14 ਫਰਵਰੀ –ਵੈਲੇਨਟਾਈਨ ਡੇਅ

‘ਪਿਆਰ ਦੇ ਤਿਉਹਾਰ’ ਵਜੋਂ ਹਰ ਸਾਲ ਸਮੁੱਚੇ ਵਿਸ਼ਵ ਵਿੱਚ 14 ਫਰਵਰੀ ਨੂੰ ‘ਵੈਲੇਨਟਾਈਨ ਡੇਅ’ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਅਤੇ ਇਸਨੂੰ ‘ਫੀਸਟ ਔਫ ਸੇਂਟ ਵੈਲਨਟਾਈਨ ਡੇਅ’ ਵੀ ਕਿਹਾ ਜਾਂਦਾ ਹੈ। ਵੈਲੇਨਟਾਈਨ ਡੇਅ ਨੂੰ ਮਨਾਉਣ ਦੀ ਸ਼ੁਰੂਆਤ ਰੋਮ ਤੋਂ ਹੋਈ ਅਤੇ ਇਸ ਦਿਨ ਲੋਕ ਆਪਣੇ ਚਾਹੁਣ ਵਾਲਿਆਂ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ।

ਵੈਲੇਨਟਾਈਨ ਡੇਅ ਦੇ ਇਤਿਹਾਸ ਸੰਬੰਧੀ ਲੋਕਾਂ ਵਿੱਚ ਕਈ ਤਰ੍ਹਾਂ ਦੀਆਂ ਦਿਲਚਸਪ ਅਤੇ ਦੁਖਾਂਤ ਭਰਪੂਰ ਕਹਾਣੀਆਂ ਪ੍ਰਚੱਲਿਤ ਹਨ ਪਰੰਤੂ ਜੋ ਜ਼ਿਆਦਾ ਕਹੀ ਜਾਂਦੀ ਹੈ ਉਸ ਅਨੁਸਾਰ 14 ਫ਼ਰਵਰੀ ਸੰਨ 269 ਦੇ ਦਿਨ ਰੋਮ ਦੇ ਰਾਜੇ ਕਲੌਡੀਅਸ-2 ਨੇ ਪਾਦਰੀ ਵੈਲੇਨਟਾਈਨ ਨੂੰ ਮੌਤ ਦੀ ਸਜ਼ਾ ਦਿੱਤੀ। ‘ਔਰੀਆ ਔਫ ਜੈਕੋਬਸ ਡੀ ਵਾਰਾਜਿਨ’ ਨਾਮ ਦੀ ਕਿਤਾਬ ਵਿੱਚ ਵੀ ਵੈਲੇਨਟਾਈਨ ਦਾ ਜਿਕਰ ਮਿਲਦਾ ਹੈ। ਵੈਲੇਨਟਾਈਨ ਦੇ ਮਰਨ ਮਗਰੋਂ ਉਸ ਨੂੰ ‘ਸੇਂਟ’ ਭਾਵ ਸੰਤ ਦਾ ਰੁਤਬਾ ਦਿੱਤਾ ਗਿਆ। 

