ਸਰਦੀਆਂ ਦੀ ਆਮਦ

ਸਰਦੀਆਂ ਦੀ ਆਮਦ ਆਸਟ੍ਰੇਲੀਆ ‘ਚ ਹੋ ਚੁੱਕੀ ਹੈ। ਕੁਝ ਇਕ ਲੋਕ ਇਹ ਵੀ ਕਹਿੰਦੇ ਸੁਣੇ ਜਾ ਰਹੇ ਹਨ ਕਿ ਇਸ ਬਾਰ ਗਰਮੀ ਕੁਝ ਜ਼ਿਆਦਾ ਹੀ ਲੰਮੇ ਸਮੇਂ ਪਈ। ਤੀਹ ਕੁ ਵਰ੍ਹੇ ਪਹਿਲਾਂ ਮੌਸਮ ਤੇ ਕੁਦਰਤ ਦਾ ਕੰਟਰੋਲ ਹੁੰਦਾ ਸੀ ਪਰ ਹੁਣ ਤਾਂ ਕੁਦਰਤ ਦੇ ਵੀ ਹੱਥ ਖੜ੍ਹੇ ਹੋ ਗਏ ਲਗਦੇ ਹਨ। ਆਪਣੇ ਜੀਵਨ ਕਾਲ ‘ਚ ਆਈ ਇਸ ਵੱਡੀ ਤਬਦੀਲੀ ਨੇ ਸੋਚਣ ਤੇ ਮਜਬੂਰ ਕੀਤਾ ਹੈ। ਸਾਨੂੰ ਸਾਰਿਆਂ ਨੂੰ ਸੋਚਣਾ ਪੈਣਾ, ਨਹੀਂ ਤਾਂ ਵੇਲਾ ਹੱਥੋਂ ਨਿਕਲਣ ਤੋਂ ਬਾਅਦ ਪਛਤਾਉਣ ਦਾ ਕੋਈ ਫ਼ਾਇਦਾ ਨਹੀਂ ਹੋਣਾ। ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਕੁਦਰਤ ਦੇ ਕੰਮ ‘ਚ ਘੱਟ ਤੋਂ ਘੱਟ ਵਿਘਨ ਪਾਇਆ ਜਾਵੇ ਤਾਂ ਹੀ ਭਵਿੱਖ ਨੂੰ ਸੁਹਾਵਣਾ ਬਣਾਇਆ ਜਾ ਸਕਦਾ ਹੈ।
ਹੁਣ ਅਸੀਂ ਸੋਚਦੇ ਹਾਂ ਕਿ ਅਸੀਂ ਕਿਹੜਾ ਵਿਘਨ ਪਾਉਣੇ ਹਾਂ ਕੁਦਰਤ ਦੇ ਕੰਮਾਂ ‘ਚ! ਕਈ ਬਾਰ ਅਸੀਂ ਅਨਜਾਣੇ ‘ਚ ਬਹੁਤ ਕੁਝ ਕਰ ਜਾਂਦੇ ਹਾਂ ਜੋ ਅਸੀਂ ਚਾਹੁੰਦੇ ਨਹੀਂ ਹੁੰਦੇ। ਆਸਟ੍ਰੇਲੀਆ ‘ਚ ਬਹੁਤ ਕੁਝ ਕੁਦਰਤ ਦੇ ਹਿਸਾਬ ਨਾਲ ਕੀਤਾ ਜਾਂਦਾ ਹੈ। ਪਰ ਫੇਰ ਵੀ ਕੁਝ ਇਹੋ ਜਿਹੇ ਕੰਮ ਇਥੇ ਵੀ ਹੋ ਰਹੇ ਹਨ ਜਿਨ੍ਹਾਂ ਵਿੱਚ ਕਾਗ਼ਜ਼ ਦੀ ਦੁਰ ਵਰਤੋਂ ਦਾ ਖ਼ਾਸ ਤੋਰ ਤੇ ਜ਼ਿਕਰ ਕਰਨਾ ਬਣਦਾ ਹੈ। ਅੱਜ ਦੇ ਇਲੈਕਟ੍ਰੋਨਿਕਸ ਦੇ ਯੁੱਗ ਵਿਚ ਵੀ ਜਦੋਂ ਤੁਸੀਂ ਆਪਣੀ ਡਾਕ ਦੇਖਦੇ ਹੋ ਤਾਂ ਹਰ ਰੋਜ ਬਹੁਤ ਸਾਰੀ ਬੇਲੋੜੇ ਕਾਗ਼ਜ਼ ਤੁਹਾਨੂੰ ਮਿਲਦੇ ਹਨ। ਜਿਨ੍ਹਾਂ ਨੂੰ ਤੁਸੀਂ ਆਨ ਲਾਇਨ ਬੜੀ ਆਸਾਨੀ ਨਾਲ ਹਾਸਿਲ ਕਰ ਸਕਦੇ ਹੋ। ਕਾਗ਼ਜ਼ਾਂ ਦਾ ਸਿੱਧਾ ਸੰਬੰਧ ਦਰਖ਼ਤਾਂ ਨਾਲ ਹੈ ਤੇ ਦਰਖਤ ਕੁਦਰਤ ਦੇ ਬਹੁਤ ਹੀ ਅਹਿਮ ਕਰਿੰਦੇ ਹੁੰਦੇ ਹਨ। ਸੋ ਅਸੀਂ ਇਹਨਾਂ ਨੂੰ ਬਚਾ ਕੇ ਕੁਦਰਤ ਦੇ ਕੰਮ ‘ਚ ਹੱਥ ਵੰਡਾ ਸਕਦੇ ਹਾਂ। ਚਲੋ ਹੁਣੇ ਆਪਣੇ ਬੈਂਕ ਨੂੰ ਅਤੇ ਹੋਰ ਸਾਰੇ ਮਹਿਕਮਿਆਂ ਨੂੰ ਸੂਚਿਤ ਕਰੀਏ ਕਿ ਸਾਨੂੰ ਸਿਰਫ਼ ਈਮੇਲ ਨਾਲ ਸੰਪਰਕ ਕੀਤਾ ਜਾਵੇ। ਸਾਨੂੰ ਆਪਣੇ ਮੇਲ ਬਾਕਸ ਤੇ ਨੋ ਜੰਕ ਮੇਲ ਦਾ ਸਟਿੱਕਰ ਲਾ ਦੇਣਾ ਚਾਹੀਦਾ ਹੈ। ਕਿਉਂਕਿ ਤੁਸੀਂ ਪ੍ਰਮੋਸ਼ਨਲ ਇਸ਼ਤਿਹਾਰ ਵੀ ਆਨ ਲਾਇਨ ਹਾਸਿਲ ਕਰ ਸਕਦੇ ਹੋ। ਇੰਝ ਨਾ ਸੋਚੋ ਕਿ ਤੁਹਾਡੇ ਇਕ ਕਾਗ਼ਜ਼ ਬਚਾਉਣ ਨਾਲ ਕਿੰਨਾ ਕੁ ਫ਼ਰਕ ਪੈਣ ਲੱਗਿਆ! ਕਿਉਂਕਿ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਬੂੰਦ ਬੂੰਦ ਨਾਲ ਹੀ ਸਾਗਰ ਭਰਦਾ।
ਆਸਟ੍ਰੇਲੀਆ ‘ਚ ਵੋਟਾਂ ਦਾ ਬਿਗਲ ਵੱਜ ਚੁੱਕਿਆ ਹੈ।ਜਿਸ ਦੀ ਝਲਕ ਹੁਣ ਹਰ ਪਾਸੇ ਦੇਖਣ ਨੂੰ ਮਿਲ ਰਹੀ ਹੈ। ਜਿਸ ਤਹਿਤ ਸਾਊਥ ਆਸਟ੍ਰੇਲੀਆ ਵਿਚ ਵੀ ਇਹ ਝਲਕਾਰਾ ਦੇਖਣ ਨੂੰ ਉਦੋਂ ਮਿਲਿਆ ਜਦੋਂ ਲੇਬਰ ਪਾਰਟੀ ਦੀ ਮੌਜੂਦਾ ਸਰਕਾਰ ਦੇ ਪ੍ਰੀਮੀਅਰ ਮਾਨਯੋਗ ‘ਜੈ ਵੈਦਰਲ’ ਨੇ ਸਿੱਖ ਭਾਈਚਾਰੇ ਨੂੰ ਇਕ ਚਾਹ ਪਾਰਟੀ ਤੇ ਬੁਲਾ ਕੇ ਉਨ੍ਹਾਂ ਨੂੰ ਪਾਰਲੀਮੈਂਟ ਹਾਊਸ ਦਾ ਗੇੜਾ ਲਗਵਾਇਆ। ਬਹੁਤ ਵਧੀਆ ਮੌਕਾ ਮਿਲਿਆ ਸੀ ਸਿੱਖ ਭਾਈਚਾਰੇ ਨੂੰ ਆਪਣੇ ਪੱਖ ਸਿੱਧੇ ਸਰਕਾਰੇ-ਦਰਬਾਰੇ ਰੱਖਣ ਦਾ। ਮੇਰਾ ਇਥੇ ਸੀ ਲਿਖਣ ਦਾ ਸਿੱਧਾ-ਸਿੱਧਾ ਮਤਲਬ ਇਹੀ ਨਿਕਲਦਾ ਹੈ ਕਿ ਅਸੀਂ ਇਸ ਦਾ ਕੋਈ ਫ਼ਾਇਦਾ ਨਹੀਂ ਉਠਾ ਸਕੇ। ਜਿਸ ਮਕਸਦ ਨਾਲ ਸਰਕਾਰ ਨੇ ਇਸ ਮਿਲਣੀ ਦਾ ਆਯੋਜਨ ਕੀਤਾ ਉਸ ਵਿਚ ਉਨ੍ਹਾਂ ਪੂਰਾ ਲਾਹਾ ਲਿਆ। ਪਰ ਜੇ ਹੁਣ ਸਾਡਾ ਪੱਖ ਦੇਖਦੇ ਹਾਂ ਤਾਂ ਮੈਨੂੰ ਨਹੀਂ ਲਗਦਾ ਕਿ ਅਸੀਂ ਇਸ ਕਾਰਜ ਚੋਂ ਕੁਝ ਖੱਟਿਆ।
ਰਾਜਨੀਤੀ ਸਦਾ ਹੀ ਪੰਜਾਬੀਆਂ ਨੂੰ ਆਪਣੇ ਵੱਲ ਖਿੱਚਦੀ ਰਹੀੳ ਹੈ। ਸਰਕਾਰੇ ਦਰਬਾਰੇ ਪਹੁੰਚ ਬਣਾਉਣ ਦਾ ਸ਼ੌਂਕ  ਸਾਨੂੰ ਵਿਰਸੇ ‘ਚ ਹੀ ਮਿਲਿਆ ਹੁੰਦਾ ਹੈ। ਜਿਸ ਦਾ ਸਬੂਤ ਇਸ ਗੱਲੋਂ ਮਿਲਿਆ ਕਿ ਅਕਸਰ ਹਰ ਥਾਂ ਦੇਰ ਨਾਲ ਪਹੁੰਚਣ ਵਾਲੀ ਸਾਡੀ ਕੌਮ ਇਸ ਸਰਕਾਰੀ ਸੱਦੇ ਪੱਤਰ ਤੇ ਦਿੱਤੇ ਵਕਤ ਤੋਂ ਇਕ ਘੰਟਾ ਪਹਿਲਾਂ ਹੀ ਉਥੇ ਪਹੁੰਚ ਚੁੱਕੀ ਸੀ। ਸਰਕਾਰ ਵੱਲੋਂ ਸਾਰੇ ਗੁਰਦੁਆਰਾ ਸਾਹਿਬ ਨੂੰ ਸੱਦਾ ਪੱਤਰ ਭੇਜਿਆ ਗਿਆ ਸੀ ਜਿਸ ਤਹਿਤ ਵੱਖੋ ਵੱਖ ਗੁਰੂ ਘਰਾਂ ਨਾਲ ਸੰਬੰਧਿਤ ਖ਼ਾਸ ਖ਼ਾਸ ਸੰਗਤਾਂ ਇਸ ਸਮਾਗਮ ‘ਚ ਹਾਜ਼ਰ ਹੋਈਆਂ।
