ਸਮੇਂ ਨਾਲ ਬਦਲ ਗਈ ਮੇਲਿਆਂ ਦੀ ਦਿੱਖ

ਇਹ ਇੱਕ ਅਟੱਲ ਸੱਚਾਈ ਹੈ, ਕਿ ਪੰਜਾਬ ਮੇਲਿਆਂ ਦੀ ਧਰਤੀ ਹੈ। ਪੰਜਾਬ ਦਾ ਸ਼ਾਇਦ ਹੀ ਕੋਈ ਅਜਿਹਾ ਪਿੰਡ ਹੋਵੇਗਾ, ਜਿੱਥੇ ਕੋਈ ਮੇਲਾ ਨਾ ਲਗਦਾ ਹੋਵੇ। ਇਹ ਮੇਲੇ ਗੁਰੂਆਂ, ਪੀਰਾਂ, ਸਿੱਖ ਸ਼ਹੀਦਾਂ, ਹਕੀਕੀ ਇਸ਼ਕ ਕਰਨ ਵਾਲੇ ਆਸ਼ਕਾਂ, ਆਜ਼ਾਦੀ ਲਈ ਜਾਨਾਂ ਕੁਰਬਾਨ ਕਰਨ ਵਾਲੇ ਸੂਰਬੀਰਾਂ, ਵਾਤਾਵਰਨ ਪ੍ਰੇਮੀਆਂ ਜਾਂ ਵੱਖ ਵੱਖ ਗੋਤਾਂ ਨਾਲ ਸਬੰਧਤ ਉਹਨਾਂ ਦੇ ਵੱਡ ਵਡੇਰਿਆਂ ਦੀ ਯਾਦ ਵਿੱਚ ਮਨਾਏ ਜਾਂਦੇ ਹਨ। ਮੁਸਲਮਾਨਾਂ ਦੀ ਗਿਣਤੀ ਪੰਜਾਬ ਵਿੱਚ ਬਹੁਤ ਘੱਟ ਹੈ, ਪਰ ਰਾਜ ਦੇ ਬਹੁਤੇ ਪਿੰਡਾਂ ਵਿੱਚ ਅੱਜ ਵੀ ਮੁਸਲਮਾਨ ਫਕੀਰਾਂ ਦੀ ਯਾਦ ਵਿੱਚ, ਉਹਨਾਂ ਦੀਆਂ ਮਜਾਰਾਂ ਤੇ ਮੇਲੇ ਆਯੋਜਤ ਹੁੰਦੇ ਹਨ। ਆਜ਼ਾਦੀ ਤੋਂ ਪਹਿਲਾਂ ਇਸ ਧਰਤੀ ਤੇ ਮੁਸਲਮਾਨਾਂ ਦੀ ਆਬਾਦੀ ਬਹੁਤ ਸੀ। ਅੱਜ ਵੀ ਮੁਸਲਮਾਨ ਫ਼ਕੀਰਾਂ ਪ੍ਰਤੀ ਸ਼ਰਧਾ ਇਹਨਾਂ ਮੇਲਿਆਂ ਵਿੱਚੋ ਝਲਕਦੀ ਦਿਖਾਈ ਦਿੰਦੀ ਹੈ।

ਇਹਨਾਂ ਮੇਲਿਆਂ ਦਾ ਇਹ ਇੱਕ ਬਹੁਤ ਚੰਗਾ ਪੱਖ ਹੈ, ਕਿ ਇਹ ਏਕਤਾ ਅਤੇ ਅਖੰਡਤਾ ਦੇ ਪ੍ਰਤੀਕ ਹਨ। ਹਰ ਮੇਲੇ ਵਿੱਚ ਹਰ ਧਰਮ ਜਾਤ ਗੋਤ ਨਾਲ ਸਬੰਧਤ ਲੋਕ ਪਹੁੰਚਦੇ ਹਨ, ਜਿਸ ਨਾਲ ਭਾਈਚਾਰਕ ਏਕਤਾ ਮਜਬੂਤ ਹੁੰਦੀ ਹੈ। ਇਸ ਤੋਂ ਇਲਾਵਾ ਇਹ ਮੇਲੇ ਪੁਰਾਤਨ ਸੱਭਿਆਚਾਰ ਨੂੰ ਜਿਉਂਦਾ ਰੱਖਣ ਅਤੇ ਇਤਿਹਾਸ ਬਾਰੇ ਲੋਕਾਂ ਨੂੰ ਭਰਪੂਰ ਜਾਣਕਾਰੀ ਦੇਣ ਦੇ ਚੰਗੇ ਮਾਧਿਅਮ ਹਨ। ਮਨ ਪ੍ਰਚਾਵੇ ਦੇ ਨਾਲ ਨਾਲ ਆਪਣੇ ਦੇਸ਼ ਅਤੇ ਸੂਬੇ ਦੇ ਇਤਿਹਾਸ ਨੂੰ ਗੀਤਾਂ, ਭਾਸ਼ਣਾਂ, ਕਵੀਸ਼ਰੀ, ਨਾਟਕਾਂ ਤੇ ਪ੍ਰਦਰਸ਼ਨੀਆਂ ਨਾਲ ਇਹ ਮੇਲੇ ਦੁਹਰਾ ਕੇ ਸਦੀਆਂ ਤੋਂ ਅਗਲੀਆਂ ਪਿਛਲੀਆਂ ਪੀੜੀਆਂ ਨੂੰ ਜਾਗਰਿਤ ਕਰਦੇ ਆ ਰਹੇ ਹਨ ਅਤੇ ਕਰਦੇ ਰਹਿਣਗੇ।

ਜਿਵੇਂ ਸਾਇੰਸ ਦੀ ਤਰੱਕੀ ਅਤੇ ਸਿੱਖਿਆ ਦੇ ਫੈਲਾਅ ਨਾਲ ਹਰ ਖੇਤਰ ਵਿੱਚ ਵੱਡੀਆਂ ਤਬਦੀਲੀਆਂ ਆਈਆਂ ਹਨ, ਉਸੇ ਤਰਾਂ ਮੇਲਿਆਂ ਵਿੱਚ ਭਾਰੀ ਬਦਲਾ ਆਇਆ ਹੈ। ਜਦੋਂ ਅਜਿਹੀ ਤਰੱਕੀ ਨਹੀਂ ਸੀ ਹੋਈ, ਉਦੋਂ ਦੇ ਮੇਲਿਆਂ ਅਤੇ ਅੱਜ ਦੇ ਮੇਲਿਆਂ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਦੇਖਣ ਨੂੰ ਮਿਲਦਾ ਹੈ। ਪੁਰਾਣੇ ਸਮਿਆਂ ’ਚ ਮੇਲਿਆਂ ਤੇ ਸ਼ਰਧਾ ਭਾਰੂ ਰਹਿੰਦੀ ਸੀ। ਮਰਦ ਔਰਤਾਂ ਬੁੱਢੇ ਬੱਚੇ ਜਵਾਨ ਮੁਟਿਆਰਾਂ ਸਭ ਇਕੱਠੇ ਹੋ ਕੇ ਮੇਲਿਆਂ ਨੂੰ ਜਾਂਦੇ, ਗੀਤ ਗਾਉਂਦੇ ਭੰਗੜੇ ਪਾਉਂਦੇ, ਪਰ ਉਹਨਾਂ ਦੇ ਸਾਫ਼ ਸੁਥਰੇ ਮਨਾਂ ਤੇ ਕਦੇ ਮਾੜਾ ਪ੍ਰਭਾਵ ਦੇਖਣ ਨੂੰ ਨਹੀਂ ਸੀ ਮਿਲਦਾ। ਅੱਜ ਕੱਲ ਅਜਿਹਾ ਪਿਆਰ ਮੁਹੱਬਤ ਤੇ ਇਕੱਠ ਮੇਲਿਆਂ ਤੋਂ ਗਾਇਬ ਹੈ, ਸ਼ਾਇਦ ਇਸ ਦਾ ਮੁੱਖ ਕਾਰਨ ਮਨਾਂ ਵਿੱਚ ਪੈਦਾ ਹੋਏ ਖੋਟ ਹਨ।

