1957 ਤੋਂ 2012 ਤੱਕ ਵਿਧਾਨ ਸਭਾ ਹਲਕਾ ਫਰੀਦਕੋਟ ਤੋਂ 8 ਵਾਰ ਅਕਾਲੀ – 4 ਵਾਰ ਕਾਂਗਰਸ ਅਤੇ 2 ਵਾਰ ਆਜ਼ਾਦ ਉਮੀਦਵਾਰ ਜੇਤੂ ਰਹੇ

(ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ( ਆਪ) ਕੁਸ਼ਲਦੀਪ ਸਿੰਘ ਢਿੱਲੋਂ ( ਕਾਂਗਰਸ) ਪਰਮਬੰਸ ਸਿੰਘ ਬੰਟੀ ਰੋਮਾਣਾ ( ਅਕਾਲੀ ਦਲ ( ਬ ))
(ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ( ਆਪ) ਕੁਸ਼ਲਦੀਪ ਸਿੰਘ ਢਿੱਲੋਂ ( ਕਾਂਗਰਸ) ਪਰਮਬੰਸ ਸਿੰਘ ਬੰਟੀ ਰੋਮਾਣਾ ( ਅਕਾਲੀ ਦਲ ( ਬ ))

ਵਿਧਾਨ ਸਭਾ ਹਲਕਾ ਫਰੀਦਕੋਟ 87 ਨੰਬਰ ਹਲਕਾ ਹੈ । ਜਿਸਦੀ ਹਰ ਵਿਧਾਨ ਸਭਾ ਚੋਣ ਦਿਲਚਸਪ ਹੁੰਦੀ ਹੈ । ਜੇਤੂ ਉਮੀਦਵਾਰ ਭਾਵੇਂ ਕਾਂਗਰਸ ਅਤੇ ਭਾਵੇਂ ਅਕਾਲੀ ਪਾਰਟੀ ਨਾਲ ਸਬੰਧ ਰੱਖਦਾ ਹੋਵੇ, ਇਸ ਸੀਟ ਤੋਂ ਜਿੱਤ ਹਾਰ ਬਹੁਤ ਘੱਟ ਫਰਕ ਨਾਲ ਹੁੰਦੀ ਰਹੀ ਹੈ। ਜੇਕਰ ਸੰਨ 1957 ਤੋਂ 2012 ਤੱਕ ਹੋਈਆਂ ਵਿਧਾਨ ਸਭਾ ਚੋਣਾ ਤੇ ਨਜ਼ਰ ਮਾਰੀਏ ਤਾਂ ਇਸ ਸੀਟ ਤੋਂ 8 ਵਾਰ ਅਕਾਲੀ 4 ਵਾਰ ਕਾਂਗਰਸ ਅਤੇ 2 ਵਾਰ ਆਜ਼ਾਦ ਉਮੀਦਵਾਰ ਜੇਤੂ ਰਹੇ। ਸੰਨ 1957 ਵਿਚ ਇਸ ਸੀਟ ਤੇ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਸ: ਮੇਹਰ ਸਿੰਘ , ਆਜ਼ਾਦ ਉਮੀਦਵਾਰ ਹਰਿੰਦਰ ਸਿੰਘ ਤੋਂ 1124 ਵੋਟਾਂ ਦੇ ਫਰਕ ਨਾਲ ਜਿੱਤੇ। ਸ: ਮੇਹਰ ਸਿੰਘ ਨੂੰ18579 ਅਤੇ ਹਰਿੰਦਰ ਸਿੰਘ ਨੂੰ17455 ਵੋਟਾਂ ਪਈਆਂ। ਫੇਰ 1962 ਚ ਅਕਾਲੀ ਦਲ ਦੀ ਉਮੀਦਵਾਰ ਜਗਦੀਸ਼ ਕੌਰ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਜ਼ੈਲ ਸਿੰਘ ਨੂੰ 3236 ਵੋਟਾਂ ਨਾਲ ਹਰਾਇਆ। ਜਗਦੀਸ਼ ਕੌਰ ਨੂੰ24359 ਅਤੇ ਜ਼ੈਲ ਸਿੰਘ ਨੂੰ21123 ਵੋਟਾਂ ਮਿਲੀਆਂ। ਸੰਨ 1967 ਇਸ ਰੀਜ਼ਰਵ ਸੀਟ ਤੋਂ ਅਕਾਲੀ ਦਲ ( ਸੰਤ ਫਤਿਹ ਸਿੰਘ) ਦੇ ਉਮੀਦਵਾਰ ਸ: ਭਗਤ ਸਿੰਘ ਕਾਂਗਰਸ ਪਾਰਟੀ ਦੇ ਸੁਰੈਣ ਸਿੰਘ ਤੋਂ 3502 ਵੋਟਾਂ ਵੱਧ ਲੈ ਕੇ ਸਫਲ ਰਹੇ। ਸ: ਭਗਤ ਸਿੰਘ ਨੂੰ 16273 ਅਤੇ ਸੁਰੈਣ ਸਿੰਘ ਨੂੰ 12771 ਵੋਟਾਂ ਪ੍ਰਾਪਤ ਹੋਈਆਂ।

