ਟਾਰੌਂਗਾ ਜ਼ੂ ਦੀ ਮੁਰੰਮਤ ਅਤੇ ਮੁੜ ਉਸਾਰੀ ਲਈ 16 ਮਿਲੀਅਨ ਡਾਲਰਾਂ ਦਾ ਫੰਡ ਜਾਰੀ

ਪਲਾਨਿੰਗ ਅਤੇ ਜਨਤਕ ਥਾਵਾਂ ਵਾਲੇ ਵਿਭਾਗਾਂ ਦੇ ਮੰਤਰੀ ਸ੍ਰੀ ਰੋਬ ਸਟੋਕਸ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਨਿਊ ਸਾਊਥ ਵੇਲਜ਼ ਸਰਕਾਰ ਨੇ ਸਿਡਨੀ ਵਿਖੇ ਸਥਿਤੀ ਸੰਸਾਰ ਪ੍ਰਸਿੱਧ ਟਾਰੌਂਗਾ ਜ਼ੂ ਦੀ ਮੁਰੰਮਤ ਅਤੇ ਮੁੜ ਤੋਂ ਉਸਾਰੀ ਲਈ 16 ਮਿਲੀਅਨ ਡਾਲਰਾਂ ਦਾ ਫੰਡ ਜਾਰੀ ਕੀਤਾ ਹੈ। ਇਸ ਪ੍ਰਾਜੈਕਟ ਅਧੀਨ ਜ਼ੂ ਅੰਦਰ ਇੱਕ ਕੈਨੋਪੀ ਵਾਕ (canopy walk) ਉਸਾਰੀ ਜਾਵੇਗੀ ਜਿਸ ਨਾਲ ਕਿ ਕੁਆਲਾ ਜਾਨਵਰਾਂ ਨੂੰ ਨਜ਼ਦੀਕ ਤੋਂ ਦੇਖਿਆ ਜਾ ਸਕੇਗਾ। ਕੰਗਾਰੂਆਂ ਆਦਿ ਨੂੰ ਦੇਖਣ ਲਈ ਵੀ ਨਵੇਂ ਰਸਤਿਆਂ ਦੀ ਉਸਾਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪਾਣੀ ਦੇ ਹੇਠਾਂ ਰਹਿਣ ਵਾਲੇ ਜੀਵਾਂ ਆਦਿ ਦੇ ਸੰਸਾਰ ਨੂੰ ਨਜ਼ਦੀਕ ਤੋਂ ਵਾਚਣ ਲਈ ਵੀ ਨਵੇਂ ਸਥਾਨ ਉਸਾਰਨ ਦੀ ਤਜਵੀਜ਼ ਹੈ। ਸਰਕਾਰ ਦੇ ਇਸ ਨਿਵੇਸ਼ ਨਾਲ ਜਿੱਥੇ ਜ਼ੂ ਦੀ ਦਿੱਖ ਬਦਲੇਗੀ ਉਥੇ ਹੀ ਇੱਥੇ ਸੈਰ-ਸਪਾਟੇ ਵਾਸਤੇ ਆਉਣ ਵਾਲੇ ਲੋਕਾਂ ਦੇ ਹੋਰ ਮਨੋਰੰਜਨ ਦੇ ਨਾਲ ਨਾਲ ਸਥਾਨਕ 800 ਤੋਂ ਵੀ ਜ਼ਿਆਦਾ ਲੋਕਾਂ ਨੂੰ ਰੌਜ਼ਗਾਰ ਮਿਲੇਗਾ। ਊਰਜਾ ਅਤੇ ਵਾਤਾਵਰਣ ਮੰਤਰੀ ਸ੍ਰੀ ਮੈਟ ਕੀਨ ਨੇ ਕਿਹਾ ਕਿ ਉਕਤ ਜ਼ੂ 1916 ਵਿੱਚ ਸਥਾਪਤ ਕੀਤਾ ਗਿਆ ਸੀ ਅਤੇ ਉਦੋਂ ਤੋਂ ਹੀ ਸੰਸਾਰ ਭਰ ਦੇ ਲੋਕਾਂ ਦੇ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ ਅਤੇ ਸਰਕਾਰ ਦੇ ਇਸ ਨਵੇਂ ਪ੍ਰਾਜੈਕਟ ਕਾਰਨ ਸਿਡਨੀ ਹਾਰਬਰ ਦੇ ਇਸ ਸਥਾਨ ਨੂੰ ਹੋਰ ਵੀ ਸਹੂਲਤਾਂ ਪ੍ਰਦਾਨ ਹੋਣਗੀਆਂ ਅਤੇ ਹੋਰ ਜ਼ਿਆਦਾ ਮਾਤਰਾ ਵਿੱਚ ਸੈਲਾਨੀ ਇੱਥੇ ਆਉਣਗੇ। ਇਸ ਜ਼ੂ ਵਿੱਚ ਕੁਆਲਾ ਦੇ ਨਾਲ ਨਾਲ ਕੰਗਾਰੂ, ਪਲੈਟੀਪਸ ਅਤੇ ਬਿਲਬੀ ਆਦਿ ਜਾਨਵਰਾਂ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਵਿਲੱਖਣ ਜੀਵਾਂ ਦੀਆਂ ਪ੍ਰਜਾਤੀਆਂ ਮੌਜੂਦ ਹਨ। ਇੱਥੇ ਕੁੱਝ ਸਥਾਨ ਅਜਿਹੇ ਹਨ ਜੋ ਕਿ 30 ਸਾਲਾਂ ਤੋਂ ਵੀ ਵੱਧ ਪੁਰਾਣੇ ਹਨ ਅਤੇ ਨਵੀਂ ਉਸਾਰੀ ਮੰਗਦੇ ਹਨ। ਨਾਰਥ ਸ਼ੌਰ ਤੋਂ ਮੈਂਬਰ ਪਾਰਲੀਮੈਂਟ ਸ੍ਰੀਮਤੀ ਵਿਲਸਨ ਨੇ ਕਿਹਾ ਕਿ ਸਰਕਾਰ ਦਾ ਇਹ ਉਦਮ ਬਹੁਤ ਵਧੀਆ ਹੈ ਅਤੇ ਇਸ ਨਾਲ ਸਾਰੇ ਪਾਸੇ ਹੀ ਫਾਇਦਾ ਹੋਵੇਗਾ। ਆਉਣ ਵਾਲੇ ਕੁੱਝ ਮਹੀਨਿਆਂ ਅੰਦਰ ਹੀ ਇਹ ਪ੍ਰਾਜੈਕਟ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ 2023 ਤੱਕ ਇਸਨੂੰ ਪੂਰਾ ਕਰ ਦੇਣ ਦਾ ਟੀਚਾ ਰੱਖਿਆ ਜਾ ਰਿਹਾ ਹੈ।

Install Punjabi Akhbar App

Install
×