ਸਿਜਦਾ……

ਇਹ ਹੰਝੂ ਵੀ ਬੜੀ ਅਜੀਬ ਸ਼ੈਅ ਹੁੰਦੇ ਹਨ। ਦੁੱਖ ‘ਚ ਤਾਂ ਵਗਦੇ ਈ ਆ ਖੁਸ਼ੀ ‘ਚ ਵੀ ਆਪ ਮੁਹਾਰੇ ਛਲਕ ਪੈਂਦੇ ਨੇ। ਇਹਨਾਂ ਤੋਂ ਉੱਪਰ ਵੈਰਾਗ ਦੇ ਹੰਝੂ, ਜਿੰਨ੍ਹਾਂ ਦਾ ਆਨੰਦ ਉਸ ਪ੍ਰੀਤਮ ਨਾਲ ਦਿਲੋਂ ਲੱਗੀ, ਉੱਚੀ ਸੁੱਚੀ ਸੁਰਤ ਵਾਲੇ ਮਾਣਦੇ ਅਤੇ ਜਾਣਦੇ ਨੇ ।
ਪਹਿਲੀਆਂ ਦੋ ਕਿਸਮਾਂ ਦੇ ਹੰਝੂ ਮੈਂ ਬੜੀ ਵਾਰ ਕੇਰੇ , ਪਰ ਕਿਸੇ ਇਲਾਹੀ ਵੈਰਾਗ ‘ਚ ਭਿੱਜ ਸਕਾਂ ਐਸੇ ਭਾਗ ਨਾ ਹੋਏ,  ਐਸੇ ਜਪ ਤਪ ਨਾ ਹੋਏ ।
ਇਹਨਾਂ ਤਿੰਨੋਂ ਤਰਾਂ ਦੇ ਹੰਝੂਆਂ ਤੋਂ ਪਰੇ ਅੱਜਕਲ੍ਹ ਮੇਰਾ ਸਾਰੇ ਦਾ ਸਾਰਾ ਵਜੂਦ ਕਿਸੇ ਹੋਰ ਕਿਸਮ ਦੇ ਅੱਥਰੂਆਂ ਦੀ ਕਿਣਮਿਣ ਅੰਦਰ ਭਿੱਜ ਰਿਹਾ ਹੈ । ਤੜਕਸਾਰ ਤਿਪ ਤਿਪ ਚੋਂਦੇ ਇਹ ਖਾਰੇ ਹੰਝੂ ਮਿੱਠੇ ਮਿੱਠੇ ਜਾਪਦੇ ਨੇ । ਇਹ ਵਗਣ, ਤੇ ਰੁਕਣ ਨਾ ।  ਇਹ ਵਗਣ ਤਾਂ ਮੈਂ ਹੌਲ਼ਾ ਹੁੰਦਾ ਜਾਵਾਂ, ਧਰਤੋਂ ਉੱਡਦਾ ਰਹਾਂ, ਸੀਨਾ ਕਿਸੇ ਵੱਡੇ ਮਾਣ ਨਾਲ ਫੁੱਲ ਫੁੱਲ ਜਾਵੇ । ਕਾਸਦੇ ਨੇ ਇਹ ਹੰਝੂ ? ਕੇਹਾ ਮਿੱਠਾ ਚਸ਼ਮਾ ਫੁੱਟ ਰਿਹਾ ਹੈ ਨਿਰੰਤਰ ਮਨ ਦੀਆਂ ਪਰਤਾਂ ਹੇਠ ?