ਸੰਨ 1969 ਵਿਚ ਵੀ ਇਹ ਹਲਕਾ ਰੀਜ਼ਰਵ ਸੀ ਅਤੇ ਇੱਥੋਂ ਅਕਾਲੀ ਦਲ ਵੱਲੋਂ ਦੁਬਾਰਾ ਸ: ਭਗਤ ਸਿੰਘ ਅਤੇ ਕਾਂਗਰਸ ਵੱਲੋਂ ਸ: ਸੁਰੈਣ ਸਿੰਘ ਦਾ ਹੀ ਆਪਸੀ ਮੁਕਾਬਲਾ ਹੋਇਆ। ਜਿਸ ਵਿਚੋਂ ਸ: ਭਗਤ ਸਿੰਘ ਫੇਰ ਸੁਰੈਣ ਸਿੰਘ ਨੂੰ 1333 ਵੋਟਾਂ ਦੇ ਫਰਕ ਨਾਲ ਹਰਾਕੇ ਇਸ ਹਲਕੇ ਤੋਂ ਵਿਧਾਇਕ ਚੁਣੇ ਗਏ। 1972 ਚ ਵੀ ਇਹ ਹਲਕਾ ਰੀਜ਼ਰਵ ਰਿਹਾ ਅਤੇ ਇੱਥੋਂ ਅਕਾਲੀ ਦਲ ਦੇ ਉਮੀਦਵਾਰ ਸ: ਦਰਦੇਵ ਸਿੰਘ ਨੇ ਫੇਰ ਕਾਂਗਰਸ ਦੇ ਉਮੀਦਵਾਰ ਸ: ਗੁਰਚਰਨ ਸਿੰਘ ਨੂੰ 1959 ਵੋਟਾਂ ਦੇ ਫਰਕ ਨਾਲ ਹਰਾਕੇ ਪੰਜਾਬ ਅਸੈਂਬਲੀ ਦੀ ਪੌੜੀ ਚੜ੍ਹੇ। ਦਰਦੇਵ ਸਿੰਘ ਨੂੰ 23272 ਅਤੇ ਗੁਰਚਰਨ ਸਿੰਘ ਨੂੰ21313 ਵੋਟਾਂ ਪੋਲ ਹੋਈਆਂ। ਸੰਨ 1977 ਚ ਇਹ ਹਲਕਾ ਜਨਰਲ ਕੈਟਾਗਿਰੀ ਚ ਸ਼ਾਮਲ ਹੋ ਗਿਆ ਅਤੇ ਇੱਥੋਂ ਅਕਾਲੀ ਦਲ ਵੱਲੋਂ ਸ: ਮਨਮੋਹਨ ਸਿੰਘ ਅਤੇ ਕਾਂਗਰਸ ਵੱਲੋਂ ਮੇਹਰ ਸਿੰਘ ਵਿਚ ਮੁਕਾਬਲਾ ਹੋਇਆ। ਜਿਸ ਵਿਚੋਂ ਸੀਟ ਫੇਰ ਅਕਾਲੀ ਦਲ ਦੇ ਹੱਕ ਚ ਰਹੀ ਅਤੇ ਸ: ਮਨਮੋਹਨ ਸਿੰਘ 10642 ਵੋਟਾਂ ਦੇ ਫਰਕ ਨਾਲ ਇਹ ਚੋਣ ਜਿੱਤੇ। ਸ: ਮਨਮੋਹਨ ਸਿੰਘ ਨੂੰ 31832 ਅਤੇ ਮੇਹਰ ਸਿੰਘ ਨੂੰ 21190 ਵੋਟਾਂ ਮਿਲੀਆਂ।

