
ਭਾਰਤ ਵਿੱਚ ਸਰਕਾਰੀ ਨੌਕਰੀ ਬਹੁਤ ਮੁਸ਼ਕਲ ਅਤੇ ਮਿਹਨਤ ਨਾਲ ਮਿਲਦੀ ਹੈ। ਪੇਪਰ ਅਤੇ ਇੰਟਰਵਿਊ ਦੇ ਦੇ ਕੇ ਚਪਲਾਂ ਘਸ ਜਾਂਦੀਆਂ ਹਨ। ਅਫਸਰ ਰੈਂਕ ਵਿੱਚ ਭਰਤੀ ਹੋਣ ਲਈ ਤਾਂ ਹੋਰ ਵੀ ਕਰੜੀ ਮਿਹਨਤ ਕਰਨੀ ਪੈਂਦੀ ਹੈ। ਸਰਕਾਰੀ ਕਰਮਚਾਰੀ ਜਿਆਦਾਤਰ ਗਰੀਬ ਜਾਂ ਮੱਧਵਰਗੀ ਪਰਿਵਾਰਾਂ ਵਿੱਚੋਂ ਆਉਂਦੇ ਹਨ। ਟਾਟੇ-ਬਿਰਲੇ ਦੇ ਮੁੰਡੇ ਨੂੰ ਤਾਂ ਨੌਕਰੀ ਕਰਨ ਦੀ ਜਰੂਰਤ ਨਹੀਂ ਹੈ। ਪਰ ਵੇਖਿਆ ਗਿਆ ਹੈ ਕਿ ਅਫਸਰ ਬਣਦੇ ਸਾਰ ਬਹੁਤਿਆਂ ਦੀਆਂ ਅੱਖਾਂ ਮੱਥੇ ਨੂੰ ਜਾ ਲੱਗਦੀਆਂ ਹਨ ਤੇ ਪੈਰ ਜ਼ਮੀਨ ਤੋਂ ਚੁੱਕੇ ਜਾਂਦੇ ਹਨ।ਆਪਣੇ ਵਰਗੇ ਲੋਕਾਂ ਤੋਂ ਹੀ ਮੁਸ਼ਕ ਆਉਣ ਲੱਗ ਜਾਂਦੀ ਹੈ। ਕਈ ਤਾਂ ਅਜਿਹੇ ਸੂਰਮੇ ਹਨ ਜੋ ਆਪਣੇ ਅਣਪੜ੍ਹ ਗਰੀਬ ਮਾਪਿਆਂ, ਭੈਣਾਂ-ਭਰਾਵਾਂ ਤੋਂ ਵੀ ਰਿਸ਼ਤਾ ਤੋੜ ਲੈਂਦੇ ਹਨ। ਅਫਸਰ ਬਣ ਕੇ ਜਿਆਦਾਤਰਾਂ ਦਾ ਮੋਟੇ ਦਹੇਜ਼ ਦੇ ਲਾਲਚ ਕਾਰਨ ਅਮੀਰ ਖਾਨਦਾਨਾਂ ਵਿੱਚ ਵਿਆਹ ਹੋ ਜਾਂਦਾ ਹੈ। ਵੱਡੇ ਘਰਾਂ ਦੀਆਂ ਕੁੜੀਆਂ ਪਤੀ ਦੇ ਗਰੀਬ ਰਿਸ਼ਤੇਦਾਰਾਂ ਨੂੰ ਬਰਦਾਸ਼ਤ ਨਹੀਂ ਕਰਦੀਆਂ ਕਿਤੇ ਸੁਸਾਇਟੀ ਵਿੱਚ ਬੇਇੱਜ਼ਤੀ ਨਾ ਹੋ ਜਾਵੇ। ਬਹੁਤੇ ਆਪਣੇ ਆਪ ਨੂੰ ਰਾਜਿਆਂ-ਜਗੀਰਦਾਰਾਂ ਦੇ ਖਾਨਦਾਨ ਦਾ ਦੱਸਣ ਲੱਗ ਜਾਂਦੇ ਹਨ। ਪਾਕਿਸਤਾਨ ਵਿੱਚ ਰਹਿ ਗਏ ਸੈਂਕੜੇ ਏਕੜਾਂ ਅਤੇ ਸ਼ਾਹਾਨਾ ਹਵੇਲੀਆਂ ਬਾਰੇ ਗੱਲਾਂ ਸੁਣਾਈਆਂ ਜਾਂਦੀਆਂ ਹਨ (ਪਰ ਅਸਲ ਵਿੱਚ ਸਭ ਨੂੰ ਇੱਕ ਦੂਸਰੇ ਦੀ ਔਕਾਤ ਪਤਾ ਹੀ ਹੁੰਦੀ ਹੈ)
ਮੈਂ ਪੰਜਾਬ ਪੁਲਿਸ ਵਿੱਚ ਇੰਸਪੈਕਟਰ ਭਰਤੀ ਹੋਇਆ ਸੀ ਤੇ ਟਰੇਨਿੰਗ ਕਰਨ ਤੋਂ ਬਾਅਦ ਤਿੰਨ ਮਹੀਨੇ ਲਈ ਇੱਕ ਥਾਣੇ ਵਿੱਚ ਮੁੱਢਲੀ ਸਿਖਲਾਈ ਹਾਸਲ ਕਰ ਰਿਹਾ ਸੀ। ਏ.ਐੱਸ.ਆਈ., ਇੰਸਪੈਕਟਰ, ਡੀ.ਐੱਸ.ਪੀ. ਅਤੇ ਆਈ.ਪੀ.ਐੱਸ. ਅਫਸਰਾਂ ਨੂੰ ਫੀਲਡ ਵਿੱਚ ਤਾਇਨਾਤ ਕਰਨ ਤੋਂ ਪਹਿਲਾਂ ਸਰਕਾਰੀ ਵਕੀਲ, ਥਾਣੇ ਦੇ ਮੁੰਨਸ਼ੀ, ਤਫਤੀਸ਼ੀ ਅਤੇ ਐਸ.ਐਚ.ਉ. ਆਦਿ ਦਾ ਕੰਮ ਸਿਖਾਇਆ ਜਾਂਦਾ ਹੈ।ਐਸ.ਐਚ.ਉ. ਆਮ ਤੌਰ ‘ਤੇ ਸਬ ਇੰਸਪੈਕਟਰ ਜਾਂ ਇੰਸਪੈਕਟਰ ਰੈਂਕ ਦਾ ਅਫਸਰ ਹੁੰਦਾ ਹੈ।ਥਾਣੇ ਵਿੱਚ ਮੈਂ ਤੇ ਤਿੰਨ ਹੋਰ ਥਾਣੇਦਾਰ ਇੱਕ ਹੀ ਕਵਾਟਰ ਵਿੱਚ ਰਹਿੰਦੇ ਸੀ। ਸਾਰਿਆਂ ਦੀ ਆਪਸ ਵਿੱਚ ਬਹੁਤ ਬਣਦੀ ਸੀ। ਇੱਕ ਦਿਨ ਅਸੀਂਮੈੱਸ ਵਿੱਚ ਬੈਠੇ ਦਾਲ-ਰੋਟੀ ਛਕ ਰਹੇ ਸੀ ਕਿ ਵਾਇਰਲੈੱਸ ਉਪਰੇਟਰ ਭੱਜਿਆ ਆਇਆ।ਉਸ ਨੇ ਸਾਡੇ ਵਿੱਚੋਂ ਇੱਕ ਛੱਜਾ ਸਿੰਘ (ਕਾਲਪਨਿਕ ਨਾਮ) ਨੂੰ ਖਿੱਚ ਕੇ ਸਲੂਟ ਮਾਰਿਆ ਤੇ ਦੱਸਿਆ ਕਿ ਪਹਿਲੇ ਐਸ.ਐਚ.ਉ. ਦੀ ਬਦਲੀ ਪੁਲਿਸ ਲਾਈਨ ਦੀ ਹੋ ਗਈ ਹੈ ਤੇ ਉਸ ਨੂੰ ਇਸੇ ਥਾਣੇ ਦਾ ਐਸ.ਐਚ.ਉ. ਲੱਗਾ ਦਿੱਤਾ ਗਿਆ ਹੈ। ਬਾਕੀ ਥਾਣੇਦਾਰ ਅੰਦਰੋਂ ਸੜ ਕੇ ਕੋਲਾ ਹੋ ਗਏ ਪਰ ਉੱਪਰੋਂਝੂਠੀ ਜਿਹੀ ਖੁਸ਼ੀ ਜਾਹਰ ਕਰਦੇ ਹੋਏ ਉਸ ਨੂੰ ਵਧਾਈਆਂ ਦੇਣ ਲੱਗੇ। ਛੱਜਾ ਸਿੰਘ ਦੇ ਤਾਂ ਪਲਾਂ ਵਿੱਚ ਹੀ ਤੌਰ ਬਦਲ ਗਏ। ਉਹਇੱਕ ਦਮ ਰੋਟੀ ਛੱਡ ਕੇ ਖੜਾ ਹੋ ਗਿਆ ਤੇ ਮੁੱਛਾਂ ‘ਤੇ ਹੱਥ ਫੇਰਦਿਆਂ ਗੁੱਗੂ ਗਿੱਲ ਵਾਂਗ ਚੱਬ ਕੇ ਡਾਇਲਾਗ ਬੋਲਿਆ, “ਠੀਕ ਆ ਆਪਾਂਕਈ ਮਹੀਨੇ ‘ਕੱਠੇ ਰਹੇ ਆਂ, ਪਰ ਹੁਣ ਮੇਰੇ ਨਾਲ ਗੱਲਬਾਤ ਜਰਾ ਹਿਸਾਬਨਾਲ ਕਰਿਉੁ। ਮੈਂ ਹੁਣ ਐਸ.ਐਚ.ਉ. ਆਂਐਸ.ਐਚ.ਉ.।” ਉਸ ਨੂੰ ਇੱਕ ਦਮ ਗਿਰਗਿਟ ਵਾਂਗ ਰੰਗ ਬਦਲਦਾ ਵੇਖ ਕੇ ਸਾਰਿਆਂ ਦੇ ਮੂੰਹ ਟੱਡੇ ਗਏ।
ਸਿਖਲਾਈ ਪੂਰੀ ਹੋਣ ‘ਤੇ ਮੇਰੀ ਪੋਸਟਿੰਗ ਵੀ ਇੱਕ ਥਾਣੇ ਵਿੱਚ ਐਸ.ਐਚ.ਉ. ਵਜੋਂ ਹੋ ਗਈ। ਇੱਕ ਤਾਂ ਛੋਟੀ ਉਮਰ ਵਿੱਚ ਐਸ.ਐਚ.ਉ. ਲੱਗ ਗਿਆ ਤੇ ਦੂਸਰੇ ਮੈਨੂੰ ਸਲਾਹਕਾਰ ਵੀ “ਵਧੀਆ”ਖਰਲ ਕੀਤੇ ਹੋਏ ਮਿਲ ਗਏ। ਉਹਨਾਂ ਨੇ ਮੇਰੇ ਵਰਗੇ ਪਤਾ ਨਹੀਂ ਕਿੰਨੇ ਕੁ ਐਸ.ਐਚ.ਉ. ਭੁਗਤਾਏ ਹੋਏ ਸਨ। ਛੋਟੇ ਮੁਲਾਜ਼ਮ ਆਮ ਤੌਰ ‘ਤੇ ਆਸ ਪਾਸ ਦੇ ਪਿੰਡਾਂ ਦੇ ਹੁੰਦੇ ਹਨ ਤੇ ਥਾਣੇ ਵਿੱਚ ਕਈ ਕਈ ਸਾਲਾਂ ਤੱਕ ਲੱਗੇ ਰਹਿੰਦੇ ਹਨ,ਪਰ ਐਸ.