਹਾਈ ਪੂਰੀ ਨਾ ਕਰ ਸਕੇ।

ਬਾਬਾ ਖੜਕ ਸਿੰਘ ਜੀ ਨੇ ਆਪਣਾ ਜਨਤਕ ਜੀਵਨ 1912 ਈ: ਵਿੱਚ ਸਿਆਲਕੋਟ ਵਿਖੇ ਹੋਈ ਸਿੱਖ ਵਿੱਦਿਅਕ ਕਾਨਫ਼ਰੰਸ ਦੇ 5ਵੇਂ ਸੈਸ਼ਨ ਦੀ ਸੁਆਗਤੀ ਕਮੇਟੀ ਦੇ ਚੇਅਰਮੈਨ ਦੇ ਤੌਰ ‘ਤੇ ਸ਼ੁਰੂ ਕੀਤਾ। ਤਿੰਨ ਸਾਲ ਮਗਰੋਂ ਤਰਨ ਤਾਰਨ ਵਿਖੇ ਹੋਈ ਕਾਨਫ਼੍ਰੰਸ ਦੇ 8ਵੇਂ ਸੈਸ਼ਨ ਦੇ ਪ੍ਰਧਾਨ ਦੇ ਤੌਰ ‘ਤੇ ਖੜਕ ਸਿੰਘ ਨੇ 6 ਘੋੜਿਆਂ ਵਾਲੀ ਬੱਘੀ ‘ਤੇ ਸ਼ਾਹੀ ਢੰਗ ਨਾਲ ਜਾਣ ਵਾਲੀ ਪੁਰਾਤਨ ਰਵਾਇਤ ਨੂੰ ਤੋੜਦੇ ਹੋਏ ਕਾਨਫ਼੍ਰੰਸ ਵਾਲੀ ਥਾਂ ‘ਤੇ ਪੈਦਲ ਜਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਬਾਬਾ ਜੀ 1916 ਈ: ਵਿੱਚ ਤਰਨ ਤਾਰਨ ਵਿਖੇ ਸਿੱਖ ਵਿੱਦਿਅਕ ਕਮੇਟੀ ਦੀ 9ਵੀਂ ਕਾਨਫ਼੍ਰੰਸ ਦੇ ਪ੍ਰਧਾਨ ਚੁਣੇ ਗਏ। 1919 ਈ: ਦੇ ਜਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਨੇ ਬਾਬਾ ਜੀ ਨੂੰ ਸਰਗਰਮ ਰਾਜਨੀਤੀ ਵਿੱਚ ਲੈ ਅਉਂਦਾ। ਸੋਹਣ ਸਿੰਘ ਜੋਸ਼ ਆਪਣੀ ਪੁਸਤਕ ‘ਅਕਾਲੀ ਮੋਰਚਿਆਂ ਦਾ ਇਤਿਹਾਸ’ (1977) ਦੇ ਸਫ਼ਾ. 47 ‘ਤੇ ਲਿਖਦੇ ਹਨ ਕਿ, ”15 ਨਵੰਬਰ, 1920 ਨੂੰ 175 ਮੈਬਰਾਂ ਦੀ ਐਸ.ਜੀ.ਪੀ.ਸੀ. ਬਣਾਈ ਗਈ ਜਿਸ ਵਿੱਚ ਬਾਬਾ ਜੀ ਨੰ ਪ੍ਰਧਾਨ ਚੁਣਿਆ ਗਿਆ। ਇਹ ਸਿੱਖ ਇਤਿਹਾਸ ਵਿੱਚ ਪਹਿਲਾ ਇਕੱਠ ਸੀ ਜੋ ਸਿੱਖ ਰਾਜ ਮਗਰੋਂ ਵੱਧ ਤੋਂ ਵੱਧ ਨੁਮਾਇੰਦਾ ਤੇ ਭਰਵਾਂ ਸੀ।” 1920 ਵਿੱਚ ਖੜਕ ਸਿੰਘ ਨੇ ਲਾਹੌਰ ਵਿਖੇ ਹੋਈ ਇਤਿਹਾਸਕ ਕੇਂਦਰੀ ਸਿੱਖ ਲੀਗ ਦੀ ਪ੍ਰਧਾਨਗੀ ਕੀਤੀ, ਜਿਸ ਵਿੱਚ ਕਾਂਗਰਸ ਪਾਰਟੀ ਦੇ ਆਗੂ ਮਹਾਤਮਾ ਗਾਂਧੀ ਦੇ ਅਧੀਨ ਡਾ. ਸੈਫ਼ੂਦੀਨ ਕਿਚਲੂ ਅਤੇ ਅਲੀ ਬ੍ਰਦਰਜ਼ ਸ਼ਾਮਲ ਸਨ ਅਤੇ ਨਾ-ਮਿਲਵਰਤਨ ਅੰਦੋਲਨ ‘ਚ ਸਿੱਖਾਂ ਦੀ ਅਗਵਾਈ ਕੀਤੀ।

ਸੰਨ 1921 ਵਿੱਚ ਬਾਬਾ ਜੀ ਕੇਂਦਰੀ ਸਿੱਖ ਲੀਗ ਦੇ ਪ੍ਰਧਾਨ ਚੁਣੇ ਗਏ ਤੇ ਨਾਲ ਹੀ ਉਨ੍ਹਾਂ ਦੇ ਵਿਸ਼ਵਾਸਪਾਤਰ ਸਰਦੂਲ ਸਿੰਘ ਕਵੀਸ਼ਰ ਨੂੰ ਸਕੱਤਰ ਚੁਣਿਆ ਗਿਆ। ਇਸੇ ਹੀ ਸਾਲ ਉਨ੍ਹਾਂ ਨੂੰ ਸਰਬਸੰਮਤੀ ਨਾਲ ਐਸ.ਜੀ.ਪੀ.ਸੀ. ਦੇ ਪ੍ਰਧਾਨ ਅਤੇ 1922 ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਚੁਣਿਆ ਗਿਆ। ਡਾ. ਮਹਿੰਦਰ ਸਿੰਘ ਆਪਣੀ ਪੁਸਤਕ ‘ਅਕਾਲੀ ਲਹਿਰ’, ਮੈਕਮਿਲਨ (1978) ਦੇ ਸਫ਼ਾ. 55 ‘ਤੇ ਲਿਖਦੇ ਹਨ ਕਿ, ”29 ਅਕਤੂਬਰ, 1921 ਨੂੰ ਹੋਈ ਇੱਕ ਬੈਠਕ ਵਿੱਚ ਐਸ.ਜੀ.ਪੀ.ਸੀ. ਦੀ ਕਾਰਜਕਾਰੀ ਕਮੇਟੀ ਨੇ ਮਤਾ ਪਾਸ ਕਰਨ ਮਗਰੋਂ ਹਰਿਮੰਦਰ ਸਾਹਿਬ ਦੇ ਸਰਬਰਾਹ ਸ੍ਰ. ਸੁੰਦਰ ਸਿੰਘ ਰਾਮਗੜ੍ਹੀਆ ਨੂੰ ਆਖਿਆ ਕਿ ਉਹ ਤੋਸ਼ੇਖਾਨੇ ਦੀਆਂ 53 ਚਾਬੀਆਂ ਐਸ.ਜੀ.ਪੀ.ਸੀ. ਦੇ ਪ੍ਰਧਾਨ ਬਾਬਾ ਖੜਕ ਸਿੰਘ ਨੂੰ ਸੌਂਪ ਦੇਣ। ਕੁੱਝ ਸਮੇਂ ਮਗਰੋਂ ਇਸ ਫ਼ੈਸਲੇ ਦੀ ਜਾਣਕਾਰੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਜੇ.ਐਮ. ਡਨਨਟ ਨੂੰ ਪਹੁੰਚ ਗਈ। (ਇਤਿਹਾਸਕਾਰ ਸਮਿੱਥ ਕਹਿੰਦਾ ਹੈ ਕਿ ਇਹ ਖ਼ਬਰ ਖੁਦ ਸ੍ਰ: ਸੁੰਦਰ ਸਿੰਘ ਰਾਮਗੜ੍ਹੀਏ ਨੇ ਡੀ.ਸੀ. ਨੂੰ ਦਿੱਤੀ। ‘ਅਕਾਲੀ’ ਅਖ਼ਬਾਰ ਦੀ ਰਾਏ ਮੁਤਾਬਿਕ 36 ਸਰਕਾਰੀ ਮੈਂਬਰਾਂ ‘ਚੋਂ ਕਿਸੇ ਹੋਰ ਵਫ਼ਾਦਾਰ ਨੇ ਪਹੁੰਚਾਈ ਸੀ)। ਉਸ ਨੇ ਇਸ ਨੂੰ ਰੋਕਣ ਲਈ ਜਲਦੀ ਇੱਕ ਹੋਰ ਸਹਾਇਕ ਕਮਿਸ਼ਨਰ ਲਾਲਾ ਅਮਰ ਨਾਥ ਨੂੰ ਇੱਕ ਪੁਲਸ ਗਰੁੱਪ ਨਾਲ ਸੁੰਦਰ ਸਿੰਘ ਰਾਮਗੜ੍ਹੀਆ ਪਾਸੋਂ 7 ਨਵੰਬਰ, 1921 ਨੂੰ ਚਾਬੀਆਂ ਵਾਪਸ ਲੈਣ ਲਈ ਭੇਜ ਦਿੱਤਾ।” ਪਿਆਰ ਸਿੰਘ ਆਪਣੀ ਪੁਸਤਕ ‘ਤੇਜਾ ਸਿੰਘ ਸਮੁੰਦਰੀ’ (1975) ਦੇ ਸਫ਼ਾ. 77 ‘ਤੇ ਲਿਖਦੇ ਹਨ ਕਿ, ”ਪੰਜਾਬ ਸਰਕਾਰ ਨੇ ਆਪਣੀ ਇਸ ਗੱਲ ਨੂੰ ਸਹੀ ਸਿੱਧ ਕਰਨ ਲਈ ਇੱਕ ਬਿਆਨ ਜਾਰੀ ਕੀਤਾ ਜਿਸ ਵਿੱਚ ਦਰਜ ਸੀ ਕਿ ”ਸ਼੍ਰੋਮਣੀ ਕਮੇਟੀ ਸਿੱਖਾਂ ਦੀ ਪ੍ਰਤੀਨਿਧ ਜਮਾਤ ਨਹੀਂ ਹੈ।” ਇਹ ਨਾਟਕ ਕਿਉਂ ਰਚਿਆ ਗਿਆ? ਮਗਰੋਂ ਬ੍ਰਿਟਿਸ਼ ਪੰਜਾਬ ਦੇ ਪ੍ਰਸਿੱਧ ਅਖ਼ਬਾਰ ‘ਪੰਥ ਸੇਵਕ’ ਨੇ 8-16 ਨਵੰਬਰ, 1921 ਨੂੰ ਦਰਬਾਰ ਸਾਹਿਬ ਦੀਆਂ ਕੁੰਜੀਆਂ ਲੈਣ ਦੀ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਅਤੇ ਲਿਖਿਆ ਕਿ: ”ਇੱਕ ਬਦੇਸ਼ੀ ਹਕੂਮਤ ਨੂੰ ਗੁਰਦੁਆਰੇ ਦੇ ਮਾਮਲੇ ਵਿੱਚ ਦਖ਼ਲ ਦੇਣ ਦਾ ਕੀ ਅਧਿਕਾਰ ਹੈ?” 20 ਨਵੰਬਰ, 1921 ਦੇ ਰੋਜ਼ਾਨਾ ‘ਅਕਾਲੀ’ ਅਖ਼ਬਾਰ ਨੇ ਆਪਣਾ ਰੋਹ ਇਨ੍ਹਾਂ ਸ਼ਬਦਾਂ ਵਿੱਚ ਵਰਣਨ ਕੀਤਾ, ‘ਇੱਕ ਪਾਸੇ ਹਰਿਮੰਦਰ ਸਾਹਿਬ ਦੀਆਂ ਚਾਬੀਆਂ ਹਥਿਆ ਲਈਆਂ ਹਨ ਅਤੇ ਦੂਜੇ ਪਾਸੇ ਅੰਗ੍ਰੇਜ਼ੀ ਸਰਕਾਰ ਝੂਠ ਬੋਲਣ ਦੀਆਂ ਸਭ ਹੱਦਾਂ ਪਾਰ ਕਰ ਗਈ ਹੈ।” ਇਸੇ ਤਰ੍ਹਾਂ ਹੀ ‘ਖ਼ਾਲਸਾ’ ਅਖ਼ਬਾਰ ਅਤੇ ‘ਲਾਇਲ ਗਜ਼ਟ’ ਵਗੈਰਾ ਨੇ ਅੰਗ੍ਰੇਜ਼ ਸਰਕਾਰ ਦੇ ਇਸ ਜ਼ੁਰਮ ਦੀ ਭਰਪੂਰ ਨਿਖੇਧੀ ਕੀਤੀ।

ਉਸ ਸਮੇਂ ਕੇਵਲ ਚੀਫ਼ ਖ਼ਾਲਸਾ ਦੀਵਾਨ ਦਾ ‘ਖ਼ਾਲਸਾ ਐਡਵੋਕੇਟ’ ਅਖ਼ਬਾਰ ਹੀ ਸੀ ਜਿਹੜਾ ਸਾਮਰਾਜੀ ਹਾਕਮਾਂ ਦੀ ਬੋਲੀ ਬੋਲਦਾ ਸੀ। ਚਾਬੀਆਂ ਖੋਹਣ ਦਾ ਪ੍ਰਮੁੱਖ ਕਾਰਣ ਖੁਫ਼ੀਆ ਰਿਪੋਰਟ (Smith’s Report, Numeral No. 20.) ਵਿੱਚ ਦਰਜ ਹੈ। ਅੰਗ੍ਰੇਜ਼ ਸਰਕਾਰ ਨੂੰ ਡਰ ਸੀ ਕਿ ”ਗਰਮ-ਖ਼ਿਆਲ ਸਿੱਖਾਂ ਦਾ ਨਿਸ਼ਾਨਾ ਉਸ ਵੱਡੇ ਖਜ਼ਾਨੇ ‘ਤੇ ਕਬਜ਼ਾ ਕਰਨਾ ਸੀ ਜਿਹੜਾ ਦਰਬਾਰ ਸਾਹਿਬ ਵਿੱਚ ਜਮ੍ਹਾਂ ਪਿਆ ਸੀ ਅਤੇ ਸ਼੍ਰੋਮਣੀ ਕਮੇਟੀ ਦਾ ਸੰਭਵ ਤੌਰ ਤੇ ਵਿਚਾਰ ਇਹ ਸੀ ਕਿ ਇਸ ਖਜ਼ਾਨੇ ਨੂੰ ਰਾਜਸੀ ਤਹਿਰੀਕ ‘ਤੇ ਖਰਚ ਕਰਨ ਲਈ ਵਰਤਿਆ ਜਾਵੇ।” ਸਾਰੇ ਪੰਜਾਬ ਵਿੱਚ ਅੰਗ੍ਰੇਜ਼ ਸਾਮਰਾਜ ਦੇ ਵਿਰੁੱਧ ਇੱਕ-ਸੁਰ ਆਵਾਜ਼ ਗੂੰਜਣ ਲੱਗ ਪਈ: ਚਾਬੀਆਂ ਜਥੇਦਾਰ ਬਾਬਾ ਖੜਕ ਸਿੰਘ ਨੂੰ ਵਾਪਸ ਦਿਓ, ਚਾਬੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਵਾਪਸ ਦਿਉ। ਅਣਵੰਡੇ ਪੰਜਾਬ ਦਾ ਖ਼ਾਲਸਾ ਅਖ਼ਬਾਰ, ਲਾਹੌਰ, 15-11-1921 ਦਾ ਸਫ਼ਾ. 5 ਦੱਸਦਾ ਹੈ ਕਿ, ” ਇਸ ਸਮੇਂ ਕੁੱਝ ਰਾਜਸੀ ਖੇਤਰਾਂ ਵਿੱਚ ਇਹ ਸਵਾਲ ਬੜੇ ਜ਼ੋਰ ਨਾਲ ਉੱਠਿਆ: ਗੁਰਦੁਆਰਿਆਂ ਦੀ ਅਜ਼ਾਦੀ ਪਹਿਲਾਂ ਕਿ ਦੇਸ਼ ਦੀ? ਹਿੰਦੂ ਅਤੇ ਸਿੱਖ ਅਖ਼ਬਾਰਾਂ ਨੇ ਇਸ ਸਵਾਲ ਸਬੰਧੀ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ। ਆਮ ਵਿਚਾਰ ਇਹ ਸੀ ਕਿ: ਜਿੰਨਾ ਚਿਰ ਅਸੀਂ ਅੰਗ੍ਰੇਜ਼ ਸਰਕਾਰ ਦਾ ਸੁਧਾਰ ਨਹੀਂ ਕਰ ਲੈਂਦੇ, ਓਨਾ ਚਿਰ ਗੁਰਦੁਆਰਿਆਂ ਦਾ ਸੁਧਾਰ ਨਹੀਂ ਹੋ ਸਕਦਾ।”

20 ਫਰਵਰੀ, 1921 ਨੂੰ ਸ੍ਰੀ ਨਨਕਾਣਾ ਸਾਹਿਬ ਦਾ ਖ਼ੂਨੀ ਸਾਕਾ ਵਾਪਰਿਆ ਤਾਂ ਇਸ ਸਮੇਂ ਬਾਬਾ ਜੀ ਨੂੰ ਗ੍ਰਿਫ਼ਤਾਰ ਕੀਤਾ ਗਿਆ। 26 ਨਵੰਬਰ, 1921 ਈ: ਵਿੱਚ ਉਨ੍ਹਾਂ ਨੂੰ ਅੰਗ੍ਰੇਜ਼ ਹਕੂਮਤ ਦੇ ਵਿਰੁੱਧ ਗੁਰੂ-ਕਾ-ਬਾਗ਼ ਅਜਨਾਲਾ ਵਿਖੇ ਜੋਸ਼ੀਲੇ ਭਾਸ਼ਣ ਦੇਣ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਅਤੇ 2 ਦਸੰਬਰ, 1921 ਨੂੰ 6 ਮਹੀਨੇ ਦੀ ਸਜ਼ਾ ਤੇ 1000 ਰੁ: ਦਾ ਜ਼ੁਰਮਾਨਾ ਕਰ ਕੇ ਅੰਮ੍ਰਿਤਸਰ ਜੇਲ੍ਹ ‘ਚ ਭੇਜਿਆ ਗਿਆ। ਬਾਬਾ ਜੀ ਦੇ ਗਿਫ਼੍ਰਤਾਰ ਹੋਣ ਮਗਰੋਂ ਸ੍ਰ. ਹਰਚੰਦ ਸਿੰਘ ਲਾਇਲਪੁਰੀ ਐਸ.ਜੀ.ਪੀ.ਸੀ. ਦੇ ਪ੍ਰਧਾਨ ਚੁਣੇ ਗਏ। 1922 ਵਿੱਚ ਅੰਮ੍ਰਿਤਸਰ ਦੇ ਪੁਲਸ ਸੁਪਰੰਡੰਟ ਨੇ ਬਾਬਾ ਖੜਕ ਸਿੰਘ ਸਮੇਤ 19 ਅਕਾਲੀ ਆਗੂਆਂ ਸ੍ਰ. ਮਹਿਤਾਬ ਸਿੰਘ ਸੈਕਟਰੀ, ਮਾਸਟਰ ਸੁੰਦਰ ਸਿੰਘ ਲਾਇਲਪੁਰੀ (ਮੈਨੇਜਰ ਰੋਜ਼ਾਨਾ ਅਕਾਲੀ), ਭਾਗ ਸਿੰਘ ਤੇ ਗੁਰਚਰਨ ਸਿੰਘ ਵਕੀਲ ਅਤੇ ਹਰੀ ਸਿੰਘ ਜਲੰਧਰੀ ਆਦਿ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਡੀ.ਸੀ. ਜੇ.ਐਮ. ਡਨਨਟ ਦਾ ਐਲਾਨ ਪੜ੍ਹਿਆ ਜਿਹੜਾ ਬਗਾਬਤੀ ਬੈਠਕਾਂ ਦੇ ਕਾਨੂੰਨ ਦੇ ਅਧੀਨ ਦੀਵਾਨ ਨੂੰ ਖਿਲਾਫ਼ ਕਾਨੂੰਨ ਇਕੱਠ ਕਰਾਰ ਦਿੰਦਾ ਸੀ। ਇਨ੍ਹਾਂ ਨੂੰ ਇਸ ਲਈ ਗ੍ਰਿਫ਼ਤਾਰ ਕੀਤਾ ਗਿਆ ਕਿ ਇਨ੍ਹਾਂ ”ਸਿੱਖ ਨਾ-ਮਿਲਵਰਤਨੀਆਂ ਨੇ ਬਗਾਵਤੀ ਬੈਠਕਾਂ ਦਾ ਕਾਨੂੰਨ ਤੋੜਿਆ ਸੀ।” (Col. C. Kaye D.I.B. 27. II. 1921)।