ਸੰਨ 1980 ਚ ਇਸ ਹਲਕੇ ਦੇ ਵੋਟਰਾਂ ਨੇ ਪਿਛਲੇ ਸਮੀਕਰਣ ਬਦਲਦਿਆਂ ਇੱਥੋਂ ਆਜ਼ਾਦ ਉਮੀਦਵਾਰ ਜਸਮੱਤ ਸਿੰਘ ਢਿੱਲੋਂ ਨੂੰ ਅਕਾਲੀ ਦਲ ਦੇ ਉਮੀਦਵਾਰ ਸ: ਜਸਵਿੰਦਰ ਸਿੰਘ ਬਰਾੜ ਤੋਂ 6298 ਵੋਟਾਂ ਨਾਲ ਜਿਤਾਇਆ। ਸ: ਢਿੱਲੋਂ ਨੂੰ 26757 ਅਤੇ ਜਸਵਿੰਦਰ ਸਿੰਘ ਬਰਾੜ ਨੂੰ 20459 ਵੋਟਾਂ ਹਾਸਲ ਹੋਈਆਂ। ਇਸਤੋਂ ਬਾਅਦ ਸ: ਢਿੱਲੋਂ ਦੀ ਅਚਾਨਕ ਮੌਤ ਹੋ ਗਈ ਅਤੇ ਇਸ ਸੀਟ ਤੋਂ ਦੁਬਾਰਾ 1982 ਚ ਚੋਣ ਹੋਈ। ਇਸ ਚੋਣ ਵਿਚ ਸ: ਜਸਮੱਤ ਸਿੰਘ ਢਿੱਲੋਂ ਦੀ ਧਰਮ ਪਤਨੀ ਬੀਬੀ ਜਗਦੀਸ਼ ਕੌਰ ਅਕਾਲੀ ਦਲ ਵੱਲੋਂ ਇਹ ਚੋਣ ਲੜੇ ਅਤੇ ਉਨ੍ਹਾਂ ਨੇ ਕਾਂਗਰਸ ਪਾਰਟੀ ਦੇ ਸ: ਤਰਲੋਚਨ ਸਿੰਘ ਰਿਆਸਤੀ ਨੂੰ 5997 ਵੋਟਾਂ ਦੇ ਫਰਕ ਨਾਲ ਹਰਾਇਆ। ਬੀਬੀ ਢਿੱਲੋਂ ਨੂੰ 34996 ਅਤੇ ਸ: ਰਿਆਸਤੀ ਨੂੰ28999 ਵੋਟ ਮਿਲੇ। ਸੰਨ 1985 ਚ ਇਸ ਹਲਕੇ ਤੋਂ ਫੇਰ ਆਜ਼ਾਦ ਉਮੀਦਵਾਰ ਵਜੋਂ ਸ: ਕਰਨੈਲ ਸਿੰਘ ਡੋਡ ਜੋ ਪੇਸ਼ੇ ਵਜੋਂ ਵਕੀਲ ਸਨ, ਚੋਣ ਲੜੇ ਅਤੇ ਉਨ੍ਹਾਂ ਦੇ ਮੁਕਾਬਲੇ ਵਿਚ ਕਾਂਗਰਸ ਪਾਰਟੀ ਵੱਲੋਂ ਸ਼੍ਰੀ ਮਤੀ ਵੀਨਾ ਰਾਣੀ ਆਏ। ਪਰ ਸ: ਕਰਨੈਲ ਸਿੰਘ ਡੋਡ ਨੇ ਸ਼੍ਰੀ ਮਤੀ ਵੀਨਾ ਰਾਣੀ ਨੂੰ 7205 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ। ਸ: ਡੋਡ ਨੂੰ 21410 ਅਤੇ ਵੀਨਾ ਰਾਣੀ ਨੂੰ 14235 ਵੋਟਾਂ ਭੁਗਤੀਆਂ।

