ਜਦੋਂ ਅਠਾਰਵੀਂ ਸਦੀ ਦੇ ਸਿੱਖ ਜੰਗਲਾਂ ਵਿੱਚ ਰਹਿੰਦੇ ਹੋਏ ਸੀਮਤ ਸਾਧਨਾਂ ਦੇ ਬਾਵਜੂਦ ਕੌਮੀ ਏਕਤਾ ਕਰਕੇ ਸਿੱਖ ਰਾਜ ਸਥਾਪਤ ਕਰ ਸਕਦੇ ਹਨ, ਫਿਰ ਅੱਜ ਦੇ ਯੁੱਗ ਵਿੱਚ ਕੌਮੀ ਏਕਤਾ ਕਿਉਂ ਨਹੀ?

Painting-of-Sikh-army-moving-to-battleਕੋਈ ਸਮਾ ਸੀ ਜਦੋਂ ਖਾਲਸਾ ਪੰਥ ਛੋਟੋ ਛੋਟੇ ਜਥਿਆਂ ਦੇ ਰੂਪ ਵਿੱਚ ਪਰਿਵਾਰਾਂ ਸਮੇਤ ਜੰਗਲਾਂ ਵਿੱਚ ਲੁਕ ਛੁਪ ਕੇ ਤੇ ਦਿਨ ਰਾਤ ਘੋੜਿਆਂ ਦੀਆਂ ਕਾਠੀਆਂ ਤੇ ਹੀ ਸਮਾ ਗੁਜਾਰਦਾ ਸੀ।ਫਿਰ ਵੀ ਖਾਲਸੇ ਨੇ ਵੱਡੇ ਵੱਡੇ ਧਾੜਵੀਆਂ ਨੂੰ ਆਪਣੀ ਹੋਂਦ ਦਾ ਬੜੀ ਸ਼ਿੱਦਤ ਨਾਲ ਅਹਿਸਾਸ ਕਰਵਾਇਆ।ਅਫਗਾਨ ਤੋਂ ਚੜਕੇ ਮਾਰੋ ਮਾਰ ਕਰਦੀਆਂ ਆਉਂਦੀਆਂ ਅਬਦਾਲੀ,ਦੁਰਾਨੀ ਦੀਆਂ ਫੌਜਾਂ ਜਦੋਂ ਹਿੰਦੁਸਤਾਨ ਨੂੰ ਲੁੱਟ ਪੁੱਟ ਕੇ ਵਾਪਸ ਮੁੜਦੀਆਂ ਤਾਂ ਉਹਨਾਂ ਨੂੰ ਰਾਸਤੇ ਵਿੱਚ ਖਾਲਸੇ ਦੇ ਹਮਲਿਆਂ ਦਾ ਟਾਕਰਾ ਨਾ ਕਰ ਸਕਦੇ ਹੋਏ ਮਾਲ, ਅਸਬਾਬ ਛੱਡ ਕੇ ਭੱਜਣ ਲਈ ਮਜਬੂਰ ਹੋਣਾ ਪੈਂਦਾ ਸੀ। ਗੁਰੂ ਗੋਬਿੰਦ ਸਿੰਘ ਵੱਲਂੋ ਬਖਸੀ ਸਰਦਾਰੀ ਨੂੰ ਕਾਇਮ ਰੱਖਣ ਲਈ ਖਾਲਸੇ ਦੇ ਵਖਰੇ ਵੱਖਰੇ ਜਥਿਆਂ ਨੇ ਆਪਣੇ ਆਪਣੇ ਜਥੇਦਾਰਾਂ ਦੀ ਅਗਵਾਈ ਵਿੱਚ ਆਪਣੇ ਆਪਣੇ ਖੇਤਰ ਵਿੱਚ ਅਧਿਕਾਰ ਜਮਾ ਲਏ ਤੇ ਮਿਸਲਾਂ ਦੇ ਰੂਪ ਵਿੱਚ ਆਪਣੀਆਂ ਰਿਆਸਤਾਂ ਸਥਾਪਤ ਕਰ ਲਈਆਂ। ਦਰਜਨਾਂ ਮਿਸਲਾਂ ਵਿੱਚ ਵੰਡਿਆ ਖਾਲਸਾ ਪੰਥ ਸ੍ਰੀ ਅਕਾਲ ਤਖਤ ਸਹਿਬ ਦੀ ਅਗਵਾਈ ਵਿੱਚ ਇਕੱਠਾ ਹੋਕੇ ਕੌਂਮ ਦੀ ਭਲਾਈ ਲਈ ਗੁਰਮਤੇ ਪਾਸ ਕਰਦਾ ਤੇ ਉਹਨਾਂ ਗੁਰਮਤਿਆਂ ਤੇ ਪਹਿਰਾ ਵੀ ਦਿੰਦਾ ਸੀ। ਇਹੋ ਕਾਰਨ ਸੀ ਕਿ ਓਸ ਮੌਕੇ ਦਾ ਖਾਲਸਾ ਪੰਥ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿੱਚ ਆਪਣਾ ਵਿਸ਼ਾਲ ਸਿੱਖ ਰਾਜ ਸਥਾਪਤ ਕਰਨ ਵਿੱਚ ਕਾਮਯਾਬੀ ਹਾਸਲ ਕਰ ਗਿਆ ਸੀ।ਅਜਿਹਾ ਹਲੀਮੀ ਸਿੱਖ ਰਾਜ ਜਿਸ ਦੇ ਪੰਜਾਹ ਸਾਲਾਂ ਦੇ ਕਾਰਜਕਾਲ ਦੌਰਾਨ ਕਿਸੇ ਇੱਕ ਵੀ ਵਿਅਕਤੀ ਨੂੰ ਮੌਤ ਦੀ ਸਜਾ ਨਹੀ ਸੀ ਦਿੱਤੀ ਗਈ।ਇੱਕ ਅਜਿਹੀ ਬਹਾਦਰ ਕੌਂਮ ਦਾ ਖਾਲਸਾ ਰਾਜ ਜਿਸ ਨੇ ਦੁਨੀਆਂ ਨੂੰ ਲੁੱਟਣ ਪੁੱਟਣ ਵਾਲੇ ਤੇ ਅਜੇਤੂ ਪਠਾਣਾਂ ਦੇ ਕਾਬਲ ਕੰਧਾਰ ਤੱਕ ਦੇ ਇਲਾਕੇ ਤੋਂ ਲੈ ਕੇ ਕਸਮੀਰ ਤੱਕ ਨੂੰ ਆਪਣੇ ਰਾਜ ਭਾਗ ਵਿੱਚ ਸਾਮਲ ਕਰਕੇ ਆਪਣੀ ਬਹਾਦਰੀ ਦਾ ਲੋਹਾ ਮਨਵਾਇਆ ਸੀ। ਕਹਿੰਦੇ ਹਨ ਕਿ ਇੱਕ ਵਾਰੀ ਜਦੋਂ ਸ੍ਰੀ ਅਕਾਲ ਤਖਤ ਸਹਿਬ ਦੇ ਤਤਕਾਲੀ ਜਥੇਦਾਰ ਸਿੰਘ ਸਹਿਬ ਬਾਬਾ ਫੂਲਾ ਸਿੰਘ ਅਕਾਲੀ ਨੇ ਕਿਸੇ ਅਵੱਗਿਆ ਬਦਲੇ ਮਹਾਰਾਜਾ ਰਣਜੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਹਿਬ ਤੇ ਤਲਬ ਕਰਨ ਦਾ ਹੁਕਮ ਕੀਤਾ ਸੀ ਤੇ ਜਿੰਨੀ ਦੇਰ ਮਹਾਰਾਜਾ ਤਖਤ ਸਹਿਬ ਤੇ ਪੇਸ਼ ਹੋ ਕੇ ਆਪਣੀ ਭੁੱਲ ਬਖਸਾਕੇ ਸਜਾ ਨਹੀ ਭੁਗਤ ਲੈਂਦਾ ਓਨੀ ਦੇਰ ਸਿੱਖ ਪੰਥ ਨੂੰ ਉਹਦੇ ਨਾਲ ਫਤਿਹ ਦੀ ਸਾਂਝ ਪਾਉਂਣ ਤੋਂ ਵੀ ਵਰਜਿਆ ਗਿਆ ਸੀ। ਇਸ ਦੌਰਾਨ ਜਦੋਂ ਮਹਾਰਾਜੇ ਦਾ ਸੇਵਾਦਾਰ ਸਵੇਰੇ ਮਹਾਰਾਜੇ ਦੇ ਕਮਰੇ ਵਿੱਚ ਗਿਆ ਤਾਂ ਉਹਨੇ ਦੁਨਿਆਵੀ ਤਖਤ ਦੇ ਸਕਤੀਸਾਲੀ ਮਹਾਰਾਜੇ ਨੂੰ ਵੀ ਫਤਿਹ ਨਹੀ ਸੀ ਬੁਲਾਈ,ਪੁੱਛਣ ਤੇ ਦੱਸਿਆ ਗਿਆ ਸੀ ਕਿ ਅਜਿਹਾ ਨਾ ਕਰਨ ਦੇ ਹੁਕਮ ਰੁਹਾਨੀਅਤ ਦੇ ਉੱਚੇ ਤਖਤ ਸ੍ਰੀ ਅਕਾਲ ਤਖਤ ਸਹਿਬ ਤੋਂ ਆਏ ਹਨ ਜਿਸ ਤੇ ਮਹਾਰਾਜੇ ਨੇ ਸੇਵਾਦਾਰ ਨੂੰ ਸਜਾ ਦੇਣ ਦੀ ਵਜਾਇ ਆਪ ਆਪਣੀ ਗਲਤੀ ਦੀ ਤਖਤ ਸਹਿਬ ਤੇ ਪੇਸ਼ ਹੋ ਕੇ ਸਜਾ ਲਗਵਾਈ ਸੀ।ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੌਮ ਵਿੱਚ ਗਿਰਾਵਟ ਕਿਵੇਂ ਆਈ, ਕਿੱਥੋਂ ਆਈ ਤੇ ਕਿਉਂ ਆਈ ? ਨਿੱਜੀ ਖੁਦਗਰਜੀਆਂ ਨੇ ਸਿੱਖ ਦੀ ਅਣਖ ਗੈਰਤ ਨੂੰ ਕਿਉਂ ਜਕੜ ਲਿਆ ਹੈ ? ਜੇਕਰ ਸਾਡੇ ਅਠਾਰਵੀਂ ਸਦੀ ਦੇ ਸਿੱਖ ਪੁਰਖੇ ਜੰਗਲਾਂ ਵਿੱਚ ਰਹਿਣ ਸਮੇ ਤੇ ਵੱਖ ਵੱਖ ਮਿਸਲਾਂ ਵਿੱਚ ਵੰਡੇ ਹੋਣ ਦੇ ਬਾਵਜੂਦ ਸੀਮਤ ਸਾਧਨਾਂ ਨਾਲ ਵੀ ਇੱਕ ਝੰਡੇ ਕੇਸਰੀ ਨਿਸਾਨ ਥੱਲੇ ਇਕੱਠੇ ਹੋ ਕੇ  ਵਿਸ਼ਾਲ ਖਾਲਸਾ ਰਾਜ ਸਥਾਪਤ ਕਰ ਸਕਦੇ ਹਨ ਤਾਂ ਫਿਰ ਹੁਣ ਜਦੋਂ ਸਿਖ ਦੁਨੀਆਂ ਦੇ ਹਰ ਕੋਨੇ ਵਿੱਚ ਵਸਦੇ ਹੀ ਨਹੀ ਸਥਾਪਤ ਹੋ ਚੁੱਕੇ ਹਨ ਫਿਰ ਹੁਣ ਇੱਕੀਵੀਂ ਸਦੀ ਵਿੱਚ ਅਜਿਹਾ ਕਿਉਂ ਨਹੀ ਹੋ ਸਕਦਾ ? ਇਹਨਾਂ ਸਾਰੇ ਸਵਾਲਾਂ ਦੇ ਠੋਸ ਜਵਾਬ ਅਤੇ ਹੱਲ ਕਿਸ ਤਰਾ ਹੋ ਸਕਦੇ ਹਨ ? ਸ੍ਰੀ ਗੁਰੂ ਗ੍ਰੰਂਥ ਸਹਿਬ ਨੂੰ ਵਿਸ਼ਵ ਗ੍ਰੰਥ ਅਤੇ ਸਿੱਖ ਕੌਮ ਨੂੰ ਵਿਸ਼ਵ ਦਾ ਧਰਮ ਬਨਾਉਂਣਾ ਹੈ ਜਾਂ ਫਿਰ ਆਉਂਣ ਵਾਲੇ ਪੰਜਾਹ ਸਾਲਾਂ ਤੱਕ ਕੌਂਮ ਦੀ ਪਛਾਣ ਹੀ ਗਵਾਉਣੀ ਹੈ ਇਹ ਫੈਸਲਾ ਕਿਸੇ ਹੋਰ ਨੇ ਨਹੀ ਬਲਕਿ ਖੁਦ ਸਿੱਖ ਕੌਂਮ ਨੇ ਕਰਨਾ ਹੈ।  ਸਿੱੱਖ ਕੌਂਮ ਦੇ ਮੌਜੂਦਾ ਆਗੂ ਤੇ ਸੂਬੇ ਦੇ ਸਾਸਕ ਪਦਾਰਥਵਾਦ ਦੀ ਤੇਜ ਹਨੇਰੀ ਵਿੱਚ ਵਹਿ ਕੇ ਆਪਣਾ ਸੰਤੁਲਿਨ ਖੋ ਬੈਠੇ ਹਨ। ਉਹਨਾਂ ਨੇ ਰਾਜ ਭਾਗ ਦੀ ਸਲਾਮਤੀ ਖਾਤਰ ਖਾਲਸਾ ਪੰਥ ਤੇ ਨਹੀ ਬਲਕਿ ਉਹਨਾਂ ਪੰਥ ਵਿਰੋਧੀ ਤਾਕਤਾਂ ਤੇ ਟੇਕ ਰੱਖੀ ਹੋਈ ਹੈ ਜਿੰਨਾਂ ਨੇ ਆਉਂਣ ਵਾਲੇ ਪੰਜਾਹ ਸਾਲਾਂ ਵਿੱਚ ਸਿੱਖ ਕੌਂਮ ਦੀ ਪਛਾਣ ਖਤਮ ਕਰਨ ਦਾ ਟੀਚਾ ਮਿਥ ਰੱਖਿਆ ਹੈ । ਇਹੋ ਕਾਰਨ ਹੈ ਕਿ ਸਿੱਖ ਆਗੂ ਦਿਨੋਂ ਦਿਨ ਉਹਨਾਂ ਵੱਲੋਂ ਬੁਣੇ ਜਾਲ ਵਿੱਚ ਬੁਰੀ ਤਰਾਂ ਉਲਝਦੇ ਜਾ ਰਹੇ ਹਨ ਤੇ ਕੌਂਮ ਨੂੰ ਘੁੱਪ ਹਨੇਰਗਰਦੀ ਵੱਲ ਧਕੇਲਣ ਦਾ ਗੁਨਾਹ ਕਰ ਰਹੇ ਹਨ। ਵੱਖ ਵੱਖ ਸਿੱਖ ਸੰਸਥਾਵਾਂ,ਸਿੱਖ ਜਥੇਵੰਦੀਆਂ ਸੰਤ ਸਮਾਜ ਆਪੋ ਆਪਣੀ ਡੁਗਡੁਗੀ ਬਜਾਉਣ ਵਿੱਚ ਮਸ਼ਰੂਫ ਹਨ। ਪੰਥਕ ਏਕਤਾ ਦੀ ਦੁਹਾਈ ਵੀ ਦਿੱਤੀ ਜਾ ਰਹੀ ਹੈ,ਗਾਹੇ ਬ ਗਾਹੇ ਪੁਰਾਤਨ ਸਿੱਖ ਰਵਾਇਤਾਂ ਨੂੰ ਮੁੜ ਸੁਰਜੀਤ ਕਰਨ ਦਾ ਹੋਕਾ ਵੀ ਦਿੱਤਾ ਜਾ ਰਿਹਾ ਹੈ ਤਾਂ ਿਕ ਸਰਬਤ ਖਾਲਸਾ ਵਰਗੇ ਇਕੱਠ ਕਰਕੇ ਖਾਲਸੇ ਦੀ ਚੜਦੀ ਕਲਾ ਦੇ ਪਰੋਗਰਾਮ ਉਲੀਕੇ ਜਾ ਸਕਣ ਪਰ ਅਸਲ ਸਚਾਈ ਇਹ ਹੈ ਕਿ ਸਾਰੀਆਂ ਹੀ ਪੰਥਕ ਧਿਰਾਂ ਆਪਣੀ ਹਾਉਮੈਂ ਤਿਆਗਣ ਤੋਂ ਅਸਮਰਥ ਹਨ। ਇਹਨਾਂ ਵਿੱਚੋਂ ਕੁੱਝ ਸਿਰਫ ਨਾਂਅ ਦੀਆਂ ਹੀ ਜਥੇਵੰਦੀਆਂ ਹਨ ਉਹਨਾਂ ਦਾ ਕੋਈ ਖਾਸ ਲੋਕ ਅਧਾਰ ਵੀ ਨਹੀ ਹੈ ਪਰ ਉਹ ਇਸ ਪੰਥਕ ਏਕਤਾ ਦੇ ਰਾਹ ਵਿੱਚ ਵੱਧ ਰੁਕਾਬਟਾਂ ਖੜੀਆਂ ਕਰਦੀਆਂ ਹਨ। ਇਹਨਾਂ ਡੂੰਘੀਆਂ ਸਾਜਿਸ਼ਾਂ ਨੂੰ ਸਮਝਣਾ ਪਵੇਗਾ। ਹਰ ਇੱਕ ਓਸ ਸਚਾਈ ਨੂੰ ਸਿਰ ਮੱਥੇ ਪ੍ਰਬਾਨ ਕਰਨਾ ਹੋਵੇਗਾ ਜੋ ਸਾਹਮਣੇ ਵਾਪਰ ਰਹੀ ਹੈ। ਪਿਛਲੇ ਦਿਨੀ ਖਾਲਸਾ ਪੰਥ ਵਿੱਚ ਅਹਿਮ ਸਥਾਨ ਰੱਖਣ ਵਾਲੀਆਂ ਦੋ ਸਿੱਖ ਜਥੇਵੰਦੀਆਂ ਦਲ ਖਾਲਸਾ ਅਤੇ ਪੰਚ ਪ੍ਰਧਾਨੀ ਵੱਲੋਂ  ਏਕਤਾ ਦਾ ਐਲਾਨ ਕੀਤਾ ਗਿਆ ਸੀ ਜਿਹੜਾ ਪੰਥਕ ਏਕਤਾ ਲਈ ਸੁਭ ਸਗਨ ਵਜੋਂ ਦੇਖਿਆ ਜਾ ਰਿਹਾ ਹੈ। ਸਰੋਮਣੀ ਅਕਾਲੀ ਦਲ (ਅ) ਦੇ ਕੌਮੀ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਨੇ ਦਲ ਖਾਲਸਾ ਅਤੇ ਪੰਚ ਪ੍ਰਧਾਨੀ ਵਿੱਚ ਹੋਈ ਏਕਤਾ ਦਾ ਸਵਾਗਤ ਵੀ ਕੀਤਾ ਸੀ ਜਿਸ ਨੂੰ ਹੋਰ ਵੀ ਸੁਭ ਸੰਕੇਤ ਵਜੋਂ ਦੇਖਿਆ ਸੁਣਿਆ ਤੇ ਵਿਚਾਰਿਆ ਗਿਆ ਸੀ ਪਰ ਅਫਸੋਸ ! ਕਿ ਸਮੁੱਚੀ ਏਕਤਾ ਲਈ ਅੱਗੇ ਵਧਣ ਦੀ ਵਜਾਇ ਇਸ ਤੋਂ ਅੱਗੇ ਕਦਮਾਂ ਦਾ ਜਾਣਾ ਰੁਕ ਗਿਆ ਹੈ।