ਨਿਊਜ਼ੀਲੈਂਡ ਦੇ ਸ਼ਹਿਰ ਟੌਰੰਗਾ ਵਿਖੇ ਇਕ ਕਾਰ ਦੁਰਘਟਨਾ ਵਿਚ 19 ਸਾਲਾ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ

NZ PIC 22 Oct-1

ਅੱਜ ਸਵੇਰੇ 9 ਵਜੇ ਦੇ ਕਰੀਬ ਵੈਲਕਮ ਵੇਅ ਰੋਡ ਟੌਰੰਗਾ ਵਿਖੇ ਇਕ ਕਾਰ ਅਤੇ ਮੋਬਾਇਲ ਲਾਇਬ੍ਰੇਰੀ ਬੱਸ ਦਰਮਿਆਨ ਹੋਈ ਟੱਕਰ ਦੇ ਵਿਚ 19 ਸਾਲਾ ਪੰਜਾਬੀ ਨੌਜਵਾਨ ਕਰਨਬੀਰ ਸਿੰਘ ਪੁੱਤਰ ਸਵ. ਸਰਮੇਲ ਸਿੰਘ ਤੇ ਮਾਤਾ ਦਲਬੀਰ ਕੌਰ ਪਿੰਡ ਹੋਠੀਆਂ ਨੇੜੇ ਗੋਇੰਦਵਾਲ ਸਾਹਿਬ ਤਰਨਤਾਰਨ ਦੀ ਦਰਦਨਾਕ ਮੌਤ ਹੋ ਗਈ। ਇਹ ਲੜਕਾ ਜੂਨ ਮਹੀਨੇ ਹੀ ਇਥੇ ਪੜ੍ਹਨ ਵਾਸਤੇ ਆਇਆ ਸੀ। ਅੱਜ ਸਵੇਰੇ ਇਹ ਨੌਜਵਾਨ ਆਪਣੇ ਇਕ ਸਾਥੀ ਗੁਰਦੀਪ ਸਿੰਘ (ਨਵਾਂਸ਼ਹਿਰ) ਦੇ ਨਾਲ ਕੰਮ ਦੇ ਲਈ ਨਿਕਲੇ ਹੋਏ ਸਨ ਪਰ ਬਾਰਿਸ਼ ਹੋਣ ਕਾਰਨ ਕੰਮ ਬੰਦ ਹੋ ਗਿਆ ਤੇ ਉਹ ਵਾਪਿਸ ਟੌਰੰਗਾ ਸ਼ਹਿਰ ਵਿਖੇ ਆਪਣੀ ਰਿਹਾਇਸ਼ ‘ਤੇ ਆ ਰਹੇ ਸਨ। ਮ੍ਰਿਤਕ ਨੌਜਵਾਨ ਡ੍ਰਾਈਵਰ ਸੀਟ ਦੇ ਨਾਲ ਵਾਲੀ ਸੀਟ ਉਤੇ ਮੂਹਰੇ ਬੈਠਾ ਸੀ ਜਦ ਕਿ ਕਾਰ ਗੁਰਦੀਪ ਸਿੰਘ ਚਲਾ ਰਿਹਾ ਸੀ।  ਜਦੋਂ ਕਾਰ ਦੀ ਟੱਕਰ ਹੋਈ ਤਾਂ ਮ੍ਰਿਤਕ ਨੌਜਵਾਨ ਵਾਲਾ ਪਾਸਾ ਬੱਸ ਦੇ ਨਾਲ ਜ਼ੋਰ ਦੀ ਟਕਰਾਇਆ। ਦੁਰਘਟਨਾ ਵੇਲੇ ਗੁਰਦੀਪ ਸਿੰਘ ਦੇ ਕੋਲੋਂ ਹੋਲਡਨ ਅਸਟ੍ਰਾ ਕਾਰ ਬੇਕਾਬੂ ਹੋ ਗਈ ਸੈਂਟਰ ਲਾਈਨ ਦੇ ਦੂਜੇ ਪਾਸੇ ਜਾ ਕੇ ਸਾਹਮਣੇ ਤੋਂ ਆ ਰਹੀ ਕਿਤਾਬਾਂ ਵਾਲੀ ਬੱਸ (ਮੋਬਾਇਲ ਲਾਇਬ੍ਰੇਰੀ) ਦੇ ਨਾਲ ਜਾ ਟਕਰਾਈ। ਕਾਰ ਤੇ ਬੱਸ ਦੀ ਟੱਕਰ ਐਨੀ ਜ਼ਬਰਦਸਤ ਸੀ ਕਿ ਐਂਬੂਲੈਂਸ ਸਟਾਫ ਨੂੰ ਕਾਰ ਕੱਟ ਕੇ ਇਨ੍ਹਾਂ ਨੂੰ ਬਾਹਰ ਕੱਢਣਾ ਪਿਆ। ਐਂਬੂਲੈਂਸ ਸਟਾਫ ਕਰਨਬੀਰ ਸਿੰਘ ਨੂੰ ਨਹੀਂ ਬਚਾ ਸਕਿਆ ਜਦ ਕਿ ਕਾਰ ਚਾਲਕ ਨੂੰ ਟੌਰੰਗਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸਦੀ ਹਾਲਿਤ ਹੁਣ ਠੀਕ ਦੱਸੀ ਜਾ ਰਹੀ ਹੈ। ਬੱਸ ਡ੍ਰਾਈਵਰ ਦਾ ਵੀ ਸੱਟ-ਚੋਟ ਤੋਂ ਬਚਾਅ ਹੋ ਗਿਆ ਹੈ। ਇਸ ਦੁਰਘਟਨਾ ਦੀ ਵਿਸ਼ੇਸ਼ ਜਾਂਚ-ਪੜ੍ਹਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਹ ਦੋਵੇਂ ਨੌਜਵਾਨ ‘ਟੌਰੰਗਾ ਵਿਖੇ ਹੀ ਰਹਿੰਦੇ ਸਨ। ਕੱਲ੍ਹ ਮ੍ਰਿਤਕ ਸਰੀਰ ਦਾ ਪੋਸਟ ਮਾਰਟਮ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਮ੍ਰਿਤਕ ਸਰੀਰ ਇੰਡੀਆ ਭੇਜਿਆ ਜਾਵੇਗਾ। ਇਸ ਮ੍ਰਿਤਕ ਲੜਕੇ ਦਾ ਇਕ ਵੱਡਾ ਭਰਾ ਹੈ ਜੋ ਕਿ ਪਿੰਡ ਆਪਣੀ ਮਾਤਾ ਦੇ ਨਾਲ ਹੀ ਰਹਿੰਦਾ ਹੈ।