
ਬਠਿੰਡਾ, 4 ਮਈ, (ਬਲਵਿੰਦਰ ਸਿੰਘ ਭੁੱਲਰ) ਕੌਮੀ ਲੀਡਰ ਤੇ ਸਿੱਖ ਸਿਆਸਤ ਦੇ ਸ਼ਾਹ ਸਵਾਰ ਸ੍ਰ: ਪ੍ਰਕਾਸ ਸਿੰਘ ਬਾਦਲ ਨਮਿੱਤ ਅੱਜ ਉਹਨਾਂ ਦੇ ਪਿੰਡ ਬਾਦਲ ਵਿਖੇ ਹਜ਼ਾਰਾਂ ਲੋਕਾਂ ਨੇ ਉਹਨਾਂ ਨੂੰ ਸਰਧਾ ਦੇ ਫੁੱਲ ਭੇਂਟ ਕੀਤੇ। ਵੱਖ ਵੱਖ ਬੁਲਾਰਿਆਂ ਨੇ ਜਿੱਥੇ ਉਹਨਾਂ ਦੇ ਕਾਰਜ ਕਾਲ ਦੌਰਾਨ ਹੋਏ ਪੰਜਾਬ ਦੇ ਵਿਕਾਸ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ, ਉੱਥੇ ਉਹਨਾਂ ਵੱਲੋਂ ਰਾਜਾਂ ਦੇ ਵੱਧ ਅਧਿਕਾਰਾਂ ਲਈ ਆਵਾਜ਼ ਬੁਲੰਦ ਕਰਨ, ਕਿਸਾਨੀ ਦੀ ਪ੍ਰਫੁੱਲਤਾ ਲਈ ਯਤਨ ਕਰਨ ਅਤੇ ਲੋਕਾਂ ਲਈ ਕੀਤੇ ਸੰਘਰਸਾਂ ਨੂੰ ਵੀ ਯਾਦ ਕੀਤਾ। ਉਹਨਾਂ ਨੂੰ ਸਰਧਾਂਜਲੀ ਭੇਂਟ ਕਰਨ ਲਈ ਸਿਆਸੀ ਪਾਰਟੀਆਂ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਭਾਈ ਰਘਵੀਰ ਸਿੰਘ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਪਰਮਜੀਤ ਸਿੰਘ ਸਰਨਾ, ਰਾਧਾ ਸੁਆਮੀ ਸੰਪਰਦਾਇ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ, ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ, ਨਾਮਧਾਰੀ ਸੰਪਰਦਾਇ ਦੇ ਮੁਖੀ ਭਾਈ ਉਦੈ ਸਿੰਘ, ਮੁਖੀ ਸੰਪਰਦਾਇ ਨਾਨਕਸਰ ਦੇ ਮੁਖੀ ਬਾਬਾ ਘਾਲਾ ਸਿੰਘ, ਮੁਸਲਮਾਨ ਆਗੂ, ਸਮੇਤ ਨਿਰਮਲੇ ਸਾਧੂ, ਉਦਾਸੀ ਸਾਧੂ, ਵੱਖ ਵੱਖ ਟਕਸਾਲਾਂ ਤੇ ਸਿੱਖ ਸੰਪਰਦਾਵਾਂ ਦੇ ਮੁਖੀ ਪਹੁੰਚੇ। ਸਭਨਾ ਨੇ ਸ੍ਰ: ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ ਤੇ ਬੀਬੀ ਪ੍ਰਨੀਤ ਕੌਰ ਸਮੇਤ ਪਰਿਵਾਰ ਦੇ ਹੋਰਨਾਂ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ।