ਜਦੋਂ ਸਿੱਖ ਕੌਂਮ ਦੇ ਖਿਲਾਫ ਭਾਰਤ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਬੇਸ਼ੱਕ ਕਾਂਗਰਸ ਹੋਵੇ, ਬੀ ਜੇ ਪੀ ਜਾਂ ਜਨਸੰਘ ਹੋਵੇ ਜਾਂ ਭਾਰਤ ਦੇ ਪੰਜਾਹ ਤੋਂ ਵੱਧ ਕੱਟੜਵਾਦੀ ਸੰਗਠਨਾਂ ਅਤੇ ਅਜੰਸ਼ੀਆਂ ਦਾ ਕੇਂਦਰ ਨਾਗਪੁਰ ਹੋਵੇ, ਸਿੱਖਾਂ ਦੀ ਵਖਰੀ ਹੋਂਦ ਨੂੰ ਖਤਮ ਕਰਨ ਲਈ ਇੱਕ ਮੱਤ ਹੋ ਸਕਦੀਆਂ ਹਨ ਫਿਰ ਸਿੱਖ ਜਥੇਵੰਦੀਆਂ ਨੂੰ ਵੀ ਇਹ ਸਮਝ ਲੈਣਾ ਚਾਹੀਂਦਾ ਹੈ ਕਿ ।ਇਹ ਵਕਤ ਵਖਰਾ ਵੱਖਰਾ ਰਾਗ ਅਲਾਪਣ ਦਾ ਨਹੀ ਹੈ।ਅੱਜ ਕੌਂਮ ਨੂੰ ਇਸ ਮੰਝਧਾਰ ਚੋਂ ਕੱਢਣ ਦਾ ਇੱਕੋ ਇੱਕ ਹੱਲ ਹੈ ਕੌਮੀ ਏਕਤਾ।ਸਮੁੱਚੀ ਕੌਂਮ ਇਹ ਮਹਿਸੂਸ ਕਰਦੀ ਹੈ ਕਿ ਇੱਕ ਕੇਸਰੀ ਨਿਸਾਂਨ ਥੱਲੇ ਇਕੱਠੇ ਹੋਣ ਤੋਂ ਬਗੈਰ ਕੌਂਮ ਦੀ ਡਗਮਗਾਉਂਦੀ ਬੇੜੀ ਨੂੰ ਕਿਨਾਰੇ ਲਾਉਂਣਾ ਬੇਹੱਦ ਮੁਸ਼ਕਲ ਹੈ। ਸੋ ਲੋੜ ਹੈ ਦੁਸ਼ਮਣ ਦੇ ਨਾਪਾਕ ਮਨਸੂਬਿਆਂ ਨੂੰ ਸਮਝਦੇ ਹੋਏ ਸਮਾ ਰਹਿੰਦੇ ਗੁਰੂ ਦੀ ਮੰਨ ਕੇ ਗ੍ਰੰਥ ਅਤੇ ਪੰਥ ਦੇ ਸੱਚੇ ਪਹਿਰੇਦਾਰ ਬਣਨ ਦੀ ਅਰਦਾਸ ਇੱਕ ਜੁੱਟਤਾ ਨਾਲ ਕਰੀਏ।

ਬਘੇਲ ਸਿੰਘ ਧਾਲੀਵਾਲ
99142-58142

Install Punjabi Akhbar App

Install
×