ਜੰਗਲੀ ਅੱਗ ਦੇ ਰਿਲੀਫ ਫੰਡ ਵਿੱਚ ਮੁਸਲਿਮ ਗਰੁੱਪਾਂ ਨੇ ਪਾਏ 10,000 ਡਾਲਰ

ਦੱਖਣੀ ਆਸਟ੍ਰੇੇਲੀਆ ਦੇ ਬਹੁਤ ਸਾਰੇ ਖੇਤਰਾਂ ਵਿੱਚ ਲੱਗੀ ਜੰਗਲੀ ਅੱਗ ਕਾਰਨ ਭਾਰੀ ਤਬਾਹੀ ਮਚੀ ਹੈ ਅਤੇ ਸਰਕਾਰ ਅਤੇ ਅੱਗ ਬੁਝਾਊ ਮਹਿਕਮਿਆਂ ਵੱਲੋਂ ਜਿੱਥੇ ਪ੍ਰਭਾਵਿਤ ਖੇਤਰਾਂ ਅੰਦਰ ਇਸ ਅੱਗ ਨਾਲ ਮੁਕਾਬਲਾ ਕਰਕੇ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਕੀਤੀ ਜਾ ਰਹੀ ਹੈ ਉਥੇ ਦੂਜੇ ਪਾਸੇ ਹੋਰਨਾਂ ਪਾਸੋਂ ਵਿੱਤੀ ਸਹਾਇਤਾ ਦੀ ਅਪੀਲ ਵੀ ਲਗਾਤਾਰ ਕੀਤੀ ਜਾ ਰਹੀ ਹੈ। ਇਸ ਅਪੀਲ ਦੇ ਮੱਦੇਨਜ਼ਰ ਆਸਟ੍ਰੇਲੀਆ ਦੇ ਯੁਨਾਇਟੇਡ ਮੁਸਲਿਮਜ਼ (UMA) ਗਰੁੱਪ ਨੇ ਆਪਣਾ ਯੋਗਦਾਨ ਪਾਉਂਦਿਆਂ ਨਿਊ ਸਾਊਥ ਵੇਲਜ਼ ਦੇ ਰੂਰਲ ਫਾਇਰ ਸਰਵਿਸ ਨੂੰ 10,000 ਡਾਲਰ ਦੀ ਰਾਸ਼ੀ ਭੇਟ ਕੀਤੀ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਦੀਆਂ ਖ਼ਬਰਾਂ ਮੁਤਾਬਿਕ ਛੇ ਜਾਨਾਂ ਜਾ ਚੁਕੀਆਂ ਹਨ ਅਤੇ 577 ਘਰ ਸੜ ਕੇ ਤਬਾਹ ਹੋ ਚੁਕੇ ਹਨ। ਪੁਲਿਸ ਅਨੁਸਾਰ ਬੀਤੇ ਅਗਸਤ ਦੇ ਮਹੀਨੇ ਤੋਂ ਲੈ ਕੇ ਹੁਣ ਤੱਕ -ਜੰਗਲੀ ਅੱਗ ਨੂੰ ਲਗਾਉਣ ਅਤੇ ਉਕਸਾਉਣ ਵਿੱਚ ਜ਼ਿੰਮੇਵਾਰ ਤਕਰੀਬਨ 54 ਲੋਕਾਂ ਦੇ ਖ਼ਿਲਾਫ਼ ਮੁਕਦਮੇ ਦਰਜ ਹੋ ਚੁਕੇ ਹਨ।