ਹਜਾਰ ਮਣਕੇ ਦੀ ਮਾਲਾ ਦਾ ਸਿਮਰਨ…

amarjeet dhillon bajakhana 10001 manke di malaaa

1967-68 ਦੀ ਗੱਲ ਹੈ ਜਦ ਮੈਂ ਅਠਵੀਂ ਕਲਾਸ ਦਾ ਵਿਦਿਆਰਥੀ ਸੀ। 1966 (ਛੇਵੀਂ ਕਲਾਸ) ਤੋਂ ਮੈਂ ਸੰਤ ਦਰਬਾਰੀ ਦਾਸ ਦੇ ਡੇਰੇ ਲੋਪੋ ਜਿਲ੍ਹਾ ਫਿਰੋਜਪੁਰ (ਹੁਣ ਮੋਗਾ) ਵਿਖੇ ਰਹਿ ਰਿਹਾ ਸੀ। ਮਨ ਵਿਚ ਸੰਤ ਬਨਣ ਤੋਂ ਬਿਨਾ ਹੋਰ ਕੋਈ ਇੱਛਾ ਨਹੀਂ ਸੀ। ਆਪਣੇ ਜਨਮ ਅਸਥਾਨ ਪਿੰਡ ਦਬੜ੍ਹੀਖਾਨਾ ਵਿਖੇ ਵੀ ਮੈਂ ਬਚਪਨ ਤੋਂ ਹੀ ਗੁਰਦਵਾਰੇ ਜਾ ਰਿਹਾ ਸਾਂ। ਦੂਜੀ ਕਲਾਸ ਵਿਚ ਜਪੁਜੀ ਸਾਹਿਬ ਅਤੇ ਰਹਿਰਾਸ ਦਾ ਪਾਠ ਸੁਬ੍ਹਾ ਸ਼ਾਮ ਪੜ੍ਹਦਾ ਸੀ ਅਤੇ ਪਿੰਡ ‘ਚੋਂ ਗੁਰਦਵਾਰੇ ਦੇ ਮਹੰਤ ਹਰਨਾਮ ਸਿੰਘ ਨਹਿੰਗ ਲਈ ਗਜ਼ਾ ਵੀ ਕਰਕੇ ਲਿਆਉਂਦਾ। ਮੈਂ ਅਤੇ ਜੁਲਾਹਿਆਂ ਦਾ ਦਿਆਲਾ ਨਹਿੰਗ ਦੀ ਘੋੜੀ ਲਈ ਪੱਠੇ ਵੀ ਵੱਢ ਕੇ ਲਿਆਉਂਦੇ। ਪਿੰਡ ‘ਚ ਪੰਜਵੀਂ ਪਾਸ ਕਰਕੇ ਨੇੜਲੇ ਪਿੰਡ ਜੀਦਾ ਦੇ ਹਾਈ ਸਕੂਲ ਵਿਚ ਤਿੰਨ ਕੁ ਮਹੀਨੇ ਲਾਏ। ਜੂਨ ਜੁਲਾਈ ਦੀਆਂ ਦੋ ਮਹੀਨੇ ਦੀਆਂ ਛੁੱਟੀਆਂ ਵਿਚ ਲੋਪਾ ਸੰਤਾਂ ਦੇ ਸੇਵਾਦਾਰਾਂ ਨਾਲ ਐਸਾ ਲੋਪੋ ਡੇਰੇ ਗਿਆ ਕਿ ਫਿਰ 1971 (ਦਸਵੀਂ ਦੇ ਪੇਪਰ ਦੇ ਕੇ) ਵਿਚ ਹੀ ਵਾਪਸ ਆਇਆ। ਮੇਰੇ ਨਾਲ ਹੀ ਨਵਾਂ ਸ਼ਹਿਰ ਤੋਂ ਇਕ ਜੁਲਾਹਿਆਂ ਦਾ ਮੁੰਡਾ ਤਰਸੇਮ ਲਾਲ ਪਾਠ ਕਰਦਾ ਹੁੰਦਾ ਜੋ ਐਫ ਏ ਪਾਸ ਸੀ। ੳਹ ਮੈਥੋਂ 8-9 ਸਾਲ ਵੱਡਾ ਸੀ। ਇਕ ਦਿਨ ਉਸਨੇ ਕਿਹਾ ਕਿ ਉਸਨੂੰ ਇਕ ਅਦਭੁਤ ਗਰੰਥ ‘ਮੁਕਤੀ ਮਾਰਗ’ ਮਿਲ ਗਿਆ ਹੈ ਜਿਸ ਵਿਚ ਗੁਰਬਾਣੀ ਦੇ ਸ਼ਬਦ ਸਿੱਧ ਕਰਨ ਦੀਆਂ ਵਿਧੀਆਂ ਦੱਸੀਆਂ ਹੋਈਆਂ ਹਨ।

ਜਪੁਜੀ ਸਾਹਿਬ ਦੀ ਇਕ ਪੌੜੀ ਸੀ ਜਿਸਨੂੰ ਸਿੱਧ ਕਰਨ ਨਾਲ ਭੁੱਖ ਲਗਣੋਂ ਹਟ ਜਾਂਦੀ ਸੀ। ਇਕ ਨਾਲ ਨੀਂਦ ਆਉਣੋ ਹੱਟ ਜਾਂਦੀ ਸੀ। ਕਬੀਰ ਦਾ ਇਕ ਕਾਫੀ ਲੰਮਾ ਸ਼ਬਦ ਸੀ ਜਿਸਨੂੰ ਸਿੱਧ ਕਰਕੇ ਬੰਦਾ ਕਿਤੇ ਵੀ ਉਡ ਕੇ ਜਾ ਸਕਦਾ ਸੀ। ਇਸ ਸ਼ਬਦ ਦੀ ਪਹਿਲੀ ਲਾਈਨ ਸੀ ‘ਮਨ ਮਾਇਆ ਮਨ ਧਾਇਆ ਮਨ ਪੰਖੀ ਆਕਾਸ਼’। ਇਸ ਦਾ ਸਵਾ ਲੱਖ ਵਾਰ ਸਿਮਰਨ ਨਦੀ ਕਿਨਾਰੇ ਅਤੇ ਕਿਸੇ ਗੁਫ਼ਾ ਵਿਚ ਕਰਨਾ ਸੀ। ਅਸੀਂ ਇਹ ਸ਼ਬਦ ਸਿਧ ਕਰਨ ਦੀ ਧਾਰ ਲਈ। ਸਵਾ ਲੱਖ ਦੀ ਗਿਣਤੀ ਕਰਨ ਖਾਤਿਰ ਅਸੀਂ ਮੋਰ ਪੰਖ ਦੀਆਂ ਡੋਡੀਆਂ ਤੋੜੀਆਂ ਅਤੇ ਉਸਦੀਆਂ ਦੋ ਮਾਲਾਵਾਂ 1001 ਮਣਕੇ ਵਾਲੀਆਂ ਬਣਾ ਲਈਆਂ। ਦਸ ਹਜਾਰ ਪਾਠ ਰੋਜ ਕਰਨਾ ਸੀ। ਅਸੀਂ ਸੁਬ੍ਹਾ ਦੋ ਵਜੇ ਨਹਾ ਕੇ ਡੇਰੇ ਦੇ ਦਖਣ ਵਾਲੇ ਗੇਟ (ਜੋ ਅਜੇ ਵੀ ਹੈ) ਉਪਰ ਜਾ ਬੈਠਦੇ ਅਤੇ ਮੂੰਹ ‘ਚ ਚੁਪਚਾਪ ਜਾਪ ਸ਼ੁਰੂ ਕਰ ਦਿੰਦੇ। ਚਾਰ ਕੁ ਵਜੇ ਤਕ ਅਸੀਂ ਆਪਣਾ ਕੰਮ ਮੁਕਾ ਲੈਂਦੇ। ਫਿਰ ਆ ਕੇ ਨਿਤਨੇਮ (ਜਪੁਜੀ, ਆਸਾ ਦੀ ਵਾਰ, ਸੁਖਮਨੀ ਆਦਿ) ਵੀ ਸਪੀਕਰ ‘ਚ ਕਰਨਾ ਹੁੰਦਾ ਸੀ। ਫਿਰ ਅੱਠ ਵਜੇ ਸਵਾ ਕਿਲੋ ਘਿਓ ਦੀ ਦੇਗ ਕਰਨ ਦੀ ਡਿਉਟੀ ਵੀ ਮੇਰੀ ਸੀ। ਅਰਦਾਸ ਕਰਕੇ ਦੇਗ ਵੰਡ ਕੇ ਹਟਦਾ ਤਾਂ ਉਦੋਂ ਨੂੰ ਸਕੂਲ ਦੀ ਘੰਟੀ ਵੱਜ ਜਾਂਦੀ ਅਤੇ ਬਸਤਾ ਚੁੱਕ ਕੇ ਸਕੂਲ ਭੱਜ ਜਾਂਦਾ। ਸਕੂਲ ‘ਚ ਚੁਪਚਾਪ ਸੁਖਮਨੀ ਸਾਹਿਬ ਦਾ ਪਾਠ 14 ਵਾਰ ਕਰਦਾ। ਗਰੰਥ ਸਾਹਿਬ ਦੇ 18 ਸਫੇ ਦਾ ਇਹ ਪਾਠ ਮੈਂ ਮੂੰਹ ਜ਼ੁਬਾਨੀ 35 ਮਿੰਟ ਵਿਚ ਕਰ ਦਿੰਦਾ ਸੀ। ਇਹਦੇ ਵਾਰੇ ਮਿਥ ਇਹ ਸੀ ਕਿ ਰੋਜ 14 ਵਾਰ ਸੁਖਮਨੀ ਸਾਹਿਬ ਦਾ ਪਾਠ ਇਕ ਸਾਲ ਕਰਨ ਨਾਲ ਗੁਰੂ ਗੁਬਿੰਦ ਸਿੰਘ ਦੇ ਦਰਸ਼ਨ ਹੋ ਜਾਂਦੇ ਹਨ। ਪੜ੍ਹਾਈ ਵਲੋਂ ਬੇਧਿਆਨੀ ਹੋ ਜਾਣ ਕਾਰਨ ਕੁੱਟ ਰੋਜ ਹੀ ਪੈਂਦੀ ਸੀ, ਮਾਸਟਰ ਕਹਿੰਦੇ ਓਇ ਡੇਰੇ ਵਾਲਿਆ ਤੇਰਾ ਧਿਆਨ ਕਿਧਰ ਹੈ।

ਖੈਰ ਜੀ ਗੱਲ ਹਜਾਰ ਮਣਕੇ ਦੀ ਮਾਲਾ ਦੀ ਸੀ। ਉਹ ਸ਼ਬਦ ਅਸੀਂ ਸਿੱਧ ਕਰ ਲਿਆ ਭਾਵ ਜਿਵੇਂ ਗਰੰਥ ਵਿਚ ਲਿਖਿਆ ਸੀ ਉਸੇ ਤਰ੍ਹਾਂ ਅਸੀਂ ਉਸ ਦਾ ਜਾਪ ਕਰ ਲਿਆ ਸੀ। ਹੁਣ ਤਾਂ ਸਾਡੀ ਉਡਣ ਦੀ ਵਾਰੀ ਸੀ। ਤਰਸੇਮ ਲਾਲ ਕਹਿਣ ਲੱਗਾ ਮੈਂ ਤਾਂ ਧਰੂੰ ਭਗਤ (ਧਰੁਵ ਤਾਰਾ) ਕੋਲ ਚਲਿਆਂ। ਕੱਲ੍ਹ ਨੂੰ ਵਾਪਸ ਆਵਾਂਗਾ। ਮੈਂ ਕਿਹਾ ਮੈਂ ਤਾਂ ਦਬੜ੍ਹੀਖਾਨੇ ਹੀ ਜਾਨੈ, ਜਲਦੀ ਵਾਪਸ ਆ ਜਾਊਂ ਨਹੀਂ ਤਾਂ ਕੱਲ੍ਹ ਨੂੰ ਸੰਤ ਕੁੱਟਣਗੇ ਬਈ ਤੂੰ ਸਪੀਕਰ ‘ਚ ਨਿਤਨੇਮ ਨਹੀਂ ਕੀਤਾ। ਅਸੀਂ ਕਾਫੀ ਦੇਰ ਅਰਦਾਸਾਂ ਕਰੀ ਗਏ ਪਰ ਸਾਡਾ ਰਾਕਟ ਨਾ ਹੀ ਉਡਿਆ। ਸੋਚਿਆ ਸ਼ਾਇਦ ਸਾਥੋਂ ਹੀ ਕੋਈ ਕਮੀ ਰਹਿ ਗਈ ਹੋਣੀ ਹੈ। ਫਿਰ ਅਸੀਂ ਕਈ ਹੋਰ ਸ਼ਬਦ ਵੀ ਇਸੇ ਤਰ੍ਹਾਂ ਹੀ ਜਪੇ ਪਰ ਗੱਲ ਬਣੀ ਨਾ। ਸਿਆਲ ਦਾ ਮਹੀਨਾ ਸੀ ਤਰਸੇਮ ਲਾਲ ਇਕ ਦਿਨ ਰਜਾਈ ਲੈ ਕੇ ਕਿਸੇ ਜੱਟ ਨੂੰ ਪੁੱਛ ਕੇ ਉਸਦੇ ਟਿਊਬਵੈਲ ਦੇ ਕਮਰੇ ‘ਚ ਤਪੱਸਿਆ ਕਰਨ ਜਾ ਬੈਠਿਆ। ਬੋਲਣਾ ਬੰਦ, 40 ਦਿਨ ਕਮਰੇ ਦੀ ਮੋਰੀ ‘ਚ ਮੈਂ ਰੋਟੀ ਰੱਖ ਆਉਂਦਾ। ਕੁਛ ਕਹਿਣਾ ਹੁੰਦਾ ਤਾਂ ਲਿਖ ਕੇ ਰੱਖ ਦਿੰਦੇ। ਜਦ 40 ਦਿਨਾਂ ਬਾਦ ਉਹ ਬਾਹਰ ਆਇਆ ਤਾਂ ਉਸਦਾ ਚਿਹਰਾ ਪੀਲਾ ਭੂਕ ਸੀ ਪਰ ਉਹ ਕਹਿੰਦਾ ਮੈਨੂੰ ਲਾਈਟ ਦੇ ਦਰਸ਼ਨ ਹੋ ਗਏ। ਕੁਝ ਲੋਕ ਉਸਦੇ ਪੈਰੀਂ ਹੱਥ ਵੀ ਲਾਉਣ ਲੱਗੇ।

ਸੰਤ ਦਰਬਾਰੀ ਦਾਸ ਜੀ ਨੇ ਉਸਦੀ ਡਿਉਟੀ ਲੰਗਰ ਵਿਚ ਆਟਾ ਗੁੰਨਣ ਤੇ ਲਾ ਦਿਤੀ। ਡੇਰੇ ਦੇ ਹੈਡ ਗਰੰਥੀ ਬਾਬੂ ਲਾਲ ਬ੍ਰਹਿਮਣ ਦੀ ਅਗਵਾਈ ਵਿਚ ਸਾਰੇ ਗਰੰਥੀਆਂ ਨੇ ਹੜਤਾਲ ਕਰ ਦਿਤੀ ਕਿ ਉਹ ਜੁਲਾਹੇ ਦੇ ਹੱਥ ਦੇ ਗੁੰਨੇ ਆਟੇ ਦੀਆਂ ਰੋਟੀਆਂ ਨਹੀਂ ਖਾਣਗੇ। ਕੁਝ ਦਿਨਾਂ ਬਾਦ ਗਰੰਥੀਆਂ ਅੱਗੇ ਝੁਕਦਿਆਂ ਸੰਤਾਂ ਨੇ ਤਰਸੇਮ ਲਾਲ ਨੂੰ ਲੰਗਰ ‘ਚੋਂ ਹਟਾ ਦਿਤਾ। ਉਹ ਨਿਰਾਸ਼ ਹੋ ਕੇ ਫਿਰੋਜਪੁਰ ਚਲਾ ਗਿਆ ਅਤੇ ਇਕ ਜੱਜ ਦੇ ਅਹਿਲਮਦ ਲੱਗ ਗਿਆ। ਉਸਨੇ ਮੈਨੂੰ ਵੀ ਚਿੱਠੀ ਪਾ ਦਿਤੀ ਕਿ ਦਸਵੀਂ ਦੇ ਪੇਪਰ ਦੇਣ ਸਾਰ ਤੂੰ ਵੀ ਇਥੇ ਆ ਜਾ। ਮੈਂ ਡੇਟਸ਼ੀਟ ਆਉਣ ਸਾਰ 20 ਦਿਨ ਮਾਸੀ ਦੇ ਪਿੰਡ ਦੌਧਰ ਰਿਹਾ (ਪੇਪਰ ਢੁੱਢੀ ਕੇ ਸਨ) ਅਤੇ ਫਿਰ ਫਿਰੋਜਪੁਰ ਜਾ ਕੇ ਤਰਸੇਮ ਕੋਲ ਰਹਿ ਕੇ ਅੰਗਰੇਜੀ ਪੰਜਾਬੀ ਦੀ ਟਾਈਪ ਸਿਖਣ ਲੱਗਾ। ਦਸਵੀਂ ਕਲਾਸ ‘ਚ ਨਕਸਲਾਈਟ ਮੁੰਡਿਆਂ ਦੀ ਸੰਗਤ ਕਾਰਨ ਮੇਰੇ ਖਿਆਲਾਂ ਵਿਚ ਕਾਫੀ ਤਬਦੀਲੀ ਆ ਚੁਕੀ ਸੀ। ਉਹਨਾਂ ਦਿਨਾਂ ‘ਚ ਹੀ ਬਾਦਲ ਸਰਕਾਰ ਨੇ ਬਾਬਾ ਬੂਝਾ ਸਿੰਘ ਨੂੰ ਦਰੱਖਤ ਨਾਲ ਬੰਨ੍ਹ ਕੇ ਮਾਰਿਆ ਸੀ। ਨਕਸਲਾਈਟ ਮੁੰਡੇ ਮੈਨੂੰ ਅਜਿਹੀਆਂ ਘਟਨਾਵਾਂ ਦੀ ਅਸਲੀਅਤ ਦਸਦੇ। ਉਹ ਹਰਭਜਨ ਹਲਵਾਰਵੀ ਦੁਆਰਾ ਸੰਪਾਦਤ ‘ਲੋਕ ਯੁੱਧ’ ਪੇਪਰ ਵੀ ਮੈਨੂੰ ਪੜਣ ਨੂੰ ਦਿੰਦੇ। ਮੈਂ ਨਵਾਂ ਜ਼ਮਾਨਾ ਅਤੇ ਪ੍ਰੀਤ ਲੜੀ ਵੀ ਪੜਣ ਲੱਗ ਪਿਆ ਸਾਂ।