ਦਹਾਕਿਆਂ ਪਹਿਲਾਂ ਮੇਲੇ ਵਿੱਚ ਢੱਡ ਸਾਰੰਗੀ ਵਾਲੇ ਗਵੱਈਏ ਘੇਰੇ ਨਾਲ ਤੁਰ ਫਿਰ ਕੇ ਹੀਰ ਰਾਂਝੇ, ਸੱਸੀ ਪੁਨੂੰ, ਮਿਰਜਾ ਸਾਹਿਬਾਂ, ਸਾਹਣੀ ਕੌਲਾਂ, ਸੋਹਣੀ ਮਹੀਂਵਾਲ, ਰੁਪ ਬਸੰਤ, ਰਾਜਾ ਨਲ ਆਦਿ ਦੇ ਪ੍ਰਸੰਗ ਸਰੋਤਿਆਂ ਦੇ ਰੂਬਰੂ ਪੇਸ਼ ਕਰਦੇ। ਪੂਰੀ ਲਗਨ ਨਾਲ ਸ਼ਾਂਤ ਚਿੱਤ ਬੈਠਕੇ ਸੁਣਨ ਵਾਲੇ ਸਰੋਤੇ ਇੱਕ ਇੱਕ ਰੁਪਈਆ ਇਨਾਮ ਦਿੰਦੇ ਜਿਸਨੂੰ ਫੜ ਦੇ ਗਵੱਈਏ ਸਾਰੰਗੀ ਦੇ ਪਿਛਲੇ ਪਾਸੇ ਪਾਈ ਜਾਂਦੇ। ਜਦ ਜਥੇ ਦਾ ਸਮਾਂ ਸਮਾਪਤ ਹੁੰਦਾ ਤਾਂ ਅਗਲਾ ਜਥਾ ਉਹੀ ਪ੍ਰਸੰਗ ਉਸ ਤੋਂ ਅੱਗੇ ਤੋਰ ਲੈਂਦਾ। ਇਸ ਤਰਾਂ ਸਰੋਤੇ ਸਾਰਾ ਪ੍ਰਸੰਗ ਸੁਣ ਕੇ ਹੀ ਉਠਦੇ। ਅਜਿਹੇ ਗਵੱਈਆਂ ਦੇ ਸਰੋਤੇ ਵਧੇਰੇ ਕਰਕੇ ਵੱਡੀ ਉਮਰ ਦੇ ਬਜੁਰਗ ਹੁੰਦੇ ਸਨ।

ਸ਼ਾਮ ਦੇ ਸਮੇਂ ਨਚਾਰ ਅਖਾੜਾ ਲਾ ਕੇ ਆਪਣੀ ਕਲਾ ਦਾ ਪ੍ਰਦਰਸਨ ਕਰਦੇ। ਇੱਕ ਮੁੰਡੇ ਦੇ ਲੜਕੀਆਂ ਵਾਲਾ ਸੂਟ ਪਾ ਕੇ ਹਾਰ ਸਿੰਗਾਰ ਕਰਕੇ ਤਿਆਰ ਕੀਤਾ ਹੁੰਦਾ। ਉਸਦੇ ਸਾਥੀ ਵਾਜੇ ਢੋਲਕੀ ਤੇ ਗੀਤ ਗਾਉਂਦੇ ਅਤੇ ਲੜਕੀ ਬਣਿਆ ਨਚਾਰ ਉਸ ਗੀਤ ਤੇ ਡਾਂਸ ਕਰਦਾ। ਜੇ ਕੋਈ ਇਨਾਮ ਦਿੰਦਾ ਤਾਂ ਉਹ ਫਲਾਣਾ ਸਿੰਘ ਦੇ ਰੁਪਏ ਦੀ ਵੇਲ ਕਹਿ ਕੇ ਉਸਦਾ ਧੰਨਵਾਦ ਕਰਦਾ। ਕਈ ਕਈ ਘੰਟੇ ਇਹ ਅਖਾੜਾ ਚਲਦਾ, ਇਸਦਾ ਅਨੰਦ ਮਾਣਨ ਵਾਲੇ ਵਧੇਰੇ ਕਰਕੇ ਨੌਜਵਾਨ ਹੀ ਹੁੰਦੇ, ਉਹ ਅਖਾੜੇ ਵਿੱਚ ਹੀ ਬੋਤਲਾਂ ਦੇ ਡੱਟ ਖੋਹਲ ਕੇ ਪੈੱਗ ਲਾਉਂਦੇ ਅਤੇ ਲਲਕਾਰੇ ਮਾਰਦੇ।
ਇਸਤੋਂ ਇਲਾਵਾ ਢੋਲ ਤੇ ਡੱਗਾ ਲਗਦਾ ਤਾਂ ਪਹਿਲਵਾਨ ਲੰਗੋਟੇ ਕਸ ਕੇ ਘੋਲ ਅਖਾੜੇ ਵਿੱਚ ਆਉਂਦੇ, ਚੌੜੀਆਂ ਛਾਤੀਆਂ, ਫੁੱਲਦੇ ਡੋਲਿਆਂ, ਘਸਦੇ ਪੱਟਾਂ ਵਾਲੇ ਮੱਲ ਭਾਵ ਪਹਿਲਵਾਨ ਅਖਾੜੇ ਵਿੱਚ ਡੰਡ ਮਾਰਦੇ ਬੈਠਕਾਂ ਕੱਢਦੇ ਅਤੇ ਫਿਰ ਸ਼ੁਰੂ ਹੁੰਦੇ ਘੋਲ। ਜਿੱਤ ਹਾਰ ਦਾ ਫੈਸਲਾ ਹੋਣ ਤੇ ਉਹ ਦਰਸ਼ਕਾਂ ਵਿੱਚ ਗੇੜਾ ਲਾਉਂਦੇ ਤੇ ਘਿਓ ਦੇ ਨਾਂ ਤੇ ਇਨਾਮ ਇਕੱਤਰ ਕਰਦੇ। ਆਖਰ ਵਿੱਚ ਝੰਡੀ ਦੀ ਕੁਸ਼ਤੀ ਹੁੰਦੀ, ਇੱਕ ਪਹਿਲਵਾਲ ਡਾਂਗ ਉਪਰ ਕੱਪੜਾ ਬੰਨ ਕੇ ਝੰਡੀ ਤਿਆਰ ਕਰਕੇ ਅਖਾੜੇ ਵਿੱਚ ਗੇੜਾ ਮਾਰਦਾ, ਜਿਸਦਾ ਅਰਥ ਹੁੰਦਾ ਕਿ ਕੋਈ ਮਾਈ ਦਾ ਲਾਲ ਜੋ ਘੁਲਣ ਦੀ ਜੁਅੱਰਤ ਰਖਦਾ ਹੋਵੇ। ਜੇਕਰ ਕੋਈ ਪਹਿਲਵਾਨ ਝੰਡੀ ਫੜ ਲੈਂਦਾ ਤਾਂ ਉਸ ਨਾਲ ਕੁਸ਼ਤੀ ਹੁੰਦੀ ਜਿਸਨੂੰ ਅਖਾੜੇ ਦੀ ਸਭ ਤੋਂ ਅਹਿਮ ਕੁਸ਼ਤੀ ਮੰਨਿਆਂ ਜਾਂਦਾ। ਜੇਕਰ ਕੋਈ ਝੰਡੀ ਨਾ ਫੜਦਾ ਤਾਂ ਝੰਡੀ ਬੰਨਣ ਵਾਲੇ ਨੂੰ ਸਭ ਤੋਂ ਤਕੜਾ ਪਹਿਲਵਾਨ ਮੰਨਿਆਂ ਜਾਂਦਾ ਸੀ।