ਐਚ.ਉ. ਦੀ ਬਦਲੀ ਸਾਲ-ਛੇ ਮਹੀਨੇ ਬਾਅਦ ਹੋ ਜਾਂਦੀ ਹੈ। ਇਲਾਕੇ ‘ਚੋਂ ਬਦਮਾਸ਼ੀ ਖਤਮ ਕਰਨ ਦੇ ਜੋਸ਼ ਵਿੱਚ ਮੈਂ ਕੁਝ ਜਿਆਦਾ ਹੀ ਸਖਤੀ ਸ਼ੁਰੂ ਕਰ ਦਿੱਤੀ। ਪੁਰਾਣੇ ਮੁਲਾਜ਼ਮ ਮੈਨੂੰ ਹੋਰ ਫੂਕ ਛਕਾਉਣ ਲੱਗੇ,“ਜਨਾਬ, ਝੋਟੇ ਕੁੱਟ ਠਾਣੇਦਾਰ ਤੋਂ ਬਾਅਦ ਤੁਸੀ ਹੀ ਸਭ ਤੋਂ ਘੈਂਟ ਅਫਸਰ ਆਏ ਉ ਇਸ ਠਾਣੇ ਵਿੱਚ।”ਘੈਂਟਪੁਣੇ ਦੇ ਚੱਕਰ ਵਿੱਚਦੋ ਕੁ ਵਾਰ ਤਾਂ ਮੈਂ ਮੁਅੱਤਲ ਹੁੰਦਾ ਹੁੰਦਾਮਸਾਂਬਚਿਆ। ਪਰ ਮੇਰੇ ਚਾਲੇ ਠੀਕ ਨਾ ਹੋਏ।ਜਦੋਂ ਪੁਲਿਸ ਅਫਸਰ ਦੇ ਮਨ ਵਿੱਚ ਹੰਕਾਰ ਆ ਜਾਵੇ ਕਿ ਮੈਂ ਆਪਣੇ ਇਲਾਕੇ ਵਿੱਚ ਆਹ ਨਹੀਂ ਹੋਣ ਦੇਣਾ, ਔਹ ਨਹੀਂ ਹੋਣ ਦੇਣਾ ਤਾਂ ਉਹ ਲਾਜ਼ਮੀ ਧੋਖਾ ਖਾ ਜਾਂਦਾ ਹੈ। ਅਜਿਹੇ ਵਿਚਾਰ ਮਨ ਵਿੱਚ ਆਉਣ ਤਾਂ ਕੁਰਸੀ ਦੇ ਪਿੱਛੇ ਲੱਗੇ ਤਾਇਨਾਤੀ ਬੋਰਡ ਉੱਪਰ ਨਜ਼ਰ ਮਾਰ ਲੈਣੀ ਚਾਹੀਦੀ ਹੈ ਕਿ ਤੁਹਾਡੇ ਤੋਂ ਪਹਿਲਾਂ ਇਥੇ ਕਿੰਨੇ ਅਫਸਰ ਆਏ ਤੇ ਕਿੰਨੇ ਗਏ। ਇਲਾਕਾ ਕਿਸੇ ਅਫਸਰ ਦਾ ਨਹੀਂਸਗੋਂ ਉਥੇ ਵੱਸਣ ਵਾਲੇ ਲੋਕਾਂ ਦਾ ਹੁੰਦਾ ਹੈ। ਅਫਸਰ ਤਾਂ ਆਉਂਦੇ ਜਾਂਦੇ ਰਹਿੰਦੇ ਹਨ। ਅੱਜ ਮਰੇ, ਕੱਲ੍ਹ ਦੂਸਰਾ ਦਿਨ।