ਅੱਖ ਖੁੱਲ੍ਹਦੇ ਕਿਸਾਨੀ ਸੰਘਰਸ਼ ਦੇ ਹਰ ਬੀਤੇ ਦਿਨ ਦੀਆਂ ਤਸਵੀਰਾਂ ਨੁਹਾਰਦਾਂ, ਫਿਲਮਾਂ ਵੇਖਦਾਂ, ਜੂਝਾਰੂਆਂ ਦੀਆਂ ਹੱਡ-ਬੀਤੀਆਂ ਪੜਦਾਂ ਸੁਣਦਾਂ । ਦਿਲ ਕਰਦਾ ਹਰ ਉਸ ਚਿੱਟੀ ਦਾਹੜੀ ਵਾਲੇ ਬਾਬੇ, ਘਰ-ਬਾਰ ਛੱਡ ਸੰਘਰਸ਼ ‘ਚ ਬੈਠੀਆਂ ਮਾਂਵਾਂ ਦੇ ਪੈਰੀਂ ਪੈ ਜਾਵਾਂ। ਆਪਣੀਆਂ ਮੁਟਿਆਰ ਧੀਆਂ ਭੈਣਾਂ ਦੇ ਸਿਰ ‘ਤੇ ਹੱਥ ਰੱਖ ਦੁਆਵਾਂ ਦੇਵਾਂ । ਮੁੱਛਫੁੱਟ ਗੱਭਰੂਆਂ ‘ਤੇ ਆਪਣੀ ਝੋਲੀ ‘ਚ ਸਾਂਭੀਆਂ ਸਾਰੀਆਂ ਦੁਆਵਾਂ ਨਿਛਾਵਰ ਕਰ ਦੇਵਾਂ । ਹਾਣੀਆਂ ਨੂੰ ਕਲਾਵੇਂ ਲਵਾਂ । ਪੋਹ ਦੀਆਂ ਠਾਰੀਆਂ ਨੂੰ ਆਪਣੀਆਂ ਹਿੰਝਾਂ ਵਾਂਗ ਨਿੱਘੇ ਕਰਾਂ । ਚਿੱਤ ਆਉਂਦਾ ਏਸ ਵਿਸ਼ਾਲ ਲੋਕ ਸਾਗਰ ‘ਚ ਭੱਜ ਕੇ ਰਲਜਾਂ ਤੇ ਇਕ-ਮਿਕ ਹੋ ਜਾਵਾਂ । ਪਰਦੇਸ ਦੀ ਬੇਬਸੀ ਕੰਧ ਨਾ ਹੋਵੇ ਤਾਂ ਕੋਈ ਕਿਉਂ ਵਾਝਾਂ ਰਹੇ ਏਸ ਤੀਰਥ ਦੇ ਦਰਸ਼ਨੋਂ ।  ਕਦੇ ਇਸ ਸਮੁੰਦਰ ਬਾਰੇ ਸੋਚਦਾਂ ਹਾਂ ਜੋ ਸਾਡੇ ਤੇ ਤੁਹਾਡੇ ਦਰਮਿਆਨ ਹੈ ।  ਕਿਸੇ ਵਕਤਾਂ ‘ਚ ਇਹ ਵੀ ਮਿੱਠਾ ਹੋਣਾ ਤੇ ਅੰਬੋ ਹਵਾ ਵੀ ਬਾਬੇ ਆਦਮ ਲਈ ਇਥੋਂ ਹੀ ਪਾਣੀ ਭਰਦੀ ਹੋਣੀ ਆ। ਕੋਈ ਕੁਝ ਕਹੇ ਪਰ ਇਸ ਨੂੰ ਖਾਰਾ ਤਾਂ ਪਰਦੇਸੀਆਂ ਦੇ ਹੰਝੂਆਂ ਹੀ ਕੀਤਾ ਹੋਣਾਂ!
