ਸਕੂਲ ਵਿਦਿਆਰਥੀਆਂ ਨੂੰ ਵਿੱਦਿਅਕ – ਟੂਰ ਕਰਵਾਇਆ

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ , ਸੈਂਟਰ ਢੇਰ , ਸਿੱਖਿਆ ਬਲਾਕ ਸ਼੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ – ਰੂਪਨਗਰ ਦੇ ਵਿਦਿਆਰਥੀਆਂ ਦਾ ਸਕੂਲ ਸਟਾਫ ਤੇ ਵਿਦਿਆਰਥੀਆਂ ਦੇ ਮਾਪਿਆਂ ਦੇ ਸਹਿਯੋਗ ਦੇ ਨਾਲ਼ ਛੱਤਬੀੜ ਚਿੜੀਆ – ਘਰ ( ਮਹੇੰਦਰ ਚੌਧਰੀ ਜੂਲੋਜ਼ੀਕਲ ਪਾਰਕ ) , ਚੰਡੀਗੜ੍ਹ ਦੇ ਰਾੱਕ ਗਾਰਡਨ ਅਤੇ ਸੁਖਨਾ ਝੀਲ ਆਦਿ ਥਾਵਾਂ ਦਾ ਵਿੱਦਿਅਕ – ਟੂਰ ਲਗਾਇਆ ਗਿਆ। ਇਸ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੇ ਛੱਤਬੀੜ ਚਿੜੀਆਘਰ ਦੇਖਿਆ। ਇੱਥੇ ਸਕੂਲ ਦੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਵੱਖ – ਵੱਖ ਪ੍ਰਜਾਤੀਆਂ ਦੇ ਜਾਨਵਰਾਂ , ਪੰਛੀਆਂ ਅਤੇ ਹੋਰ ਕੁਦਰਤੀ – ਵਰਤਾਰਿਆਂ ਬਾਰੇ , ਰੁੱਖਾਂ ਤੇ ਵਾਤਾਵਰਣ ਦੀ ਸੰਭਾਲ ਬਾਰੇ ਦਿਖਾਇਆ ਅਤੇ ਸਮਝਾਇਆ। ਛੱਤਬੀੜ ਚਿੜੀਆ – ਘਰ ਵਿਖੇ ਵਿਦਿਆਰਥੀਆਂ ਨੇ ਖੂਬ ਮਨੋਰੰਜਨ ਕੀਤਾ। ਛੱਤਬੀੜ ਚਿੜੀਆਘਰ ਤੋਂ ਬਾਅਦ ਵਿਦਿਆਰਥੀਆਂ ਨੂੰ ਚੰਡੀਗੜ੍ਹ ਦਾ ਰਾੱਕ ਗਾਰਡਨ ਵਿਖਾਇਆ ਗਿਆ। ਜਿੱਥੇ ਸਕੂਲ ਸਟਾਫ ਨੇ ਬੱਚਿਆਂ ਨੂੰ ਬੇਅਰਥ ਅਤੇ ਬੇਲੋੜੀਆਂ ਵਸਤੂਆਂ ਨੂੰ ਵਰਤੋਂ ਵਿੱਚ ਲਿਆਉਣ ਲਈ ਪ੍ਰੇਰਿਤ ਕੀਤਾ ਤੇ ਸਮਝਾਇਆ। ਇੱਥੇ ਹੀ ਵਿਦਿਆਰਥੀਆਂ ਨੂੰ ਕੱਪੜੇ ਤੋਂ ਬਣੀਆਂ ਕਲਾਕ੍ਰਿਤੀਆਂ ਵੀ ਦਿਖਾਈਆਂ ਗਈਆਂ। ਸਕੂਲ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਕਲਾ ਬਾਰੇ ਅਤੇ ਸੰਸਕ੍ਰਿਤੀ ਬਾਰੇ ਵੀ ਜਾਣੂੰ ਕਰਵਾਇਆ। ਸਕੂਲ ਦੇ ਵਿਦਿਆਰਥੀ ਸ਼੍ਰੀ ਨੇਕ ਚੰਦ ਜੀ ਵਲੋਂ ਬਣਾਏ ਗਏ ਚੰਡੀਗੜ੍ਹ ਦੇ ਵਿਸ਼ਵ ਪ੍ਰਸਿੱਧ ਰਾੱਕ ਗਾਰਡਨ ਨੂੰ ਦੇਖ ਕੇ ਵੀ ਬਹੁਤ ਪ੍ਰਭਾਵਿਤ ਤੇ ਖੁਸ਼ ਹੋਏ। ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਸੁਖਨਾ ਝੀਲ ਦਿਖਾਈ ਗਈ। ਇਸ ਸਮੁੱਚੇ ਵਿੱਦਿਅਕ – ਟੂਰ ਦੇ ਦੌਰਾਨ ਵਿਦਿਆਰਥੀਆਂ ਨੂੰ ਸਕੂਲ ਅਧਿਆਪਕਾਂ ਵਲੋਂ ਪਾਣੀ , ਵਾਤਾਵਰਨ ਅਤੇ ਕੁਦਰਤ ਦੀ ਸੰਭਾਲ , ਰੁੱਖਾਂ , ਪੰਛੀਆਂ ਅਤੇ ਜੀਵ – ਜੰਤੂਆਂ ਤੇ ਸਾਫ਼ – ਸਫ਼ਾਈ ਦੀ ਮਹੱਤਤਾ ਬਾਰੇ ਵੀ ਵਿਸਤ੍ਰਿਤ ਜਾਣਕਾਰੀ ਕ੍ਰਮਵਾਰ ਦਿੱਤੀ ਗਈ। ਇਹ ਵਿੱਦਿਅਕ – ਟੂਰ ਇੰਨਾ ਵਧੀਆ ਤੇ ਪ੍ਰਭਾਵਸ਼ਾਲੀ ਰਿਹਾ ਕਿ ਸਕੂਲ ਦੇ ਵਿਦਿਆਰਥੀਆਂ ਵਿੱਚ ਬਹੁਤ ਖੁਸ਼ੀ , ਉਮੰਗ , ਉੱਲਾਸ , ਉਤਸੁਕਤਾ ਤੇ ਚਾਅ – ਮਲਾਰ ਦੇਖਣ ਨੂੰ ਮਿਲਿਆ। ਇਸ ਵਿੱਦਿਅਕ – ਟੂਰ ਦੇ ਦੌਰਾਨ ਵਿਦਿਆਰਥੀਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਵਿੱਦਿਅਕ – ਟੂਰ ਦੇ ਦੌਰਾਨ ਸਕੂਲ ਮੁਖੀ ਮੈਡਮ ਅਮਨਪ੍ਰੀਤ ਕੌਰ , ਸਟੇਟ ਐਵਾਰਡੀ ਪਰਮਜੀਤ ਕੁਮਾਰ , ਸਟੇਟ ਅੇੈਵਾਰਡੀ ਮਾਸਟਰ ਸੰਜੀਵ ਧਰਮਾਣੀ , ਕਵਿਤਾ ਦੇਵੀ , ਮੁਕੇਸ਼ ਕੁਮਾਰ , ਦੇਵਕੀ ਦੇਵੀ , ਸਰਬਜੀਤ ਕੌਰ ਪਿੰਕੀ , ਜਸਵੀਰ ਕੌਰ , ਸੁਸ਼ਮਾ ਦੇਵੀ , ਕੁਸਮਲਤਾ ਆਦਿ ਹਾਜਰ ਸਨ।