18 ਜਨਵਰੀ, 1922 ਨੂੰ ਸਰਕਾਰ ਵੱਲੋਂ ਤੋਸ਼ਖਾਨੇ ਦੀਆਂ 53 ਚਾਬੀਆਂ ਬਾਬਾ ਖੜਕ ਸਿੰਘ ਨੂੰ ਵਾਪਸ ਦਿੱਤੀਆਂ ਗਈਆਂ। ਮਗਰੋਂ ਕੁੰਜੀਆਂ ਦੇ ਮੋਰਚੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਬਾਬਾ ਜੀ ਨੂੰ ਹੋਰ ਅਕਾਲੀ ਨੇਤਾਵਾਂ ਸਮੇਤ ਬਿਨ੍ਹਾਂ ਸ਼ਰਤ ਦੇ ਰਿਹਾਅ ਕਰ ਦਿੱਤਾ ਗਿਆ। ਅਕਾਲੀ ਕੈਦੀ ਆਗੂਆਂ ਦੀ ਬਿਨ੍ਹਾਂ ਸ਼ਰਤ ਤੋਂ ਰਿਹਾਈ ਅਤੇ ਬਾਬਾ ਜੀ ਅੱਗੇ ਚਾਬੀਆਂ ਦੇ ਸਮਰਪਣ ਬਾਰੇ ਇੱਕ ਸਮਕਾਲੀ ਯੂਰਪੀ ਲੇਖਕ ਨੇ ਲਿਖਿਆ ਹੈ: ”ਇਸ ਤੋਂ ਵੱਧ ਸ਼ਰਮਨਾਕ ਹਾਰ ਕਦੇ ਨਹੀਂ ਹੋਈ। ਬੰਦੇ ਨੂੰ ਸੁੱਤੇ-ਸਿੱਧ ਇੱਕ ਅੰਗ੍ਰੇਜ਼ ਬਾਦਸ਼ਾਹ ਵੱਲੋਂ ਕਲੇਇਸ ‘ਤੇ ਕਬਜ਼ੇ ਦਾ ਖ਼ਿਆਲ ਆਉਂਦਾ ਹੈ, ਜਦੋਂ ਮੁਖੀ ਨਾਗਰਿਕ ਆਪਣੀਆਂ ਗਰਦਨਾਂ ਦੁਆਲੇ ਰੱਸੀਆਂ ਅਤੇ ਗਲੀਂ ਕੇਵਲ ਕਮੀਜ਼ਾਂ ਪਾਈ ਉਸ ਨੂੰ ਕੁੰਜੀਆਂ ਦੇਣ ਆਏ ਸਨ…। ਪੰਜਾਬ ਸਰਕਾਰ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹਮਣੇ ਜ਼ਲੀਲ ਹੋਣਾ ਪਿਆ ਸੀ।”

8 ਮਾਰਚ, 1923 ਈ: ਨੂੰ ਬਾਬਾ ਖੜਕ ਸਿੰਘ ਸਮੇਤ ਸਾਰੇ ਸਿੱਖ ਨੇਤਾਵਾਂ ਨੂੰ ਰਿਹਾਅ ਕਰ ਦਿੱਤਾ ਗਿਆ। ਸਿੱਟੇ ਵਜੋਂ ਅਕਾਲ ਤਖ਼ਤ ਦੇ ਸਾਹਮਣੇ ਭਾਰਾ ਦੀਵਾਨ ਲਗਾ ਕੇ ਸਿੱਖ ਆਗੂਆਂ ਨੂੰ ਸਿਰੋਪੇ ਦਿੱਤੇ ਗਏ ਤੇ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਦੇ ਇੱਕ ਗਜ਼ਟਿਡ ਅਫ਼ਸਰ ਦੁਆਰਾ ਐਸ.ਜੀ.ਪੀ.ਸੀ. ਦੇ ਪ੍ਰਧਾਨ ਬਾਬਾ ਖੜਕ ਸਿੰਘ ਨੂੰ ਦਰਬਾਰ ਸਾਹਿਬ ਦੀਆਂ 53 ਚਾਬੀਆਂ ਦਾ ਗੁੱਛਾ ਪੇਸ਼ ਕੀਤਾ ਗਿਆ। ਖੜਕ ਸਿੰਘ ਨੇ ਸਜਲ ਅੱਖਾਂ ਨਾਲ ਚਾਬੀਆਂ ਲੈ ਲੈਣ ਦੀ ਸੰਗਤ ਤੋਂ ਆਗਿਆ ਮੰਗੀ। ਸਤ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਚਾਬੀਆਂ ਲੈ ਲੈਣ ਦੀ ਸੰਗਤ ਤੋਂ ਅਗਿਆ ਮੰਗੀ ਅਤੇ ਚਾਬੀਆਂ ਹਾਸਲ ਕਰ ਲਈਆਂ ਗਈਆਂ। ਬਾਅਦ ਵਿੱਚ ਮਹਾਤਮ ਗਾਂਧੀ ਨੇ ਬਾਬਾ ਖੜਕ ਸਿੰਘ ਨੂੰ ਇਸ ਚਾਬੀਆਂ ਦੇ ਮੋਰਚੇ ਨੂੰ ਇੱਕ ਫ਼ੈਸਲਾਕੁੰਨ ਜਿੱਤ ਕਰਾਰ ਦਿੱਤਾ। ਉਸਨੇ ਗਾਂਧੀ ਬਾਬਾ ਖੜਕ ਸਿੰਘ ਨੂੰ ਹੇਠ ਲਿਖੀ ਤਾਰ ਭੇਜੀ: ”ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਜਿੱਤੀ ਗਈ।…ਵਧਾਈਆਂ!” (ਅਕਾਲੀ ਲਹਿਰ ਦੇ ਖ਼ੁਫੀਆ ਕਾਗਜ਼, ਸਫ਼ਾ. 11)

