ਵੀਡੀਓ ਵਿੱਚ ਮੈਂ ਹੱਤਿਆ ਦੀ ਸਾਜ਼ਿਸ਼ ਰਚਣ ਵਾਲੇ ਛੇ ਵਿਅਕਤੀਆਂ ਦੇ ਨਾਮ ਲਏ: ਇਮਰਾਨ ਖ਼ਾਨ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਰਕਾਰ ਦੇ ਦਾਅਵੇ ਨੂੰ ਖਾਰਜ ਕੀਤਾ ਹੈ ਕਿ ਉਨ੍ਹਾਂ ਦੀ ਜਾਨ ਨੂੰ ਵਿਦੇਸ਼ੀ ਏਜੰਸੀਆਂ ਤੋਂ ਖ਼ਤਰਾ ਹੈ। ਇਮਰਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਦੇਸ਼ ਵਿਚਲੇ 6 ਵਿਅਕਤੀਆਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਵੱਲੋਂ ਉਨ੍ਹਾਂ ਦੀ ਹੱਤਿਆ ਦੀ ਸਾਜ਼ਿਸ਼ ਰਚੀ ਗਈ ਸੀ। ਇਨ੍ਹਾਂ ਵਿੱਚ 3 ਨਵੇਂ ਚਿਹਰੇ ਵੀ ਸ਼ਾਮਲ ਹਨ। ਇਕ ਨਵੀਂ ਵੀਡੀਓ ਦੀ ਗੱਲ ਕਰਦਿਆਂ ਖਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਟੀਮ ਵੱਲੋਂ ਵਿਦੇਸ਼ ਰਹਿੰਦੇ ਉਨ੍ਹਾਂ ਦੇ ਸਾਥੀਆਂ ਨੂੰ ਇਹ ਵੀਡੀਓ ਭੇਜ ਦਿੱਤੀ ਗਈ ਹੈ। ਇਸ ਵੀਡੀਓ ਵਿੱਚ ਉਨ੍ਹਾਂ ਵਿਅਕਤੀਆਂ ਦੀ ਗੱਲ ਕੀਤੀ ਗਈ ਹੈ ਜਿਹੜੇ ਕਿ ਇਮਰਾਨ ਖਾਨ ਦੀ ਹੱਤਿਆ ਕਰਨਾ ਚਾਹੁੰਦੇ ਹਨ ਅਤੇ ਜੇਕਰ ਉਨ੍ਹਾਂ ਦੀ ਹੱਤਿਆ ਹੋ ਜਾਂਦੀ ਹੈ ਤਾਂ ਇਹ ਵੀਡੀਓ ਜਨਤਕ ਕਰ ਦਿੱਤੀ ਜਾਵੇਗੀ। ਸਾਬਕਾ ਪ੍ਰਧਾਨ ਮੰਤਰੀ ਨੇ ਅੱਜ ਕੀਤੇ ਟਵੀਟਾਂ ਦੀ ਇਕ ਲੜੀ ਵਿੱਚ ਕਿਹਾ, ‘‘ਇਨ੍ਹਾਂ ਛੇ ਵਿਅਕਤੀਆਂ ’ਚੋਂ ਤਿੰਨ ਉਹ ਹਨ ਜਿਨ੍ਹਾਂ ਦਾ ਨਾਂ ਮੈਂ ਪਿਛਲੇ ਸਾਲ ਨਵੰਬਰ ’ਚ ਪੰਜਾਬ ਵਿੱਚ ਮੇਰੇ ’ਤੇ ਹੋਏ ਕਾਤਲਾਨਾ ਹਮਲੇ ਸਬੰਧੀ ਦਰਜ ਐੱਫਆਈਆਰ ’ਚ ਵੀ ਲਿਆ ਸੀ।’’ -ਪੀਟੀਆਈ