ਸਿੰਘ ਸਭਾ ਲਹਿਰ ਸਥਾਪਨਾ ਦਿਵਸ 1 ਅਕਤੂਬਰ ਨੂੰ ਲੁਧਿਆਣਾ ਵਿਖੇ: ਪੰਥਕ ਤਾਲਮੇਲ ਸੰਗਠਨ

28 ਸਤੰਬਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੂਲ ਸਿਧਾਂਤ ਨੂੰ ਸਮਰਪਿਤ ਸੰਸਥਾਂਵਾਂ ਤੇ ਸ਼ਖ਼ਸੀਅਤਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਵਲੋਂ ਸਿੰਘ ਸਭਾ ਲਹਿਰ ਸਥਾਪਨਾ ਦਿਵਸ 1 ਅਕਤੂਬਰ ਦਿਨ ਸ਼ੁਕਰਵਾਰ ਨੂੰ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਜਵੱਦੀ ਕਲਾਂ ਲੁਧਿਆਣਾ ਵਿਖੇ ਮਨਾਇਆ ਜਾਵੇਗਾ। ਜਿਸ ਵਿਚ ਸਿੰਘ ਸਭਾ ਲਹਿਰ ਦੇ ਸਬਕ ਨੂੰ ਅੱਜ ਦੇ ਸੰਦਰਭ ਵਿਚ ਵਿਚਾਰਿਆ ਜਾਵੇਗਾ ਅਤੇ ਸਵੈ-ਮੁਲਾਂਕਣ ਕੀਤਾ ਜਾਵੇਗਾ।
ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਕੋ-ਕਨਵੀਨਰ ਜਸਵਿੰਦਰ ਸਿੰਘ ਐਡਵੋਕੇਟ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਰ ਕਮੇਟੀ ਅਤੇ ਪੰਥਕ ਅਸੈਂਬਲੀ ਆਗੂਆਂ ਵਲੋਂ ਸਿੱਖ-ਪੰਥ ਨੂੰ ਸਿੰਘ ਸਭਾ ਲਹਿਰ ਮੌਕੇ ਇਤਿਹਾਸਕ ਕਦਮ ਅਤੇ ਦਮ ਭਰਨ ਲਈ ਸੱਦਾ ਦਿੱਤਾ ਹੈ।
ਉਹਨਾਂ ਕਿਹਾ ਕਿ 20ਵੀਂ ਸਦੀ ਦੇ ਤੀਸਰੇ ਦਹਾਕੇ ਵਿਚ ਆਰੰਭ ਹੋਈ ਗੁਰਦੁਆਰਾ ਸੁਧਾਰ ਲਹਿਰ ਨੂੰ ਖੜ੍ਹਾ ਕਰਨ ਵਿਚ ਸਿੰਘ ਸਭਾ ਲਹਿਰ ਦੀ ਅਹਿਮ ਦੇਣ ਹੈ ਜਿਸ ਦਾ ਜਨਮ 1873 ਵਿਚ ਹੋਇਆ ਸੀ। ਜਿਸ ਨੇ ਸੰਨ 1862 ਵਿਚ ਆਈ ਰਾਜਸੀ ਅੰਧੇਰੀ ਕਾਰਨ ਸਿੱਖੀ ਬਾਗ ਵਿਚ ਹੋਈ ਪਤ-ਝੜ ਨੂੰ ਪਛਾਣ ਲਿਆ ਸੀ ਭਾਵੇਂ ਉਹ ਵਿੱਦਿਆ ਦੇ ਪੱਛਮੀਕਰਨ ਦੀ ਸੀ ਤੇ ਭਾਵੇਂ ਧਰਮ ਪਰਿਵਰਤਨ ਦੀ ਸੀ। ਸਿੰਘ ਸਭਾ ਲਹਿਰ ਨੇ ਹੀ ਗੁਰਦੁਆਰਾ ਸੁਧਾਰ ਲਹਿਰ ਨੂੰ ਸ਼ਕਤੀ ਦਿੱਤੀ ਤੇ ਗੁਰਦੁਆਰੇ ਆਜ਼ਾਦ ਕਰਵਾਉਣ ਲਈ ਸਿੱਖ ਜਥੇਬੰਦ ਹੋ ਕੇ ਜੂਝੇ। ਇਸੇ ਦਾ ਨਤੀਜਾ ਹੈ ਕਿ ਨਵੰਬਰ 1920 ਵਿੱਚ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਮ੍ਰਿਤਸਰ ਵਿਖੇ ਪੰਥਕ ਇਕੱਠ ਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੈਦਾ ਹੁੰਦੀ ਹੈ। ਇਸ ਦੇ ਨਾਲ ਹੀ ਦਸੰਬਰ 1920 ਈ: ਵਿਚ ਸ਼੍ਰੋਮਣੀ ਅਕਾਲੀ ਦਲ ਜਥੇਬੰਦੀ ਕਾਇਮ ਹੁੰਦੀ ਹੈ।
ਸਿਦਕੀ ਸਿੱਖ ਅਤੇ ਸਿੱਖ ਜਥੇਬੰਦੀਆਂ ਨੇ ਸਿੱਖਾਂ ਦੀ ਮਰਜੀ ਮੁਤਾਬਕ ਸਿਆਸਤ ਸਿਰਜਣ ਲਈ ਲਾਮਿਸਾਲ ਸੰਘਰਸ਼ ਕੀਤਾ। ਪਰ ਅੱਜ ਸਿਆਸਤ ਮੁਤਾਬਕ, ਸਿੱਖਾਂ ਦੀ ਅਤੇ ਸਿੱਖ ਸਰੋਕਾਰਾਂ ਦੀ ਖਿੱਚਾ ਧੂਹੀ ਹੋ ਰਹੀ ਹੈ। ਪੰਜਾਬ ਦੀ ਸਿਆਸਤ ਵਿਚ ਸਿੱਖ ਸਰੋਕਾਰਾਂ ਦਾ ਸਿਫ਼ਰ ਦੇ ਹਾਸ਼ੀਏ’ਤੇ ਰਹਿਣ ਦਾ ਵਰਤਾਰਾ ਚਿੰਤਾ ਦਾ ਵਿਸ਼ਾ ਹੈ। ਜਿਸ ਲਈ ਮਾਣਮੱਤੀਆ ਲਹਿਰਾਂ ਦੇ ਸਨਮੁੱਖ ਸਵੈ-ਪੜਚੋਲ ਕਰਕੇ ਸਿਆਸਤ ਵਿਚ ਸਿੱਖ ਸਰੋਕਾਰਾਂ ਦੇ ਸਤਿਕਾਰ ਤੇ ਸਵੈ-ਮਾਣ ਲਈ ਫ਼ੈਸਲੇ ਲੈਣੇ ਹੋਣਗੇ। ਸਿਰ ਜੋੜ ਬੈਠ ਸਰਬੱਤ ਦੇ ਭਲੇ ਵਾਲੇ ਸਮਾਜ ਸਿਰਜਣ’ਚ ਹੋ ਰਹੀ ਦੇਰੀ ਜਿੱਥੇ ਸਿੱਖ ਕੌਮ ਲਈ ਘਾਤਕ ਹੈ ਉੱਥੇ ਸਮੁੱਚੇ ਸਮਾਜ ਤੇ ਪੰਜਾਬ ਨੂੰ ਡੂੰਘੇ ਸੰਕਟ ਵੱਲ ਧੱਕਣ ਵਾਲੀ ਲਾਪਰਵਾਹੀ ਹੈ।

ਕਨਵੀਨਰ: ਗਿਆਨੀ ਕੇਵਲ ਸਿੰਘ
ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ

Install Punjabi Akhbar App

Install
×