ਲੋਕ ਨਾਇਕ ਅਮਰ ਸ਼ਹੀਦ ਕਾਮ. ਚੰਨਣ ਸਿੰਘ ਧੂਤ, ਕਾਮ. ਹੁਕਮ ਚੰਦ ਗੁਲਸ਼ਨ

15-ਫਰਵਰੀ ਸ਼ਰਧਾਂਜਲੀ-ਸਮਾਗਮ

ਅੱਜ ਦੇ ਦਿਨ ਕਿਸਾਨ ਆਗੂ, ਦੇਸ਼ ਭਗਤ ਅਤੇ ਲੋਕਾਂ ਦਾ ਇਕ ਸੱਚਾ-ਸੁੱਚਾ ਕਮਿਊਨਿਸਟ ਆਗੂ ‘ਚੰਨਣ ਸਿੰਘ ਧੂਤ’34-ਵਰ੍ਹੇ ਪਹਿਲਾਂ ਖਾਲਿਸਤਾਨੀ ਦਹਿਸ਼ਤ-ਗਰਦਾਂ ਹੱਥੋਂ ਸ਼ਹੀਦੀ ਪਾ ਕੇ ਅਮਰ-ਸ਼ਹੀਦ ਹੋ ਗਿਆ ਸੀ। ਇਹ ਵੀ ਇਤਫ਼ਾਕ ਨਾਲ ਕਿਹਾ ਜਾ ਸਕਦਾ ਹੈ ਕਿ ਉਹ ਦੇਸ਼ ਭਗਤਾਂ ਦੇ ਪਿੰਡ ਧੂਤ ਕਲਾਂ ਦਾ ਜਾਇਆ ਸੀ ਜਿਸ ਨੇ 1912 ਨੂੰ ਮਾਤਾ ਮਾਨ ਕੌਰ ਅਤੇ ਪਿਤਾ ਬਸੰਤ ਸਿੰਘ ਦੇ ਘਰ ਜਨਮ ਲਿਆ। ਧੂਤਕਲਾਂ ਆਜ਼ਾਦੀ ਤੋਂ ਪਹਿਲਾਂ ਇਹ ਪਿੰਡ ਕਪੂਰਥਲਾ ਰਿਆਸਤ ‘ਚ ਪੈਂਦਾ ਸੀ ਤੇ ਹੁਣ ਉਹ ਹੁਸ਼ਿਆਰਪੁਰ ਜ਼ਿਲ੍ਹੇ ਦਾ ਹਿੱਸਾ ਹੈ। ਚੰਨਣ ਸਿੰਘ ਧੂਤ ਪਰਿਵਾਰਕ ਅਤੇ ਪਿੰਡ ਦੇ ਇਤਿਹਾਸਕ ਵਿਰਸੇ ਅੰਦਰ ਵੱਡਾ ਹੋਇਆ ਅਤੇ ਦੇਸ਼ ਦੀ ਅਖੰਡਤਾ ਦੀ ਕਾਇਮੀ ਲਈ ਸ਼ਹੀਦੀ ਪਾ ਕੇ ਇਸ ਵਿਰਸੇ ਨੂੰ ਤੋੜ ਉਪਰ ਤੱਕ ਪਹੁੰਚਾ ਗਿਆ। ਵਿਰਸੇ ‘ਚ ਮਿਲੀ ਸੱਚੀ ਦੇਸ਼ ਭਗਤੀ ਅਤੇ ਲੋਕਾਂ ਸੰਗ ਉਨ੍ਹਾਂ ਦੀਆਂ ਦੁਸ਼ਵਾਰੀਆਂ ਦੀ ਮੁਕਤੀ ਲਈ ਸੰਘਰਸ਼ਸ਼ੀਲ ਰਹਿਣ ਕਰਕੇ ਉਹ ਆਪਣੀ ਪ੍ਰਪੱਕਤਾ ਅਤੇ ਮਾਰਕਸਵਾਦੀ ਕਹਿਣੀ ਅਤੇ ਕਥਨੀ ਦਾ ਸੂਰਾ ਹੋਣ ਕਰਕੇ ਸਾਮਰਾਜੀ ਸੋਚ ਨੂੰ ਭਾਉਂਦਾ ਨਹੀਂ ਸੀ। ਆਪਣੀ ਦੇਸ਼ ਭਗਤੀ ਦੀ ਵਸੀਅਤ 15-ਫਰਵਰੀ, 1987 ਨੂੰ ਦੇਸ਼ ਦੀ ਆਜਾਦੀ ਦੀ ਰਾਖੀ ਲਈ ਕਰਾ ਕੇ ਅਮਰ-ਸ਼ਹੀਦ ਦਾ ਰੁਤਬਾ ਪ੍ਰਾਪਤ ਕਰਕੇ ਸਾਨੂੰ ਅਲਵਿਦਾ ਕਹਿ ਗਿਆ ਸੀ। ਚੰਨਣ ਸਿੰਘ ਧੂਤ ਨੂੰ ਦੇਸ਼ ਭਗਤੀ ਦੀ ਗੁੜਤੀ ਦੀ ਪਹੁਲ ਬਾਬਾ ਕਰਮ ਸਿੰਘ ਧੂਤ ਗਦਰ-ਪਾਰਟੀ, ਮਾਸਟਰ ਹਰੀ ਸਿੰਘ ਧੂਤ ਅਤੇ ਮੁਕਤੀ ਲਹਿਰਾਂ ਰਾਹੀਂ ਮਿਲੀ ਜੋ ਉਸ ਦੀ ਜ਼ਿੰਦਗੀ ਦਾ ਸਰਨਾਵਾਂ ਬਣ ਗੁਜਰੀ।
ਸ਼ਹੀਦ ਹੋਣ ਤੋਂ ਕੁਝ ਘੰਟੇ ਪਹਿਲਾਂ ਉਹ ਦੇਸ਼ ਭਗਤ ਹਾਲ ਜਲੰਧਰ ਵਿਖੇ ਫਿਰਕੂ ਏਕਤਾ ਦੀ ਕਾਇਮੀ ਲਈ ਹੋਈ ਆਲ ਪਾਰਟੀ ਦੀ ਮੀਟਿੰਗ ਵਿੱਚ ਸ਼ਮੂਲੀਅਤ ਕਰਕੇ ਆਪਣੇ ਸਾਥੀਆਂ ਸਾਥੀ ਸੰਤੋਖ ਸਿੰਘ ਧੂਤ ਤੇ ਰਾਜਿੰਦਰ ਕੌਰ ਚੋਹਕਾ ਨਾਲ ਵਾਪਸ ਜਦੋਂ ਪਿੰਡ ਧੂਤਾਂ ਦੀ ਜੂਹ ‘ਚ ਪਹੁੰਚਿਆ ਹੀ ਸੀ ਤਾਂ ਤਾਕ ਲਾਈ ਬੈਠੇ ਖਾਲਿਸਤਾਨੀ ਦਹਿਸ਼ਤਗਰਦਾਂ ਦੀ ਗੋਲੀ ਨਾਲ ਸ਼ਹੀਦ ਹੋ ਗਿਆ । ਉਹ ਕੌਲ ਜੋ ਉਸ ਨੇ ਇਕ ਕਮਿਊਨਿਸਟ ਬਣਨ ਵੇਲੇ 1936 ਨੂੰ ਪਾਰਟੀ ਫਾਰਮ ਭਰਨ ਵੇਲੇ ਭਰੇ ਸਨ ਉਨਾਂ ਨੂੰ ਪੂਰਾ ਕਰਕੇ ਪ੍ਰਣ ਨਿਭਾਅ ਗਿਆ। ਦੇਸ਼ ਦੀ ਆਜ਼ਾਦੀ ਲਈ ਸਮੋਏ ਆਪਣੇ ਸੁਪਨੇ, ਜੀਵਨ ਦੀ ਸਿਰਜਨਾ ਅੰਦਰ ਇਕ-ਇਕ ਪੁਟਿਆ ਲੋਕ ਪੱਖੀ ਕਦਮ ਅਤੇ ਕੀਤੀ ਕੁਰਬਾਨੀ ਦੇ ਸੰਘਰਸ਼ ਦੌਰਾਨ ਉਸ ਨੂੰ ਅੰਦਰੂਨੀ ਤੇ ਬਾਹਰੀ ਕੋਈ ਦਬਾਅ ਨਾ ਕਦੀ ਭੜਕਾਅ ਸਕਿਆ ਤੇ ਨਾ ਹੀ ਕਦੀ ਰੋਕ ਸਕਿਆ। ਉਹ ਇਕ ਪਰਪੱਕ, ਸੰਵੇਦਨ-ਸ਼ੀਲ ਅਤੇ ਲੋਕ ਪੱਖੀ ਮਾਰਕਸਵਾਦੀ ਯੋਧਾ ਸੀ ਜੋ ਆਪਣੇ ਕੌਲਾ ‘ਤੇ ਅੰਤ ਤੱਕ ਪੂਰਾ ਉਤਰਿਆ। ਉਹ ਕਿਹਾ ਕਰਦੇ ਸਨ, ‘ਕਿ ਮੇਰਾ ਤਨ, ਮਨ ਅਤੇ ਜੀਵਨ-ਪੂੰਜੀ ਕਮਿਊਨਿਸਟ ਪਾਰਟੀ ਦੇ ਹਵਾਲੇ ਹੈ। ਇਸ ਕਰਕੇ ਹੀ ਉਹ ਇਕ ਵਧੀਆ ਮਨੁੱਖ, ਲੋਕਾਂ ਦਾ ਜਾਇਆ ਲੋਕ ਸੇਵਕ ਅਤੇ ਪਰਪੱਕ ਕਮਿਊਨਿਸਟ ਆਗੂ ਵੱਜੋਂ ਸਾਡੇ ਲਈ ਅਮਿਟ ਪੈੜਾਂ ਛੱਡ ਗਿਆ ਹੈ।
ਜਦੋਂ ਚੰਨਣ ਸਿੰਘ ਧੂਤ ਦੇ ਪਿਤਾ ਜੀ ਵਿਦੇਸ਼ ਵਿੱਚ ਸਨ ਤਾਂ ਇਕ ਵਿਦਿਆਰਥੀ ਵੱਜੋਂ ਉਹ ਖਾਲਸਾ ਕਾਲਜਾ ਅੰਮ੍ਰਿਤਸਰ ਪੜ੍ਹਾਈ ਲਈ ਦਾਖਲ ਹੋਇਆ। ਉਸ ਵੇਲੇ ਖਾਲਸਾ ਕਾਲਜ ਬਸਤੀਵਾਦੀ ਗੋਰੇ ਹਾਕਮਾਂ ਵਿਰੁਧ ਮੁਕਤੀ ਅੰਦੋਲਨ ਲਈ ਰਾਜਸੀ ਸਿੱਖਿਆ ਪ੍ਰਾਪਤ ਕਰਨ ਦੀ ਵੀ ਇਕ ਕਾਰਜਸ਼ਾਲਾ ਸੀ। ਇਸ ਕਾਲਜ ਅੰਦਰ ਹੀ ਰਾਜਸੀ ਅਤੇ ਬੌਧਿਕ ਸਿੱਖਿਆ ਪ੍ਰਾਪਤ ਕਰਕੇ ਅਨੇਕਾਂ ਵਿਦਿਆਰਥੀ ਮੁਕਤੀ ਅੰਦੋਲਨ ਅੰਦਰ ਸ਼ਾਮਲ ਹੋ ਕੇ ਉਨ੍ਹਾਂ ਨੇ ਦੇਸ਼ ਦੇ ਮੁਕਤੀ ਅੰਦੋਲਨ ਅੰਦਰ ਬਣਦਾ ਯੋਗਦਾਨ ਪਾਇਆ। ਇਥੇ ਹੀ ਧੂਤ ਨੂੰ ਆਪਣੀ ਪ੍ਰਤਿਭਾ ਨੂੰ ਪਰਪੱਕ ਬਣਾਉਣ ਦਾ ਮੌਕਾ ਮਿਲਿਆ। ਪ੍ਰੋ: ਵਰਿਆਮ ਸਿੰਘ ਦੀ ਸੰਗਤ ਤੇ ਸਰਗਰਮੀਆਂ ਨੇ ਚੰਨਣ ਸਿੰਘ ਧੂਤ ਨੂੰ ਇਕ ਹੁਲ੍ਹਾਰਾ ਦਿੱਤਾ। ਇਥੇ ਹੀ ਧੂਤ ਨੇ ਆਪਣੇ ਬਾਬਾ ਕਰਮ ਸਿੰਘ ਧੂਤ ਜੋ ਸ਼ਾਹੀ ਕੈਦੀ ਸੀ, ਦੀ ਰਿਹਾਈ ਲਈ ਵਾਇਸਰਾਏ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਸੀ, ‘ਕਿ ਆਜ਼ਾਦੀ ਸਾਡਾ ਜਨਮ ਸਿਧ ਅਧਿਕਾਰ ਹੈ, ਆਜਾਦੀ ਮੰਗਣੀ ਕੋਈ ਗੁਨਾਹ ਨਹੀ ਹੈ। ਇਸ ਪੱਤਰ ਤੋਂ ਹੀ ਧੂਤ ਦੀ ਪ੍ਰਤਿਭਾ, ਧਾਰਨਾ ਅਤੇ ਦੂਰ-ਦਰਸ਼ੀ ਸੋਚ ਦਾ ਪਤਾ ਚਲਦਾ ਹੈ। ਕਾਲਜ ਦੀ ਪੜ੍ਹਾਈ ਛੱਡ ਕੇ ਕਪੂਰਥਲਾ-ਰਾਜਾਸ਼ਾਹੀ ਦੇ ਕੁਕਰਮਾਂ ਵਿਰੁਧ ਮਾ: ਹਰੀ ਸਿੰਘ ਧੂਤ ਦੀ ਅਗਵਾਈ ‘ਚ ਕੇਂਦਰੀ ਜਿਮੀਦਾਰਾਂ ਲੀਗ ਜੋ ਲੋਕਾਂ ‘ਤੇ ਟੈਕਸਾਂ ਦੇ ਬੋਝ ਘਟਾਉਣ ਤੇ ਲੋਕ ਸਹੂਲਤਾਂ ਲਈ ਚਲ ਰਹੀ ਲਹਿਰ ਸੀ, ਵਿੱਚ ਸ਼ਾਮਲ ਹੋ ਗਏ।
ਨੌਜਵਾਨ ਚੰਨਣ ਸਿੰਘ ਧੂਤ ਨੇ ਸਾਰੇ ਸੁਖ-ਆਰਾਮ, ਸਿਖਿਆ ਅਤੇ ਮੁਫ਼ਾਦੀ ਨਿਜੀ ਭਵਿਖ ਨੂੰ ਇਕ ਪਾਸੇ ਰੱਖ ਕੇ ਲੋਕ ਹਿਤਾਂ ਲਈ ਰਾਜਾਸ਼ਾਹੀ ਦੇ ਅੱਤਿਆਚਾਰਾਂ ਵਿਰੁਧ ਰਾਜਸੀ ਸਰਗਰਮੀਆਂ ‘ਚ ਸ਼ਮੂਲੀਅਤ ਕਰਨੀ ਸ਼ੁਰੂ ਕਰ ਦਿੱਤੀ। ਵਰਤਮਾਨ ਅਤੇ ਭਵਿੱਖ ਲਈ ਉਭਰ ਰਹੇ ਕਈ ਉਤਰਾਅ-ਚੜ੍ਹਾਅ ਸਭ ਤੱਜ ਕੇ ਉਹ ਇਕ ਪੱਕਾ ਕਮਿਊਨਿਸਟ ਬਣ ਗਿਆ। ਜੋ ਉਸ ਸਮੇਂ ਇਕ ਬਹੁਤ ਵੱਡਾ ਅਡੰਬਰ ਸੀ। ਪਰ ਉਸ ਦੀ ਸੰਵੇਦਨਸ਼ੀਲਤਾ ਨੇ ਉਸ ਨੂੰ ਦੇਸ਼ ਪ੍ਰੇਮ, ਲੋਕਾਂ ਦੀ ਮੁਕਤੀ ਅਤੇ ਸਮਾਜਿਕ ਪ੍ਰੀਵਰਤਨ ਲਈ ਖਿਚੀ ਲੀਕ ਦਾ ਸੰਗਰਾਮੀ ਬਣਨ ਲਈ ਧਾਰਨਾ ਨੂੰ ਪੱਕਾ ਕਰ ਦਿੱਤਾ। ਇਹ ਇਕ ਸਚਾਈ ਹੈ ਕਿ ਚੰਨਣ ਸਿੰਘ ਧੂਤ ਨੇ ਇਕ ਜੰਗਜ਼ੂ ਕਮਿਊਨਿਸਟ ਵੱਜੋ ਪਹਿਲਾ ਰਾਜਵਾੜਾ-ਸ਼ਾਹੀ ਵਿਰੁਧ, ਫਿਰ ਕੌਮੀ ਮੁਕਤੀ ਅੰਦੋਲਨਾਂ ਵੇਲੇ ਬਰਤਾਨਵੀ ਬਸਤੀਵਾਦੀ ਸਾਮਰਾਜੀ ਗੋਰੀ ਸਰਕਾਰ ਅਤੇ ਆਜ਼ਾਦੀ ਬਾਦ ਲੋਕਾਂ ਲਈ ਆਰਥਿਕ ਮੁਕਤੀ ਲਈ ਸੰਘਰਸ਼ਸ਼ੀਲ ਜੀਵਨ ਅੰਦਰ ਕੁਲ ਮਿਲਾ ਕੇ 8-ਸਾਲ ਤੋਂ ਵੱਧ ਸਾਲ ਕੈਦਾਂ ਕੱਟੀਆਂ। ਜੇਲ੍ਹਾਂ ਅੰਦਰ ਨਰਕੀ ਜੀਵਨ, ਭੁੱਖ-ਹੜਤਾਲਾਂ ਤੇ ਨਜ਼ਰ-ਬੰਦੀਆਂ ਸਪਸ਼ਟਵਾਦੀ ਮਾਰਕਸਵਾਦੀ ਧੂਤ ਨੂੰ ਝੁਕਾਅ ਨਹੀਂ ਸੱਕੀਆਂ । ਸਗੋਂ ਉਹ ਖੁਦ ਤੇ ਬਾਕੀ ਸਾਥੀਆਂ ਨਾਲ ਪੂਰੀ ਅਡੋਲਤਾ, ਦ੍ਰਿੜ ਇਰਾਦੇ ਅਤੇ ਪੂਰੇ ਸਬਰ ਨਾਲ ਆਪਣੇ ਨਿਸ਼ਾਨੇ ਲਈ ਲੜਦੇ ਰਹੇ। ਇਸ ਲਈ ਹੀ ਉਹ ਲੋਕਾਂ ਦੇ ਇਕ ਨਾਇਕ ਬਣ ਕੇ ਉਭਰੇ।
ਕਾਮ: ਚੰਨਣ ਸਿੰਘ ਧੂਤ ਲੋਕਾਂ ਦੇ ਨਾਇਕ ਸਨ।ਇਕ ਪਿੰਡ ਤੋਂ ਲੈ ਕੇ ਕੌਮੀ ਅਤੇ ਕੌਮਾਂਤਰੀ ਪੱਧਰ ਤਕ ਦੇ ਸਾਰੇ ਸਮਾਜਕ ਅਤੇ ਆਰਥਿਕ ਮੱਸਲਿਆ ਦੀ ਮਾਰਕਸਵਾਦੀ ਪਹੁੰਚ ਵਾਲੀ ਮਜ਼ਬੂਤ ਪਕੜ ਰੱਖਦੇ ਸਨ। ਕਮਿਊਨਿਸਟ ਪਾਰਟੀ ਅੰਦਰ ਪਹਿਲਾ ਸੀ.ਪੀ.ਆਈ ਜ਼ਿਲ੍ਹਾ ਕਮੇਟੀ ਦੇ ਆਗੂ ਤੇ ਬਾਦ ਵਿੱਚ 1964 ਤੋਂ ਲੈ ਕੇ ਜ਼ਿਲਾ ਕਮੇਟੀ ਸੀ.ਪੀ.ਆਈ.(ਐਮ) ਅਤੇ ਸੂਬਾਈ ਆਗੂ ਰਹੇ ਸਨ। ਸ਼ਹੀਦੀ ਵੇਲੇ ਉਹ ਜ਼ਿਲ੍ਹਾ ਕਮੇਟੀ ਹੁਸ਼ਿਆਰਪੁਰ ਦੇ ਸਕੱਤਰ ਅਤੇ ਸੂਬਾ ਕਮੇਟੀ ਦੇ ਮੈਂਬਰ ਸਨ। ਪਾਰਟੀ ਵੱਲੋਂ ਜੱਥੇਬੰਦ ਕੀਤੇ ਲੋਕ ਸੰਘਰਸ਼ ‘ਚ ਉਹ ਮੋਹਲੀਆ ਕਤਾਰਾਂ ‘ਚ ਖੜ ਕੇ ਹਿੱਸਾ ਪਾਉਂਦੇ ਰਹੇ। ਕਾਲਜ ਤੋਂ ਹੀ ਸਿਧੇ ਰਜਵਾੜਾ ਸ਼ਾਹੀ ਦੀਆਂ ਵਧੀਕੀਆਂ, ਕਿਸਾਨੀ ਮੋਰਚੇ, ਲਾਹੌਰ ਕਿਸਾਨ ਮੋਰਚਾ ਬੀਤ ਦੇ ਮੁਜ਼ਾਰਿਆਂ ਦਾ ਅੰਦੋਲਨ, ਬੈਟਰਮੈਂਟ ਲੈਵੀ ਵਿਰੁਧ, ਬਸ ਕਿਰਾਇਆ ਅੰਦੋਲਨ, ਕੰਢੀ ਨਹਿਰ ਦਾ ਮਸਲਾ, ਸਥਾਨਕ ਮੱਸਲੇ, ਪੁਲੀਸ ਤੇ ਪ੍ਰਸ਼ਾਸਨ ਦੀਆਂ ਵਧੀਕੀਆਂ ਵਿਰੁਧ ਚਲੇ ਅੰਦੋਲਨਾਂ ਅੰਦਰ ਲੋਕਾਂ ਦਾ ਨਾਇਕ ‘ਧੂਤ’ ਪੂਰੇ ਜੁਝਾਰੂਪਣ ਅਤੇ ਠਰੰਮੇ ਨਾਲ ਸ਼ਾਮਲ ਹੁੰਦਾ ਰਿਹਾ। ਜਦੋਂ ਉਹ ਯੋਹਲ ਕੈਂਪ ‘ਚ ਕੈਦ ਸੀ ਤਾਂ ਆਜ਼ਾਦ ਭਾਰਤ ਦੀਆਂ ਪਹਿਲੀਆਂ ਪੰਜਾਬ ਅਸੰਬਲੀ ਲਈ 1952 ਨੂੰ ਹੋਈਆਂ ਚੋਣਾਂ ਅੰਦਰ ਲੋਕਾਂ ਨੇ ਉਸ ਨੂੰ ਹਲਕਾ ਟਾਂਡਾ ਤੋਂ ਇਕ ਕਮਿਊਨਿਸਟ ਉਮੀਦਵਾਰ ਵਜੋਂ ਐਮ.ਐਲ.ਏ. ਚੁਣ ਕੇ ਭੇਜਿਆ ਸੀ।
ਅੱਜ ਪਿੰਡ ਧੂਤ ਕਲਾਂ (ਹੁਸ਼ਿਆਰਪੁਰ) ਵਿਖੇ ਅਮਰ ਸ਼ਹੀਦ ਕਾਮ: ਚੰਨਣ ਸਿੰਘ ਧੂਤ ਅਤੇ ਉਨ੍ਹਾਂ ਦੇ ਬਹੁਤ ਹੀ ਨਜ਼ਦੀਕੀ ਰਹੇ ਦੇਸ਼ ਭਗਤ ਅਤੇ ਕਮਿਊਨਿਸਟ ਆਗੂ ਪੰ: ਹੁਕਮ ਚੰਦ ਗੁਲਸ਼ਨ ਜਿਨ੍ਹਾਂ ਨੂੰ ਵੀ ਧੂਤ ਦੀ ਸ਼ਹਾਦਤ ਬਾਦ 20-ਫਰਵਰੀ, 1987 ਨੂੰ ਖਾਲਿਸਤਾਨੀ ਦਹਿਸ਼ਤ ਗਰਦਾਂ ਨੇ ਸ਼ਹੀਦ ਕਰ ਦਿੱਤਾ ਸੀ। ਉਨ੍ਹਾਂ ਦੀ ਯਾਦ ਵਿੱਚ 15-ਫਰਵਰੀ 2021 ਨੂੰ ਸ਼ਰਧਾਂਜਲੀ ਸਮਾਗਮ ਹੋ ਰਿਹਾ ਹੈ। ਇਨ੍ਹਾਂ ਦੋਨਾਂ ਦੇਸ਼ ਭਗਤਾਂ ਦੀ ਸ਼ਹਾਦਤ ਨੂੰ ਅਮਰ ਬਣਾਉਂਦੇ ਹੋਏ ਉਨ੍ਹਾਂ ਦੀ ਯਾਦ ਵਿੱਚ ਉਨ੍ਹਾਂ ਦੀ 34-ਵੀਂ ਬਰਸੀ ਸਬੰਧੀ ਸ਼ੋਕ-ਸਮਾਗਮ ਦੌਰਾਨ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾਣਗੀਆਂ। ਅੱਜ ਸਾਨੂੰ ਵੀ ਸਮੇਂ ਨੂੰ ਪਛਾਣਦੇ ਹੋਏ ਦੇਸ਼ ਅੰਦਰ ਭਾਰੂ ਧਰਮ ਵਾਲੀ ਬਹੁ ਗਿਣਤੀ ਵਾਲੀ ਰਾਜਨੀਤਕ ਸੋਚ, ਜਿਹੜੀ ਕੱਟੜ, ਫਿਰਕਾ-ਪ੍ਰਸਤੀ ਤੇ ਸਾਮਰਾਜੀ ਪੱਖੀ ਹੈ। ਦੇਸ਼ ਲਈ ਜਿੱਥੇ ਇਹ ਸਰਕਾਰ ਘੱਟ ਗਿਣਤੀਆਂ, ਦਲਿਤਾਂ, ਇਸਤਰੀਆਂ ਤੇ ਲੋਕਾਂ ਦੇ ਜਮਹੂਰੀ ਹੱਕਾਂ ‘ਤੇ ਰਾਸ਼ਟਰਵਾਦ ਦਾ ਮਖੌਟਾ ਪਹਿਨ ਕੇ ਹਮਲਾਵਰ ਬਣੀ ਹੋਈ ਹੈ। ਹੁਣ ਉਸ ਨੇ ਦੇਸ਼ ਦੇ ਕਿਸਾਨਾਂ ਅਤੇ ਕਿਰਤੀ ਜਮਾਤ ਦੇ ਹੱਕਾਂ ‘ਤੇ ਵੀ ਹਮਲੇ ਸ਼ੁਰੂ ਕਰ ਦਿੱਤੇ ਹਨ। ਕਿਸਾਨ ਵਿਰੋਧੀ ਖੇਤੀ ਕਾਲੇ ਕਾਨੂੰਨ ਅਤੇ ਕਿਰਤੀ ਸੰਹਿਤਾ ਕਨੂੰਨ ਬਣਾ ਕੇ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਲਈ ਤੇਜੀ ਨਾਲ ਕਦਮ ਪੁੱਟੇ ਹਨ। ਅੱਜ ਦੇਸ਼ ਦੀ ਕਿਸਾਨੀ ਜਿਨ੍ਹਾਂ ਦੀ ਪਿੱਠ ਤੇ ਸਾਰਾ ਕਿਰਤੀ-ਵਰਗ ਹਮਾਇਤ ਦੇ ਰਿਹਾ ਹੈ, ਸੰਘਰਸ਼ਸ਼ੀਲ ਹੈ।
ਆਉ! ਅੱਜ ਇਸ ਸਰਧਾਂਜਲੀ ਸਮਾਗਮ ‘ਚ ਦੇਸ਼ ਭਗਤਾਂ ਦੀਆ ਕੀਤੀਆਂ ਕੁਰਬਾਨੀਆਂ ਨੂੰ ਯਾਦ ਕਰਕੇ ਦੇਸ਼ ਅੰਦਰ ਏਕਾ-ਅਧਿਕਾਰਵਾਦੀ ਫਿਰਕੂ ਅਤੇ ਲੋਕ ਵਿਰੋਧੀ ਬੀ.ਜੇ.ਪੀ. ਦੀ ਮੋਦੀ ਸਰਕਾਰ ਵਿਰੁਧ ਚਲ ਰਹੀਆਂ ਲੋਕ ਲਹਿਰਾਂ ਨੂੰ ਹੋਰ ਮਜ਼ਬੂਤ ਕਰਨ ਦਾ ਅਹਿਦ ਲਈਏ।

(ਜਗਦੀਸ਼ ਸਿੰਘ ਚੋਹਕਾ)
91-9217997445
001-403-285-4208
jagdishchohka@gmail.com

Install Punjabi Akhbar App

Install
×