ਸ੍ਰ: ਬਾਦਲ ਨੂੰ ਸਰਧਾਂਜਲੀ ਭੇਂਟ ਕਰਦਿਆਂ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ਹੀ ਨਹੀਂ ਦੇਸ਼ ਦੇ ਲੋਕਾਂ ਕੋਲੋਂ ਇੱਕ ਚੰਗਾ ਲੀਡਰ, ਕਿਸਾਨਾਂ ਦਾ ਹਮਦਰਦ ਖੋਹਿਆ ਜਾ ਚੁੱਕਾ ਹੈ, ਜੋ ਅਤੀ ਦੁਖਦਾਈ ਹੈ। ਉਹਨਾਂ ਕਿਹਾ ਕਿ ਸ੍ਰ: ਬਾਦਲ ਨੇ ਸੱਤਰ ਸਾਲ ਦਾ ਸਿਆਸੀ ਜੀਵਨ ਬਿਤਾਇਆ, ਪਰ ਹੈਰਾਨੀ ਦੀ ਗੱਲ ਹੈ ਫੇਰ ਵੀ ਉਹਨਾਂ ਦਾ ਕੋਈ ਦੁਸ਼ਮਣ ਨਹੀਂ ਹੈ। ਉਹਨਾਂ ਆਪਣੇ ਮਿਲਣ ਵਾਲੇ ਹਰ ਇਨਸਾਨ ਨੂੰ ਸੱਚ ਦਾ ਰਾਹ ਵਿਖਾਇਆ। ਸ੍ਰੀ ਸ਼ਾਹ ਨੇ ਕਿਹਾ ਕਿ ਉਹਨਾਂ ਦੇਸ਼, ਪੰਜਾਬ ਅਤੇ ਪੰਥ ਲਈ ਲੰਬਾ ਸੰਘਰਸ਼ ਕੀਤਾ। ਐਮਰਜੈਂਸੀ ਵਿਰੁੱਧ ਵੀ ਅਕਾਲੀ ਦਲ ਚੱਟਾਨ ਵਾਂਗ ਖੜਾ ਰਿਹਾ, ਜਿਸ ’ਚ ਸ੍ਰ: ਬਾਦਲ ਦਾ ਵੱਡਾ ਰੋਲ ਸੀ। ਉਹਨਾਂ ਆਪਣੇ ਅਤੇ ਭਾਜਪਾ ਵੱਲੋਂ ਸਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਵਾਹਿਗੁਰੂ ਸਭ ਨੂੰ ਉਹਨਾਂ ਦੇ ਰਾਹ ਤੇ ਚੱਲਣ ਦੀ ਸ਼ਕਤੀ ਦੇਵੇ।
ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਅਤੇ ਆਲ ਇੰਡੀਆ ਦੇ ਜਨਰਲ ਸਕੱਤਰ ਕਾ: ਸੀਤਾ ਰਾਮ ਯੈਚੁਰੀ ਵੱਲੋਂ ਸ੍ਰ: ਬਾਦਲ ਨੂੰ ਸਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਉਹ ਇੱਕ ਵਿਸ਼ਵ ਵਿਦਿਆਲਾ ਸਨ, ਉਹਨਾਂ ਵਿੱਚ ਨਿਮਰਤਾ ਤੇ ਸੰਜਮ ਜਿਹੇ ਵੱਡੇ ਗੁਣ ਸਨ, ਜਿਹਨਾਂ ਨੂੰ ਸਿੱਖਣ ਸਿਖਾਉਣ ਦੀ ਲੋੜ ਹੈ। ਉਹਨਾਂ ਕਿਹਾ ਕਿ ਸ੍ਰ: ਬਾਦਲ ਹਮੇਸ਼ਾਂ ਪੰਜਾਬ ਪ੍ਰਤੀ ਚਿੰਤਾਤੁਰ ਰਹਿੰਦੇ ਸਨ। ਅੱਜ ਵੀ ਪੰਜਾਬ ਵਿਰੋਧੀ ਵਿਰਤਾਂਤ ਸਿਰਜਿਆ ਜਾ ਰਿਹਾ ਹੈ, ਇਸ ਬਾਰੇ ਮੰਥਨ ਕਰਨਾ ਹੀ ਉਹਨਾਂ ਨੂੰ ਸੱਚੀ ਸਰਧਾਂਜਲੀ ਹੋਵੇਗੀ। ਉਹਨਾਂ ਕਿਹਾ ਕਿ ਸ੍ਰ: ਬਾਦਲ ਦੀ ਕਰਜ਼ੇ ਦੇ ਜਾਲ ਵਿੱਚ ਵਿੰਨੇ ਕਿਸਾਨਾਂ ਨੂੰ ਬਚਾਉਣ ਲਈ ਸਮੁੱਚੇ ਪੰਜਾਬੀਆਂ ਦੀ ਸਮਾਜਿਕ ਜੁਮੇਵਾਰੀ ਬਣਦੀ ਹੈ। ਕਾ: ਸੇਖੋਂ ਨੇ ਸ੍ਰ: ਬਾਦਲ ਦੇ ਧਾਰਮਿਕ ਵਿਚਾਰਾਂ ਦੀ ਗੱਲ ਕਰਦਿਆਂ ਕਿਹਾ ਕਿ ਗੁਰੂ ਮਾਨਿਓ ਗ੍ਰੰਥ ਸ਼ਬਦ ਅਨੁਸਾਰ ਪੰਜਾਬ ਵਿੱਚੋਂ ਤਾਂਤਰਿਕਾਂ ਅਤੇ ਅੰਧ ਵਿਸਵਾਸ਼ ਨੂੰ ਖਤਮ ਕਰਨ ਲਈ ਅੱਜ ਤੋਂ ਸਰਧਾਂਜਲੀ ਦੇ ਰੂਪ ਵਿੱਚ ਯਤਨ ਅਰੰਭੇ ਜਾਣ।
ਸੀ ਪੀ ਆਈ ਵੱਲੋਂ ਸਰਧਾਂਜਲੀ ਭੇਂਟ ਕਰਦਿਆਂ ਕਾ: ਹਰਦੇਵ ਅਰਸ਼ੀ ਨੇ ਸ੍ਰ: ਬਾਦਲ ਇੱਕ ਸੰਸਥਾ ਤੇ ਇੱਕ ਯੁੱਗ ਸੀ, ਗੁਣਾਂ ਦਾ ਭੰਡਾਰ ਸੀ ਅਤੇ ਨਿਮਰਤਾ ਤੇ ਸ਼ਹਿਣਸੀਲਤਾ ਦਾ ਸਮੁੰਦਰ ਸੀ। ਉਹਨਾਂ ਸਾਰੀ ਉਮਰ ਅੰਦੋਲਨ ਕੀਤਾ ਪਰ ਥਕਾਵਟ ਮਹਿਸੂਸ ਨਹੀਂ ਕੀਤੀ। ਉਹਨਾਂ ਦੇ ਜਾਣ ਨਾਲ ਰਾਜਨੀਤੀ ਵਿੱਚ ਖਲਾਅ ਪੈਦਾ ਹੋ ਗਿਆ ਹੈ, ਇਹ ਭਰੇਗਾ ਜਾਂ ਨਹੀਂ, ਇਹ ਚਿੰਤਾ ਦਾ ਵਿਸ਼ਾ ਹੈ। ਉਹਨਾਂ ਸ੍ਰੀ ਸੁਖਬੀਰ ਬਾਦਲ ਨੂੰ ਸਲਾਹ ਦਿੱਤੀ ਕਿ ਸ੍ਰ: ਬਾਦਲ ਦੇ ਗੁਣਾਂ ਨੂੰ ਗ੍ਰਹਿਣ ਕਰਨ ਅਤੇ ਬਦਲਾਖੋਰੀ ਦੀ ਰਾਜਨੀਤੀ ਤੋਂ ਹਮੇਸ਼ਾਂ ਦੂਰ ਰਹਿਣ। ਲੋਕ ਸਭਾ ਦੇ ਸਪੀਕਰ ਸ੍ਰੀ ਓਮ ਬਿਰਲਾ ਨੇ ਸਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਸ੍ਰ: ਬਾਦਲ ਨੇ ਪੰਜਾਬ ਦੀ ਉਸਾਰੀ ਲਈ ਵੱਡਾ ਯੋਗਦਾਨ ਪਾਇਆ, ਕਿਸਾਨਾਂ ਮਜਦੂਰਾਂ ਲਈ ਸੰਘਰਸ਼ ਕੀਤਾ ਅਤੇ ਜੇਲਾਂ ਕੱਟੀਆਂ।
ਰੋਜਾਨਾ ਅਜੀਤ ਦੇ ਮੁੱਖ ਸੰਪਾਦਕ ਸ੍ਰ: ਬਰਜਿੰਦਰ ਸਿੰਘ ਹਮਦਰਦ ਨੇ ਸਰਧਾਂਜਲੀ ਭੇਂਟ ਕਰਦਿਆਂ ਯਾਦਾਂ ਤਾਜ਼ੀਆਂ ਕੀਤੀਆਂ। ਉਹਨਾਂ ਕਿਹਾ ਕਿ ਸ੍ਰ: ਬਾਦਲ ਦਾ ਜੀਵਨ ਸਾਰਥਕ ਸੀ, ਉਹਨਾਂ ਨਿਰੰਤਰ ਘਾਲਣਾ ਘਾਲੀ ਤੇ ਸਫ਼ਲ ਜ਼ਿੰਦਗੀ ਬਤੀਤ ਕੀਤੀ। ਉਹਨਾਂ ਹਮੇਸ਼ਾਂ ਆਪਣੇ ਲੋਕਾਂ ਤੇ ਆਪਣੀ ਧਰਤੀ ਨੂੰ ਪਿਆਰ ਦਿੱਤਾ, ਲੋਕਾਂ ਨੇ ਉਹਨਾਂ ਨੂੰ ਉਸਤੋਂ ਵੀ ਵੱਧ ਪਿਆਰ ਤੇ ਸਤਿਕਾਰ ਦਿੱਤਾ। ਉਹਨਾਂ ਕਿਹਾ ਕਿ ਪੰਜਾਬ ਬਹੁਤ ਪਿੱਤੇ ਚਲਾ ਗਿਆ ਹੈ, ਸਭ ਨੂੰ ਰਲ ਕੇ ਅੱਗੇ ਵਧਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸ਼: ਸੁਖਬੀਰ ਸਿੰਘ ਬਾਦਲ ਦੀ ਵੀ ਜੁਮੇਵਾਰੀ ਹੈ ਕਿ ਸ੍ਰ: ਬਾਦਲ ਦੇ ਸੁਪਨੇ ਤੇ ਸਿਧਾਂਤ ਨੂੰ ਪੂਰਾ ਕਰੇ।
ਸਾਬਕਾ ਮੁੱਖ ਮੰਤਰੀ ਸ੍ਰ: ਬਾਦਲ ਨੂੰ ਸਰਧਾ ਦੇ ਫੁੱਲ ਭੇਂਟ ਕਰਦਿਆਂ ਕਾਂਗਰਸ ਦੇ ਆਗੂ ਸ੍ਰੀ ਸਚਿਨ ਪਾਇਲਟ ਨੇ ਕਿਹਾ ਕਿ ਇਨਸਾਨ ਦੀ ਕਮਾਈ ਦਾ ਉਸਦੇ ਜਾਣ ਤੋਂ ਬਾਅਦ ਹੀ ਪਤਾ ਲਗਦਾ ਹੈ ਅਤੇ ਅੱਜ ਦਾ ਇਕੱਠ ਉਹਨਾਂ ਦੀ ਕਮਾਈ ਦਾ ਪ੍ਰਮਾਣ ਹੈ। ਸ੍ਰ: ਬਾਦਲ ਨੂੰ ਬਲਵਿੰਦਰ ਸਿੰਘ ਭੂੰਦੜ, ਓਮ ਪ੍ਰਕਾਸ਼ ਚੌਟਾਲਾ, ਪ੍ਰੇਮ ਸਿੰਘ ਚੰਦੂਮਾਜਰਾ, ਹਰਜਿੰਦਰ ਸਿੰਘ ਧਾਮੀ, ਪਰਮਜੀਤ ਸਿੰਘ ਸਰਨਾ, ਮਨਪ੍ਰੀਤ ਸਿੰਘ ਬਾਦਲ ਨੇ ਵੀ ਸਰਧਾਂਜਲੀ ਭੇਂਟ ਕੀਤੀ। ਇਸ ਮੌਕੇ ਸਰਵ ਸ੍ਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਬਿਕਰਮ ਸਿੰਘ ਮਜੀਠੀਆ, ਗੋਬਿੰਦ ਸਿੰਘ ਲੌਂਗੋਵਾਲ, ਜਗਮੀਤ ਸਿੰਘ ਬਰਾੜ, ਜੀਤਮੁਹਿੰਦਰ ਸਿੰਘ ਸਿੱਧੂ ਸਿਕੰਦਰ ਸਿੰਘ ਮਲੂਕਾ, ਸੁੱਚਾ ਸਿੰਘ ਛੋਟੇਪੁਰ, ਪਰਮਿੰਦਰ ਸਿੰਘ ਢੀਂਡਸਾ, ਗਗਨਦੀਪ ਬਰਨਾਲਾ, ਅਜੈਬ ਸਿੰਘ ਭੱਟੀ, ਜਸਵੀਰ ਡਿੰਪਾ, ਵਰਿੰਦਰ ਸੇਖਾਵਤ, ਗੁਨੀਵ ਮਜੀਠੀਆ, ਮਹੇਸ਼ਇੰਦਰ ਗਰੇਵਾਲ, ਸਤਨਾਮ ਵੜੈਚ, ਕ੍ਰਿਪਾਲ ਸਿੰਘ ਬੰਡੂਗਰ ਅਤੇ ਬਹੁਤ ਸਾਰੇ ਮੌਜੂਦਾ ਤੇ ਸਾਬਕਾ ਵਿਧਾਇਕ ਵੀ ਮੌਜੂਦ ਸਨ। ਸ੍ਰ: ਸੁਖਬੀਰ ਸਿੰਘ ਬਾਦਲ ਨੇ ਸਮੂੰਹ ਸੰਗਤਾਂ ਦਾ ਧੰਨਵਾਦ ਕੀਤਾ।