
ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ (ਐਨ.ਐਸ.ਡਬਲਯੂ.) ਰਾਜ ਦੀ ਪੁਲਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਿਡਨੀ ਵਿੱਚ ਇੱਕ 18 ਸਾਲਾ ਨੌਜਵਾਨ ਵੰਸ਼ ਖੰਨਾ ਖ਼ਿਲਾਫ਼ ਹਿੱਟ ਐਂਡ ਰਨ ਮਤਲਬ ਤਿੰਨ ਬੱਚਿਆਂ ਨੂੰ ਟੱਕਰ ਮਾਰ ਕੇ ਭੱਜ ਜਾਣ ਦਾ ਮਾਮਲਾ ਦਰਜ ਕੀਤਾ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਸੂਬਾ ਪੁਲਸ ਵੱਲੋਂ ਜਾਰੀ ਬਿਆਨ ਅਨੁਸਾਰ ਵੀਰਵਾਰ ਦੁਪਹਿਰ ਨੂੰ ਐਮਰਜੈਂਸੀ ਸੇਵਾਵਾਂ ਨੇ ਰਿਪੋਰਟਾਂ ‘ਤੇ ਪ੍ਰਤੀਕਿਰਿਆ ਦਿੱਤੀ ਕਿ 3 ਮੁੰਡਿਆ-ਇੱਕ 13 ਸਾਲ ਅਤੇ ਦੋ 12-12 ਸਾਲ ਦੀ ਉਮਰ ਦੇ, ਫਾਲਕਨ ਸਟ੍ਰੀਟ ਅਤੇ ਪੈਸੀਫਿਕ ਹਾਈਵੇਅ, ਕ੍ਰੋ ਨੈਸਟ ਦੇ ਚੌਰਾਹੇ ‘ਤੇ ਇੱਕ ਕਾਰ ਨਾਲ ਟਕਰਾ ਗਏ ਸਨ।
ਬੱਚੇ ਕਥਿਤ ਤੌਰ ‘ਤੇ ਹਰੇ ਪੈਦਲ ਸਿਗਨਲ ਨੂੰ ਦੇਖਦੇ ਹੋਏ ਸੜਕ ਪਾਰ ਕਰ ਰਹੇ ਸਨ। 13 ਸਾਲਾ ਮੁੰਡੇ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਉਸ ਦੀਆਂ ਗੰਭੀਰ ਪਰ ਗੈਰ-ਜਾਨ ਖ਼ਤਰੇ ਵਾਲੀਆਂ ਸੱਟਾਂ ਲਈ ਇਲਾਜ ਕੀਤਾ ਗਿਆ, ਜਦੋਂ ਕਿ ਦੋ 12 ਸਾਲਾ ਮੁੰਡਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਦੂਜੇ ਹਸਪਤਾਲ ਲਿਜਾਇਆ ਗਿਆ। ਹਾਦਸੇ ਤੋਂ ਬਾਅਦ ਵੰਸ਼ ਖੰਨਾ ਨਾ ਤਾਂ ਉੱਥੇ ਰੁਕਿਆ ਅਤੇ ਨਾ ਹੀ ਉਸ ਨੇ ਸਹਾਇਤਾ ਪ੍ਰਦਾਨ ਕੀਤੀ ਅਤੇ ਆਪਣੇ ਵਾਹਨ ਸਮੇਤ ਘਟਨਾ ਸਥਾਨ ਤੋਂ ਭੱਜ ਗਿਆ। ਉਸਨੂੰ ਫੌਕਸ ਸਟਰੀਟ, ਲੇਨ ਕੋਵ ਤੋਂ ਸ਼ਾਮ 4 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਫਿਰ ਇੱਕ ਪੁਲਸ ਸਟੇਸ਼ਨ ਲਿਜਾਇਆ ਗਿਆ।
ਵੰਸ਼ ਖੰਨਾ ‘ਤੇ 7 ਅਪਰਾਧਾਂ ਦਾ ਦੋਸ਼ ਲਗਾਇਆ ਗਿਆ, ਜਿਵੇਂ ਕਿ ਖਤਰਨਾਕ ਡ੍ਰਾਈਵਿੰਗ, ਗੰਭੀਰ ਸਰੀਰਕ ਨੁਕਸਾਨ, ਲਾਪਰਵਾਹੀ ਨਾਲ ਡਰਾਈਵਿੰਗ ਅਤੇ ਵਾਹਨ ਦੇ ਪ੍ਰਭਾਵ ਤੋਂ ਬਾਅਦ ਰੋਕਣ ਅਤੇ ਸਹਾਇਤਾ ਕਰਨ ਵਿੱਚ ਅਸਫਲ ਰਹਿਣਾ ਜਿਸ ਨਾਲ ਗੰਭੀਰ ਸਰੀਰਕ ਨੁਕਸਾਨ ਹੁੰਦਾ ਹੈ। ਵੰਸ਼ ਖੰਨਾ ਨੂੰ ਸਥਾਨਕ ਅਦਾਲਤ ‘ਚ ਪੇਸ਼ ਕੀਤਾ ਗਿਆ। ਉਸਦੀ ਕਾਰ ਨੂੰ ਮਕੈਨੀਕਲ ਅਤੇ ਫੋਰੈਂਸਿਕ ਜਾਂਚ ਲਈ ਜ਼ਬਤ ਕਰ ਲਿਆ ਗਿਆ। ਪੁਲਸ ਨੇ ਉਸ ਨੂੰ ਲਾਇਸੈਂਸ ਮੁਅੱਤਲ ਕਰਨ ਦਾ ਨੋਟਿਸ ਵੀ ਜਾਰੀ ਕੀਤਾ ਹੈ। ਅਦਾਲਤ ਨੇ ਵੰਸ਼ ਨੂੰ ਜ਼ਮਾਨਤ ਦੇ ਦਿੱਤੀ।