ਸਤਾਰਵੀਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਦਾ ਲੇਖਾ ਜੋਖਾ 

tarandeep bilaspur 190529 ਸਤਾਰਵੀਆਂ ਲੋਕkk

ਪਿਛਲੇ ਇੱਕ ਸਾਲ ਤੋਂ ਅਸੀਂ ਲੋਕ ਸਭਾ ਚੋਣਾਂ ਦੀ ਚਰਚਾ ਵਿਚ ਮਸਰੂਫ਼ ਸਾਂ | 23 ਮਈ ਨੂੰ ਨਤੀਜੇ ਆ ਗਏ ਹਨ , ਕੁਝ ਦਿਨ ਦੀ ਚਰਚਾ ਤੋਂ ਬਾਅਦ 2022 ਲਈ ਮਸਰੂਫ਼ ਹੋ ਜਾਵਾਂਗੇ | ਲੰਘੀਆਂ  ਲੋਕ ਸਭਾ  ਚੋਣਾਂ ਦੌਰਾਨ ਪੰਜਾਬ ਵਿਚ ਕਾਂਗਰਸ ਨੂੰ 40.12 ਫ਼ੀਸਦ, ਅਕਾਲੀ ਦਲ ਨੂੰ 27.45 ਫ਼ੀਸਦ ਅਤੇ ਭਾਰਤੀ ਜਨਤਾ ਪਾਰਟੀ ਨੂੰ 9.63 ਫ਼ੀਸਦ ਵੋਟਾਂ ਪਈਆਂ। ਇਸ ਤਰ੍ਹਾਂ ਅਕਾਲੀ-ਭਾਜਪਾ ਗੱਠਜੋੜ ਨੂੰ 37.08 ਫ਼ੀਸਦ ਵੋਟਾਂ ਪਈਆਂ ਜਿਹੜੀਆਂ ਕਾਂਗਰਸ ਤੋਂ ਸਿਰਫ਼ 3.04 ਫ਼ੀਸਦ ਘੱਟ ਹਨ ਅਤੇ ਵੋਟਾਂ ਦੀ ਗਿਣਤੀ ਦੇ ਹਿਸਾਬ ਨਾਲ ਅਕਾਲੀ-ਭਾਜਪਾ ਗੱਠਜੋੜ ਦੂਜੇ ਨੰਬਰ ਦੀ ਪਾਰਟੀ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ 23.7 ਫ਼ੀਸਦ ਵੋਟਾਂ ਲੈ ਕੇ ਮੁੱਖ ਵਿਰੋਧੀ ਪਾਰਟੀ ਬਣਨ ਵਾਲੀ ਆਮ ਆਦਮੀ ਪਾਰਟੀ ਇਸ ਵਾਰ 7.38 ਫ਼ੀਸਦ ਵੋਟਾਂ ਨਾਲ ਸਿਰਫ਼ ਇਕ ਸੀਟ ਹੀ ਜਿੱਤ ਸਕੀ। ਜਦੋਂਕਿ ਛੇ ਪਾਰਟੀਆਂ ਅਧਾਰਿਤ ਪੰਜਾਬ ਜਮਹੂਰੀ ਗਠਜੋੜ (ਪੀ. ਡੀ.ਏ ) 10 .69 ਫ਼ੀਸਦ ਵੋਟਾਂ ਲੈਣ ਵਿਚ ਕਾਮਯਾਬ ਹੋਇਆ ਹੈ | ਜਿਸ ਵਿਚ ਬਸਪਾ ਦੀ 3.50 ਫ਼ੀਸਦ ,ਲੋਕ ਇਨਸਾਫ ਪਾਰਟੀ ਦੀ 3.43 ਫ਼ੀਸਦ , ਪੰਜਾਬ ਏਕਤਾ ਪਾਰਟੀ ਦੀ 2.16 ਫ਼ੀਸਦ , ਨਵਾਂ ਪੰਜਾਬ ਪਾਰਟੀ ਦੀ 1.17 ਫ਼ੀਸਦ ,ਸੀ.ਪੀ.ਆਈ ਤੇ ਆਰ.ਐਮ.ਪੀ (ਪਾਸਲਾ) ਦੀ 0.41 ਫ਼ੀਸਦ ਵੋਟ ਬੈਂਕ ਸ਼ਾਮਿਲ ਹੈ | ਇਹਨਾਂ ਚੋਣਾਂ ਵਿਚ ਕਾਂਗਰਸ 8 ਸੀਟਾਂ ’ਤੇ ਜਿੱਤ ਪ੍ਰਾਪਤ ਕਰਕੇ ਵੱਡੀ ਜਿੱਤ ਦਾ ਦਾਅਵਾ ਕਰ ਰਹੀ ਹੈ। ਇਸੇ ਤਰ੍ਹਾਂ ਅਕਾਲੀ ਦਲ ਬਾਦਲ ਪਰਿਵਾਰ ਵਾਲੀਆਂ ਦੋ ਸੀਟਾਂ ਜਿੱਤ ਕੇ ਦੁਬਾਰਾ ਮੈਦਾਨ ਵਿਚ ਆਉਣ ਦੇ ਦਮਗਜ਼ੇ ਮਾਰ ਰਿਹਾ ਹੈ ਪਰ ਜੇ ਇਨ੍ਹਾਂ ਚੋਣ ਨਤੀਜਿਆਂ ਨੂੰ ਧਿਆਨ ਨਾਲ ਦੇਖੀਏ ਤਾਂ ਕਈ ਦਿਲਚਸਪ ਤੱਥ ਸਾਹਮਣੇ ਆਉਂਦੇ ਹਨ।

ਸਿਆਸੀ ਪਾਰਟੀਆਂ ਦੀ ਮਜ਼ਬੂਤੀ ਇਸ ਗੱਲ ਤੋਂ ਵੀ ਝਲਕਦੀ ਹੈ ਕਿ ਉਹ ਕਿੰਨੀਆਂ ਸੀਟਾਂ ’ਤੇ ਚੋਣ ਲੜਦੀ ਹੈ ਅਤੇ ਉਨ੍ਹਾਂ ਵਿਚੋਂ ਕਿੰਨੀਆਂ ਜਿੱਤਦੀ ਹੈ। ਇਸ ਵਿਚ ਸਭ ਤੋਂ ਚੰਗਾ ਰਿਕਾਰਡ ਭਾਰਤੀ ਜਨਤਾ ਪਾਰਟੀ ਦਾ ਰਿਹਾ ਜਿਸ ਨੇ ਤਿੰਨ ਸੀਟਾਂ ਲੜੀਆਂ ਅਤੇ ਦੋ ਜਿੱਤੀਆਂ ਭਾਵ 66 ਫ਼ੀਸਦ ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ। ਅਕਾਲੀ ਦਲ 20 ਫ਼ੀਸਦ ਸੀਟਾਂ ’ਤੇ ਜੇਤੂ ਰਿਹਾ; ਉਸ ਨੇ 10 ਸੀਟਾਂ ਲੜੀਆਂ ਅਤੇ 2 ਉੱਤੇ ਜਿੱਤ ਪ੍ਰਾਪਤ ਕੀਤੀ। ਕਾਂਗਰਸ 61 ਫ਼ੀਸਦ ਸੀਟਾਂ ’ਤੇ ਜੇਤੂ ਰਹੀ।