ਮੇਰੇ ਨਾਲ ਦੇ ਥਾਣੇ ਦਾ ਐਸ.ਐਚ.ਉ. ਗੱਜਣ ਸਿੰਘ ਇੰਸਪੈਕਟਰ ਲੱਗਾ ਹੋਇਆ ਸੀ। ਉਹ ਮੇਰੇ ਨਾਲ ਬਹੁਤ ਪਿਆਰ ਭਾਵ ਰੱਖਦਾ ਸੀ ਤੇ ਗਾਹੇ ਬਗਾਹੇ ਪੁਲਿਸ ਦੇ ਕੰਮ ਕਾਰ ਬਾਰੇ ਸਿੱਖਿਆ ਵੀ ਦਿੰਦਾ ਰਹਿੰਦਾ ਸੀ। ਪਰ ਜਵਾਨੀ ਵਿੱਚ ਬੁੱਢਿਆਂ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਕਿ ਇਹਨਾਂ ਦਾ ਤਾਂ ਖੂਨ ਠੰਡਾ ਹੋ ਗਿਆ ਹੈ। ਨਵੀਆਂ ਕਰੂੰਬਲਾਂ ਹਮੇਸ਼ਾਂ ਝੜ੍ਹ ਰਹੇ ਪੁਰਾਣੇ ਪੱਤਿਆਂ ਨੂੰ ਮਜ਼ਾਕ ਕਰਦੀਆਂ ਹਨ, ਪਰ ਭੁੱਲ ਜਾਂਦੀਆਂ ਹਨ ਕਿ ਅਗਲੀ ਪੱਤਝੜ੍ਹ ਨੂੰ ਉਹਨਾਂ ਦਾ ਨੰਬਰ ਵੀ ਲੱਗਣ ਵਾਲਾ ਹੈ।ਮੈਂ ਵੀ ਉਸ ਦੀਆਂ ਗੱਲਾਂ ਨੂੰ ਬਹੁਤਾ ਨਾ ਗੌਲਦਾ ਤੇ ਐਵੇਂ ਹੂੰ ਹਾਂ ਕਰ ਛੱਡਦਾ। ਇਕਦਿਨ ਜਿਲ੍ਹਾ ਹੈੱਡਕਵਾਟਰ ‘ਤੇ ਕੋਈ ਮੀਟਿੰਗ ਸੀ ਜੋ ਕਾਫੀ ਲੰਬੀ ਚੱਲੀ। ਸ਼ਾਮ ਦੇ ਨੌਂ ਵੱਜ ਗਏ ਤੇ ਕਾਫੀ ਹਨੇਰਾ ਹੋ ਗਿਆ। ਮੇਰਾ ਅਤੇ ਗੱਜਣ ਸਿੰਘ ਵਾਲਾ ਥਾਣਾ ਦੋਵੇਂ ਇੱਕੇ ਪਾਸੇ ਪੈਂਦੇ ਸਨ। ਉਸ ਵੇਲੇ ਅੱਤਵਾਦ ਭਾਵੇਂ ਆਖਰੀ ਸਾਹਾਂ ‘ਤੇ ਸੀ ਪਰ ਖਤਰਾ ਅਜੇ ਵੀ ਬਰਕਰਾਰ ਸੀ। ਇਸ ਲਈ ਅਸੀਂ ਦੋਵੇਂ ਇਕੱਠੇ ਸਫਰ ਕਰਨ ਲੱਗੇ। ਗੱਜਣ ਸਿੰਘ ਮੇਰੀ ਜਿਪਸੀ ਵਿੱਚ ਬੈਠ ਗਿਆ ਤੇ ਮੈਂ ਚਲਾਉਣ ਲੱਗ ਪਿਆ।
