ਕੈਂਸਰ ਰੋਕੋ ਸੁਸਾਇਟੀ ਨੇ ਪੜ੍ਹਾਈ ਲਈ ਗੋਦ ਲਏ ਬੱਚਿਆਂ ਨੂੰ 10-10 ਹਜਾਰ ਰੁਪਏ ਦਿੱਤੇ ਇਨਾਮ

ਫਰੀਦਕੋਟ :- ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵਲੋਂ ਕੈਂਸਰ ਪੀੜਤ ਅਤੇ ਹੋਰ ਲੋੜਵੰਦ ਪਰਿਵਾਰਾਂ ਦੇ 25 ਬੱਚਿਆਂ ਨੂੰ ਸਾਲ 2014 ਤੋਂ ਲੈ ਹੁਣ ਤੱਕ ਪੜ੍ਹਾਈ ਲਈ ਗੋਦ ਲਿਆ ਗਿਆ ਹੈ, ਜਿੰਨ੍ਹਾਂ ਨੂੰ ਛਿਮਾਹੀ ਫੀਸਾਂ, ਵਰਦੀਆਂ, ਸਟੇਸ਼ਨਰੀ ਆਦਿ ਦੀ ਸੇਵਾ ਦਿੱਤੀ ਜਾਂਦੀ ਹੈ। ਉਹਨਾਂ ਬੱਚਿਆਂ ‘ਚੋਂ ਪੜ੍ਹਾਈ ‘ਚ ਵਧੀਆ ਪੁਜ਼ੀਸ਼ਨਾਂ ਲੈਣ ਵਾਲੇ ਬੱਚਿਆਂ ਨੂੰ ਇਨਾਮ ਦੇ ਤੌਰ ‘ਤੇ ਨਕਦ ਰਾਸ਼ੀ ਅਤੇ ਬਾਕੀ ਬੱਚਿਆਂ ਨੂੰ ਫੀਸਾਂ, ਵਰਦੀਆਂ ਅਤੇ ਸਟੇਸ਼ਨਰੀ ਦਿੱਤੀ ਗਈ। ਇਸ ਮੌਕੇ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਦੱਸਿਆ ਕਿ 2014 ‘ਚ ਸੁਸਾਇਟੀ ਨੇ ਤਿੰਨ ਬੱਚਿਆਂ ਨੂੰ ਪੜ੍ਹਾਈ ਲਈ ਗੋਦ ਲਿਆ ਸੀ, ਮੌਜੂਦਾ ਸਮੇਂ 25 ਦੇ ਲਗਭਗ ਬੱਚਿਆਂ ਨੂੰ ਦਾਨੀ ਵੀਰ/ਭੈਣਾਂ ਦੇ ਸਹਿਯੋਗ ਨਾਲ ਪੜ੍ਹਾਈ ਲਈ ਸਹਾਇਤਾ ਦਿੱਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਤਿੰਨ ਪੜਾਈ ‘ਚ ਹੁਸ਼ਿਆਰ ਬੱਚੀਆਂ ਜੋ ਕੋਟਕਪੂਰਾ, ਜੀਰਾ ਅਤੇ ਬਾਘਾਪੁਰਾਣਾ ਇਲਾਕਿਆਂ ਨਾਲ ਸਬੰਧਤ ਹਨ, ਨੂੰ ਸੁਸਾਇਟੀ ਵੱਲੋਂ ਇਨਾਮ ਦੇ ਤੌਰ ‘ਤੇ 10-10 ਹਜਾਰ ਰੁਪਏ ਇਨਾਮ ਦੇ ਕੇ ਹੌਂਸਲਾ ਅਫਜ਼ਾਈ ਕੀਤੀ ਗਈ। ਕਾਰਜਕਾਰੀ ਪ੍ਰਧਾਨ ਮੱਘਰ ਸਿੰਘ ਨੇ ਸੁਸਾਇਟੀ ਦਾ ਸਹਿਯੋਗ ਕਰਨ ਵਾਲੇ ਦਾਨੀ ਵੀਰ/ਭੈਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਵਿਧਾਇਕ ਅਤੇ ਹਰਵਿੰਦਰ ਸਿੰਘ ਮਰਵਾਹ ਨੇ ਕਿਹਾ ਕਿ ਮਰੀਜਾਂ ਦੀ ਸੇਵਾ ਦੇ ਨਾਲ ਨਾਲ ਬੱਚਿਆਂ ਨੂੰ ਮੁਫਤ ਕੰਪਿਊਟਰ ਸਿੱਖਿਆ, ਸਕੂਲਾਂ ‘ਚ ਜਾਗਰੂਕਤਾ ਸੈਮੀਨਾਰ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਕਾਰਜਾਂ ਤੋਂ ਇਲਾਵਾ ਮਰੀਜ਼ਾਂ ਦੇ ਹੱਕਾਂ ਲਈ ਸੰਘਰਸ਼ ਵੀ ਜਾਰੀ ਹੈ। ਇਸ ਸਮੇਂ ਰਾਜਿੰਦਰ ਸਿੰਘ ਬਰਾੜ, ਇੰਸ. ਹਰੀਸ਼ ਵਰਮਾ, ਜਗਤਾਰ ਸਿੰਘ ਗਿੱਲ, ਅੰਤਰਰਾਸ਼ਟਰੀ ਹਾਕੀ ਕੋਚ ਹਰਬੰਸ ਸਿੰਘ, ਮਨਪ੍ਰੀਤ ਸਿੰਘ ਧਾਲੀਵਾਲ, ਗੁਰਮੀਤ ਸਿੰਘ ਸੰਧੂ , ਗਮਦੂਰ ਸਿੰਘ ਬਰਾੜ, ਜਗਸੀਰ ਸਿੰਘ ਸੰਧਵਾਂ, ਰਵਿੰਦਰ ਸਿੰਘ ਬੁਗਰਾ, ਬਲਵਿੰਦਰ ਸਿੰਘ ਸੰਧੂ, ਗੁਰਨਾਮ ਸਿੰਘ ਬਰਾੜ ਘਣੀਆਂ, ਇੰਜ. ਵਿਜੇਂਦਰ ਵਿਨਾਇਕ ਆਦਿ ਵੀ ਹਾਜਰ ਸਨ।

Install Punjabi Akhbar App

Install
×