ਗੁਰਦੁਆਰਾ ਨਾਨਕਸਰ ਵਿਖੇ ਆਸਟਰੇਲੀਆ ਤੋਂ ਆ ਰਹੇ ਹਨ ਗੁਰੂ ਗ੍ਰੰਥ ਸਾਹਿਬ ਦੇ 18 ਸਰੂਪ

NZ PIC 27 Aug-1ਗੁਰਦੁਆਰਾ ਸਾਹਿਬ ਨਾਨਕਸਰ ਠਾਠ ਮੇਨੁਰੇਵਾ, ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਅਤੇ ਸਮੂਹ ਸੰਗਤ ਦੇ ਸਹਿਯੋਗ ਸਦਕਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 18 ਪਾਵਨ ਸਰੂਪ ਮੈਲਬੌਰਨ (ਆਸਟਰੇਲੀਆ) ਤੋਂ ਨਿਊਜ਼ੀਲੈਂਡ ਵਿਖੇ 5 ਸਤੰਬਰ ਨੂੰ ਦੁਪਹਿਰ 2.15 ਵਜੇ ਵਿਸ਼ੇਸ਼ ਪ੍ਰਬੰਧਾਂ ਅਧੀਨ ਸਤਿਕਾਰ ਸਹਿਤ ਪਹੁੰਚ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਨ ਸਤਿਕਾਰ ਬਣਿਆ ਰਹੇ ਇਸ ਵਾਸਤੇ ਇਕ ਵਿਸ਼ੇਸ਼ ਮੀਟਿੰਗ ਆਕਲੈਂਡ ਇੰਟਰਨੈਸ਼ਨਲ ਏਅਰਪੋਰਟ ਅਥਾਰਟੀ, ਐਵੀਏਸ਼ਨ ਸੁਰੱਖਿਆ, ਏਅਰ ਨਿਊਜ਼ੀਲੈਂਡ, ਨਿਊਜ਼ੀਲੈਂਡ ਕਸਟਮ ਅਤੇ ਐਮ. ਏ. ਐਫ. ਵਿਭਾਗ ਦੇ ਅਧਿਕਾਰੀਆਂ ਨਾਲ ਹੋ ਚੁੱਕੀ ਹੈ, ਜਿਨ੍ਹਾਂ ਨੇ ਪੂਰਾ ਭਰੋਸਾ ਦਿੱਤਾ ਹੈ ਅਤੇ ਹਰ ਤਰ੍ਹਾਂ ਨਾਲ ਸਹਿਯੋਗ ਕਰਨ ਦਾ ਵਾਅਦਾ ਕੀਤਾ ਹੈ। ਹਵਾਈ ਅੱਡੇ ਉਤੇ ਗੁਰੂ ਸਾਹਿਬਾਂ ਦੇ ਸਰੂਪਾਂ ਨੂੰ ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਹਵਾਈ ਅੱਡੇ ਤੋਂ ਬਾਹਰ ਲਿਆਂਦਾ ਜਾਵੇਗਾ ਅਤੇ ਫਿਰ ਵਿਸ਼ੇਸ਼ ਬੱਸ ਦੇ ਵਿਚ ਗੁਰਦੁਆਰਾ ਨਾਨਕਸਰ ਵਿਖੇ ਇਕ ਛੋਟੇ ਨਗਰ ਕੀਰਤਨ ਦੇ ਰੂਪ ਵਿਚ ਲਿਆਂਦਾ ਜਾਵੇਗਾ। ਗੁਰਦੁਆਰਾ ਸਾਹਿਬ ਦੀ ਕਾਰ ਪਾਰਕ ਤੋਂ ਸਾਰੇ ਸਰੂਪ ਜਦੋਂ ਦਰਬਾਰ ਹਾਲ ਵਿਚ ਲਿਆਂਦੇ ਜਾਣਗੇ ਤਾਂ ਇਕੱਤਰ ਸਾਧ ਸੰਗਤ ਫੁੱਲਾਂ ਦੀ ਵਰਖਾ ਕਰੇਗੀ। ਇਹ ਸਾਰਾ ਕਾਰਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆ ਰਹੇ ਪਹਿਲੇ ਪ੍ਰਕਾਸ਼ ਉਤਸਵ ਨੂੰ ਧਿਆਨ ਵਿਚ ਰੱਖਦਿਆਂ ਕੀਤਾ ਜਾ ਰਿਹਾ ਹੈ।
ਨਿਊਜ਼ੀਲੈਂਡ ਦੇ ਛੇ ਗੁਰਦੁਆਰਾ ਸਾਹਿਬਾਨਾਂ (ਗੁਰਦੁਆਰਾ ਸਾਹਿਬ ਨਾਨਕਸਰ, ਗੁਰਦੁਆਰਾ ਦਸਮੇਸ਼ ਦਰਬਾਰ, ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ, ਗੁਰਦੁਆਰਾ ਸਾਹਿਬ ਬੇਅ ਆਫ਼ ਪਲੈਟੀ ਟੀ ਪੁੱਕੀ, ਗੁਰਦੁਆਰਾ ਗੁਰੂ ਨਾਨਕ ਸਿਖ ਸੰਗਤ ਗ੍ਰੀਨਹਿੱਲ ਹਮਿਲਟਨ ਅਤੇ ਦੇਸ਼ ਦਾ ਸਭ ਤੋਂ ਪਹਿਲਾ ਗੁਰਦੁਆਰਾ ਸਾਹਿਬ ਟੀਰਾਪਾ ਹਮਿਲਟਨ)  ਤੋਂ ਸੰਗਤ ਇਸ ਕਾਰਜ ਦੇ ਵਿਚ ਆਪਣਾ ਸਹਿਯੋਗ ਕਰ ਰਹੀ ਹੈ ਤੇ ਲਗਪਗ 33 ਸੇਵਾਦਾਰ ਇਥੋਂ ਜਾ ਰਹੇ ਹਨ। ਵਾਪਸੀ ਵੇਲੇ ਆਸਟਰੇਲੀਆ ਤੋਂ ਵੀ ਕੁਝ ਸੰਗਤ ਗੁਰੂ ਸਾਹਿਬਾਂ ਦੇ ਨਾਲ ਆ ਰਹੀ ਹੈ।
ਸ਼ਾਮ ਦਾ ਹੋਵੇਗਾ ਵਿਸ਼ੇਸ਼ ਦੀਵਾਨ: ਗੁਰੂ ਸਾਹਿਬਾਂ ਦੀ ਆਮਦ ਦੀ ਖੁਸ਼ੀ ਵਿਚ 5 ਸਤੰਬਰ ਸ਼ਾਮ ਦਾ ਵਿਸ਼ੇਸ਼ ਦੀਵਾਨ ਸਜਾਇਆ ਜਾ ਰਿਹਾ ਹੈ। ਜਿਸ ਵਿਚ ਸੰਤ ਬਾਬਾ ਅਮਰ ਸਿੰਘ ਬੜੂੰਦੀ ਵਾਲੇ ਗੁਰ ਸ਼ਬਦ ਵਿਚਾਰ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ। ਕੀਰਤਨੀ ਜਥੇ ਕੀਰਤਨ ਕਰਨਗੇ ਅਤੇ  ਗੁਰੂ ਕਾ ਲੰਗਰ ਅਤੁੱਟ ਵਰਤੇਗਾ।
ਬਿਰਧ ਸਰੂਪ ਅਤੇ ਗੁਟਕੇ: ਇਸ ਵੇਲੇ ਤੱਕ 10 ਬਿਰਧ ਸਰੂਪ ਅਤੇ ਕੁਝ ਗੁਟਕੇ ਸੰਗਤ ਤੋਂ ਪ੍ਰਾਪਤ ਹੋਏ ਹਨ ਜਿਨ੍ਹਾਂ ਨੂੰ ਬੜੇ ਸਤਿਕਾਰ ਸਾਹਿਤ 4 ਸਤੰਬਰ ਨੂੰ ਇਕ ਵਿਸ਼ੇਸ਼ ਬੱਸ ਦੇ ਵਿਚ ਸੇਵਾਦਾਰ ਹਵਾਈ ਅੱਡੇ ਲੈ ਕੇ ਜਾਣਗੇ ਜਿੱਥੋਂ ਉਹ ਆਸਟਰੇਲੀਆ ਪਹੁੰਚਣਗੇ ਤਾਂ ਕਿ ਉਨ੍ਹਾਂ ਦੀ ਸੇਵਾ ਸੰਭਾਲ ਗੁਰਮਰਿਯਾਦਾ ਅਨੁਸਾਰ ਹੋ ਸਕੇ।

Install Punjabi Akhbar App

Install
×