ਹੁਣ ਜੇ ਦੇਖਿਆ ਜਾਵੇ ਤਾਂ ਅਦਾਲਤ ਵਿੱਚ ਜੱਜ ਦੇ ਸਾਹਮਣੇ ਬਾਬਾ ਖੜਕ ਸਿੰਘ ਵੱਲੋਂ ਸਭ ਤੋਂ ਛੋਟਾ ਪਰ ਅੱਗ-ਲਾਊ ਦਿੱਤਾ ਬਿਆਨ ਜਿਸ ਤੋਂ ਅੰਗ੍ਰੇਜ਼ ਸਰਕਾਰ ਦਾ ਅਕਾਲੀ ਆਗੂਆਂ ਪ੍ਰਤੀ ਵਿਵਹਾਰ ਬਿਲਕੁੱਲ ਸਪੱਸ਼ਟ ਹੋ ਜਾਂਦਾ ਹੈ: ”ਇਸ ਅਕਾਲੀ ਮੁਕੱਦਮੇ ਵਿੱਚ ਸਰਕਾਰ ਇੱਕ ਧਿਰ ਹੈ ਅਤੇ ਜੱਜ ਉਸ ਦਾ ਇੱਕ ਨੌਕਰ ਹੈ, ਇਸ ਲਈ ਮੈਂ ਕੋਈ ਬਿਆਨ ਨਹੀਂ ਦੇਣਾ ਚਾਹੁੰਦਾ। ਸਿੱਖ ਪੰਥ ਦੇ ਪ੍ਰਧਾਨ ਦੇ ਨਾਤੇ ਮੇਰੀ ਪੁਜ਼ੀਸ਼ਨ ਉਹੋ ਹੈ, ਜੋ ਅਮਰੀਕਾ, ਫ਼ਰਾਂਸ ਅਤੇ ਜਰਮਨੀ ਦੇ ਪ੍ਰਧਾਨਾਂ ਦੀ ਹੈ।”

ਬਾਬਾ ਜੀ ਨੂੰ ਚਾਬੀਆਂ ਦੇ ਮੋਰਚੇ ਦੌਰਾਨ ਪਹਿਲੀ ਵਾਰ 6 ਮਹੀਨੇ ਲਈ ਜੇਲ੍ਹ ਵਿੱਚ ਕ੍ਰਿਪਾਨਾਂ ਬਣਾਉਣ ਦੀ ਫ਼ੈਕਟਰੀ ਦੇ ਦੋਸ਼ ਅਧੀਨ ਇੱਕ ਵਰ੍ਹੇ ਦੀ ਸਜ਼ਾ ਸੁਣਾਈ ਗਈ। ਇਸ ਦੇ ਨਾਲ ਹੀ ਵਿਦਰੋਹੀ ਤਰਰੀਰ ਕਰਨ ਦੇ ਜ਼ੁਰਮ ਵਿੱਚ 3 ਸਾਲ ਦੀ ਹੋਰ ਸਜ਼ਾ ਸੁਣਾ ਕੇ ਡੇਰਾ ਗਾਜ਼ੀ ਖਾਂ (ਮੌਜੂਦਾ ਪਾਕਿਸਤਾਨ ‘ਚ) ਭੇਜ ਦਿੱਤਾ ਗਿਆ, ਜਿੱਥੇ ਉਨ੍ਹਾਂ ਨੇ ਰਾਜਸੀ ਕੈਦੀਆਂ ‘ਚੋਂ ਸਿੱਖਾਂ ਦੀ ਪਗੜੀ ਉਤਾਰਨ ਅਤੇ ਗ਼ੈਰ-ਸਿੱਖ ਕੈਦੀਆਂ ਦੀ ਗਾਂਧੀ ਟੋਪੀ ਉਤਾਰਨ ਦੇ ਵਿਰੋਧ ਵਿੱਚ ਰੋਸ ਵੱਜੋਂ ਕਛਹਿਰੇ ਤੋਂ ਬਿਨ੍ਹਾਂ ਆਪਣੇ ਸਾਰੇ ਕੱਪੜੇ ਉਤਾਰ ਦਿੱਤੇ ਤੇ ਅੱਤ ਦੀ ਸਰਦੀ ਦੇ ਬਾਵਜੂਦ ਆਪਣੀ ਪੂਰੀ ਕੈਦ ਕੱਟ ਕੇ 4 ਜੂਨ, 1927 ਨੂੰ ਰਿਹਾਅ ਹੋਣ ਤੱਕ ਨੰਗੇ-ਪਿੰਡੇ ਹੀ ਵਿਚਰੇ ਸੀ। 1928 ਵਿੱਚ ਉਨ੍ਹਾਂ ਨੇ ਸਾਈਮਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਵਿਰੁੱਧ ਲਾਹੌਰ ਵਿਖੇ ਤਕਰੀਰ ਕੀਤੀ ਕਿ: ”ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਜੇ ਤੁਹਾਨੂੰ ਮੇਰੀ ਪਿੱਠ ‘ਚੋਂ ਗੋਲੀ ਮਿਲੇ ਤਾਂ ਮੈਨੂੰ ਗੁਰੂ ਦਾ ਸਿੱਖ ਨਾ ਸਮਝਣਾ ਅਤੇ ਸਿੱਖ ਮਰਿਆਦਾ ਅਨੁਸਾਰ ਮੇਰੇ ਸ਼ਰੀਰ ਦਾ ਸੰਸਕਾਰ ਨਾ ਕਰਨਾ। ਮਹਾਨ ਗੁਰੂ ਸਾਹਿਬਾਨ ਦਾ ਪੈਰੋਕਾਰ ਇੱਕ ਆਦਰਸ਼ ਸੰਤ-ਸਿਪਾਹੀ ਹੁੰਦਾ ਹੈ ਅਤੇ ਉਸ ਤੋਂ ਆਸ ਕੀਤੀ ਜਾਂਦਾ ਹੈ ਕਿ ਉਹ ਅਗਲੀਆਂ ਸਫਾਂ ਵਿੱਚ ਹੋ ਕੇ ਲੜੇ ਅਤੇ ਆਪਣੀ ਪਿੱਠ ‘ਚ ਨਹੀਂ ਛਾਤੀ ਵਿੱਚ ਗੋਲੀ ਖਾਵੇ। ਅਸੀਂ ਸਿੱਖ, ਆਪਣੀ ਮਾਤਭੂਮੀ ‘ਤੇ ਕਦੇ ਕਿਸੇ ਬਦੇਸ਼ੀ ਨੂੰ ਰਾਜ ਨਹੀਂ ਕਰਨ ਦਿਆਂਗੇ ਅਤੇ ਕੋਈ ਬੇਇਨਸਾਫ਼ੀ ਸਹਿਣ ਨਹੀਂ ਕਰਾਂਗੇ।”

ਸੰਨ 1928-29 ਵਿੱਚ ਬਾਬਾ ਜੀ ਨੇ ਮੋਤੀਲਾਲ ਨਹਿਰੂ ਅਤੇ ਤੇਜ ਬਹਾਦਰ ਸਪਰੂ ਰਾਂਹੀ ਤਿਆਰ ਨਹਿਰੂ ਕਮੇਟੀ ਰਿਪੋਰਟ ਦਾ ਪੂਰੀ ਤਰ੍ਹਾਂ ਵਿਰੋਧ ਕੀਤਾ ਤੇ ਉਦੋਂ ਤੱਕ ਜਾਰੀ ਰੱਖਿਆ ਜਦੋਂ ਤੱਕ ਕਿ ਕਾਂਗਰਸ ਪਾਰਟੀ ਨੇ ਇਸ ਰਿਪੋਰਟ ਨੂੰ ਤਿਆਗ ਨਹੀਂ ਦਿੱਤਾ ਅਤੇ ਭਵਿੱਖ ਦੀਆਂ ਸੰਵਿਧਾਨਿਕ ਤਜਵੀਜ਼ਾਂ ਹਿੱਤ ਸਿੱਖਾਂ ਦੀ ਸਹਿਮਤੀ ਲੈਣ ਦਾ ਵਾਅਦਾ ਨਹੀਂ ਕੀਤਾ। ਮਗਰੋਂ ਖੜਕ ਸਿੰਘ ਨੇ 1932 ਦੇ ਕਮਿਊਨਲ ਅਵਾਰਡ ਦਾ ਪੁਰ-ਜ਼ੋਰ ਵਿਰੋਧ ਕੀਤਾ, ਭਾਵੇਂ ਕਿ ਬਾਬਾ ਜੀ ਦਾ ਇਹ ਵਿਰੋਧ ਸਫ਼ਲ ਨਹੀਂ ਹੋ ਸਕਿਆ। ਇਸ ਅਵਾਰਡ ਅਨੁਸਾਰ ਪੰਜਾਬ ਵਿੱਚ ਮੁਸਲਮਾਨਾਂ ਨੂੰ ਸੰਵਿਧਾਨਿਕ ਬਹੁ-ਗਿਣਤੀ ਦੇ ਦਿੱਤੀ ਗਈ ਸੀ। 1932-33 ਦੌਰਾਨ ਬਾਬਾ ਜੀ ਦਾ ਮਾਸਟਰ ਤਾਰਾ ਸਿੰਘ ਨਾਲ ਮਤਭੇਦ ਵੱਧਣ ਕਰ ਕੇ ਉਨ੍ਹਾਂ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਤੋਂ ਅਸਤੀਫ਼ਾ ਦੇ ਕੇ ਇੱਕ ਵੱਖਰਾ ‘ਕੇਂਦਰੀ ਅਕਾਲੀ ਦਲ’ ਬਣਾ ਲਿਆ। 1940 ਈ: ਵਿੱਚ ਮੁਸਲਿਮ ਲੀਗ ਨੇ ਜਦੋਂ ਲਾਹੌਰ ਵਿਖੇ ਆਪਣੇ ਸਾਲਾਨਾ ਸਮਾਗਮ ਵਿੱਚ ਪਾਕਿਸਤਾਨ ਦੇ ਹੱਕ ਵਿੱਚ ਇੱਕ ਰਸਮੀ ਮਤਾ ਪਾਸ ਕੀਤਾ ਤਾਂ ਬਾਬਾ ਜੀ ਨੇ ਇਸ ਦਾ ਸਖ਼ਤ ਵਿਰੋਧ ਕੀਤਾ। ਉਨ੍ਹਾਂ ਦੀ ਅੰਤਲੀ ਗ੍ਰਿਫ਼ਤਾਰੀ 1944 ਈ: ਵਿੱਚ ਗੁਰਜਰਾਂਵਾਲਾ ਵਿਖੇ ਹੋਈ।