ਮੈਂ ਦਸਵੀਂ ‘ਚੋਂ ਪਾਸ ਹੋ ਗਿਆ। ਟਾਈਪ ਸਿਖਣ ਤੋਂ ਬਾਦ ਕਈ ਮਹਿਕਮਿਆਂ ਵਿਚ ਇੰਟਰਵਿਊ ਵੀ ਦਿਤੀ। ਅਖੀਰ ਤਿੰਨ ਮਹੀਨੇ ਕਿਰਾਏ ਤੇ ਲਿਆ ਕੇ ਟਾਈਪ ਮਸ਼ੀਨ ਫਿਰੋਜਪੁਰ ਕਚਿਹਿਰੀਆਂ ‘ਚ ਰੱਖ ਲਈ ਪਰ ਮੈਂ ਸੁਸਤ ਦਿਮਾਗ ਆਦਮੀ ਸੀ, ਕੰਮ ਨਾ ਚੱਲਿਆ ਤਾਂ ਵਾਪਸ ਪਿੰਡ ਆ ਗਿਆ। ਇਥੇ ਆ ਕੇ ਪਹਿਲਾਂ ਇਕ ਆਰ ਐਮ ਪੀ ਡਾਕਟਰ ਦਰਸ਼ਨ ਸਿੰਘ ਸਿਰੀਏ ਵਾਲਾ ਤੋਂ ਕੰਮ ਸਿਖਿਆ ਫਿਰ ਪਿੰਡ ਮਲੂਕਾ ‘ਚ ਉਸਦੇ ਚਾਚੇ ਡਾ: ਗੁਰਮੇਲ ਸਿੰਘ ਢਿੱਲੋਂ ਤੋਂ ਕੰਮ ਸਿਖਿਆ। ਇਥੇ ਸਿਕੰਦਰ ਸਿੰਘ ਮਲੂਕਾ ਨੇ ਮੈਨੂੰ ਜਸਵੰਤ ਕੰਵਲ ਦੇ ਕਈ ਨਾਵਲ ਪੜ੍ਹਾਏ। 1972 (16 ਕੁ ਸਾਲ ਦੀ ਉਮਰ ਵਿਚ) ਮੈਂ ਪਿੰਡ ਉਕੰਦਵਾਲਾ ਡਾਕਟਰੀ ਦੀ ਦੁਕਾਨ ਕਰ ਲਈ। ਇਹ ਸਾਰਾ ਪਿੰਡ ਹੀ ਕਾਮਰੇਡਾਂ (ਸੀ ਪੀ ਆਈ) ਦਾ ਸੀ। ਮੈਂ ਵੀ ਕਾਮਰੇਡਾਂ ਦੇ ਡਰਾਮੇ ਕਰਵਾਉਣ ਲੱਗਾ ਅਤੇ ਉਹਨਾਂ ਦੇ ਮੁਜ਼ਾਹਿਰਆਂ ‘ਚ ਭਾਗ ਲੈਣ ਲੱਗਾ। ਇਕ ਸਭ ਤੋਂ ਵੱਡਾ ਮੁਜ਼ਾਹਰਾ ਸੀ ਚੰਡੀਗੜ ਸੋਹਨ ਸਿੰਘ ਜੋਸ਼ ਦੀ ਅਗਵਾਈ ਹੇਠ, ਗਿਆਨੀ ਜ਼ੈਲ ਸਿੰਘ ਮੁਖ ਮੰਤਰੀ ਮੈਮੋਰੰਡਮ ਲੈਣ ਸਕੱਤਰੇਤ ਤੋਂ ਬਾਹਰ ਆਏ। ਦੂਜਾ ਵੱਡਾ ਮੁਜਾਹਰਾ ਸੀ ਦਿੱਲੀ ਦਾ ‘ਲਾਲ ਕਿਲੇ ਪਰ ਲਾਲ ਨਿਸ਼ਾਨ, ਮਾਂਗ ਰਹਾ ਹੈ ਹਿੰਦੁਸਤਾਨ’। 