16ਵਾਂ ‘ਮਿਸ ਇੰਡੀਆ ਨਿਊਜ਼ੀਲੈਂਡ-2018’ ਮੁਕਾਬਲਾ 15 ਸਤੰਬਰ ਨੂੰ ਮਹਾਤਮਾ ਗਾਂਧੀ ਸੈਂਟਰ ਵਿਖੇ

  • ਪਰਖਣਗੇ ਹੁਨਰ, ਸਿਆਣਪ ਤੇ ਸੁੰਦਰਤਾ
  • 5 ਪੰਜਾਬੀ ਕੁੜੀਆਂ ਨੇ ਵੀ ਖਿੱਚੀ ਤਿਆਰੀ
NZ PIC 13 AUG-1
(ਮਿਸ ਇੰਡੀਆ ਨਿਊਜ਼ੀਲੈਂਡ 2018 ਦੇ ਵਿਚ ਭਾਗ ਲੈਣ ਵਾਲੀਆਂ ਪੰਜਾਬੀ ਕੁੜੀਆਂ। ਖੱਬੇ ਤੋਂ ਸੱਜੇ ਹਰਨੂਰ ਕੌਰ ਦਿਓਲ, ਕਰਨਪ੍ਰੀਤ ਧੰਜਲ, ਸ਼ਾਨੂੰ ਦੇਵਗਨ, ਸ਼ਿਵਾਨੀ ਕਟਾਰੀਆ ਅਤੇ ਜਸ਼ਨਪ੍ਰੀਤ ਬਰਾੜ)

ਆਕਲੈਂਡ 13 ਅਗਸਤ  -ਇਕ ਜ਼ਮਾਨਾ ਸੀ ਜਦੋਂ ਨਿਊਜ਼ੀਲੈਂਡ ਪਹੁੰਚੇ ਭਾਰਤੀ ਮਰਦਾਂ ਨੂੰ ਆਪਣੀਆਂ ਪਤਨੀਆਂ ਅਤੇ ਬੱਚਿਆਂ ਨੂੰ ਇਥੇ ਲਿਆਉਣ ਦਾ ਹੱਕ ਨਹੀਂ ਸੀ, ਪਰ ਹੁਣ ਇਹੀ ਮਹਿਲਾਵਾਂ ਦੇਸ਼ ਦੀ ਪਾਰਲੀਮੈਂਟ ਤੱਕ ਆਪਣੀ ਪਹੁੰਚ ਬਣਾ ਗਈਆਂ ਹਨ। ਇਸ ਵੇਲੇ ਜਿੱਥੇ ਭਾਰਤ ਜਨਮੀਆਂ ਦੋ ਪੜ੍ਹੀਆਂ-ਲਿਖੀਆਂ ਮਹਿਲਾਵਾਂ ਸੰਸਦ ਮੈਂਬਰ ਹਨ ਉਥੇ ਇਥੇ ਦੀਆਂ ਜੰਮੀਆਂ ਜਾਂ ਨਿਊਜ਼ੀਲੈਂਡ ਨੂੰ ਆਪਣਾ ਪੱਕਾ ਘਰ ਬਣਾ ਚੁੱਕੀਆਂ ਨੌਜਵਾਨ ਕੁੜੀਆਂ ਭਾਰਤੀ ਕਹਾਉਣ ਉਤੇ ਮਾਣ ਮਹਿਸੂਸ ਕਰਦੀਆਂ ਹਨ। ਇਹ ਮਾਣ ਉਦੋਂ ਹੋਰ ਵੱਡਾ ਹੋ ਜਾਂਦਾ ਹੈ ਜੇਕਰ ‘ਮਿਸ ਇੰਡੀਆ ਨਿਊਜ਼ੀਲੈਂਡ’ ਵਰਗਾ ਖਿਤਾਬ ਅਤੇ ਤਾਜ ਉਨ੍ਹਾਂ ਦੇ ਸਿਰ ਉਤੇ ਸਜ ਜਾਵੇ। ਭਾਰਤੀ ਮਹਿਲਾਵਾਂ ਦੇ ਹੁਨਰ, ਸਿਆਣਪ, ਸੁਹਜ ਅਤੇ ਸੁੰਦਰਤਾ ਦੀ ਪਰਖ ਕਰਦਾ ਸਾਲਾਨਾ ਮੁਕਾਬਲਾ ‘ਰਿਦਮ ਹਾਊਸ’ ਦੇ ਸ੍ਰੀ ਧਰਮੇਸ਼ ਪਾਰਿਖ ਵੱਲੋਂ ਕਰਵਾਇਆ ਜਾਂਦਾ ਹੈ। ਇਸ ਵਾਰ 16ਵਾਂ ‘ਮਿਸ ਇੰਡੀਆ ਸੁੰਦਰਤਾ ਮੁਕਾਬਲਾ-2018’ ਅਗਲੇ ਮਹੀਨੇ 15 ਸਤੰਬਰ ਨੂੰ ਮਹਾਤਮਾ ਗਾਂਧੀ ਸੈਂਟਰ ਆਕਲੈਂਡ ਵਿਖੇ ਸ਼ਾਮ 7.30 ਵਜੇ ਤੋਂ ਦੇਰ ਰਾਤ ਤੱਕ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹਨ ਅਤੇ ਰੀਹਰਸਲ ਦੇ ਦੌਰ ਚੱਲ ਰਹੇ ਹਨ। ਇਹ ਮੁਕਾਬਲਾ ਤਿੰਨ ਗੇੜ ਦੇ ਵਿਚ ਸਮਾਪਿਤ ਹੋਵੇਗਾ ਜਿਸ ਦੇ ਵਿਚ ਪਹਿਲਾ ਗੇੜ ਜਾਣ-ਪਹਿਚਾਣ, ਦੂਜਾ ਕੀਵੀ-ਗਰਲ ਹਾਈ ਫੈਸ਼ਨ ਅਤੇ ਤੀਜਾ ਪ੍ਰਸ਼ਨਉਤਰ ਦਾ ਗੇੜ ਹੋਵੇਗਾ। 8 ਸਤੰਬਰ ਨੂੰ ਟੇਲੇਂਟ ਗੇੜ ਦੇ ਮੁਕਾਬਲੇ ਹਨ ਜਿਨ੍ਹਾਂ ਵਿਚੋਂ 6 ਕੁੜੀਆਂ ਅੰਤਿਮ ਮੁਕਾਬਲੇ ਵਿਚ ਅੱਗੇ ਜਾਣਗੀਆਂ ਅਤੇ ‘ਮਿਸ ਟੇਲੇਂਟ’ ਦਾ ਖਿਤਾਬ ਜਿੱਤਣ ਲਈ ਪੇਸ਼ਕਾਰੀ ਕਰਨਗੀਆਂ। ਇਕ ਹੋਰ ਖਿਤਾਬ ਵੋਟਾਂ ਰਾਹੀਂ ਹੋਵੇਗਾ ਜਿਸ ਦਾ ਨਾਂਅ ‘ਮਿਸ ਪਾਪੂਲਰ’ ਅਤੇ ਨਿਊਜ਼ੀਲੈਂਡ ਦੇ ਲੋਕ ਇਸ ਦੇ ਲਈ ਕੁੜੀਆਂ ਨੂੰ ਵੋਟ ਕਰ ਰਹੇ ਹਨ। ਇਸ ਈਵੈਂਟ ਦੇ ਮੇਜਰ ਸਪਾਂਸਰ ‘ਸਨ ਟਰੈਵਲ’ ਦੀ ਨੇਹਾ ਭਾਟੀਆ ਸੰਧੂ ਅਤੇ ਐਸ ਆਰ. ਐਸ. ਕਲੀਨਕਸ ਦੇ ਡਾ. ਰਾਜ ਸਿੱਧੂ ਹਨ।
ਆਖਰੀ ਮੁਕਾਬਲੇ ਦੇ ਵਿਚ ਹੁਣ 20 ਕੁੜੀਆਂ ਰਹਿ ਗਈਆਂ ਹਨ। ਜਿਨ੍ਹਾਂ ਦੇ ਵਿਚ ਭਾਰਤ, ਫੀਜ਼ੀ,  ਡੁਬਈ ਅਤੇ ਆਸਟਰੇਲੀਆ ਜਨਮੀਆਂ ਕੁੜੀਆਂ ਵੀ ਸ਼ਾਮਿਲ ਹਨ। ਪੰਜਾਬੀ ਕੁੜੀਆਂ ਦੀ ਸੁੰਦਰਤਾ ਦੀ ਗੱਲ ਜੇਕਰ ਗੀਤਾਂ ਵਿਚ ਹੁੰਦੀ ਹੈ ਤਾਂ ਕਿਸੇ ਕਾਰਨ ਹੀ ਹੁੰਦੀ ਹੋਵੇਗੀ। ਸੋ ਇਸ ਸੁੰਦਰਤਾ ਮੁਕਾਬਲੇ ਦੇ ਵਿਚ ਵੀ ਪੰਜ ਪੰਜਾਬੀ ਕੁੜੀਆਂ ਪੂਰੀ ਤਿਆਰੀ ਦੇ ਨਾਲ ਸ਼ਾਮਿਲ ਹੋ ਚੁੱਕੀਆਂ ਹਨ ਉਨ੍ਹਾਂ ਦਾ ਹੁਨਰ, ਸਿਆਣਪ ਅਤੇ ਸੁੰਦਰਤਾ ਵੀ ਵੱਡੇ ਪੱਧਰ ਉਤੇ ਪਰਖੀ ਜਾਣੀ ਹੈ। ਆਓ ਪੜੀਏ ਇਨ੍ਹਾਂ ਇਨ੍ਹਾਂ ਕੁੜੀਆਂ ਦੀ ਸੰਖੇਪ ਕਹਾਣੀ:-
ਹਰਨੂਰ ਕੌਰ ਦਿਓਲ: ਇਹ 21 ਸਾਲਾ ਪੰਜਾਬੀ ਕੁੜੀ ਕਪੂਰਥਲਾ ਤੋਂ ਇਥੇ 2016 ‘ਚ ਆਪਣੀ ਜ਼ਿੰਦਗੀ ਦੇ ਸੁਪਨੇ ਪੜ੍ਹਾਈ ਕਰਕੇ ਪੂਰੇ ਕਰਨ ਆਈ ਹੋਈ ਹੈ ਅਤੇ ਉਹ ਕਲੀਨੀਕਲ ਇੰਜੀਨੀਅਰਿੰਗ ਦਾ ਡਿਪਲੋਮਾ ਵੀ ਕਰ ਚੁੱਕੀ ਹੈ। ਆਪਣੇ ਪਿਤਾ ਸ. ਸੁਖਵਿੰਦਰ ਸਿੰਘ ਦਿਓਲ ਅਤੇ ਮਾਤਾ ਕਮਲਜੀਤ ਕੌਰ ਦੀ ਇਕਲੌਤੀ ਬੇਟੀ ਮਿਸ ਇੰਡੀਆ ਨਿਊਜ਼ੀਲੈਂਡ ਮੁਕਾਬਲੇ ਦੇ ਰਾਹੀਂ ਬਹੁਤ ਕੁਝ ਸਿੱਖ ਕੇ ਭਵਿੱਖ ਦੇ ਵਿਚ ਕਾਫੀ ਅੱਗੇ ਵਧਣ ਦਾ ਪੱਕਾ ਮਨ ਬਣਾਈ ਬੈਠੀ ਹੈ। ਡਾਂਸ ਅਤੇ ਭਾਸ਼ਣ ਦੇ ਵਿਚ ਇਹ ਕੁੜੀ ਸਕੂਲ ਪੱਧਰ ‘ਤੇ ਕਾਫੀ ਇਨਾਮ ਹਾਸਿਲ ਕਰ ਚੁੱਕੀ ਹੈ। ਇਸ ਪੰਜਾਬੀ ਕੁੜੀ ਲਈ ਸ਼ੁੱਭ ਇਛਾਵਾਂ!
