(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਿਹਤ ਮੰਤਰੀ ਗਰੈਗ ਹੰਟ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਸਰਕਾਰ ਨੇ ਹੁਣ ਕੋਵਿਡ-19 ਵੈਕਸੀਨ ਨੂੰ ਸਮੇਂ ਸਿਰ ਜਨਤਾ ਤੱਕ ਪਹੁੰਚਾਉਣ ਲਈ 100 ਦੀ ਗਿਣਤੀ ਵਿੱਚ ਕਾਨਮਵੈਲਥ ਕਲਿਨਿਕਾਂ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਨ੍ਹਾਂ ਕਲਿਨਿਕਾਂ ਅੰਦਰ ਕੋਈ ਵੀ ਜਾ ਕੇ ਕਰੋਨਾ ਵੈਕਸੀਨ ਨੂੰ ਲੈ ਸਕਦਾ ਹੈ ਅਤੇ ਨਾਲ ਉਨ੍ਹਾਂ ਇਹ ਵੀ ਕਿਹਾ ਕਿ ਉਕਤ ਕਲਿਨਿਕਾਂ ਹੁਣ ਹਫ਼ਤੇ ਅੰਦਰ 1000 ਤੋਂ ਵੀ ਵੱਧ ਟੀਕਾਕਰਣ ਕਰਨਗੀਆਂ। ਉਨ੍ਹਾਂ ਇਸ ਦੇ ਨਾਲ ਹੋਰ ਦੱਸਿਆ ਕਿ ਅਗਲੇ ਮਹੀਨੇ ਉਕਤ ਵੈਕਸੀਨ ਦੇ ਵਿਤਰਣ ਦੇ ਅਗਲੇ ਪੜਅ ਅਧੀਨ, ਕਲਿਨਿਕਾਂ ਦੀ ਸੰਖਿਆ 4000 ਤੱਕ ਕਰ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਅਗਲੇ ਹਫਤੇ ਤੋਂ ਸ਼ੁਰੂ ਹੋਣ ਵਾਲੇ ਆਸਟ੍ਰੇਲੀਆਈ ਵੈਕਸੀਨੇਸ਼ਨ ਪ੍ਰੋਗਰਾਮ ਦੇ ਤਹਿਤ 1000 ਤੋਂ ਵੀ ਜ਼ਿਆਦਾ ਜਨਰਲ ਪ੍ਰੈਕਟਿਸ਼ਨਰਾਂ ਨੂੰ ਲਗਾਇਆ ਗਿਆ ਹੈ ਅਤੇ ਡਾਕਟਰਾਂ ਵੱਲੋਂ ਵੀ ਇਹ ਗੱਲ ਸਾਹਮਣੇ ਲਿਆਂਦੀ ਗਈ ਸੀ ਕਿ ਹਾਲ ਦੀ ਘੜੀ ਦਵਾਈ ਦੀ ਸਪਲਾਈ ਵਿੱਚ ਕਮੀ ਹੈ ਅਤੇ ਕਈ ਤਰ੍ਹਾਂ ਦੀਆਂ ਖਾਮੀਆਂ ਵੀ ਹਨ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਤੁਰੰਤ ਦੂਰ ਕਰਨ ਲਈ ਕਾਰਵਾਈ ਕਰੇ।
