
ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ, ਖ਼ਜ਼ਾਨਾ ਮੰਤਰੀ ਸ੍ਰੀ ਡੋਮਿਨਿਕ ਪੈਰੋਟੈਟ ਅਤੇ ਸਿੱਖਿਆ ਮੰਤਰੀ ਸਾਰਾਹ ਮਿਸ਼ੈਲ ਨੇ ਸਾਂਝੇ ਤੌਰ ਤੇ ਜਾਰੀ ਇੱਕ ਬਿਆਨ ਰਾਹੀਂ ਦਰਸਾਇਆ ਹੈ ਕਿ ਨਿਊ ਸਾਊਥ ਵੇਲਜ਼ ਸਰਕਾਰ ਨੇ ਕੰਮਿਊਨਿਟੀ ਅਤੇ ਮੋਬਾਇਲ ਪ੍ਰੀ-ਸਕੂਲ ਲਈ ਸਾਲ 2021 ਦੌਰਾਨ ਮੁਫਤ ਸਿੱਖਿਆ ਦਾ ਐਲਾਨ ਕੀਤਾ ਹੈ ਅਤੇ ਇਸ ਵਾਸਤੇ 120 ਮਿਲੀਅਨ ਡਾਲਰਾਂ ਦਾ ਫੰਡ ਵੀ ਮੁਹੱਈਆ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ 44,000 ਤੋਂ ਵੀ ਜ਼ਿਆਦਾ ਬੱਚੇ ਜਿਨ੍ਹਾਂ ਦੀ ਉਮਰ 3 ਤੋਂ 5 ਸਾਲ ਹੈ, ਇਸ ਸਹੂਲਤ ਰਾਹੀਂ ਸਿੱਖਿਆ ਦੇ ਖੇਤਰ ਵਿੱਚ ਆਪਣੇ ਪੈਰ ਰੱਖ ਸਕਣਗੇ। ਪ੍ਰੀਮੀਅਰ ਨੇ ਕਿਹਾ ਕਿ ਜਦੋਂ ਦੀ ਕਰੋਨਾ ਬਿਮਾਰੀ ਦਾ ਚੱਕਰ ਸ਼ੁਰੂ ਹੋਇਆ ਹੈ ਵੈਸੇ ਤਾਂ ਸਰਕਾਰ ਉਦੋਂ ਤੋਂ ਹੀ ਅਜਿਹੇ ਮਾਪਿਆਂ ਦੀ ਸਹਾਇਤਾ ਕਰਦੀ ਰਹੀ ਹੈ ਪਰੰਤੂ ਹੁਣ ਆਹ ਬਜਟ ਉਨ੍ਹਾਂ ਮਾਪਿਆਂ ਦੀ ਜੇਬ੍ਹ ਉਪਰ ਪੈ ਰਹੇ ਖਰਚੇ ਨੂੰ ਹੋਰ ਵੀ ਘੱਟ ਕਰ ਦੇਵੇਗਾ। ਇਸ ਨਾਲ ਪਰਵਾਰਾਂ ਵਿੱਚ ਘੱਟੋ ਘੱਟ 2,000 ਡਾਲਰ ਸਾਲਾਨਾ ਦੀ ਬਚਤ ਹੋਵੇਗੀ ਅਤੇ ਘੱਟੋ ਘੱਟ 7,400 ਇਸ ਖੇਤਰ ਦੇ ਮਾਹਿਰ ਅਧਿਆਪਕਾਂ ਨੂੰ ਵੀ ਇਸ ਦਾ ਲਾਭ ਮਿਲੇਗਾ। ਇਸ ਦਾ ਸਿੱਧਾ ਲਾਭ ਸਰਕਾਰ ਦੀ ਸਹਾਇਤਾ ਨਾਲ ਚੱਲ ਰਹੇ 700 ਸਕੂਲਾਂ ਅਤੇ 38 ਮੋਬਿਾਇਲ ਪ੍ਰੀ-ਸਕੂਲਾਂ ਨੂੰ ਹੋਵੇਗਾ।