ਨਿਊਜ਼ੀਲੈਂਡ ‘ਚ 16 ਸਾਲਾ ਕੁੜੀ ਹਰਮਨ ਕੌਰ ਨੇ ਤਬਲਾ ਵਾਦਿਕ ਦੇ ਤੌਰ ‘ਤੇ ਆਪਣੀ ਵੱਖਰੀ ਪਹਿਚਾਉਣ ਬਣਾਈ

NZ PIC 8 Oct-1

ਨਿਊਜ਼ੀਲੈਂਡ ਵਸਦੀਆਂ ਕੁੜੀਆਂ ਜਿੱਥੇ ਰੋਜ਼ ਮਰਾ ਦੀ ਜ਼ਿੰਦਗੀ ਦੇ ਵਿਚ ਮੁੰਡਿਆਂ ਦੇ ਬਰਾਬਰ ਕਦਮ ਦਰ ਕਦਮ ਮਿਲਾ ਕੇ ਚੱਲਣ ਦੀ ਸਮਰੱਥਾ ਰੱਖਦੀਆਂ ਹਨ ਉਥੇ ਕਈ ਵਾਰ ਕੁਝ ਅਜਿਹੇ ਖੇਤਰ ਹਨ ਜਿੱਥੇ ਮੁੰਡਿਆਂ ਦੀ ਹੀ ਸਰਦਾਰੀ ਕਾਇਮ ਰਹਿੰਦੀ ਹੈ। ਧਾਰਮਿਕ ਜਾਂ ਸੰਗੀਤ ਦੇ ਖੇਤਰ ਵਿਚ ਜੇਕਰ ਤਬਲਾ ਵਾਦਿਕ ਦੇ ਤੌਰ ‘ਤੇ ਵੇਖਿਆ ਜਾਵੇ ਤਾਂ ਮੁੰਡਿਆਂ ਦੀ ਤਾਂ ਲੰਬੀ ਕਤਾਰ ਨਜ਼ਰ ਆਵੇਗੀ ਪਰ ਕੁੜੀਆਂ ਦੀ ਗਿਣਤੀ ਮਸਾਂ ਆਟੇ ਵਿਚ ਲੂਣ ਬਰਾਬਰ। ਪਰ ਨਿਊਜ਼ੀਲੈਂਡ ਦੇ ਵਿਚ ਇਹ ਧਾਰਨਾ ਤੋੜਦਿਆਂ ਇਕ 16 ਸਾਲਾ ਪੰਜਾਬੀ ਕੁੜੀ ਹਰਮਨ ਕੌਰ ਨੇ ਤਬਲਾ ਖੇਤਰ ਦੇ ਵਿਚ ਸਿਖਲਾਈ ਲੈ ਅਤੇ ਪਰਫਾਰਮੈਂਸ ਦਿੰਦਿਆ ਛੇ ਸਾਲਾਂ ਦਾ ਲੰਬਾ ਸਫਰ ਤੈਅ ਕਰ ਲਿਆ ਹੈ। ਕੁੜੀਆਂ ਦੇ ਇਸ ਖੇਤਰ ਵਿਚ ਨਾ ਹੋਣਾ ਇਸ ਲਈ ਰਾਹ ਖੋਲ੍ਹਣ ਦਾ ਸਬੱਬ ਬਣਿਆ। ਆਪਣੇ ਕੋਚ ਪ੍ਰੋ. ਮਨਜੀਤ ਸਿੰਘ ਵੱਲੋਂ ਸਿਖਾਏ ਗੁਰਾਂ ਦਾ ਧੰਨਵਾਦ ਕਰਦਿਆਂ ਇਸਨੇ ਆਪਣਾ ਮਾਤਾ-ਪਿਤਾ ਦੇ ਮਿਲੇ ਸਹਿਯੋਗ ਨੂੰ ਆਪਣੀ ਸ਼ਕਤੀ ਦੱਸਿਆ। 13 ਸਾਲ ਦੀ ਉਮਰ ਵਿਚ ਇਹ ਕੁੜੀ ਇਕ ਤਬਲਾ ਮੁਕਾਬਲੇ ਵਿਚ ਅੱਵਲ ਆਈ ਸੀ। ਸੋਲੋ ਅਤੇ ਹਾਰਮੋਨੀਅਮ ਦੇ ਨਾਲ ਇਹ ਕੁੜੀ ਕਈ ਵੱਡੀਆਂ ਸਟੇਜਾਂ ਉਤੇ ਆਪਣਾ ਹੁਨਰ ਵਿਖਾ ਚੁੱਕੀ ਹੈ। ਪ੍ਰੋ. ਅਲੰਕਾਰ ਸਿੰਘ ਦੀ ਨਿਊਜ਼ੀਲੈਂਡ ਦੇ ਵਿਚ ਹੋਈ ਪਰਫਾਰਮੈਂਸ ਦੌਰਾਨ ਵੀ ਇਸ ਕੁੜੀ ਨੇ ਆਪਣੀ ਕਲਾ ਵਿਖਾਈ ਅਤੇ ਪ੍ਰੋ. ਫਜ਼ਲ ਕੁਰੇਸ਼ੀ ਦੇ ਸਾਹਮਣੇ ਵੀ ਤਬਲਾ ਵਜਾ ਚੁੱਕੀ ਹੈ।
ਪਿਛਲੇ ਦਿਨੀਂ ਸਮਾਪਤ ਹੋਏ ‘ਸਿੱਖ ਚਿਲਡਰਨ ਡੇਅ’ ਮੌਕੇ ਵੀ ਸੁਪਰੀਮ ਸਿੱਖ ਸੁਸਾਇਟੀ ਵੱਲੋਂ ਇਸ ਕੁੜੀ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਤੇ ਇਸ ਕੁੜੀ ਦੇ ਪਿਤਾ ਜੀਤ ਸਿੰਘ ਅਤੇ ਮਾਤਾ ਮਨਿੰਦਰ ਕੌਰ ਨੂੰ ਵਧਾਈ ਦਿੱਤੀ ਗਈ।