ਬਾਬਾ ਖੜਕ ਸਿੰਘ ਰਾਸ਼ਟਰੀ ਏਕਤਾ ਦੇ ਪੱਕੇ ਹਿਮਾਇਤੀ ਸਨ ਅਤੇ ਉਨ੍ਹਾਂ ਨੇ ਮੁਸਲਿਮ ਲੀਗ ਦੀ ਪਾਕਿਸਤਾਨ ਦੀ ਮੰਗ ਅਤੇ ਅਕਾਲੀਆਂ ਦੀ ਆਜ਼ਾਦ ਪੰਜਾਬ ਦੀ ਤਜਵੀਜ਼ ਦਾ ਵਿਰੋਧ ਕੀਤਾ। ਜਦੋਂ 20 ਫਰਵਰੀ, 1947 ਈ: ਨੂੰ ਇੰਗਲੈਂਡ ਦੇ ਪ੍ਰਧਾਨ ਮੰਤਰੀ ਲਾਰਡ ਐਟਲੀ ਵੱਲੋਂ ਫਿਰਕੂ ਲੀਹਾਂ ‘ਤੇ ਦੇਸ਼ ਦੀ ਵੰਡ ਦਾ ਐਲਾਨ ਕੀਤਾ ਤਾਂ ਬਾਬ ਖੜਕ ਸਿੰਘ ਬੇਹੱਦ ਬੇਚੈਨ ਹੋਏ। ਮਗਰੋਂ ਬਾਬਾ ਜੀ ਸਰਕਾਰ ਵਿੱਚ ਕਿਸੇ ਪਦਵੀ ਜਾਂ ਅਹੁਦੇ ਲਈ ਮੁਕਾਬਲੇ ਵਿੱਚ ਨਾ ਉਤਰਦੇ ਹੋਏ ਰਾਜਸੀ ਜੀਵਨ ਤੋਂ ਮੁਕਤ ਹੋ ਕੇ ਦਿੱਲੀ ਚੱਲੇ ਗਏ, ਜਿੱਥੇ ਬਾਬਾ ਖੜਕ ਸਿੰਘ 6 ਅਕਤੂਬਰ, 1963 ਈ: ਵਿੱਚ 95 ਵਰ੍ਹੇ ਦੀ ਉਮਰ ਦੌਰਾਨ ਦੇਸ਼ ਦੀ ਆਜ਼ਾਦੀ ਦਾ ਅਜਿੱਤ ਸੂਰਮਾ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਭਾਵੇਂ ਅਜੇ ਤੱਕ ਰਾਸ਼ਟਰੀ ਰਾਜਧਾਨੀ ਦਿੱਲੀ ਜਾਂ ਪੰਜਾਬ ਵਿੱਚ ਇਸ ਮਹਾਨ ਆਜ਼ਾਦੀ ਘੁਲਾਟੀਏ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਕੋਈ ਵੱਡੀ ਯਾਦਗਾਰ ਨਹੀਂ ਬਣਾਈ ਗਈ, ਪਰ ਫਿਰ ਵੀ ਦਿੱਲੀ ਦੇ ਗੋਲ ਡਾਕਖਾਨੇ ਤੋਂ ਕਨਾਟ ਪਲੇਸ ਨੂੰ ਜਾਂਦੀ ਇੱਕ ਸੜਕ ਦਾ ਨਾਂ ‘ਬਾਬਾ ਖੜਕ ਸਿੰਘ ਮਾਰਗ’ ਰੱਖਿਆ ਗਿਆ ਹੈ। ਮੈਂ ਆਸ ਕਰਦਾ ਹਾਂ, ਕਿ ਪੰਜਾਬ ਸਰਕਾਰ ਵੱਲੋਂ ਬਾਬਾ ਜੀ ਦੁਆਰਾ ਭਾਰਤ ਦੀ ਆਜ਼ਾਦੀ ਲਈ ਕੀਤੀ ਕੁਰਬਾਨੀ ਦੇ ਅਧਿਐਨ ਵੱਜੋਂ ਇੱਕ ਉੱਚ-ਪੱਧਰੀ ਕੇਂਦਰ ਪੰਥ ਦੇ ‘ਬੇਤਾਜ ਬਾਦਸ਼ਾਹ’ ਦੀ ਯਾਦ ਵਿੱਚ ਜ਼ਰੂਰ ਖੋਲਿਆ ਜਾਵੇ ਤਾਂ ਜੋ ਉਹ ਕਦਰਾਂ-ਕੀਮਤਾਂ ਜੋ ਕਿ ਬਾਬਾ ਜੀ ਨੇ ਸਾਨੂੰ ਸਿੱਖਾਈਆਂ ਅਤੇ ਜਿਨ੍ਹਾਂ ‘ਤੇ ਉਨ੍ਹਾਂ ਜੀਵਨ ਭਰ ਅਮਲ ਕੀਤਾ, ਅੱਜ ਦੀ ਨੌਜਵਾਨ ਪੀੜ੍ਹੀ ਨੂੰ ਚੰਗੀ ਤੇ ਭਰਪੂਰ ਖੋਜ ਰਾਂਹੀ ਪੇਸ਼ ਕੀਤੀਆਂ ਜਾ ਸਕਣ।

(ਹਰਦੀਪ ਸਿੰਘ ਝੱਜ)
+91 94633-64992

Install Punjabi Akhbar App

Install
×