ਉੱਪਰ ਦਿੱਤੇ ਅੰਕੜਿਆਂ ਦੇ ਨਾਲ ਨਾਲ ਦੋ ਹਲਕਿਆਂ ਦੇ ਚੋਣ ਨਤੀਜਿਆਂ ਨੂੰ ਧਿਆਨ ਨਾਲ ਦੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਜੇ ਥੋੜ੍ਹੀਆਂ-ਬਹੁਤੀਆਂ ਵੋਟਾਂ ਵੀ ਏਧਰ-ਓਧਰ ਹੋ ਜਾਂਦੀਆਂ ਤਾਂ ਚੋਣ ਨਤੀਜੇ ਹੋਰ ਤਰ੍ਹਾਂ ਦੇ ਦਿਸਣੇ ਸਨ। ਉਦਾਹਰਣ ਦੇ ਤੌਰ ’ਤੇ ਬਠਿੰਡੇ ਦੀ ਸੀਟ ਤੋਂ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 21,722 ਵੋਟਾਂ ਨਾਲ ਹਰਾਇਆ। 12,000 ਵੋਟਾਂ ਦੇ ਅਦਲ-ਬਦਲ ਨੇ ਨਾ ਸਿਰਫ਼ ਰਾਜਾ ਵੜਿੰਗ ਨੂੰ ਵੱਡੀ ਜਿੱਤ ਦਿਵਾਉਣੀ ਸੀ ਸਗੋਂ ਕਾਂਗਰਸ ਦੀ ਪੰਜਾਬ ਦੀ ਜਿੱਤ 9-4 ਦੇ ਅੰਤਰ ਨਾਲ ਬਹੁਤ ਵੱਡੀ ਦਿਖਾਈ ਦੇਣੀ ਸੀ। ਜਲੰਧਰ ਵਿਚ ਕਾਂਗਰਸ ਦੇ ਸੰਤੋਖ ਸਿੰਘ ਚੌਧਰੀ ਨੇ ਅਕਾਲੀ ਦਲ ਦੇ ਚਰਨਜੀਤ ਸਿੰਘ ਅਟਵਾਲ ਤੋਂ 19,491 ਵੋਟਾਂ ਦੇ ਫ਼ਰਕ ਨਾਲ ਜਿੱਤੀ। ਲਗਭੱਗ 10,000 ਵੋਟਾਂ ਦਾ ਏਧਰ-ਓਧਰ ਹੋਣਾ ਅਕਾਲੀ ਉਮੀਦਵਾਰ ਨੂੰ ਜੇਤੂ ਬਣਾ ਸਕਦਾ ਸੀ। ਜੇ ਜਲੰਧਰ ਤੋਂ ਅਕਾਲੀ ਉਮੀਦਵਾਰ ਜਿੱਤ ਜਾਂਦਾ ਤਾਂ ਕਾਂਗਰਸ ਨੂੰ ਸਿਰਫ਼ 7 ਸੀਟਾਂ ਮਿਲਣੀਆਂ ਸਨ ਤਾਂ ਇਹ ਜਿੱਤ 7-6 ਦੀ ਜਿੱਤ ਬਣ ਕੇ ਰਹਿ ਜਾਣੀ ਸੀ। ਇਸੇ ਤਰ੍ਹਾਂ ਹੁਸ਼ਿਆਰਪੁਰ ਅਤੇ ਆਨੰਦਪੁਰ ਸਾਹਿਬ ਦੀਆਂ ਸੀਟਾਂ ’ਤੇ ਜੇਤੂ ਅਤੇ ਹਾਰੇ ਹੋਏ ਉਮੀਦਵਾਰਾਂ ਵਿਚਲੇ ਅੰਤਰ 50,000 ਤੋਂ ਘੱਟ ਸਨ। ਅਜੀਬ ਗੱਲ ਇਹ ਹੈ ਕਿ 8-5 ਦੀ ਜਿੱਤ ਨਾਲ ਕਾਂਗਰਸ ਆਪਣੇ ਆਪ ਨੂੰ ਵੱਡੀ ਜੇਤੂ ਅਖਵਾ ਰਹੀ ਹੈ ਅਤੇ 2 ਸੀਟਾਂ ਜਿੱਤ ਕੇ ਅਕਾਲੀ ਦਲ ਦੇ ਆਗੂ ਇਹ ਕਹਿ ਰਹੇ ਹਨ ਕਿ ਲੋਕਾਂ ਦਾ ਬਾਦਲ ਪਰਿਵਾਰ ਲਈ ਵਿਸ਼ਵਾਸ ਕਾਇਮ ਹੈ। ਇਥੇ ਇਸ ਚੋਣ ਵਿਚ ਇੱਕ ਛੁਪਿਆ ਹੋਇਆ ਨੁਕਤਾ ਵੀ ਸਾਡੇ ਸਨਮੁਖ ਆਕੇ ਖਲੋ ਜਾਂਦਾ ਹੈ ਕਿ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਪਹਿਲੀ ਬਾਰ ਸ਼ਹਿਰਾਂ ਵਿਚ ਵੱਡੇ ਰੂਪ ਵਿਚ ਵੋਟ ਮਿਲੀ ਹੈ | ਬਠਿੰਡਾ ਤੋਂ ਅਕਾਲੀ ਉਮੀਦਵਾਰ ਬੀਬਾ ਹਰਸਿਮਰਤ ਕੌਰ ਦੇ ਜਿੱਤਣ ਦਾ ਕਾਰਨ ਵੀ ਇਹ ਸ਼ਹਿਰਾਂ ਦੀ ਵੋਟ ਹੈ | ਜੇ ਅਕਾਲੀ ਦਲ ਸ਼ਹਿਰਾਂ ਤੋਂ ਲੀਡ ਨਾਂ ਲੈਂਦਾ ਤਾਂ ਹਰਸਿਮਰਤ ਕੌਰ ਬਾਦਲ ਚਾਲੀ ਤੋਂ ਪੰਜਾਹ ਹਜ਼ਾਰ ਵੋਟਾਂ ਤੇ ਹਾਰਦੀ ਨਜ਼ਰ ਆਉਣੀ ਸੀ | ਇਸੇ ਤਰਾਂ ਸ਼ਹਿਰਾਂ ਕਰਕੇ ਹੀ ਚਰਨਜੀਤ ਅਟਵਾਲ ,ਸੁਰਜੀਤ ਸਿੰਘ ਰੱਖੜਾ ,ਪ੍ਰੇਮ ਸਿੰਘ ਚੰਦੂਮਾਜਰਾ ,ਮਹੇਸ਼ਇੰਦਰ ਸਿੰਘ ਗਰੇਵਾਲ ਅਕਾਲੀ ਦਲ ਦੀ ਪਹਿਲਾ ਨਾਲੋਂ ਵੋਟ ਨੂੰ ਵਧਾਉਣ ਵਿਚ ਕਾਮਯਾਬ ਰਹੇ |  ਇਹ ਵੋਟ ਸਾਫ ਇਸ਼ਾਰਾ ਕਰਦੀ ਹੈ ਕਿ ਅਕਾਲੀਆਂ ਦੀ ਸਾਢੇ ਸਤਾਈ ਫ਼ੀਸਦ ਵੋਟ ਵਿਚ ਮੋਦੀ ਅਧਾਰਿਤ ਭਾਜਪਾ ਦਾ ਅਸਰ ਹੈ | ਜਦੋਂਕਿ ਭਾਜਪਾ ਦੀ ਅੱਧੀ ਵੋਟ ਜੇਕਰ ਅਕਾਲੀ ਹੈ ਤਾਂ ਅਕਾਲੀਆਂ ਦੀ ਤੀਜਾ ਹਿੱਸਾ ਵੋਟ ਭਾਜਪਾਈ ਹੈ | ਜਿਸਦਾ ਮਤਲਵ ਇਸ ਬਾਰ ਭਾਜਪਾ ਦੀ ਪੰਜਾਬ ਵਿਚ ਕੁੱਲ ਵੋਟ ਪੰਦਰਾਂ ਫ਼ੀਸਦ ਬਣਦੀ ਹੈ | ਜੋ ਦੇਖਣ ਨੂੰ ਨਜ਼ਰ ਨਹੀਂ ਆਵੇਗੀ ਪਰ ਇਸਦਾ ਅਸਰ 2022 ਵਿਚ ਉਸੇਂ ਤਰੀਕੇ ਨਜ਼ਰ ਆਵੇਗਾ ਜਿਸ ਤਰੀਕੇ ਬਿਹਾਰ ਵਿਚ ਬੀਤੇ ਦਸ ਸਾਲਾਂ ਵਿਚ ਨਿਤੀਸ਼ ਉੱਪਰ ਭਾਜਪਾ ਨੇ ਕੀਤਾ ਹੈ |