ਕਰਨਪ੍ਰੀਤ ਧੰਜਲ: ਭਾਰਤੀ ਸਭਿਆਚਾਰ ਨੂੰ ਪਿਆਰ ਕਰਨ ਵਾਲੀ ਕਰਨਪ੍ਰੀਤ ਧੰਜਲ ਨਿਊਜ਼ੀਲੈਂਡ ਜਨਮੀ ਹੋਈ ਹੈ। ਪੰਜਾਬੀ ਅਤੇ ਹਿੰਦੀ ਭਾਸ਼ਾ ਇਸਦੇ ਮਾਪਿਆਂ ਨੇ ਇਸ ਨੂੰ ਰੀਝ ਨਾਲ ਸਿਖਾਅ ਰੱਖੀ ਹੈ। 5 ਸਾਲ ਦੀ ਉਮਰ ਤੋਂ ਇਹ ਕੁੜੀ ਭਾਰਤੀ ਨ੍ਰਿਤ ਕਰਦੀ ਹੈ। ਇਸ ਵੇਲੇ 16 ਕੁ ਸਾਲਾਂ ਦੀ ਇਹ ਕੁੜੀ ਚੜ੍ਹਦੀ ਜਵਾਨੀ ਦੇ ਵਿਚ ਹੈ ਅਤੇ ਇਸ ਅਗਾਂਹਵਧੂ ਦੇਸ਼ ਦੇ ਵਿਚ ਰਹਿੰਦਿਆ ਭਾਰਤੀ ਸੰਸਕ੍ਰਿਤੀ ਨਾਲ ਵੀ ਜੁੜੀ ਹੋਈ ਹੈ ਜੋ ਕਿ ਵੱਡੀ ਗੱਲ ਹੈ।
ਸ਼ਾਨੂੰ ਦੇਵਗਨ: ਇਨਫਰਮੇਸ਼ਨ ਟੈਕਨਾਲੋਜੀ ਦੇ ਵਿਚ ਬੈਚਲਰ ਅਤੇ ਕੰਪਿਊਟਰ ਐਪਲੀਕੇਸ਼ਨ ਦੇ ਵਿਚ ਮਾਸਟਰ ਪੱਧਰ ਦੀ ਪੜ੍ਹਾਈ ਰੱਖਣ ਵਾਲੀ ਇਸ ਪੰਜਾਬਣ ਕੁੜੀ ਨੇ ਯੂਨੀਟੈਕ ਇੰਸਟੀਚਿਊਟ ਆਕਲੈਂਡ ਤੋਂ ਕੰਪਿਊਟਰ ਵਿਚ ਡਿਪਲੋਮਾ ਕੀਤਾ ਹੈ। ਵੱਖ-ਵੱਖ ਖੇਤਰਾਂ ਦੇ ਵਿਚ ਇਥੇ ਕੰਮ ਦਾ ਤਜ਼ਰਬਾ ਰੱਖਣ ਵਾਲੀ ਕੁੜੀ ਮਿਸ ਇੰਡੀਆ ਨਿਊਜ਼ੀਲੈਂਡ ਮੁਕਾਬਲੇ ਦੇ ਵਿਚ ਭਾਗ ਲੈ ਕੇ ਆਪਣੇ ਗਾਉਣ ਅਤੇ ਡਾਂਸ ਦੇ ਟੇਲੇਂਟ ਨੂੰ ਸਾਬਿਤ ਕਰਨਾ ਚਾਹੁੰਦੀ ਹੈ। ਮਿਸ ਇੰਡੀਆ ਖਿਤਾਬ ਜਿੱਤਣਾ ਉਸਦਾ ਸੁਪਨਾ ਹੈ ਅਤੇ ਪੂਰੀ ਲਗਨ ਦੇ ਨਾਲ ਉਹ ਆਪਣਾ ਆਤਮ ਵਿਸ਼ਵਾਸ਼ ਵਧਾ ਰਹੀ ਹੈ।
ਸ਼ਿਵਾਨੀ ਕਟਾਰੀਆ: ਪੰਜਾਬੀ ਮੂਲ ਦੀ ਇਹ 26 ਸਾਲਾ ਲੜਕੀ ਦਾ ਪਰਿਵਾਰ ਭਾਵੇਂ ਫਰੀਦਾਬਾਦ ਜਾ ਵਸਿਆ ਹੈ ਪਰ ਪੰਜਾਬ ਦੇ ਨਾਲ ਇਸਦਾ ਪਿਆਰ ਦਾਦਾ ਜੀ ਕਰਕੇ ਪੂਰਾ ਬਰਕਰਾਰ ਹੈ। ਗ੍ਰੈਜੂਏਟ ਡਿਪਲੋਮਾ ਇਨ ਬਿਜਨਸ ਅਤੇ ਮੇਜਰ ਮਾਰਕੀਟਿੰਗ ਦੀ ਪੜ੍ਹਾਈ ਕਰਨ ਬਾਅਦ ਇਹ ਕੁੜੀ ਕਈ ਵਕਾਰੀ ਕੰਪਨੀਆਂ ਦੇ ਵਿਚ ਕੰਮ ਕਰ ਚੁੱਕੀ ਹੈ। ਮਿਸ ਇੰਡੀਆ ਦਾ ਤਾਜ ਜਿੱਤਣ ਬਾਅਦ ਇਸ ਕੁੜੀ ਨੇ ਫੈਸ਼ਨ ਦੀ ਦੁਨੀਆ ਦੇ ਵਿਚ ਅੱਗੇ ਜਾਣਾ ਹੈ। ਨਿਊਜ਼ੀਲੈਂਡ ਰਹਿ ਕੇ ਵੀ ਇਹ ਕੁੜੀ ਫੈਸ਼ਨ ਵੀਕ ਦੇ ਵਿਚ ਵਾਲੰਟੀਅਰ ਵਜੋਂ ਭਾਗ ਲੈਂਦੀ ਹੈ। ਭਾਰਤੀ ਫੈਸ਼ਨ ਨੂੰ ਵਧਾਉਣ ਦਾ ਮੌਕਾ ਵੀ ਇਸ ਨੂੰ ਇਥੇ ਮਿਲ ਜਾਂਦਾ ਹੈ। ਆਪ ਦੇ ਪਿਤਾ ਸ੍ਰੀ ਬੀ. ਬੀ ਕਟਾਰੀਆ ਅਤੇ ਮਾਤਾ ਪ੍ਰਭਾ ਕਟਾਰੀਆ ਭਾਰਤ ਰਹਿੰਦੇ ਹੋਣ ਦੇ ਬਾਵਜੂਦ ਪੂਰਾ ਸਾਥ ਦੇ ਰਹੇ ਹਨ।
ਜਸ਼ਨਪ੍ਰੀਤ ਬਰਾੜ: ਪੰਜਾਬ ਦੇ ਬਠਿੰਡਾ ਸ਼ਹਿਰ ਦੀ ਇਹ ਕੁੜੀ 2014 ਦੇ ਵਿਚ ਨਿਊਜ਼ੀਲੈਂਡ ਆਈ ਅਤੇ ਇਸ ਵੇਲੇ ਦੇਸ਼ ਦੀ ਰਾਜਧਾਨੀ ਵਲਿੰਗਟਨ ਵਿਖੇ ਕਸਟਮਰ ਸਰਵਿਸ ਵਜੋਂ ਨੌਕਰੀ ਕਰ ਰਹੀ ਹੈ। ਬੀ ਟੈਕ ਦੀ ਪੜ੍ਹਾਈ ਤੋਂ ਬਾਅਦ ਉਹ ਨਿਊਜ਼ੀਲੈਂਡ ਆ ਕੇ ਬਿਜ਼ਨਸ ਮੈਨੇਜਮੈਂਟ ਲੈਵਲ 7 ਵੀ ਕਰ ਚੁੱਕੀ ਹੈ। ਵਲਿੰਗਟਨ ਦੇ ਇਕ ਭੰਗੜਾ ਕਰੀਊ ਦੀ ਮੈਂਬਰ ਸਟੇਜ ਉਤੇ ਧਮਾਲ ਪਾ ਕੇ ਸਭ ਦਾ ਮਨ ਮੋਹ ਲੈਂਦੀ ਹੈ। ਇਸ ਦਿਨ ਵੀ ਇਹ ਕੁੜੀ ਭੰਗੜਾ ਕਰਕੇ ਸਭ ਨੂੰ ਤਾੜੀਆਂ ਮਾਰਨ ‘ਤੇ ਮਜ਼ਬੂਰ ਕਰੇਗੀ।

Install Punjabi Akhbar App

Install
×