ਨਿਊ ਸਾਊਥ ਵੇਲਜ਼ ਵਿੱਚ ਨਵੇਂ ਪ੍ਰਾਜੈਕਟਾਂ ਅਤੇ ਇਮਾਰਤਾਂ ਦੀ ਉਸਾਰੀ ਦੇ ਡਿਜ਼ਾਈਨਾਂ ਲਈ 100 ਮਾਹਿਰ ਨਿਯੁੱਕਤ

ਪਲਾਨਿੰਗ ਅਤੇ ਜਨਤਕ ਸੇਵਾਵਾਂ ਦੇ ਮੰਤਰੀ ਰੋਬ ਸਟੋਕਸ ਦਾ ਕਹਿਣਾ ਹੈ ਕਿ ਨਿਊ ਸਾਊਥ ਵੇਲਜ਼ ਰਾਜ ਅੰਦਰ ਹੋਣ ਵਾਲੀਆਂ ਨਵੀਆਂ ਇਮਾਰਤਾਂ ਆਦਿ ਦੇ ਪ੍ਰਾਜੈਕਟਾਂ ਨੂੰ ਸੰਸਾਰ ਪ੍ਰਸਿੱਧੀ ਦੇ ਤੌਰ ਤੇ ਨਵੇਂ ਨਵੇਂ ਡਿਜ਼ਾਈਨ ਬਣਾਉਣ ਅਤੇ ਲਾਗੂ ਕਰਨ ਵਾਸਤੇ ਇੱਕ 100 ਮਾਹਿਰਾਂ ਦਾ ਪੈਨਲ ਗਠਿਤ ਕੀਤਾ ਗਿਆ ਹੈ। ਜਿਵੇਂ ਕਿ ਸਿਡਨੀ ਦਾ ਓਪੇਰਾ ਹਾਊਸ ਅਤੇ ਹਾਰਬਰ ਬ੍ਰਿਜ ਆਪਣੀ ਆਕਰਸ਼ਕ ਦਿੱਖ ਕਾਰਨ ਸਮੁੱਚੇ ਸੰਸਾਰ ਅੰਦਰ ਹੀ ਪ੍ਰਸਿੱਧੀ ਦਾ ਮਾਣ ਰੱਖਦੇ ਹਨ ਅਤੇ ਉਪਰੋਕਤ ਮਾਹਿਰਾਂ ਦੀ ਟੀਮ ਦੀ ਮਦਦ ਨਾਲ, ਅਜਿਹੇ ਹੀ ਨਵੇਂ ਅਤੇ ਵੰਨ ਸੁਵੰਨੇ ਡਿਜ਼ਾਇਨਾਂ ਦੀ ਦਿੱਖ ਨਾਲ ਅਗਲਿਆਂ ਪ੍ਰਾਜੈਕਟਾਂ ਦੀਆਂ ਇਮਾਰਤਾਂ ਵੀ ਬਣਾਈਆਂ ਜਾਣਗੀਆਂ। ਅਸਲ ਵਿੱਚ ਅਜਿਹੀਆਂ ਇਮਾਰਤਾਂ ਦੇ ਪਾਇਲਟ ਪ੍ਰਾਜੈਕਟਾਂ ਨੂੰ 2018 ਵਿੱਚ ਹੀ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਇਸ ਦੇ ਤਹਿਤ ਘੱਟੋ ਘੱਟ ਵੀ 100 ਅਜਿਹੀਆਂ ਹੀ ਜਨਤਕ ਅਤੇ ਨਿਜੀ ਪ੍ਰਾਜੈਕਟਾਂ ਨੂੰ ਰੂਪ ਰੇਖਾ ਦਿੱਤੀ ਗਈ ਹੈ ਅਤੇ ਇਸ ਦੀ ਕੁੱਲ ਲਾਗਤ 9 ਬਿਲੀਅਨ ਡਾਲਰਾਂ ਦੀ ਬਣਦੀ ਹੈ। ਸਰਕਾਰ ਦੇ ਆਰਕੀਟੈਕਟ ਐਬੀ ਗੈਲਵਿਨ ਨੇ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਨਿਊ ਸਾਊਥ ਵੇਲਜ਼ ਦੇ ਅੰਦਰੂਨੀ ਅਤੇ ਬਾਹਰੀ ਢਾਂਚੇ ਵਿੱਚ ਨਵੀਆਂ ਇਮਾਰਤਾਂ ਆਦਿ ਸੰਸਾਰ ਪ੍ਰਸਿੱਧ ਅਤੇ ਆਕਰਸ਼ਕ ਦਿੱਖ ਵਾਲੇ ਡਿਜ਼ਾਈਨਾਂ ਨਾਲ ਤਿਆਰ ਹੋਣਗੀਆਂ। ਉਕਤ ਪੈਨਲ ਵਿੱਚ ਆਰਕੀਟੈਕਟ, ਅਰਬਨ ਡਿਜ਼ਾਈਨਰ, ਲੈਂਡਸਕੇਪਰ, ਐਬੋਰਿਜਨਲ ਅਤੇ ਯੂਰਪੀ ਵਿਰਾਸਤਾਂ ਦੇ ਮਾਹਿਰ, ਅਤੇ ਇਨ੍ਹਾਂ ਤੋਂ ਇਲਾਵਾ 12 ਹੋਰ ਰਾਜ ਪੱਧਰੀ ਡਿਜ਼ਾਈਨਾਂ ਦੇ ਚੈਂਪੀਅਨ ਵੀ ਸ਼ਾਮਿਲ ਕੀਤੇ ਗਏ ਹਨ। ਜ਼ਿਆਦਾ ਜਾਣਕਾਰੀ ਵਾਸਤੇ www.governmentarchitect.nsw.gov.au ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×