ਸੰਨ 1992 ਵਿਚ ਕਾਂਗਰਸ ਪਾਰਟੀ ਵੱਲੋਂ ਮੈਦਾਨ ਵਿਚ ਉਤਾਰੇ ਸ: ਅਵਤਾਰ ਸਿੰਘ ਬਰਾੜ ਨੇ ਲੰਮੇਂ ਸਮੇਂ ਤੋਂ ਕਾਂਗਰਸ ਤੋਂ ਖੁੱਸੀ ਆ ਰਹੀ ਇਹ ਸੀਟ ਬਸਪਾ ਦੇ ਗੁਰਜੰਟ ਸਿੰਘ ਚੰਨੀਆਂ ਨੂੰ 5156 ਵੋਟਾਂ ਨਾਲ ਹਰਾਕੇ ਕਾਂਗਰਸ ਦੀ ਝੋਲੀ ਪਾਈ। ਸ: ਬਰਾੜ ਨੂੰ 15823 ਅਤੇ ਚੰਨੀਆਂ ਨੂੰ10667 ਵੋਟਾ ਪਈਆਂ। ਅਕਾਲੀ ਦਲ ਵੱਲੋਂ ਇਨ੍ਹਾਂ ਚੋਣਾ ਦਾ ਬਾਈਕਾਟ ਰਿਹਾ ਸੀ। ਸੰਨ 1997 ਚ ਕਾਂਗਰਸ ਪਾਰਟੀ ਵੱਲੋਂ ਦੁਬਾਰਾ ਮੈਦਾਨ ਚ ਉਤਾਰੇ ਸ: ਅਵਤਾਰ ਸਿੰਘ ਬਰਾੜ ਨੇ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗਦੀਸ਼ ਕੌਰ ਨੂੰ 3523 ਵੋਟਾਂ ਨਾਲ ਸ਼ਿਕਸਿਸ਼ਤ ਦੇ ਕੇ ਫੇਰ ਅਕਾਲੀ ਦਲ ਦੀ ਵਗਦੀ ਹਨੇਰੀ ਚ ਕਾਂਗਰਸ ਦੇ ਹੱਕ ਵਿਚ ਜਿੱਤਕੇ ਦਿੱਤੀ। ਜਦੋਂ ਕਿ ਸਰਕਾਰ ਅਕਾਲੀ ਦਲ ਦੀ ਬਣੀ। ਪਰ ਇੰਥੋਂ ਦੇ ਵੋਟਰਾਂ ਨੇ ਵਿਰੋਧੀ ਉਮੀਦਵਾਰ ਜਿਤਾਇਆ। ਸੰਨ 2002 ਚ ਸ: ਅਵਤਾਰ ਸਿੰਘ ਬਰਾੜ ਫੇਰ ਤੀਜੀ ਵਾਰ ਕਾਂਗਰਸ ਵੱਲੋਂ ਚੋਣ ਲੜੇ ਅਤੇ ਉਨ੍ਹਾਂ ਦਾ ਮੁਕਾਬਲਾ ਸ: ਜਸਮੱਤ ਸਿੰਘ ਢਿੱਲੋਂ ਦੇ ਸਪੁੱਤਰ ਕੁਸ਼ਲਦੀਪ ਸਿੰਘ ਢਿੱਲੋਂ ਨਾਲ ਹੋਇਆ। ਜਿਸਨੂੰ ਸ: ਬਰਾੜ ਇਹ ਸੀਟ 6271 ਵੋਟਾਂ ਦੇ ਫਰਕ ਨਾਲ ਹਾਰ ਗਏ ਅਤੇ ਉੱਪਰ ਸਰਕਾਰ ਕਾਂਗਰਸ ਦੀ ਬਣ ਗਈ ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣ ਗਏ। ਵੋਟਰਾਂ ਨੇ ਇਹ ਸੀਟ ਦੂਸਰੀ ਵਾਰ ਸਮੇਂ ਦੀ ਸਰਕਾਰ ਦੇ ਉਲਟ ਜਿਤਾ ਦਿੱਤੀ।

ਸੰਨ 2007 ਵਿਚ ਇਸ ਸੀਟ ਤੋਂ ਫਿਰ ਤੋਂ ਚੋਣ ਮੁਕਾਬਲਾ ਕਾਂਗਰਸ ਵੱਲੋਂ ਸ: ਅਵਤਾਰ ਸਿੰਘ ਬਰਾੜ ਅਤੇ ਅਕਾਲੀ ਦਲ ਵੱਲੋਂ ਸ: ਕੁਸ਼ਲਦੀਪ ਸਿੰਘ ਢਿੱਲੋਂ ਵਿਚਕਾਰ ਹੋਇਆ। ਇਸ ਵਾਰ ਦੀ ਬਾਜ਼ੀ ਸ: ਬਰਾੜ ਦੇ ਹੱਕ ਵਿਚ ਰਹੀ ਅਤੇ ਉਨ੍ਹਾਂ ਨੇ ਸ: ਢਿੱਲੋਂ ਨੂੰ 2933 ਵੋਟਾਂ ਨਾਲ ਪਿਛਾੜਿਆ। ਸ: ਬਰਾੜ ਨੂੰ 65152 ਅਤੇ ਸ: ਢਿੱਲੋਂ ਨੂੰ 62219 ਵੋਟਾਂ ਮਿਲੀਆਂ। ਉੱਪਰ ਸ: ਅਕਾਲੀ ਦਲ ਦੀ ਬਣ ਗਈ ਅਤੇ ਫਰੀਦਕੋਟ ਹਲਕੇ ਦੇ ਵੋਟਰਾਂ ਵਿਧਾਇਕ ਵਿਰੋਧੀ ਪਾਰਟੀ ਦਾ ਚੁਣਿਆਂ। ਸੰਨ 2012 ਵਿਚ ਅਕਾਲੀ ਦਲ ਨੇ ਟਿਕਟ ਬਿਲਕੁੱਲ ਨਵੇਂ ਉਮੀਦਵਾਰ ਸ਼੍ਰੀ ਦੀਪ ਮਲਹੋਤਰਾ ਨੂੰ ਦੇ ਦਿੱਤੀ ਪਰ ਕਾਂਗਰਸ ਨੇ ਪੰਜਵੀਂ ਵਾਰ ਫੇਰ ਸ: ਅਵਤਾਰ ਸਿੰਘ ਬਰਾੜ ਨੂੰ ਆਪਣੇ ਉਮੀਦਵਾਰ ਵਜੋਂ ਉਤਾਰਿਆ।

