15 ਮਿਲੀਅਨ ਡਾਲਰਾਂ ਦੇ ਨਸ਼ੀਲੇ ਪਦਾਰਥ ਬਰਾਮਦ, 5 ਗ੍ਰਿਫ਼ਤਾਰ

ਪਾਪੂਆ ਨਿਊ ਗਿਨੀ ਤੋਂ ਇੱਕ ਛੋਟਾ ਜਹਾਜ਼ ਹਨੇਰੇ ਦੀ ਆੜ੍ਹ ਵਿੱਚ ਉਡਾਣ ਭਰਦਾ ਹੈ ਪਰੰਤੂ ਕੁਈਨਜ਼ਲੈਂਡ ਵਿੱਚ ਸੁਰੱਖਿਆ ਦਸਤਿਆਂ ਵੱਲੋਂ ਦਬੋਚ ਲਿਆ ਜਾਂਦਾ ਹੈ। ਤਲਾਸ਼ੀ ਲੈਣ ਤੇ ਉਸ ਵਿੱਚੋਂ 52 ਕਿਲੋਗ੍ਰਾਮ ਮੈਥਮਫੈਟਾਮਾਈਨ (ਨਸ਼ੀਲਾ ਪਦਾਰਥ) ਬਰਾਮਦ ਕੀਤਾ ਜਾਂਦਾ ਹੈ।
ਆਸਟ੍ਰੇਲੀਆਈ ਫੈਡਰਲ ਪੁਲਿਸ ਨੇ ਇੰਕਸ਼ਾਫ ਕਰਦਿਆਂ ਕਿਹਾ ਕਿ ਜਹਾਜ਼ ਦਾ ਪਾਇਲਟ ਜੋ ਕਿ 51 ਸਾਲਾਂ ਦਾ ਫੇਟਰੀ ਮੀਡੋਅ ਵਿਅਕਤੀ ਹੈ, ਸਹਾਇਕ ਪਾਇਲਟ (52 ਸਾਲਾਂ ਦਾ ਟਾਹਮੂਰ ਵਿਅਕਤੀ), ਦੋਹੇਂ ਜਣੇ ਇੱਕ 2 ਇੰਜਣ ਵਾਲੇ ਛੋਟੇ ਜਹਾਜ਼ ਨੂੰ ਸਿਡਨੀ ਦੇ ਦੱਖਣ-ਪੱਛਮੀ ਖੇਤਰ ਵਿਲਟਨ ਤੋਂ ਉਡਾ ਕੇ ਪਾਪੂਆ ਨਿਊ ਗਿਨੀ ਦੇ ਬੁਲੋਲੋ ਕਸਬੇ ਵਿੱਚ ਲੈ ਜਾਂਦੇ ਹਨ -ਜੋ ਕਿ ਪੋਰਟ ਮੋਰਸਬੇਅ ਤੋਂ 250 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ।
ਇੱਥੋਂ ਉਹ ਉਕਤ ਨਸ਼ੀਲਾ ਪਦਾਰਥ ਇਕੱਠਾ ਕਰਕੇ ਕੁਈਨਜ਼ਲੈਂਡ ਦੇ ਮੌਂਟੋ ਵਿਖੇ ਆ ਉਤਰਦੇ ਹਨ।
ਪੁਲਿਸ ਨੇ ਇਹ ਵੀ ਕਿਹਾ ਹੈ ਕਿ ਪਾਇਲਟ ਨੇ ਜਹਾਜ਼ ਨੂੰ ਕਾਨੂੰਨਾਂ ਦੇ ਖ਼ਿਲਾਫ਼ ਬਹੁਤ ਨੀਚੀ ਉਡਾਣ ਤੇ ਉਡਾਇਆ ਤਾਂ ਜੋ ਰਾਡਾਰ ਦੀ ਨਜ਼ਰ ਤੋਂ ਬਚਿਆ ਜਾ ਸਕੇ। ਪਰੰਤੂ ਸੁਰੱਖਿਆ ਦਸਤਿਆਂ ਦੀ ਮੁਸਤੈਦੀ ਕਾਰਨ ਜਹਾਜ਼ ਨੂੰ ਫੜ੍ਹ ਲਿਆ ਗਿਆ ਅਤੇ ਦੋਨੋਂ ਪਾਇਲਟਾਂ ਦੇ ਨਾਲ ਨਾਲ ਮੌਂਟੋ ਖੇਤਰ ਤੋਂ 3 ਜਣਿਆਂ ਨੂੰ ਹੋਰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।