ਹਿੰਦੂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਦਲਿਤਾਂ ਦੇ ਵਿਹੜੇ ਪਹੁੰਚਾਉਣ ਵਾਲਾ ਰਾਜਾ ਰਵੀ ਵਰਮਾ

ਰਾਜਾ ਰਵੀ ਵਰਮਾ ਉਹ ਮਹਾਨਤਮ ਭਾਰਤੀ ਚਿੱਤਰਕਾਰ ਹੈ ਜਿਸ ਨੂੰ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਸਮਾਜ ਦੇ ਦੱਬੇ ਕੁਚਲੇ ਵਰਗ, ਜਿਸ ਨੂੰ ਅਛੂਤ ਸਮਝਿਆ ਜਾਂਦਾ ਸੀ, ਦੇ ਘਰਾਂ ਤੱਕ ਪਹੁੰਚਾਉਣ ਦਾ ਮਾਣ ਹਾਸਲ ਹੈ। ਹੁਣ ਵੀ ਭਾਰਤ ਦੇ ਕਿਸੇ ਨਾ ਕਿਸੇ ਹਿੱਸੇ ਵਿੱਚੋਂ ਕਿਸੇ ਕਥਿੱਤ ਨੀਵੀਂ ਜ਼ਾਤੀ ਦੇ ਵਿਅਕਤੀ ਜਾਂ ਔਰਤ ਨੂੰ ਮੰਦਰ ਵਿੱਚ ਜਾਣ ਕਾਰਨ ਕੁੱਟ ਮਾਰ ਹੋਣ ਦੀ ਖਬਰ ਮਿਲ ਜਾਂਦੀ ਹੈ। 19ਵੀਂ ਸਦੀ ਵਿੱਚ ਉਹਨਾਂ ਦੀ ਸਮਾਜਿਕ ਹਾਲਤ ਕਿਸ ਤਰਾਂ ਦੀ ਹੁੰਦੀ ਹੋਵੇਗੀ, ਇਸ ਦਾ ਸਹਿਜੇ ਹੀ ਅਨੁਮਾਨ ਲਗਾਇਆ ਜਾ ਸਕਦਾ ਹੈ। ਅਜਿਹੇ ਕ੍ਰਾਂਤੀਕਾਰੀ ਕਲਾਕਾਰ ਦਾ ਜਨਮ 28 ਅਪਰੈਲ 1848 ਈਸਵੀ ਨੂੰ ਟਰਾਵਨਕੋਰ ਰਿਆਸਤ ਦੇ ਕਿਲੀਮਾਨੂਰ ਸ਼ਹਿਰ (ਮੌਜੂਦਾ ਤਿਰਵੇਂਦਰਮ, ਕੇਰਲਾ) ਵਿਖੇ ਇੱਕ ਵਿਦਵਾਨ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਪਿਤਾ ਦਾ ਨਾਮ ਏਜੂਮਾਵਿਲ ਨੀਲਕੰਠਨ ਭੱਟਾਤਰੀਪਾਦ ਅਤੇ ਮਾਤਾ ਦਾ ਨਾਮ ਉਮਾ ਅੰਬਾਬਾਈ ਥੰਮਾਪੁਰਾਤੀ ਸੀ।ਏਜੂਮਾਵਿਲ ਨੀਲਕੰਠਨਟਰਾਵਨਕੋਰ ਰਿਆਸਤ ਦੇ ਸ਼ਾਹੀ ਪਰਿਵਾਰ ਨਾਲ ਸਬੰਧ ਰੱਖਦਾ ਸੀ ਤੇ ਸੰਸਕ੍ਰਿਤ ਅਤੇ ਆਯੁਰਵੇਦ ਦਾ ਮਹਾਨ ਵਿਦਵਾਨ ਸੀ। ਅੰਬਾਬਾਈ ਥੰਮਾਪੁਰਾਤੀਵੀ ਪ੍ਰਸਿੱਧ ਕਵਿੱਤਰੀ ਸੀ।

ਰਵੀ ਵਰਮਾ ਨੇ ਤਿਰੂਵੰਤਾਪੁਰਮ ਯੂਨੀਵਰਸਿਟੀ ਕਾਲਜ ਤੋਂ ਨਾਨ ਮੈਡੀਕਲ ਵਿੱਚ ਡਿਗਰੀ ਹਾਸਲ ਕੀਤੀ ਪਰ ਉਸ ਦਾ ਰੁਝਾਨ ਬਚਪਨ ਤੋਂ ਹੀਚਿੱਤਰਕਾਰੀ ਵੱਲ ਸੀ। ਉਸ ਦੀ ਕਲਾ ਦੀ ਗਹਿਰਾਈ ਵੇਖ ਕੇ ਟਰਾਵਨਕੋਰ ਦੇ ਮਹਾਰਾਜਾ ਆਈਲੀਅਮ ਤਿਰੂਮਲ ਨੇ ਉਸ ਨੂੰ ਆਪਣਾ ਦਰਬਾਰੀ ਚਿੱਤਰਕਾਰ ਥਾਪ ਦਿੱਤਾ ਤੇ ਉਹ ਪੂਰੀ ਤਰਾਂ ਨਾਲ ਇਸ ਕਲਾ ਨੂੰ ਪ੍ਰਣਾਇਆ ਗਿਆ। ਉਸ ਨੇ ਚਿੱਤਰਕਾਰੀ ਦੀ ਮੁੱਢਲੀ ਸਿੱਖਿਆ ਮਦੁਰਾਈ ਤੋਂ ਹਾਸਲ ਕੀਤੀ ਤੇ ਵਾਟਰ ਪੇਟਿੰਗ ਦਾ ਗੂੜ ਗਿਆਨ ਉਸ ਵੇਲੇ ਦੇ ਪ੍ਰਸਿੱਧ ਚਿੱਤਰਕਾਰ ਰਾਮਾ ਸਵਾਮੀ ਨਾਇਡੂ ਅਤੇ ਆਇਲ ਪੇਟਿੰਗ ਦਾ ਗਿਆਨ ਹਾਲੈਂਡ ਦੇ ਚਿੱਤਰਕਾਰ ਥਿਉਡੋਰ ਜੈਨਸਨ ਤੋਂ ਹਾਸਲ ਕੀਤਾ। ਟਰਾਵਨਕੋਰ ਰਿਆਸਤ ਦਾ ਬ੍ਰਿਟਿਸ਼ ਰੈਜੀਡੈਂਟ ਐਡਗਰ ਥਰਸਟਨ ਚਿੱਤਰਕਲਾ ਦਾ ਬਹੁਤ ਵੱਡਾ ਕਦਰਦਾਨ ਤੇ ਪਾਰਖੂ ਸੀ। ਉਸ ਦੀ ਤਿੱਖੀ ਨਜ਼ਰ ਨੇ ਰਵੀ ਵਰਮਾ ਦੀ ਕਲਾ ਨੂੰ ਪਹਿਚਾਣ ਲਿਆ ਤੇ ਉਸਨੂੰ ਵਿਸ਼ਵ ਪੱਧਰ ‘ਤੇ ਪਹੁੰਚਾਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। 1873 ਈਸਵੀ ਉਸ ਨੇ ਰਵੀ ਵਰਮਾ ਦੇ ਚਿੱਤਰਾਂ ਨੂੰ ਵਿਆਨਾ ਦੀ ਪ੍ਰਦਰਸ਼ਨੀ ਵਿੱਚ ਭੇਜਿਆ ਜਿੱਥੇ ਉਸ ਦੇ ਇੱਕ ਚਿੱਤਰ ਨੇ ਪਹਿਲਾ ਸਥਾਨ ਹਾਸਲ ਕੀਤਾ। ਦੋ ਸਾਲ ਬਾਅਦ ਉਸ ਦੇ ਚਿੱਤਰਾਂ ਨੇ ਵਰਲਡ ਕੋਲੰਬੀਅਨ ਚਿੱਤਰਕਲਾਪ੍ਰਦਰਸ਼ਨੀ ਸ਼ਿਕਾਗੋ ਵਿਖੇ ਤਿੰਨ ਗੋਲਡ ਮੈਡਲ ਹਾਸਲ ਕੀਤੇ। ਇਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਾ ਵੇਖਿਆ ਅਤੇ ਕੁਝ ਹੀ ਸਾਲਾਂ ਵਿੱਚਭਾਰਤ ਦਾ ਸਭ ਤੋਂ ਪ੍ਰਸਿੱਧ ਚਿੱਤਰਕਾਰ ਬਣ ਗਿਆ। ਉਸ ਦੇ ਜਿਆਦਾਤਰ ਚਿੱਤਰ ਭਾਰਤੀ ਦੇਵੀ ਦੇਵਤਿਆਂ ਅਤੇ ਰਮਾਇਣ, ਮਹਾਭਾਰਤ ਤੇ ਨਲ ਦਮਿਅੰਤੀ ਵਰਗੇ ਮਹਾਨ ਸ਼ਾਹਕਾਰਾਂ ‘ਤੇ ਅਧਾਰਿਤ ਸਨ। ਪੋਰਟਰੇਟ ਬਣਾਉਣ ਵਿੱਚ ਉਹ ਅਤਿਅੰਤ ਮਾਹਰ ਸੀ।
ਪਰ ਉਸ ਦੀ ਭਾਰਤੀ ਸਮਾਜ ਨੂੰ ਸਭ ਤੋਂ ਵੱਡੀ ਦੇਣ ਹਿੰਦੂ ਦੇਵੀ ਦੇਵਤਿਆਂ ਦੀ ਤਸਵੀਰਾਂ ਕਥਿੱਤਕੁਲੀਨਾਂ ਵੱਲੋਂ ਦੁਰਕਾਰੇ ਹੋਏ ਦੱਬੇ ਕੁਚਲੇ ਗਰੀਬਾਂ ਦੇ ਘਰਾਂਤੱਕ ਪਹੁੰਚਾਉਣ ਦੀ ਸੀ। ਉਸ ਦੇ ਸਮੇਂ ਭਾਰਤੀ ਸਮਾਜ ਜ਼ਾਤ ਪਾਤ ਅਤੇ ਊਚ ਨੀਚ ਦੀਆਂ ਜੰਜੀਰਾਂ ਵਿੱਚ ਬੁਰੀ ਤਰਾਂ ਨਾਲ ਜਕੜਿਆ ਹੋਇਆ ਸੀ। ਕਥਿੱਤ ਨੀਵੀਂ ਜ਼ਾਤ ਦੇ ਲੋਕਾਂ ਵਾਸਤੇ ਮੰਦਰਾਂ ਵਿੱਚ ਜਾਣ ਦੀ ਮਨਾਹੀ ਸੀ। ਪੱਥਰ ਦੀਆਂ ਮੂਰਤੀਆਂ ਇੱਕ ਤਾਂ ਬਹੁਤ ਮਹਿੰਗੀਆਂ ਹੋਣ ਕਾਰਨ ਗਰੀਬਾਂ ਦੀ ਪਹੁੰਚ ਤੋਂ ਬਾਹਰ ਸਨ, ਦੂਸਰਾ ਉਹ ਖਰੀਦਦਾਰ ਦੀ ਜ਼ਾਤ ਪਰਖ ਕੇ ਵੇਚੀਆਂ ਜਾਂਦੀਆਂ ਸਨ। ਇਸ ਅਣਮਨੁੱਖੀ ਵਰਤਾਰੇ ਤੋਂ ਜ਼ਾਤ ਪਾਤ ਦੇ ਘੋਰ ਵਿਰੋਧੀ ਰਵੀ ਵਰਮਾ ਦਾ ਕੋਮਲ ਮਨ ਬਹੁਤ ਦੁਖੀ ਹੁੰਦਾ ਸੀ। ਇਸ ਦਾ ਹੱਲ ਕੱਢਣ ਲਈ ਉਸ ਨੇ ਟਰਾਵਨਕੋਰ ਦੇ ਤਤਕਾਲੀ ਪ੍ਰਧਾਨ ਮੰਤਰੀ ਮਾਧਵ ਰਾਉ ਦੀ ਸਲਾਹ ਨਾਲ ਮੁੰਬਈ ਵਿਖੇ ਇੱਕ ਪ੍ਰਿਟਿੰਗ ਪ੍ਰੈੱਸ ਸਥਾਪਿਤ ਕਰ ਲਈ। ਇਸ ਪੈ੍ਰੱਸ ਵਿੱਚ ਉਸ ਨੇ ਲੱਖਾਂ ਦੀ ਗਿਣਤੀ ਵਿੱਚ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਪ੍ਰਿੰਟ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਹਨਾਂ ਦੀ ਕੀਮਤ ਕੁਝ ਪੈਸੇ ਰੱਖੀ ਗਈ ਜੋ ਹਰ ਕਿਸੇ ਦੀ ਪਹੁੰਚ ਵਿੱਚ ਸੀ। ਇਸ ਕਾਰਨ ਇਹ ਤਸਵੀਰਾਂ ਘਰ ਘਰ ਵਿੱਚ ਪਹੁੰਚ ਗਈਆਂ ਤੇ ਹਰ ਵਰਗ ਦੇ ਲੋਕਾਂ ਨੂੰ ਆਪਣੇ ਇਸ਼ਟ ਦੇਵੀ ਦੇਵਤਿਆਂ ਦੀ ਪੂਜਾ ਕਰਨ ਦਾ ਮੌਕਾ ਮਿਲਣ ਲੱਗ ਗਿਆ।

ਉਸ ਸਮੇਂ ਰਵੀ ਵਰਮਾ ਦੀ ਪ੍ਰੈੱਸ ਭਾਰਤ ਵਿੱਚ ਸਭ ਤੋਂ ਆਧੁਨਿਕ ਅਤੇ ਵੱਡੀ ਸੀ। ਉਸ ਦੀ ਵੇਖਾ ਵੇਖੀ ਹੋਰ ਲੋਕਾਂ ਨੇ ਭਾਰਤ ਭਰ ਵਿੱਚ ਪ੍ਰਿਟਿੰਗ ਪੈ੍ਰੱਸਾਂ ਲਗਾ ਲਈਆਂ ਤੇ ਦੇਵੀ ਦੇਵਤਿਆਂ ਦੀ ਤਸਵੀਰਾਂ ਕੈਲੰਡਰਾਂ ਦੇ ਰੂਪ ਵਿੱਚ ਧੜ ਧੜ ਵਿਕਣ ਲੱਗ ਪਈਆਂ। 1901 ਵਿੱਚ ਉਸ ਨੇ ਆਪਣੀ ਪ੍ਰੈੱਸ ਜਰਮਨੀ ਦੇ ਵਸਨੀਕ ਫਰਿਟਜ਼ ਸ਼ਾਲਿਡਰ ਨੂੰ ਵੇਚ ਦਿੱਤੀ ਜਿਸ ਨੇ ਰਵੀ ਵਰਮਾ ਦੀਆਂ ਅਤੇ ਹੋਰ ਕਲਾਕਾਰਾਂ ਦੇ ਚਿੱਤਰ ਛਾਪਣੇ ਜਾਰੀ ਰੱਖੇ। ਇਹ ਪ੍ਰੈੱਸ1972 ਤੱਕ ਸਫਲਤਾ ਪੂਰਵਕ ਚੱਲਦੀ ਰਹੀ ਜਦੋਂ ਇਹ ਇੱਕ ਭਿਆਨਕ ਅਗਨੀਕਾਂਡ ਵਿੱਚ ਪੂਰੀ ਤਰਾਂ ਨੱਲ ਜਲ ਕੇ ਭਸਮ ਨਾ ਹੋ ਗਈ। ਰਵੀ ਵਰਮਾ ਦੀ ਚਿੱਤਰਕਲਾ ਅਤੇ ਸਮਾਜ ਨੂੰ ਮਹਾਨ ਦੇਣ ਦੇ ਇਵਜ਼ ਕਈ ਮਾਨ ਸਨਮਾਨ ਪ੍ਰਾਪਤ ਹੋਏ। 