ਸ੍ਰੀ ਹੰਟ ਨੇ ਇਹ ਵੀ ਕਿਹਾ ਕਿ ਜਨਰਲ ਪੈਕਟਿਸ਼ਨਰਾਂ ਨੂੰ ਚਾਹੀਦਾ ਹੈ ਕਿ ਉਹ ਸਭ ਤੋਂ ਪਹਿਲਾਂ ਆਪਣੇ ਨਾਲ ਜੁੜੇ ਹੋਏ ਮਰੀਜ਼ਾਂ ਵੱਲ ਹੀ ਧਿਆਨ ਦੇਣ ਅਤੇ ਹੋਰਨਾਂ ਨੂੰ ਨਾ ਦੇਖਣ ਪਰੰਤੂ ਜਿਹੜੀਆਂ ਕਾਮਨਵੈਲਥ ਕਲਿਨਿਕਾਂ ਅਜਿਹੀਆਂ ਸੇਵਾਵਾਂ ਲਈ ਲਗਾਈਆਂ ਜਾ ਰਹੀਆਂ ਹਨ, ਉਹ ਹਰ ਤਰ੍ਹਾਂ ਦੇ ਮਰੀਜ਼ ਨੂੰ ਉਕਤ ਟੀਕਾ ਲਗਾ ਸਕਦੀਆਂ ਹਨ।
ਦੇਸ਼ ਦੇ ਮੈਡੀਕਲ ਦਵਾਈਆਂ ਦੇ ਰੈਗੁਲੇਟਰ ਵਿਭਾਗ ਨੇ ਕਿਹਾ ਹੈ ਕਿ ਦੇਸ਼ ਅੰਦਰ ਹੁਣ ਦੋ ਤਰ੍ਹਾਂ ਦੀਆਂ ਕਰੋਨਾ ਵੈਕਸੀਨ ਲਗਾਈਆਂ ਜਾ ਰਹੀਆਂ ਹਨ ਅਤੇ ਕਿਸੇ ਤੋਂ ਵੀ ਕੋਈ ਵੀ ਖਾਮੀ ਨਜ਼ਰ ਨਹੀਂ ਆ ਰਹੀ ਅਤੇ ਹੁਣ ਵਿਤਰਣ ਦੇ ਅਗਲੇ ਪੜਾਵਾਂ ਵੱਲ ਵੀ ਸਾਨੂੰ ਵੱਧਣ ਵਿੱਚ ਕੋਈ ਦਿੱਕਤ ਨਹੀਂ ਆਵੇਗੀ।
ਜ਼ਿਕਰਯੋਗ ਇਹ ਵੀ ਹੈ ਕਿ ਦੁਨੀਆ ਦੇ ਕਰੀਬਨ 17 ਦੇਸ਼ਾਂ ਨੇ ਐਸਟ੍ਰਾਜ਼ੈਨੇਕਾ ਦਵਾਈ ਤੋਂ ‘ਬਲੱਡ-ਕਲਾਟਿੰਗ’ ਦੀ ਸ਼ਿਕਾਇਤ ਸਾਹਮਣੇ ਲਿਆਉਂਦੀ ਹੈ ਅਤੇ ਕਈ ਦੇਸ਼ਾਂ ਨੇ ਤਾਂ ਐਸਟ੍ਰੇਜ਼ੈਨੇਕਾ ਦਵਾਈ ਨੂੰ ਦੇਣਾ ਬੰਦ ਵੀ ਕਰ ਦਿੱਤਾ ਹੈ ਪਰੰਤੂ ਆਸਟ੍ਰੇਲੀਆਈ ਸਰਕਾਰ ਅਤੇ ਮੈਡੀਕਲ ਸਹਿਯੋਗੀਆਂ ਅਤੇ ਵਿਗਿਆਨਿਕ ਮਾਹਿਰਾਂ ਨੇ ਕਿਹਾ ਹੈ ਕਿ ਦੇਸ਼ ਅੰਦਰ ਅਜਿਹਾ ਕੋਈ ਵੀ ਆਂਕੜਾ ਉਪਲੱਭਧ ਨਹੀਂ ਹੈ।
ਹੁਣ ਤੱਕ ਦੇਸ਼ ਅੰਦਰ ਦੋ ਲੱਖ ਤੋਂ ਵੀ ਵੱਧ ਲੋਕਾਂ ਨੂੰ ਵੈਕਸੀਨਾਂ ਦਿੱਤੀਆਂ ਜਾ ਚੁਕੀਆਂ ਹਨ ਅਤੇ ਇਨ੍ਹਾਂ ਵਿੱਚ 45,000 ਓਲਡ ਏਜਡ ਹੋਮ ਵਿਚਲੇ ਬਜ਼ੁਰਗ ਵੀ ਸ਼ਾਮਿਲ ਹਨ।