ਆਪਣੇ ਆਪ ਤੇ ਰੋਸ ਵੀ ਆਉਂਦਾ ਹੈ ਕਿ ਮੈਂ ਆਪਣਿਆਂ ਨੂੰ ਘੱਟ ਕੇ ਅੰਗਿਆ, ਓਹ ਤਾਂ ਸਾਰੇ ਅੰਦਾਜਿਆਂ ਤੋਂ ਵੱਡੇ ਨੇ, ਸਾਰੇ ਵਿਖਿਆਨਾਂ ਤੋਂ ਪਰੇ ਨੇ । ਵੱਖ ਵੱਖ ਰੰਗਾਂ ਦੇ ਏਸ ਇਕੱਠ ਨੂੰ ਤੱਕਦਿਆਂ ਵਹਿ ਤੁਰਦੀਆਂ ਨੇ ਅੱਖਾਂ, ਇਕ ਅਦੁੱਤੀ ਝਰਨਾਹਟ ਪਿੰਡੇ ਚੋਂ ਉੱਠਦੀ ਹੈ । ਉਸ ਪਲ ਸੁਆਦ ਦਾ ਜੋ ਸਿਖਰ ਮਾਣਦਾਂ, ਓਸੇ ਨੂੰ ਏਥੇ ਬਿਆਨਣ ਦੀ ਅਸਫਲ ਕੋਸ਼ਿਸ਼ ਕਰ ਰਿਹਾਂ । ਭਾਸ਼ਾ ਦੀਆਂ ਸੀਮਤਾਈਆਂ ਨੇ, ਮਨੋਭਾਵਾਂ ਦੀ ਉਡਾਰੀ ਸੈਆਂ ਅੰਬਰਾਂ ਤੋਂ ਪਾਰ, ਅਪਾਰ ਹੈ ।  ਫਿਰ ਜਦੋਂ ਇਹ ਵਰਤਾਰਾ ਸਿਖਰ ਛੋਹ ਲੈਂਦਾ ਤਾਂ ਕੋਈ ਨਾ ਕੋਈ ਉਹ ਖਬਰ ਸਾਹਮਣੇ ਆ ਜਾਂਦੀ ਜਿਸ ਵਿਚ ਕਿਸੇ ਮਾਂ ਦਾ ਪੁੱਤ ਸਦਾ ਦੀ ਨੀਂਦ ਸੁੱਤਾ ਦਿੱਸਦਾ। ਬਸ ਫੇਰ ਉਹ ਮਿੱਠੇ ਲਗਦੇ ਹੰਝੂ ਖਾਰੇ ਨਹੀਂ ਸਗੋਂ ਕੌੜੇ ਅੱਕ ਹੋ ਜਾਂਦੇ ਹਨ, ਲਹੂ ਰੰਗੇ ਹੋ ਜਾਂਦੇ ਹਨ। ਪਰ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ‘ਚ ਜੰਮਿਆ ਹਾਂ ਖੂਨੀ ਹੰਝੂਆਂ ਦਾ ਜ਼ਹਿਰੀਲਾ ਘੁੱਟ ਭਰ ਕੇ ਦਿਲੋਂ ਅਰਦਾਸ ਕਰਦਾ ਹਾਂ ਕਿ ਬਸ ਹੁਣ ਹੋਰ ਕਿਸੇ ਮਾਂ ਦਾ ਪੁੱਤ ਇਹਨਾਂ ਜਾਲਮ ਹਾਕਮਾਂ ਦੀ ਭੇਂਟ ਨਾ ਚੜੇ । ਕਿਸੇ ਦੀ ਅੱਖ ਚੋਂ ਕਹਿਰ ਦੇ ਦਰਦੀ ਹੰਝੂ  ਨਾ ਵਹਿਣ । ਸਭ ਦੀਆਂ ਸਲਾਮਤਾਂ ਤੰਦਰੁਸਤੀਆਂ ਦੀਆਂ ਦੁਆਵਾਂ ਮੰਗਦਾ, ਇਹਨਾ ਯੋਧਿਆਂ ਦੇ ਵੇਹੜੇ ਜਿੱਤ ਦੀਆਂ ਖੁਸ਼ੀਆਂ ਨਾਲ ਭਰਨ ਲਈ ਆਸਮੰਦ ਹਾਂ । ਦੇਸੋਂ ਬੜੀ ਦੂਰ, ਤੁਹਾਡੇ ਬਹੁਤ ਨੇੜ ਬੈਠਾ ਮਹਿਸੂਸ ਕਰਦਾਂ ਮੇਰੇ ਪਿਆਰਿਓ ।

Install Punjabi Akhbar App

Install
×