ਇਸਤੋਂ ਇਲਾਵਾ ਨੌਜਵਾਨ ਮੇਲੇ ਵਿੱਚ ਚਲਦੇ ਜਿੰਦਾ ਡਾਂਸ ਦੇਖਦੇ, ਇਹ ਤੰਬੂਆਂ ਵਿੱਚ ਰੰਗ ਬਰੰਗੀਆਂ ਲਾਈਟਾਂ ਵਿੱਚ ਕੀਤਾ ਜਾਂਦਾ ਡਾਂਸ ਹੁੰਦਾ ਸੀ, ਜਿਸਨੂੰ ਵੇਖਣ ਲਈ ਟਿਕਟ ਲੈਣੀ ਪੈਂਦੀ ਸੀ। ਬੱਚੇ ਚੰਡੋਲ ਤੇ ਝੂਟੇ ਲੈਂਦੇ, ਖਾਣ ਲਈ ਤੱਤੀਆਂ ਜਲੇਬੀਆਂ ਤੇ ਪਤੌੜ ਮੇਲਿਆਂ ਦੀਆਂ ਖਾਸ ਆਈਟਮਾਂ ਹੁੰਦੀਆਂ ਸਨ। ਬਜੁਰਗ ਗਾਉਣ ਸੁਣਨ ’ਚ ਮਗਨ ਰਹਿੰਦੇ, ਔਰਤਾਂ ਵਧੇਰੇ ਕਰਕੇ ਸਰਧਾ ਨਾਲ ਮੱਥਾ ਟੇਕਣ ਵਿੱਚ ਹੀ ਵਧੇਰੇ ਦਿਲਚਸਪੀ ਦਿਖਾਉਂਦੀਆਂ। ਮੇਲੇ ਚੋਂ ਵਾਪਸ ਜਾਂਦੇ ਬੱਚੇ ਹੱਥਾਂ ਵਿੱਚ ਖੇਡਾਂ ਫੜੀ ਸੀਟੀਆਂ ਜਾਂ ਬੰਸਰੀਆਂ ਵਜਾਉਂਦੇ ਘਰਾਂ ਨੂੰ ਜਾਂਦੇ ਸਨ।
ਸਮੇਂ ਦੇ ਵਿਕਾਸ ਤੇ ਸਾਇੰਸ ਦੀ ਤਰੱਕੀ ਨੇ ਮੇਲਿਆਂ ਦੀ ਦਿੱਖ ਬਦਲ ਦਿੱਤੀ ਹੈ। ਗਵੱਈਆਂ ਦੇ ਅਖਾੜਿਆਂ ਦੀ ਥਾਂ ਹੁਣ ਸਟੇਜਾਂ ਲਗਦੀਆਂ ਹਨ, ਜਿੱਥੋਂ ਗੀਤ ਸੰਗੀਤ ਤਾਂ ਪੇਸ਼ ਕੀਤੇ ਜਾਂਦੇ ਹਨ, ਪਰ ਲਗਾਤਾਰ ਵਾਲੇ ਪ੍ਰਸੰਗ ਨਹੀਂ ਪੇਸ਼ ਕੀਤੇ ਜਾਂਦੇ। ਨਚਾਰਾਂ ਵਾਲਾ ਸੱਭਿਆਚਾਰ ਕਰੀਬ ਖਤਮ ਹੋ ਚੁੱਕਾ ਹੈ। ਮੇਲੇ ਬਹੁਤਾ ਕਰਕੇ ਸਿਆਸੀ ਅਖਾੜੇ ਬਣ ਗਏ ਹਨ। ਮੇਲਿਆਂ ਮੌਕੇ ਵੱਖ ਵੱਖ ਸਿਆਸੀ ਪਾਰਟੀਆਂ ਆਪਣੀ ਕਾਨਫਰੰਸਾਂ ਕਰਦੀਆਂ ਹਨ, ਜਿੱਥੋਂ ਪੁਰਾਣੇ ਸੱਭਿਆਚਾਰ, ਇਤਿਹਾਸ ਜਾਂ ਏਕਤਾ ਅਖੰਡਤਾ ਦਾ ਸੁਨੇਹਾ ਦੇਣ ਦੀ ਬਜਾਏ ਵਿਰੋਧੀ ਪਾਰਟੀਆਂ ਨੂੰ ਨਿੰਦਾ ਕਰਨੀ ਜਾਂ ਆਪਣੇ ਆਕਿਆਂ ਦੀਆਂ ਸਿਫ਼ਤਾਂ ਦੇ ਪੁਲ ਹੀ ਬੰਨੇ ਜਾਂਦੇ ਹਨ।

ਵੱਡੀਆਂ ਵੱਡੀਆਂ ਸਰਕਸਾਂ ਮਹੀਨਾ ਮਹੀਨਾ ਪਹਿਲਾਂ ਪਹੁੰਚ ਜਾਂਦੀਆਂ ਹਨ, ਬੱਚਿਆਂ ਦੇ ਮਨੋਰੰਜਨ ਲਈ ਕਪਿਊਟਰਾਈਜਡ ਗੇਮਾਂ ਦੀਆਂ ਦੁਕਾਨਾਂ ਲਗਦੀਆਂ ਹਨ। ਖਾਣ ਲਈ ਜਲੇਬੀਆਂ ਤੇ ਪਤੌੜਾਂ ਦੀ ਥਾਂ ਪੀਜੇ ਬਰਗਰ ਤੇ ਹੌਟਡਾਗ ਆਦਿ ਨੇ ਲੈ ਲਈ ਹੈ। ਸਰਧਾ ਨਾਲੋਂ ਸ਼ਰਾਰਤਾਂ ਵਧ ਗਈਆਂ ਹਨ। ਸਮੇਂ ਨਾਲ ਬਦਲਾਅ ਆਉਂਣਾ ਤਾਂ ਕੁਦਰਤੀ ਹੈ ਤੇ ਆਉਣਾ ਵੀ ਚਾਹੀਦਾ ਹੈ ਪਰ ਦੁੱਖ ਇਸ ਗੱਲ ਦਾ ਹੈ ਕਿ ਮੇਲਿਆਂ ਚੋਂ ਪੁਰਾਤਨ ਸੱਭਿਆਚਾਰ ਖਤਮ ਹੋ ਰਿਹਾ ਹੈ। ਇਤਿਹਾਸ ਤੋਂ ਪਾਸਾ ਵੱਟਿਆ ਜਾ ਰਿਹਾ ਹੈ, ਜਿਸਤੋਂ ਆਉਣ ਵਾਲੀਆਂ ਪੀੜੀਆਂ ਵਿਰਬਾ ਹੋ ਜਾਣਗੀਆਂ। ਮੇਲਿਆਂ ਦਾ ਜੋ ਮਕਸਦ ਸੀ, ਉਹ ਨਹੀਂ ਰਹਿਣਾ ਅਤੇ ਰੋਣਕਾਂ ਘਟਦੀਆਂ ਘਟਦੀਆਂ ਇਹਨਾਂ ਮੇਲਿਆਂ ਨੂੰ ਅੰਤ ਵੱਲ ਲੈ ਜਾਣਗੀਆਂ।

ਬਲਵਿੰਦਰ ਸਿੰਘ ਭੁੱਲਰ
ਗਲੀ ਨੰ: 12 ਭਾਈ ਮਤੀ ਦਾਸ ਨਗਰ, ਬਠਿੰਡਾ
ਮੋਬਾ: 98882-75913