ਤੀਜੀ ਸਦੀ ਦੌਰਾਨ ਰੋਮ ਦਾ ਰਾਜਾ ਕਲੌਡੀਅਸ-2 ਇੱਕ ਵੱਡੀ ਫ਼ੌਜ ਬਣਾਉਣੀ ਚਾਹੁੰਦਾ ਸੀ ਅਤੇ ਉਸਦੀ ਫਿਲਾਸਫੀ ਸੀ ਕਿ ਵਿਆਹ ਕਰਨ ਨਾਲ ਵਿਅਕਤੀ ਦੀ ਸਰੀਰਕ ਸ਼ਕਤੀ ਅਤੇ ਵਿਵੇਕ ਘੱਟ ਜਾਂਦਾ ਹੈ। ਰਾਜੇ ਕਲੌਡੀਅਸ ਦਾ ਖ਼ਿਆਲ ਸੀ ਕਿ ਲੋਕ ਆਪਣੀਆਂ ਬੀਵੀਆਂ ਅਤੇ ਪਰਿਵਾਰ ਨਾਲ ਮੋਹ ਹੋਣ ਕਰ ਕੇ ਫ਼ੌਜ ਵਿੱਚ ਭਰਤੀ ਨਹੀਂ ਹੁੰਦੇ ਅਤੇ ਭਰਤੀ ਹੋਏ ਸੈਨਿਕ ਆਪਣੇ ਪਰਿਵਾਰਾਂ ਦੇ ਮੋਹ ਵਿੱਚ ਫਸੇ ਰਹਿੰਦੇ ਹਨ। ਇਸ ਲਈ ਉਸ ਨੇ ਵਿਆਹ ਅਤੇ ਮੰਗਣੀਆਂ ‘ਤੇ ਪਾਬੰਦੀ ਲਗਾ ਦਿੱਤੀ। ਲੋਕਾਂ ਵਿੱਚ ਇਸ ਹੁਕਮ ਪ੍ਰਤੀ ਰੋਹ ਸੀ ਪਰੰਤੂ ਇਸ ਹੁਕਮ ਦੀ ਪਾਲਨਾ ਨਾ ਕਰਨ ਵਾਲੇ ਜੋੜੇ ਅਤੇ ਵਿਆਹ ਕਰਵਾਉਣ ਵਾਲੇ ਪਾਦਰੀ ਨੂੰ ਫ਼ਾਂਸੀ ਤੇ ਚੜ੍ਹਾ ਦਿੱਤਾ ਜਾਂਦਾ ਸੀ।

ਪਾਦਰੀ ਵੈਲੇਨਟਾਈਨ ਇਸ ਨੂੰ ਬੇਇਨਸਾਫ਼ੀ ਸਮਝਦਾ ਸੀ ਅਤੇ ਇਸੇ ਕਰਕੇ ਉਸ ਨੇ ਚੋਰੀ ਚੋਰੀ ਵਿਆਹ ਕਰਨੇ ਜਾਰੀ ਰੱਖੇ। ਅਖ਼ੀਰ ਇਸ ਦਾ ਰਾਜ਼ ਖੁੱਲ੍ਹ ਗਿਆ ਅਤੇ ਵੈਲਨਟਾਈਨ ਨੂੰ ਗਿ੍ਫ਼ਤਾਰ ਕਰ ਕੇ ਉਸ ਨੂੰ ਸਜ਼ਾ-ਏ-ਮੌਤ ਦਿੱਤੀ ਗਈ। ਲੋਕ ਕਥਾ ਅਨੁਸਾਰ, ਵੈਲੇਨਟਾਈਨ ਨੇ ਜੇਲ੍ਹ ਦੇ ਸਮੇਂ ਜੇਲਰ ਦੀ ਬੇਟੀ ਦਾ ਇਲਾਜ ਕਰ ਕੇ ਉਸ ਦੀ ਬਿਮਾਰੀ ਨੂੰ ਠੀਕ ਕਰ ਦਿੱਤਾ। ਜਦ ਉਹ ਜੇਲ ਵਿੱਚ ਸੀ ਤਾਂ ਇਸ ਦੌਰਾਨ ਜੇਲਰ ਦੀ ਕੁੜੀ ਨੂੰ ਉਸ ਨਾਲ ਪਿਆਰ ਹੋ ਗਿਆ। ਮਾਰੇ ਜਾਣ ਤੋਂ ਪਹਿਲਾਂ ਵੈਲੇਨਟਾਈਨ ਨੇ ਉਸ ਕੁੜੀ ਨੂੰ ਇੱਕ ਰੁੱਕਾ ਲਿਖਿਆ ਜਿਸ ‘ਤੇ ਲਿਖਿਆ ਸੀ ‘From your Valentine (ਤੇਰੇ ਵੈਲੇਨਟਾਈਨ ਤਰਫ਼ੋਂ)’।