ਅਕਾਲੀ ਦਲ ਪੰਜਾਬ ਦੇ ਇਤਿਹਾਸ ਨਾਲ ਜੁੜੀ ਹੋਈ ਪਾਰਟੀ ਹੈ। ਪਰ ਪਾਰਟੀ ਦੀ ਟੇਕ ਇਕ ਪਰਿਵਾਰ ’ਤੇ ਰੱਖਣਾ ਪੰਜਾਬ ਦੀ ਸਿਆਸੀ ਜਮਾਤ ਦੇ ਪਤਨ ਦਾ ਚਿੰਨ੍ਹ ਹੈ। ਪੰਜਾਬੀਆਂ ਨੇ ਆਮ ਆਦਮੀ ਪਾਰਟੀ ਦੇ ਰੂਪ ਵਿਚ ਤੀਜਾ ਬਦਲ ਲੱਭਣ ਦੀ ਭਰਪੂਰ ਕੋਸ਼ਿਸ਼ ਕੀਤੀ ਪਰ ਆਪ ਦੁਆਰਾ ਕੀਤੇ ਗਏ ਵਿਸ਼ਵਾਸਘਾਤ ਤੋਂ ਉਹ ਅੰਤਾਂ ਦੇ ਨਿਰਾਸ਼ ਹੋਏ। ਆਪ ਵਿਚੋਂ ਟੁੱਟਿਆ ਪੀ.ਡੀ.ਏ ਦਾ ਅੱਧਾ ਗਰੁੱਪ ਵੀ ਕੁੱਲ ਲਈਆ ਵੋਟਾਂ ਦਾ ਭਾਵੇ ਅੱਧ ਚੱਕੀ ਫਿਰਦਾ ਹੈ ਪਰ ਉਸ ਅੱਧ ਵਿਚ ਵੀ ਬੀਬੀ ਖਾਲੜਾ ,ਡਾਕਟਰ ਗਾਂਧੀ ,ਮਨਵਿੰਦਰ ਸਿੰਘ ਗਿਆਸਪੁਰਾ ਦਾ ਆਪਣਾ ਕਿਰਦਾਰ ਨਜ਼ਰ ਆਉਂਦਾ ਹੈ | ਹਾਂ ਬਸਪਾ ਦੀ ਵੋਟ ਬੈਂਕ ਵਿਚ ਜਿਸ ਤਰੀਕੇ ਦੁਆਬੇ ਵਿਚ ਵਾਧਾ ਹੋਇਆ ਹੈ ਉਹ ਕਾਂਗਰਸ ਨੂੰ ਅਗਲੇ ਵਰ੍ਹਿਆਂ ਦੁਰਾਨ ਸੋਚਣ ਲਈ ਮਜਬੂਰ ਕਰ ਸਕਦਾ ਹੈ ਕਿ ਬਸ਼ਰਤੇ ਬਸਪਾ ਦੇ ਆਗੂ ਮੁਖ ਪਾਰਟੀਆਂ ਦੁਬਾਰਾ ਚੁਗ ਨਾ ਲਏ ਜਾਣ ? ਇਹਨਾਂ ਚੋਣਾਂ ਵਿਚ ਵੀ ਨਜ਼ਰ ਆਇਆ ਕਿ ਅਜੇ ਵੀ ਪੰਜਾਬੀਆਂ ਨੂੰ ਅਕਾਲੀਆਂ ਦੇ ਦਸ ਵਰ੍ਹਿਆਂ ਦੇ ਰਾਜ ਦੌਰਾਨ ਵੱਖ ਵੱਖ ਮਾਫ਼ੀਏ ਦੁਆਰਾ ਕੀਤੀ ਗਈ ਲੁੱਟ ਵੀ ਯਾਦ ਹੈ ਜਿਸ ਕਰਕੇ ਅਜੇ ਵੀ ਕਾਂਗਰਸ ਦੇ ਨਿਰਾਸ਼ ਦੋ ਸਾਲਾਂ ਕਾਰਜ਼ਕਾਲ ਉੱਪਰ ਬੀਤੇ ਦਸ ਵਰ੍ਹੇ ਹਾਵੀ ਰਹੇ । ਕੁੱਲ ਮਿਲਾਕੇ ਦੁਖਾਂਤ ਇਹ ਹੈ ਕਿ ਇਹਨਾਂ ਚੋਣਾਂ ਦੁਰਾਨ ਵੀ ਮੁਖ ਧਿਰਾਂ ਨੇ ਪੰਜਾਬ ਦੇ ਗੰਧਲੇ ਪਾਣੀਆਂ ,ਦੂਸ਼ਿਤ ਹਵਾ ,ਪਲੀਤ ਧਰਤੀ ,ਬਿਮਾਰੀਆਂ ਦੀ ਵੱਡੀ ਮਾਰ ,ਖੁਦਕੁਸ਼ੀਆਂ ਦੀ ਫ਼ਸਲ ,ਕਿਸਾਨੀ ਦੀ ਨਿਵਾਣ ,ਮਜਦੂਰਾਂ ਦੇ ਹਾਲ ,ਬੇਰੁਜ਼ਗਾਰਾਂ ਦੀ ਹੇੜ ਦੀ ਗੱਲ ਨਹੀਂ ਕੀਤੀ | ਬਲਕਿ ਧਰਮ ਤੇ ਦੂਸ਼ਣਾਂ ਦੀ ਓਟ ਲੈਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ ਕੀਤੀ ਤੇ ਜਿਸ ਵਿਚ ਉਹ ਸਫ਼ਲ ਵੀ ਰਹੇ | ਇਹ ਸਫ਼ਲਤਾ ਅਸਫ਼ਲ ਪੰਜਾਬੀਆਂ ਦੇ ਮੂੰਹ ਪਈ ਚਪੇੜ ਵਰਗੀ ਹੈ | ਅੰਤ ਅਵਤਾਰ ਪਾਸ਼ ਦੀ ਇੱਕ ਛੋਟੀ ਕਵਿਤਾ ਨਾਲ ਸਮਾਪਤੀ ਕਰਦੇ ਹਾਂ ਤਾਂ ਕਿ ਅਗਲੀ ਚਰਚਾ ਛਿੜ ਸਕੇ ”

ਡੂੰਮਣੇ ਵਾਲ ਉਂਗਲ ਨਾ ਕਰੋ
ਜਿਸ ਨੂੰ ਤੁਸੀਂ ਖੱਖਰ ਸਮਝਦੇ ਹੋ
ਉਥੇ ਲੋਕਾਂ ਦੇ ਪ੍ਰਤਿਨਿਧ ਵਸਦੇ ਹਨ | ”

(ਤਰਨਦੀਪ ਬਿਲਾਸਪੁਰ)

kiwipunjab@gmail.com

Install Punjabi Akhbar App

Install
×