1972 ‘ਚ ਹੀ ਮੇਰਾ ਵੱਡਾ ਭਰਾ ਸਾਧੂ ਸਿੰਘ ਦੁਕਾਨ ਤੇ ਆਇਆ ਕਹਿੰਦਾ ‘ਜੇ ਥੋੜੇ ਬਹੁਤ ਪੈਸੇ ਹੈਗੇ ਤਾਂ ਮਾਸੀ ਦੇ ਮੁੰਡਿਆਂ ਨਾਲ ਬੰਬੇ ਜਾਣੈ, ਉਹਨਾਂ ਦੀਆਂ ਵਰਕਸ਼ਾਪਾਂ ‘ਚ ਕੰਮ ਕਰਨ। ਮੈਂ ਮਸਾਂ 40 ਰੁਪੈ ਇਕੱਠੇ ਕਰਕੇ ਲਿਆਇਆ ਤਾਂ ਉਹ ਖੁਸ਼ ਹੋ ਕੇ ਬੰਬੇ ਚਲਾ ਗਿਆ। ਉਦੋਂ ਬੰਬੇ (ਮੁੰਬਈ) ਦਾ ਕਿਰਾਇਆ 40 ਕੁ ਰੁਪੈ ਹੀ ਹੁੰਦਾ ਸੀ।

1973 ‘ਚ ਮੈਂ ਉਕੰਦਵਾਲੇ ਗੁਰਮੇਲ ਦੇ ਟਰੱਕ ਤੇ ਬੰਬੇ ਗਿਆ ਪਰ ਮੇਰੀ ਮਾਸੀ ਦਾ ਮੁੰਡਾ ਕਹਿੰਦਾ ਇਥੇ ਰਹਾਇਸ਼ ਦਾ ਬਹੁਤ ਮੁਸ਼ਕਿਲ ਹੈ। ਮੈਂ 15 ਦਿਨ ਸੈਰ ਕਰਕੇ ਵਾਪਸ ਆ ਗਿਆ ਅਤੇ ਥਾਂਦੇਵਾਲੇ (ਮੁਕਤਸਰ) ਭੂਆ ਦੇ ਪਿੰਡ ਡਾਕਟਰੀ ਦੀ ਦੁਕਾਨ ਕਰ ਲਈ। ਸਾਹਿਤ ਸਭਾ ਮੁਕਤਸਰ ਦਾ ਮੈਂਬਰ ਬਣਿਆ। ਇਥੇ ਪੰਜ ਸਾਲਾਂ ‘ਚ ਮੈਂ ਬਹੁਤ ਸਾਹਿਤ ਪੜ੍ਹਿਆ। ਬੜੇ ਸਾਹਿਤਕਾਰਾਂ ਨੂੰ ਮਿਲਿਆ 1979 ‘ਚ ਪਿਤਾ ਦੀ ਮੌਤ ਕਾਰਨ ਵਾਪਸ ਪਿੰਡ ਆ ਗਿਆ। ਇਥੇ ਆ ਕੇ ਸਾਹਿਤ ਸਭਾ ਜੈਤੋ ਬਣਾਈ ਅਤੇ ਸਾਹਿਤਕ ਸਰਗਰਮੀਆਂ ਜਾਰੀ ਰੱਖੀਆਂ।

1988 ’ਚ ਮੈਂ ਪੰਜਾਬੀ ਟ੍ਹਿਬਿਊਨ ਦਾ ਪੱਤਰਕਾਰ ਬਣ ਗਿਆਂ ਤਾਂ ਤਰਕਸ਼ੀਲਾਂ ਨਾਲ ਨੇੜਤਾ ਹੋਰ ਵੱਧ ਗਈ। ਕ੍ਰਿਸ਼ਨ ਬਰਗਾੜੀ ਨਾਲ ਸਭ ਤੋਂ ਵੱਧ ਨੇੜਤਾ ਰਹੀ। 1983 ਵਿਚ ਮੈਂ ਤੇ ਵਾਸਦੇਵ ਸ਼ਰਮਾ ਬਾਜਾਖਾਨਾ ਲੱਕੜ ਦੇ ਬੁੱਤਘਾੜੇ ਸਮਾਲਸਰ ਦੇ ਮਿਸਤਰੀ ਹਜੂਰਾ ਸਿੰਘ ਜੀ ਨਾਲ ਉਹਨਾਂ ਦੀ ਪੈਨਸ਼ਨ ਲਗਵਾਉਣ ਖਾਤਿਰ ਆਰ ਕੇ ਪੁਰਮ ਦਿੱਲੀ ਗਏ ਤਾਂ ਇਥੇ ਤਰਸੇਮ ਲਾਲ ਫਿਰ ਮਿਲਿਆ। ਉਹ ਹੁਣ ਰੇਲਵੇ ‘ਚ ਨੌਕਰੀ ਕਰ ਰਿਹਾ ਸੀ। ਮੈਂ ਦੱਸਿਆ ਕਿ ਮੈਂਤਾਂ ਹੁਣ ਪੱਕਾ ਤਰਕਸ਼ੀਲ ਹਾਂ ਐਵੇਂ ਬੇਵਕੂਫ਼ੀ ਜਿਹੀ ‘ਚ ਆਪਾਂ ਹਜਾਰ ਮਣਕਿਆਂ ਵਾਲੀਆਂ ਮਾਲਾ ਫੇਰਦੇ ਰਹੇ। ਪਰ ਉਹ ਅਜੇ ਵੀ ਉਹੀ ਕਹਿੰਦਾ ਸੀ ‘ ਅਸਲ ਵਿਚ ਆਪਾਂ ਨੂੰ ਉਦੋਂ ਪੂਰਾ ਗੁਰੂ ਨਹੀਂ ਸੀ ਮਿਲਿਆ, ਹੁਣ ਮੈਂ ਰੱਬ ਨੂੰ ਪਾ ਲਿਆ ਹੈ। ਰੇਲਵੇ ਦੇ ਸਾਰੇ ਮੁਲਾਜ਼ਮ ਮੇਰੇ ਪੈਰੀਂ ਹੱਥ ਲਾਉਂਦੇ ਹਨ। ਅਸੀਂ ਉਸ ਕੋਲ 20 ਕੁ ਮਿੰਟ ਤੋਂ ਵੱਧ ਨਾ ਬਹਿ ਸਕੇ। ਮੈਨੂੰ ਉਸਦੀ ਬੀਮਾਰ ਮਾਨਸਿਕਤਾ ਤੇ ਤਰਸ ਜਿਹਾ ਆਉਣ ਲੱਗਾ। ਇਹ ਸਾਡੀ ਆਖਰੀ ਮਿਲਣੀ ਸੀ। ਹੁਣ ਜਦ ਵੀ ਮੋਰ ਪੰਖ ਦਾ ਬੂਟਾ ਦੇਖਦਾ ਹਾਂ ਤਾਂ ਉਹ ਹਜਾਰ ਮਣਕਿਆਂ ਵਾਲੀ ਮਾਲਾ ਮੇਰੇ ਮਨ ਵਿਚ ਘੁੰਮਣ ਲੱਗ ਪੈਂਦੀ ਹੈ ਅਤੇ ਮੈਂ ਇਹ ਗੁਣਗੁਣਾਉਣ ਲੱਗ ਪੈਂਦਾ ਹਾਂ…..

‘ਉਲੂਆਂ ਵਾਂਗ ਗੁਫ਼ਾਵਾਂ ਦੇ ਵਿਚ ਮੈਂ ਵੀ ਇੰਜ ਹੀ ਜੀਅ ਲੈਣਾ ਸੀ….. 
ਜੇ ਚਾਨਣ ਦੀ ਤਾਂਘ ਨਾ ਹੁੰਦੀ ਤਾਂ ਮੈਂ ਸੂਰਜ ਤੋਂ ਕੀ ਲੈਣਾ ਸੀ…… ‘

(ਅਮਰਜੀਤ ਢਿੱਲੋਂ)
+91 94171 20427

Welcome to Punjabi Akhbar

Install Punjabi Akhbar
×
Enable Notifications    OK No thanks