ਇਸ ਦਿਨ ਲੋਕ ਆਪਣੇ ਕਰੀਬੀਆਂ ਨੂੰ ਤੋਹਫ਼ੇ, ਚੌਕਲੇਟ, ਗ੍ਰੀਟਿੰਗ ਕਾਰਡ ਆਦਿ ਦੇਣਾ ਬਹੁਤ ਪਸੰਦ ਕਰਦੇ ਹਨ।ਕਿਹਾ ਜਾਂਦਾ ਹੈ ਕਿ ਕਾਰਡ ਦਾ ਪ੍ਰਚਲਨ ਸਭ ਤੋਂ ਪਹਿਲਾਂ 1915 ਵਿੱਚ ਉਸ ਵੇਲੇ ਸ਼ੁਰੂ ਹੋਇਆ ਜਦੋਂ ਇੰਗਲੈਂਡ ਦੇ ਰਾਜਕੁਮਾਰ ਨੇ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਆਪਣੀ ਪ੍ਰੇਮਿਕਾ ਨੂੰ ਇਸ ਦਿਨ ਕਾਰਡ ਭੇਜਿਆ। ਇਹ ਕਾਰਡ ਅੱਜ ਵੀ ਫਰਾਂਸ ਦੇ ਮਿਊਜ਼ੀਅਮ ਵਿੱਚ ਸੁਰੱਖਿਅਤ ਪਿਆ ਹੈ।

ਪਿਆਰ ਕੁਦਰਤ ਤਰਫ਼ੋਂ ਬਖਸ਼ਿਆ ਖੁਸ਼ਨੁਮਾ ਅਤੇ ਸਿਹਤਮੰਦ ਅਨੁਭਵ ਹੈ ਅਤੇ  ਪਿਆਰ ਸ਼ਬਦ ਹੀ ਆਪਣੇ ਆਪ ਵਿੱਚ ਸੰਪੂਰਨਤਾ ਸਮੋਈ ਬੈਠਾ ਹੈ। ਪਿਆਰ ਦੀ ਸਾਰਥਕਤਾ ਅਤੇ ਮਹੱਤਤਾ ਦਾ ਖੇਤਰ ਬਹੁਤ ਵਿਸ਼ਾਲ ਹੈ।  ਸਾਡੇ ਸਮਾਜ ਦਾ ਦੁਖਾਂਤ ਹੈ ਕਿ ਵੈਲੇਨਟਾਈਨ ਡੇਅ ਸੰਬੰਧੀ ਬਹੁਤ ਭੰਡੀ ਅਤੇ ਕੂੜ ਪਰਚਾਰ ਕੀਤਾ ਜਾਂਦਾ ਹੈ। ਇਸਦੀ ਵਿਆਖਿਆ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ। ਪਿਆਰ ਗਲਤ ਨਹੀਂ ਹੈ, ਪਿਆਰ ਦਾ ਇਜ਼ਹਾਰ ਸਾਫ਼ ਸੁਥਰਾ ਅਤੇ ਪਾਕ ਹੋਣਾ ਚਾਹੀਦਾ ਹੈ। ਇਸ ਨੂੰ ਅਸ਼ਲੀਲਤਾ ਅਤੇ ਲੱਚਰਤਾ ਤੋਂ ਵੱਖ ਕਰਕੇ ਦੇਖਣ ਦੀ ਲੋੜ ਹੈ। ਪਿਆਰ ਸਮੱਰਪਣ ਦੀ ਅਵਸਥਾ ਹੈ ਜੋ ਕਿ ਇਨਸਾਨੀਅਤ ਲਈ ਜ਼ਰੂਰੀ ਹੈ।

(ਗੋਬਿੰਦਰ ਸਿੰਘ ਢੀਂਡਸਾ) bardwal.gobinder@gmail.com

Install Punjabi Akhbar App

Install
×