ਗੱਜਣ ਸਿੰਘਥੋੜ੍ਹਾ ਜਿਹਾ ਪੈੱਗ ਪਿਆਲੇ ਦਾ ਸ਼ੌਕੀਨ ਸੀ। ਗਰਮੀਆਂ ਦੇ ਦਿਨ ਸਨ, ਸ਼ਹਿਰੋਂ ਬਾਹਰ ਆ ਕੇ ਉਸ ਨੇ ਆਪਣੇ ਗੰਨਮੈਨ ਨੂੰ ਇੱਕ ਠੇਕੇ ਤੋਂ ਬੀਅਰ ਲੈਣ ਲਈ ਭੇਜ ਦਿੱਤਾ। ਉਹਨਾਂ ਸਮਿਆਂ ਵਿੱਚ ਖਾੜਕੂ ਸ਼ਰਾਬ ਦੇ ਠੇਕੇਦਾਰਾਂ ਦੇ ਪਿੱਛੇ ਪਏ ਹੋਏ ਸਨ। ਅਨੇਕਾਂ ਠੇਕੇ ਫੂਕ ਦਿੱਤੇ ਗਏ ਤੇ ਕਈ ਠੇਕੇਦਾਰ ਮਾਰ ਦਿੱਤੇ ਗਏ ਸਨ।ਇਸ ਲਈ ਸਕਿਉਰਿਟੀ ਲੈਣ ਖਾਤਰ ਠੇਕੇਦਾਰ ਪੁਲਿਸ ਵਾਲਿਆਂ ਦੀਬਹੁਤ ਆਉ ਭਗਤ ਕਰਦੇ ਸਨ। ਕਰਿੰਦੇ ਨੂੰ ਭੇਜਣ ਦੀ ਬਜਾਏ ਠੇਕੇਦਾਰ ਆਪ ਹੀ ਬੀਅਰ ਦੀਆਂ ਦੋ ਠੰਡੀਆਂ ਬੋਤਲਾਂ ਅਖਬਾਰ ਵਿੱਚ ਵਲੇਟ ਕੇ ਭੱਜਾ ਆਇਆ। ਗੱਜਣ ਸਿੰਘ ਨੇ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਝੂਠੀ ਜਿਹੀ ਮੁਸਕਾਨ ਨਾਲ ਲੈਣ ਤੋਂ ਇਨਕਾਰ ਕਰ ਦਿੱਤਾ (ਦਿਲ ‘ਚ ਭਾਵੇਂ ਸਾਨੂੰ ਕੋਸਦਾ ਹੀ ਹੋਵੇ)। ਮੈਂ ਗੱਡੀ ਤੋਰ ਲਈ ਤੇ ਗੱਜਣ ਸਿੰਘ ਬੀਅਰ ਪੀਣ ਲੱਗ ਪਿਆ। ਅਗਲਾ ਅੱਡਾ ਆਉਂਦੇ ਆਉਂਦੇ ਬੀਅਰ ਖਤਮ ਹੋ ਗਈ। ਉਥੇ ਵੀ ਠੇਕੇਦਾਰ ਦੇ ਕਰਿੰਦੇ ਭੱਜ ਕੇ ਗੱਡੀ ਵੱਲ ਆਏ। ਉਹਨਾਂ ਨੇ ਵੀ ਬੀਅਰ ਦੇ ਪੈਸੇ ਨਾ ਲਏ। ਇਸ ਤੋਂ ਬਾਅਦ ਅਸੀਂ ਰਸਤੇ ਵਿੱਚ ਪੈਂਦੇ ਮਸ਼ਹੂਰ ਠੇਕੇਦਾਰ ਸੱਤਪਾਲ ਖਨੌਰੀ ਦੇ ਦਫਤਰ ਚਲੇ ਗਏ। ਖੁਲੇ੍ਹ ਸੁਭਾਅ ਦਾ ਹੋਣ ਕਾਰਨ ਉਸ ਕੋਲ ਮੁਲਾਜ਼ਮਾਂਦਾ ਆਉਣ ਜਾਣ ਲੱਗਾ ਰਹਿੰਦਾ ਸੀ। ਉਸ ਨੇ ਵੀ ਰੱਜ ਕੇ ਰੋਟੀ ਪਾਣੀ ਦੀ ਸੇਵਾ ਕੀਤੀ।