1904 ਵਿੱਚ ਭਾਰਤ ਦੇ ਵਾਇਸਰਾਏ ਲਾਰਡ ਕਰਜ਼ਨ ਨੇ ਉਸ ਨੂੰ ਕੈਸਰ ਏ ਹਿੰਦ ਗੋਲਡ ਮੈਡਲ ਨਾਲ ਸਨਮਾਨਿਆਂ ਤੇ ਰਾਜਾ ਦੀ ਉਪਾਧੀ ਦਿੱਤੀ। ਉਸ ਦੇ ਨਾਮ ‘ਤੇ ਕੇਰਲ ਦੇ ਮਾਵੇਲੀਕਾਰਾਸ਼ਹਿਰ ਵਿਖੇ ਇੱਕ ਫਾਈਨ ਆਰਟਸ ਕਾਲਜ ਸਥਾਪਿਤ ਕੀਤਾ ਗਿਆ ਹੈ। ਭਾਰਤ ਭਰ ਵਿੱਚ ਉਸ ਦੇ ਨਾਮ ‘ਤੇ ਕਈ ਕਲਚਰਲ ਸੰਸਥਾਨ ਕੰਮ ਕਰ ਰਹੇ ਹਨ। 2013 ਵਿੱਚ ਮਰਕਰੀ ਗ੍ਰਹਿ ਦੇ ਇੱਕ ਕਰੇਟਰ ਦਾ ਨਾਮ ਰਾਜਾ ਰਵੀ ਵਰਮਾ ਰੱਖਿਆ ਗਿਆਸੀ। ਕੇਰਲਾ ਸਰਕਾਰ ਉਸ ਦੇ ਨਾਮ ‘ਤੇ ਹਰ ਸਾਲ ਸਮਾਜ ਸੇਵਾ ਅਤੇ ਕਲਾ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਕਲਾਕਾਰਾਂ ਨੂੰ ਵੱਡੀ ਰਾਸ਼ੀ ਵਾਲਾ ਰਾਜਾ ਰਵੀ ਵਰਮਾ ਪੁਰਸਕਾਰਮ ਪ੍ਰਦਾਨ ਕਰਦੀ ਹੈ। ਸੰਨ 1962 ਵਿੱਚ ਭਾਰਤ ਸਰਕਾਰ ਨੇ ਉਸ ਦੇ ਨਾਮ ‘ਤੇ ਇੱਕ ਡਾਕ ਟਿਕਟ ਜਾਰੀ ਕੀਤੀ ਸੀ ਜਿਸ ਵਿੱਚ ਉਸ ਵੱਲੋਂ ਬਣਾਏ ਸਭ ਤੋਂ ਪ੍ਰਸਿੱਧ ਚਿੱਤਰ ਨਲ ਦਮਿਅੰਤੀ ਨੂੰ ਵਿਖਾਇਆ ਗਿਆ ਹੈ। 2 ਅਕਤੂਬਰ 1906 ਈਸਵੀ ਨੂੰ ਸਿਰਫ 58 ਸਾਲ ਦੀ ਉਮਰ ਵਿੱਚ ਇਸ ਮਹਾਨ ਕਲਾਕਾਰ ਅਤੇ ਸਮਾਜ ਸੁਧਾਰਕ ਦੀ ਮੌਤ ਹੋ ਗਈ ਸੀ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062