ਵਧਦੀ ਦੁਨੀਆ ਸੁੰਗੜਦੀ ਥਾਂ-ਫਿਰ ਵੀ ਉਦਮੀ ਕੱਢ ਲੈਂਦੇ ਰਾਹ ; ਨਿਊਜ਼ੀਲੈਂਡ ਦੇ ਵਿਚ ਪਹਿਲਾ ‘ਕੈਪਸੂਲ ਹੋਟਲ’

cap
ਦੁਨੀਆ ਨਿਤ ਦਿਨ ਵਧ ਰਹੀ ਹੈ ਤੇ ਰਹਿਣ ਲਈ ਥਾਂ ਸੁੰਗੜਦੀ ਜਾ ਰਹੀ ਹੈ, ਪਰ ਉਦਮੀ ਲੋਕ ਕੋਈ ਨਾ ਕੋਈ ਰਾਹ ਕੱਢ ਹੀ ਲੈਂਦੇ ਹਨ। ਹੁਣ ਮਹਿੰਗੇ ਹੋਟਲਾਂ ਦੇ ਵਿਚ ਨਾ ਰਹਿ ਸਕਣ ਵਾਲੇ ਲੋਕਾਂ ਲਈ ਖੁਸ਼ਖਬਰੀ ਹੈ ਕਿ ਨਿਊਜ਼ੀਲੈਂਡ ਦੇ ਵਿਚ ਪਹਿਲਾ  ਕੈਪਸੂਲ ਹੋਟਲ (ਪੌਡ ਹੋਟਲ) ਕ੍ਰਾਈਸਟਚਰਚ ਦੇ ਵਿਚ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਹੋਟਲ ਦੇ ਵਿਚ ਬਨਣ ਵਾਲੇ ਕਮਰਿਆਂ ਦੀ ਖਾਸੀਅਤ ਇਹ ਹੋਵੇਗੀ ਇਕ ਆਮ ਹੋਟਲ ਦੇ ਕਮਰੇ ਵਿਚ ਜੇਕਰ ਦੋ ਵਿਅਕਤੀ ਸੌਂ ਸਕਦੇ ਹਨ ਤਾਂ ਓਨੀ ਹੀ ਥਾਂ ਉਤੇ ਇਥੇ 12 ਵਿਅਕਤੀ ਜਾਂ ਇਸ ਤੋਂ ਵੀ ਵੱਧ ਵਿਅਕਤੀ ਇਕੱਲੇ-ਇਕੱਲੇ ਸੌਂ ਸਕਦੇ ਹਨ। ਇਸ ਕੈਪਸੂਲ ਨੁਮਾ ਬਨਣ ਵਾਲੇ ਕਮਰਿਆਂ ਨੂੰ ਅੰਦਰੋਂ ਪੂਰੀ ਤਰਾਂ ਆਧੁਨਿਕ ਬਣਾਇਆ ਜਾਵੇਗਾ। ਕ੍ਰਾਈਸਟਚਰਚ ਸ਼ਹਿਰ ਵਿਖੇ  ਬਹੁਤ ਸਾਰੇ ਸੈਲਾਨੀ ਆਉਂਦੇ ਹਨ ਜਿਸ ਕਰਕੇ ‘ਜੂਸੀ ਰੈਂਟਲ’ ਕੰਪਨੀ ਨੇ ਇਥੋਂ ਪਹਿਲਾਂ ਤਜ਼ਰਬਾ ਕਰਨ ਦਾ ਸੋਚਿਆ ਹੈ। ਨਿਊਜ਼ੀਲੈਂਡ ਦੇ ਵਿਚ ਬਨਣ ਵਾਲਾ ਇਹ ਪਹਿਲਾ ਕੈਪਸੂਲ ਹੋਟਲ ਹੋਵੇਗਾ ਜਿਸ ਦੇ ਵਿਚ ਰਾਤ ਠਹਿਰਣ ਦਾ ਕਿਰਾਇਆ 30 ਡਾਲਰ ਪ੍ਰਤੀ ਰਾਤ ਆਵੇਗਾ। ਪਹਿਲੇ ਗੇੜ ਦੇ ਵਿਚ 272 ਅਜਿਹੇ ਕੈਪਸੂਲ ਬੈਡਰੂਮ ਬਣਾਏ ਜਾ ਰਹੇ ਹਨ। ਇਕ ਕਮਰੇ ਦਾ ਆਕਾਰ ਲਗਪਗ 7 ਫੁੱਟ ਗੁਣਾ 4 ਫੁੱਟ ਤੱਕ ਹੋਵੇਗਾ। ਇਨ੍ਹਾਂ ਦੇ ਵਿਚ ਟੀ.ਵੀ. ਇਲੈਕਟ੍ਰੋਨਿਕ ਕੰਸੋਲ ਅਤੇ ਵਾਇਰਲੈਸ ਇੰਟਰਨੈਟ ਹੋਵੇਗਾ। ਔਰਤਾਂ ਅਤੇ ਮਰਦਾਂ ਵਾਸਤੇ ਇਹ ਵੱਖਰੇ-ਵੱਖਰੇ ਵੀ ਹੋ ਸਕਦੇ ਹਨ। ਇਹ ਕੈਪਸੂਲ ਹੋਟਲ ਜਾਪਾਨ ਦੇ ਵਿਚ ਪਹਿਲਾਂ ਹੀ ਕਾਫੀ ਮਸ਼ਹੂਰ ਹਨ ਅਤੇ ਹੁਣ ਨਿਊਜ਼ੀਲੈਂਡ ਦੇ ਵਿਚ ਵੀ ਅਜਿਹੇ ਹੋਟਲ ਬਨਣ ਦੇ ਆਸਾਰ ਹੋ ਗਏ ਹਨ।

Install Punjabi Akhbar App

Install
×