ਜਦੋਂ ਗੱਜਣ ਸਿੰਘ ਵਾਹਵਾ ਸਰੂਰ ਜਿਹੇ ‘ਚ ਹੋ ਗਿਆ ਤਾਂ ਮੈਨੂੰ ਕਹਿਣ ਲੱਗਾ, “ਹਾਂ ਭਈ ਜਵਾਨਾ, ਵੇਖੇ ਈ ਰੱਬ ਦੇ ਰੰਗ?ਇਹ ਸੇਠ ਕਿਸੇ ਨੂੰ ਸ਼ਰਾਬ ਦੀ ਖਾਲੀ ਬੋਤਲ ਨਾ ਦੇਣ,ਆਪਣੇ ਅੱਗੇ ਪਿਛੇ ਵੇਖ ਲੈ ਕਿਵੇਂ ਭੱਜੇ ਫਿਰਦੇ ਨੇ। ਆਪਣੀ ਕਿਸਮਤ ਚੰਗੀ ਸੀ ਜੋ ਆਮ ਘਰਾਂ ‘ਚੋਂ ਉੱਠ ਕੇ ਅਫਸਰ ਬਣ ਗਏ ਆਂ। ਆਪਣੇ ਤੋਂ ਕਿਤੇ ਵੱਧ ਪੜ੍ਹੇ ਲਿਖੇ ਲੋਕ ਬੇਰੋਜ਼ਗਾਰੀ ਕਾਰਨ ਧੱਕੇ ਖਾਂਦੇ ਫਿਰਦੇ ਨੇ। ਜੇ ਤੈਨੂੰਨੌਕਰੀ ਮਿਲ ਈ ਗਈ ਆ ਤਾਂ ਬੰਦਿਆਂ ਵਾਂਗ ਕਰ। ਦਿਮਾਗ ਠੰਡਾ ਰੱਖ।ਯਾਦ ਰੱਖੀਂ, ਤੇਰੇ ਨਾਲ ਜਿਹੜੇ ਮੁੰਡੇ ਪੜ੍ਹਦੇ ਹੁੰਦੇ ਸੀਉਹ ਅਜੇ ਡੰਗਰਾਂ ਲਈਪੱਠੇ ਲੈ ਕੇ ਘਰ ਨਹੀਂ ਮੁੜੇ ਹੋਣੇ।” ਉਸ ਦੀਕੋਰੀ ਕਰਾਰੀ ਗੱਲ ਮੇਰੇ ਦਿਲ ‘ਤੇ ਲੜ ਗਈ। ਇਸ ਘਟਨਾ ਨੂੰ 24 ਸਾਲ ਹੋ ਗਏ ਹਨ ਪਰ ਕਲ੍ਹ ਵਾਂਗ ਜਾਪਦੀ ਹੈ। ਅੱਜ ਵੀ ਜਦੋਂ ਕਿਸੇ ਆਕੜਖੋਰ ਸਰਕਾਰੀ ਅਧਿਕਾਰੀਜਾਂ ਨੇਤਾ ਨੂੰ ਆਮ ਪਬਲਿਕ ਜਾਂ ਮਾਹਤਿਤਾਂ ਨਾਲ ਬੁਰਾ ਵਿਵਹਾਰ ਕਰਦਾ ਵੇਖਦਾ ਹਾਂ ਤਾਂ ਉਹ ਗੱਲ ਚੇਤੇ ਆ ਜਾਂਦੀ ਹੈ।
ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿਧਵਾਂ 9501100062