ਭਾਵੇਂ ਸਾਊਥ ਆਸਟ੍ਰੇਲੀਆ ਦੇ ਸਾਰੇ ਗੁਰੂ ਘਰਾਂ ਚੋਂ ਨੁਮਾਂਦਿਆਂ ਇਥੇ ਹਾਜ਼ਰ ਸਨ। ਪਰ ਬਿਨਾਂ ਕਿਸੇ ਰਣਨੀਤੀ ਦੇ ਅਸੀਂ ਉਥੇ ਹਾਜ਼ਰ ਸੀ। ਸਾਨੂੰ ਚਾਹੀਦਾ ਸੀ ਕਿ ਅਸੀਂ ਇਸ ਮਿਲਣੀ ਤੋਂ ਪਹਿਲਾਂ ਇਕ ਸਾਂਝੀ ਮੀਟਿੰਗ ਕਰਦੇ ਅਤੇ ਇਹ ਤਹਿ ਕਰਦੇ ਕਿ ਅਸੀਂ ਲੇਬਰ ਪਾਰਟੀ ਨੂੰ ਇਸ ਮਿਲਣੀ ਤੇ ਸਾਡੇ ਭਾਈਚਾਰੇ ਨੂੰ ਆ ਰਹੀਆਂ ਦਿੱਕਤਾਂ ਤੋਂ ਕਿਵੇਂ ਜਾਣੂ ਕਰਵਾਉਣਾ ਹੈ। ਸਮਰਥਨ ਦੇਣ ਤੋਂ ਪਹਿਲਾਂ ਇਹ ਸ਼ਰਤ ਰੱਖਦੇ ਕਿ ਪੰਜਾਬੀਆਂ ਦੀ ਵੱਧ ਰਹੀ ਗਿਣਤੀ ਦੇ ਨਾਲ ਸਾਡੀਆਂ ਲੋੜਾਂ ਦਾ ਧਿਆਨ ਜੋ ਵੀ ਪਾਰਟੀ ਰੱਖੇਗੀ ਅਸੀਂ ਉਸੇ ਨਾਲ ਖੜਾਂਗੇ। ਕਿਉਂਕਿ ਅੱਜ ਸਾਰੇ ਭਾਈਚਾਰਿਆਂ ਕੋਲ ਆਪਣੇ ਕਮੁਨਿਟੀ ਹਾਲ ਹਨ। ਜਿੱਥੇ ਉਹ ਆਪਣੇ ਛੋਟੇ ਵੱਡੇ ਫੰਕਸ਼ਨ ਕਰ ਲੈਂਦੇ ਹਨ। ਪਰ ਸਾਡੇ ਕੋਲ ਹਾਲੇ ਕੋਈ ਇਹੋ ਜਿਹੀ ਸੁਵਿਧਾ ਨਹੀਂ ਹੈ। ਹੋਰ ਵੀ ਬਹੁਤ ਸਾਰੇ ਮਸਲੇ ਹਨ ਜਿਨ੍ਹਾਂ ਨੂੰ ਅਸੀਂ ਆਪਣੀ ਆਵਾਜ਼ ਬਣਾ ਸਕਦੇ ਹਾਂ। ਸੋ ਸਾਨੂੰ ਚਾਹੀਦਾ ਹੈ ਕਿ ਅੱਗੇ ਤੋਂ ਜੇ ਸਾਨੂੰ ਇਹੋ ਜਿਹਾ ਮੌਕਾ ਮਿਲਦਾ ਹੈ ਤਾਂ ਸਾਨੂੰ ਅਜਾਈਂ ਨਹੀਂ ਕਰਨਾ ਚਾਹੀਦਾ। ਚਲੋ ਫੇਰ ਵੀ ਇਹ ਸਾਡਾ ਪਹਿਲਾ ਕਦਮ ਹੈ ਰਾਜਨੀਤੀ ਵੱਲ ਉਮੀਦ ਕਰਨੀ ਚਾਹੀਦੀ ਹੈ ਕਿ ਆਉਣ ਵਾਲੇ ਦਿਨਾਂ ‘ਚ ਅਸੀਂ ਆਪਣੀਆਂ ਵੋਟਾਂ ਦੀ ਕੀਮਤ ਆਪਣੇ ਭਾਈਚਾਰੇ ਦੇ ਭਲੇ ਲਈ ਵਰਤਾਂਗੇ।