ਬੀਤੀ ਰਾਤ ਜਲੰਧਰ ਦੂਰਦਰਸ਼ਨ ਦੇ ਵਿਚ 12ਵਾਂ ਮਿਸ ਵਰਲਡ ਪੰਜਾਬਣ ਮੁਕਾਬਲਾ ਕਰਵਾਇਆ ਗਿਆ। ਨਿਊਜ਼ੀਲੈਂਡ ਤੋਂ ਗਈ ਪੰਜਾਬੀ ਕੁੜੀ ਗਗਨਦੀਪ ਰੰਧਾਵਾ ਨੂੰ ਇਸ ਮੁਕਾਬਲੇ ਵਿਚ ‘ਮਿਸ ਐਨ. ਆਰ.ਆਈ.’ ਦਾ ਖਿਤਾਬ ਦੇ ਕੇ ਨਿਵਾਜਿਆ ਗਿਆ। ਫਾਈਨਲ ਦੌਰ ਦੇ ਵਿਚ ਪੁੱਜੀਆਂ ਕੁੜੀਆਂ ਨਿਊਜ਼ੀਲੈਂਡ ਤੋਂ ਇਲਾਵਾ ਆਸਟਰੇਲੀਆ, ਛਤੀਸਗੜ੍ਹ, ਚੰਡੀਗੜ੍ਹ, ਕੈਨੇਡਾ, ਦੁਬਈ, ਦਿੱਲੀ, ਲੰਡਨ ਅਤੇ ਪੰਜਾਬ ਦੇ ਕਈ ਸ਼ਹਿਰਾਂ ਤੋਂ ਪੁੱਜੀਆਂ ਸਨ। ਅੰਤਿਮ ਮੁਕਾਬਲੇ ਦੇ ਵਿਚ ਗਗਨਦੀਪ ਕੌਰ ਰੰਧਾਵਾ ਨੂੰ ਤੀਜਾ ਸਥਾਨ ਪ੍ਰਾਪਤ ਹੋਇਆ ਹੈ।
ਇਸ ਵਾਰ ਪ੍ਰਬੰਧਕਾਂ ਵੱਲੋਂ ਖਿਤਾਬਾਂ ਦੇ ਵਿਚ ਕੁਝ ਫੇਰ ਬਦਲ ਕਰਦਿਆਂ ਪਹਿਲੇ ਨੰਬਰ ਉਤੇ ਰਹਿਣ ਵਾਲੀ ਕੁੜੀ ਅੰਮ੍ਰਿਤਸਰ ਦੀ ਮਨਪ੍ਰੀਤ ਸੱਗੂ ਨੂੰ ‘ਮਿਸ ਵਰਲਡ ਪੰਜਾਬਣ’ ਦਾ ਖਿਤਾਬ ਦਿੱਤਾ ਗਿਆ, ਦੂਜੇ ਨੰਬਰ ‘ਤੇ ਰਹਿਣ ਵਾਲੀ ਬਠਿੰਡਾ ਦੀ ਹਰਭਵਰੀਤ ਦਾਂਢੀਵਾਲ ਨੂੰ ‘ਮਿਸ ਇੰਡੀਆ ਪੰਜਾਬਣ’ ਦਾ ਨਾਂਅ ਦਿੱਤਾ ਗਿਆ ਤੇ ਤੀਜੇ ਨੰਬਰ ‘ਤੇ ਰਹਿਣ ਵਾਲੀ ਨਿਊਜ਼ੀਲੈਂਡ ਦੀ ਮਿਸ ਗਗਨਦੀਪ ਕੌਰ ਰੰਧਾਵਾ ਨੂੰ ‘ਮਿਸ ਐਨ. ਆਰ. ਆਈ.’ ਦਾ ਖਿਤਾਬ ਦਿੱਤਾ ਗਿਆ। ਇਸ ਸਾਰੇ ਪ੍ਰੋਗਰਾਮ ਨੂੰ ਦੁਬਾਰਾ ਡੀ. ਡੀ. ਪੰਜਾਬੀ ਉਤੇ ਵਿਖਾਇਆ ਜਾਵੇਗਾ।
ਵਰਨਣਯੋਗ ਹੈ ਕਿ 22 ਸਾਲਾ ਗਗਨਦੀਪ ਕੌਰ ਰੰਧਾਵਾ ਇਥੇ ਇਕ ਵੱਡੀ ਤੇਲ ਵਿਤਰਕ ਕੰਪਨੀ ਦੇ ਵਿਚ ਬਤੌਰ ਸਹਾਇਕ ਮੈਨੇਜਰ ਦੇ ਤੌਰ ‘ਤੇ ਕੰਮ ਕਰਦੀ ਹੈ ਅਤੇ ਉਸਨੇ ਬਿਜਨਸ ਮੈਨੇਜਮੈਂਟ ਦੇ ਵਿਚ ਲੈਵਲ 6 ਦੀ ਪੜ੍ਹਾਈ ਕੀਤੀ ਹੋਈ ਹੈ। ਪਿਤਾ ਸ. ਸਤਨਾਮ ਸਿੰਘ ਅਤੇ ਮਾਤਾ ਸੁਰਜੀਤ ਕੌਰ ਦੀ ਇਹ ਹੋਣਹਾਰ ਧੀ ਜੁਲਾਈ 2012 ਦੇ ਵਿਚ ਪਿੰਡ ਚੱਕ ਸ਼ਕੂਰ (ਭੋਗਪੁਰ) ਤੋਂ ਇਥੇ ਪੜ੍ਹਨ ਆਈ ਸੀ ਅਤੇ ਲਗਾਤਾਰ ਆਪਣੀ ਸਫਲਤਾ ਵੱਲ ਵੱਧ ਰਹੀ ਹੈ। ਗਿੱਧੇ, ਭੰਗੜੇ, ਪੰਜਾਬੀ ਪਹਿਰਾਵੇ ਅਤੇ ਸਮਾਜਿਕ ਸੇਧ ਦਿੰਦੀਆਂ ਕਵਿਤਾਵਾਂ ਦੇ ਮਗਰ ਦੌੜਦੀ ਇਹ ਕੁੜੀ ਹਸਮੁੱਖ ਤੇ ਮਿਲਾਪੜੇ ਸੁਭਾਅ ਦੀ ਮਾਲਕ ਹੈ।