ਇਸ ਵਾਰ ਅਕਾਲੀ ਦਲ ਦੇ ਉਮੀਦਵਾਰ ਸ਼੍ਰੀ ਦੀਪ ਮਲਹੋਤਰਾ ਸ: ਬਰਾੜ ਨੂੰ 2727 ਵੋਟਾਂ ਨਾਲ ਪਛਾੜਕੇ ਇਸ ਹਲਕੇ ਤੋਂ ਸਮੇਂ ਦੀ ਸਰਕਾਰ ਦੇ ਵਿਧਾਇਕ ਵਜੋਂ ਜੇਤੂ ਰਹੇ। ਇਸ ਵਾਰ ਸੰਨ 2017 ਦੀਆਂ ਵਿਧਾਨ ਸਭਾ ਚੋਣਾ ਵਿਚ ਪਹਿਲੀ ਵਾਰ ਤਿੰਨ ਮਜ਼ਬੂਤ ਰਾਜਨੀਤਕ ਪਾਰਟੀਆਂ ਦੀ ਸਖਤ ਟੱਕਰ ਇਸ ਹਲਕੇ ਤੋਂ ਹੋਣ ਜਾ ਰਹੀ ਹੈ। ਜਿਸ ਵਿਚ ਅਕਾਲੀ ਦਲ ਦੇ ਬਿਲਕੁੱਲ ਫਰੈਸ਼ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ, ਕਾਂਗਰਸ ਵੱਲੋਂ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਛੱਡਕੇ ਪੀਪਲਜ਼ ਪਾਰਟੀ ਤੇ ਪੀਪਲਜ਼ ਪਾਰਟੀ ਛੱਡਕੇ ਕਾਂਗਰਸ ਵਿਚ ਸ਼ਾਮਲ ਹੋਏ ਸ; ਕੁਸ਼ਲਦੀਪ ਸਿੰਘ ਢਿੱਲੋਂ ਅਤੇ ਆਮ ਆਦਮੀ ਪਾਰਟੀ ਦੇ ਮਜ਼ਬੂਤ ਉਮੀਦਵਾਰ ਸ: ਗੁਰਦਿੱਤ ਸਿੰਘ ਸੇਖੋਂ ਵਿਚਕਾਰ ਤਿਕੋਣੀ ਮੁਕਾਬਲੇ ਦੀ ਟੱਕਰ ਹੈ। ਉਂਜ ਇੱਥੋੋਂਂ 9 ਉਮੀਦਵਾਰ ਮੈਦਾਨ ਵਿਚ ਹਨ। ਜਿਨ੍ਹਾਂ ਵਿਚ ਆਪਣਾ ਪੰਜਾਬ ਪਾਰਟੀ ਤੋਂ ਹਰਦੀਪ ਸਿੰਘ ਕਿੰਗਰਾ, ਬਸਪਾ ਤੋਂ ਗੁਰਬਖਸ਼ ਸਿੰਘ ਅਤੇ ਸਵਰਾਜ ਪਾਰਟੀ ਤੋਂ ਰਵਿੰਦਰਪਾਲ ਕੌਰ ਵੀ ਚੋਣ ਲੜ ਰਹੇ ਹਨ। ਇਹ ਹੁਣ ਸਮਾਂ ਦੱਸੇਗਾ ਕਿ ਐਤਕਾਂ ਫਰੀਦਕੋਟੀਏ ਜਿੱਤ ਕਿਸ ਪਾਰਟੀ ਦੀ ਝੋਲੀ ਪਾਉਣਗੇ।

Install Punjabi Akhbar App

Install
×