ਆਹ ਵੇਖੋ 19 ਕਰੋੜ 45 ਲੱਖ ਰੁਪਏ ਦੀ ਕਾਰ: ਨਿਊਜ਼ੀਲੈਂਡ ਦੀ ਸਭ ਤੋਂ ਮਹਿੰਗੀ ਕਾਰ ਦੀ ਹੋਈ ਘੁੰਢ ਚੁਕਾਈ-ਅੱਜ ਪਹਿਲੀ ਵਾਰ ਇਸਦੀ ਕੀਤੀ ਜਾਵੇਗੀ ਸਵਾਰੀ

NZ PIC 8 April-1ਕਹਿੰਦੇ ਨੇ ਦੁਨੀਆ ਪਰ੍ਹੇ ਤੋਂ ਪਰ੍ਹੇ ਪਈ ਆ, ਪਰ ਇਥੇ ਤਾਂ ਹੋਰ ਵੀ ਬਹੁਤ ਕੁਝ ਪਰ੍ਹੇ ਤੋਂ ਪਰ੍ਹੇ ਪਿਆ ਹੈ, ਬੱਸ ਲੋੜ ਹੈ ਯੋਗਤਾ ਵਰਤ ਕੇ ਜੇਬ ਵਧਾਉਣ ਦੀ। ਨਿਊਜ਼ੀਲੈਂਡ ਦੇ ਵਿਚ ਕੱਲ੍ਹ ਇਕ ਅਜਿਹੀ ਕਾਰ ਕੁਝ ਲੋਕਾਂ ਨੂੰ ਨੇੜੇ ਹੋ ਕੇ ਅਤੇ ਕੁਝ ਨੂੰ ਟੀ.ਵੀ. ਅਖਬਾਰਾਂ ਉਤੇ ਵੇਖਣ ਨੂੰ ਮਿਲੇਗੀ ਜਿਸ ਦੀ ਕੀਮਤ 43 ਲੱਖ ਨਿਊਜ਼ੀਲੈਂਡ ਡਾਲਰ ਹੈ। ਇਸ ਦੀ ਕੀਮਤ ਭਾਰਤੀ ਰੁਪਈਆਂ ਵਿਚ ਕਰਨੀ ਪਵੇ ਤਾਂ ਠੰਡਾ ਹਉਂਕਾ ਭਰਨਾ ਪੈਂਦਾ। ਮੌਜੂਦਾ ਕਰੰਸੀ ਦਰ ਅਨੁਸਾਰ ਇਸਦੀ ਕੀਮਤ 19 ਕਰੋੜ 45 ਲੱਖ ਬਣੇਗੀ। ਜਿਸ ਵਿਅਕਤੀ ਨੇ ਇਹ ਕਾਰ ਖਰੀਦੀ ਹੈ ਉਸਦਾ ਨਾਂਅ ਹੈ ਟੋਰੀ ਕਿਊਇਨ (55)। ਜਾਨਵਰਾਂ ਦੇ ਲਈ ਫੂਡ ਤਿਆਰ ਕਰਨ ਵਾਲੀ ਕੰਪਨੀ ਦਾ ਮਾਲਕ ਹੈ। ਉਹ ਰੇਸ ਕਾਰ ਦਾ ਵੀ ਵੱਡਾ ਖਿਡਾਰੀ ਹੈ। ਇਸਨੇ ‘ਦਾ ਅਸਟਨ ਮਾਰਟਿਨ’ ਕੰਪਨੀ ਦੀ ਨਵੀਂ ਕਾਰ (ਵੁਲਕਨ ਮਾਡਲ) 4.3 ਮਿਲੀਅਨ ਡਾਲਰ ਦੇ ਵਿਚ ਖਰੀਦੀ ਹੈ। ਇਸ ਕਾਰ ਦੀ ਘੁੰਢ ਚੁਕਾਈ ਅੱਜ ਕੀਤੀ ਗਈ ਹੈ ਪਰ ਇਸਨੂੰ ਕੱਲ੍ਹ ਪਹਿਲੇ ਦਿਨ ਚਲਾਇਆ ਜਾਣਾ ਹੈ। ਪੂਰੇ ਵਿਸ਼ਵ ਵਿਚ ਅਜਿਹੀਆਂ ਸਿਰਫ 24 ਕਾਰਾਂ ਹੀ ਹਨ। ਉਸਨੇ ਕਿਹਾ ਕਿ ਬਹੁਤ ਸਾਰੇ ਲੋਕ ਇਸਨੂੰ ਭਾਵੇਂ ਸਿਆਣੀ ਗੱਲ ਨਾ ਸਮਝਦੇ ਹੋਣ ਪਰ ਮੈਨੂੰ ਇਹ ਠੀਕ ਕਰਨਾ ਲੱਗਿਆ। ਇਸ ਸਖਸ਼ ਨੇ ਕਿਹਾ ਕਿ ਸਾਰੀ ਉਮਰ ਪੈਸਾ ਕਮਾਇਆ ਅਤੇ ਟੈਕਸ ਦਿੱਤਾ ਹੈ ਪਰ ਸ਼ੋਕ ਵੀ ਪੂਰਾ ਕਰਨਾ ਹੈ।
ਇਸ ਕਾਰ ਦੀਆਂ ਖੂਬੀਆਂ ਇਸ ਤਰ੍ਹਾਂ ਹਨ:- ਇਹ 7 ਲੀਟਰ ਵੀ-12 ਇੰਜਣ ਦੇ ਨਾਲ 820 ਹਾਰਸ ਪਾਵਰ ਰੱਖਦੀ ਹੈ। ਐਨੀ ਸ਼ਕਤੀ ਫਾਰਮੂਲਾ ਕਾਰਾਂ ਦੇ ਲਈ ਰੱਖੀ ਜਾਂਦੀ ਹੈ। ਆਮ ਤੌਰ ‘ਤੇ ਕਾਰਾਂ ਦੀ ਹਾਰਸ ਪਾਵਰ 120 ਦੇ ਕਰੀਬ ਹੁੰਦੀ ਹੈ। ਇਸ ਕਾਰ ਨੂੰ ਅਜੇ ਆਮ ਸੜਕਾਂ ਉਤੇ ਚਲਾਉਣ ਦੀ ਕਾਨੂੰਨ ਇਜ਼ਾਜਤ ਨਹੀਂ ਹੈ ਪਰ ਇਸਦੇ ਮਾਲਕ ਦਾ ਆਪਣਾ ਰੈਸ ਟ੍ਰੈਕ ਵੀ ਹੈ ਜਿੱਥੇ ਉਹ ਇਹ ਕਾਰ ਚਲਾ ਕੇ ਦੁਨੀਆ ਨੂੰ ਵਿਖਾਏਗਾ। ਉਸਨੇ 23 ਹੋਰ ਕਾਰਾਂ ਨੂੰ ਵੀ ਸੱਦਾ ਦਿੱਤਾ ਹੈ ਕਿ ਉਹ ਉਸਦੇ ਟ੍ਰੈਕ ਵਿਚ ਆ ਕੇ ਕਾਰਾਂ ਦੀ ਰੇਸ ਕਰਨ।