ਡੇਟਿੰਗ ਸਾਈਟ ਰਾਹੀਂ ਮਿਲੀ ਕੁੜੀ ਬਣੀ ਕਾਤਿਲ

– ਖਰੜ ਦੇ ਪੰਜਾਬੀ ਨੌਜਵਾਨ ਸੰਦੀਪ ਧੀਮਾਨ ਦੇ ਕਤਲ ਲਈ 17 ਸਾਲਾ ਕੁੜੀ ਅਦਾਲਤ ਵੱਲੋਂ ਦੋਸ਼ੀ ਕਰਾਰ
-18 ਦਸੰਬਰ 2017 ਨੂੰ ਨੇਪੀਅਰ ਲਾਗੇ ਕੀਤਾ ਗਿਆ ਸੀ ਕਤਲ

(ਸੰਦੀਪ ਧੀਮਾਨ ਦੀ ਇਕ ਤਸਵੀਰ)
(ਸੰਦੀਪ ਧੀਮਾਨ ਦੀ ਇਕ ਤਸਵੀਰ)

ਆਕਲੈਂਡ  29 ਜੂਨ  -ਇੰਟਰਨੈਟ ਉਤੇ ਚਲਦੀਆਂ ਡੇਟਿੰਗ ਵੈਬਸਾਈਟਾਂ ਦੇ ਜਾਲ ਵਿਚ ਫਸ ਕੇ ਖਰੜ ਦੇ ਇਕ 31 ਸਾਲਾ ਨੌਜਵਾਨ ਸੰਦੀਪ ਧੀਮਾਨ ਨੇ ਨੇਪੀਅਰ ਲਾਗੇ ਆਪਣੀ ਜਾਨ ਪਿਛਲੇ ਸਾਲ 18 ਦਸੰਬਰ ਨੂੰ ਗਵਾ ਲਈ ਸੀ। ਜਿਸ ਕੁੜੀ ਦੇ ਨਾਲ ਉਸਨੇ ਚੰਗਾ ਸਮਾਂ ਬਿਤਾਉਣ ਦਾ ਸੋਚਿਆ ਸੀ, ਉਹ ਹੀ ਆਪਣੇ ਸਾਥੀਆਂ ਨਾਲ ਰਲ ਕੇ ਉਸਨੂੰ ਲੁੱਟ-ਪੁੱਟ ਕੇ ਬੁਰੀ ਤਰ੍ਹਾਂ ਨਾਲ ਕਤਲ ਕਰ ਗਈ। ਅੱਜ ਮਾਣਯੋਗ ਹਾਈ ਕੋਰਟ ਨੇਪੀਅਰ ਨੇ ਇਸ ਸਬੰਧ ਦੇ ਵਿਚ ਇਕ ਹੋਰ 17 ਸਾਲਾ ਕੁੜੀ ਨੂੰ ਦੋਸ਼ੀ ਗਰਦਾਨਿਆ ਹੈ। ਰੋਜ ਪੇਜ ਲੀਵਸ ਨਾਂਅ ਦੀ ਕੁੜੀ ਨੇ ਜਿੱਥੇ ਸੰਦੀਪ ਧਾਲਾਵੀਲ ਦੇ ਕਤਲ ਦੀ ਸਕੀਮ ਬਣਾਈ ਉਥੇ ਉਸਨੇ ਆਪਣੇ ਸਾਥੀ ਨਾਲ ਬੁਰੀ ਤਰ੍ਹਾਂ ਮਾਰਿਆ, ਉਸਦੀ ਕਾਰ ਅਤੇ ਫੋਨ ਆਦਿ ਵੀ ਖੋਹ ਲਏ। ਇਸ ਨੌਜਵਾਨ ਦਾ ਕਤਲ ਕਰਕੇ ਦੂਰ-ਦੁਰੇਡੇ ਕਿਤੇ ਸੁੱਟ ਦਿੱਤਾ ਗਿਆ ਅਤੇ 8 ਦਿਨ ਬਾਅਦ ਕਿਸੇ ਕੂੜੇ ਵਾਲੇ ਟਰੱਕ ਡ੍ਰਾਈਵਰ ਵੱਲੋਂ ਦੱਸਣ ਬਾਅਦ ਇਸਦੀ ਲਾਸ਼ ਪ੍ਰਾਪਤ ਹੋਈ ਸੀ। ਇਸ ਕੇਸ ਦੇ ਸਬੰਧ ਵਿਚ ਪਹਿਲਾਂ ਵੀ 24 ਮਈ ਨੂੰ ਉਸਦੇ ਸਾਥੀ ਸ਼ਾਉਨ ਲਿਆਮ ਕਾਰਾਉਰੀਆ ਨੂੰ ਜੀਵਨ ਭਰ ਦੀ ਜ਼ੇਲ੍ਹ ਹੋ ਚੁੱਕੀ ਹੈ ਅਤੇ ਉਹ 12 ਸਾਲਾਂ ਤੱਕ ਪੇਰੋਲ ਉਤੇ ਵੀ ਬਾਹਰ ਨਹੀਂ ਆਵੇਗਾ। ਹੁਣ ਇਸ ਦੋਸ਼ੀ ਕੁੜੀ ਨੂੰ ਵੀ 27 ਜੁਲਾਈ ਨੂੰ ਮਾਣਯੋਗ ਅਦਾਲਤ ਸਜ਼ਾ ਸੁਣਾਏਗੀ।
ਵਰਨਣਯੋਗ ਹੈ ਕਿ ਸੰਦੀਪ ਧੀਮਾਨ ਜੂਨ 2015 ਦੇ ਵਿਚ ਇਥੇ ਆਈ. ਟੀ. ਦੀ ਪੜ੍ਹਾਈ ਕਰਨ ਆਇਆ ਸੀ ਅਤੇ ਇਸੇ ਖੇਤਰ ਦੇ ਵਿਚ ‘ਕੋਰਸ’ ਕੰਪਨੀ ਅੰਦਰ ਨੌਕਰੀ ਵੀ ਕਰਨ ਲੱਗ ਪਿਆ ਸੀ। ਜਨਵਰੀ 2018 ਦੇ ਵਿਚ ਇਸਦਾ ਵਿਆਹ ਕਰਨ ਬਾਰੇ ਘਰਦੇ ਸੋਚਦੇ ਸਨ ਪਰ ਇਹ ਪਹਿਲਾਂ ਹੀ ਘਟਨਾ ਦਾ ਸ਼ਿਕਾਰ ਹੋ ਗਿਆ। ਇਨ੍ਹਾਂ ਹਮਲਾਵਾਰਾਂ ਨੇ ਉਸਦੇ ਸਰੀਰ ਉਤੇ 9 ਵਾਰ ਵੱਖ-ਵੱਖ ਥਾਵਾਂ ਜਿਵੇਂ ਪਿੱਠ, ਦਿੱਲ ਅਤੇ ਸਿਰ ਉਤੇ ਚਾਕੂ ਮਾਰੇ, ਅੱਧਮੋਇਆ ਕਰਕੇ ਸੁੱਟ ਕੇ ਜਾਣ ਲੱਗੇ ਤਾਂ ਵੇਖਿਆ ਕਿ ਉਹ ਸਹਾਇਤਾ ਵਾਸਤੇ ਕਿਸੀ ਨੂੰ ਅਵਾਜ ਲਗਾ ਰਿਹਾ ਹੈ, ਇਹ ਸੁਣ ਕੇ ਉਹ ਫਿਰ ਵਾਪਿਸ ਗਏ ਅਤੇ ਦੁਬਾਰਾ ਜਾਨੋ ਮਾਰ ਕੇ ਗਏ। ਜਿਸ ਦਿਨ ਉਸਦਾ ਕਤਲ ਹੋਇਆ ਉਸ ਦਿਨ ਸੰਦੀਪ ਦਾ ਜਨਮ ਦਿਨ ਸੀ ਅਤੇ ਉਹ 31 ਸਾਲਾਂ ਦਾ ਹੋ ਰਿਹਾ ਸੀ।

Install Punjabi Akhbar App

Install
×