“ਲੈ ਗਈ ਚੰਦਰੀ ਮੈਲਬਰਨ ਸਾਡੇ ਛਾਂਟ ਕੇ ਬੰਦੇ”

parvasi parvas te.cdrਇਹ ਕੋਈ ਕਹਾਣੀ ਨਹੀਂ ਹੈ, ਬੱਸ ਦਿਲ ਦੀ ਹੂਕ ਹੈ। ਜਿਸ ਨੂੰ ਦਿਲ ‘ਚੋਂ ਕੱਢ ਕੇ ਕਾਗ਼ਜ਼ ਤੇ ਇਸ ਲਈ ਲਿਆ ਰਿਹਾ ਹਾਂ ਕਿ ਸ਼ਾਇਦ ਕੁਝ ਰਾਹਤ ਮਹਿਸੂਸ ਹੋਵੇ। ਪਿਛਲੇ ਤਕਰੀਬਨ ਇਕ ਮਹੀਨੇ ਤੋਂ ਚਿੱਤ ਖੁੱਸਦਾ ਰਹਿੰਦਾ ਹੈ, ਪਤਾ ਜਿਹਾ ਨਹੀਂ ਲੱਗਦਾ ਕਿ ਇਸ ਪਿੱਛੇ ਕੀ ਕਾਰਨ ਹਨ! ਸੁੱਖ ਨਾਲ ਸਾਰੇ ਪਾਸਿਓ ਠੰਢੀਆਂ ਹਵਾਵਾਂ ਆ ਰਹੀਆਂ ਹਨ। ਫੇਰ ਪਤਾ ਨਹੀਂ ਕਿਉਂ ਇੰਜ ਹੋ ਰਿਹਾ ਹੈ ? ਹੋਵੇ ਵੀ ਕਿਉਂ ਨਾ ਜਦੋਂ ਤੁਹਾਡੇ ਸਰੀਰ ਦੇ ਕੁਝ ਅੰਗ ਤੁਹਾਡੇ ਤੋਂ ਦੂਰ ਚਲੇ ਜਾਣ ਤਾਂ ਤਕਲੀਫ਼ ਹੋਣੀ ਤਾਂ ਲਾਜ਼ਮੀ ਹੈ। ਪਰ ਦੂਜੇ ਪਾਸੇ ਥੋੜ੍ਹੀ ਜਿਹੀ ਰਾਹਤ ਵੀ ਹੈ ਕਿ ਇਹ ਅੰਗ ਜਿੱਥੇ ਵੀ ਚਲੇ ਜਾਣ, ਰਹਿਣੇ ਤਾਂ ਮੇਰੇ ਹੀ ਹਨ। ਬਾਕੀ ਆਧੁਨਿਕਤਾ ਦੇ ਦੌਰ ‘ਚ ਕਿੱਲੋਮੀਟਰਾਂ ਦਾ ਫ਼ਾਸਲਾ ਨਹੀਂ ਮਿਣੀਦਾ।
ਰਹਿ-ਰਹਿ ਕੇ ਤੀਆਂ ‘ਚ ਸਾਡੀਆਂ ਕੁੜੀਆਂ-ਚਿੜੀਆਂ ਵੱਲੋਂ ਪਾਈ ਜਾਂਦੀ ਬੋਲੀ ਕਿ “ਲੈ ਗਈ ਚੰਦਰੀ ਕੈਨੇਡਾ ਸਾਰੇ ਛਾਂਟ ਕੇ ਮੁੰਡੇ”, ਜ਼ਿਹਨ ‘ਚ ਕੁਝ ਬਦਲੇ ਰੂਪ ‘ਚ ਘੁੰਮ ਰਹੀ ਹੈ ਕਿ “ਲੈ ਗਈ ਚੰਦਰੀ ਮੈਲਬਰਨ ਸਾਡੇ ਛਾਂਟ ਕੇ ਬੰਦੇ।” ਇਸ ਪਿੱਛੇ ਕਾਰਨ ਕੀ ਹੈ, ਇਹ ਸੁਣ ਲਵੋ! ਪਿਛਲੇ ਤਕਰੀਬਨ ਚਾਰ ਕੁ ਹਫ਼ਤਿਆਂ ‘ਚ ਪਹਿਲਾਂ ਦਵਿੰਦਰ, ਫੇਰ ਬਾਈ ਗਰਚਾ, ਫੇਰ ਰੋਕੀ ਬਾਈ, ਫੇਰ ਬਲਕਾਰ ਸਿੰਘ ਮੱਲ੍ਹੀ, ਤੇ ਹੁਣ ਹਰਮੰਦਰ। ਕੰਗ ਭਾਵੇਂ ਪਰਥ ਤੋਂ ਮੈਲਬਾਰਨ ਗਿਆ ਪਰ ਬਾਕੀ ਸਾਰੇ ਤਾਂ ਸਾਡੇ ਸਾਊਥ ਆਸਟ੍ਰੇਲੀਆ ਦੇ ਹੀਰੇ ਸਨ। ਮੇਰੀ ਪਿਛਲੇ ਦਸ ਕੁ ਵਰ੍ਹਿਆਂ ਦੇ ਆਸਟ੍ਰੇਲੀਆ ਪਰਵਾਸ ਤੋਂ ਇਹਨਾਂ ਸਾਰਿਆਂ ਨਾਲ ਗਹਿਰੀ ਸਾਂਝ ਰਹੀ ਆ। ਇਕੱਲਾ ਇਕੱਲਾ ਸੱਜਣ ਮੇਰਾ ਮਿੱਤਰ ਹੀ ਨਹੀਂ ਸਗੋਂ ਉਸ ਤੋਂ ਵੀ ਕੀਤੇ ਅਗਾਂਹ ਨੇ ਜਿਵੇਂ ਕਿ ਮੈਂ ਸ਼ੁਰੂ ‘ਚ ਲਿਖਿਆ ਹੈ ਕਿ ਮੇਰੇ ਸਰੀਰ ਦੇ ਅੰਗ ਹਨ। ਇਕੱਲੇ-ਇਕੱਲੇ ਬਾਰੇ ਜੇ ਵਿਸਥਾਰ ਕਰਨਾ ਹੋਵੇ ਤਾਂ ਕਿਤਾਬ ਲਿਖ ਦੇਵਾਂ ਪਰ ਸੰਖੇਪ ‘ਚ ਲਿਖਣ ਦੀ ਕੋਸ਼ਿਸ਼ ਕਰਦਾ ਹਾਂ।
ਦਵਿੰਦਰ ਸਿੰਘ ਧਾਲੀਵਾਲ: ਸੱਤ-ਅੱਠ ਕੁ ਵਰ੍ਹੇ ਪਹਿਲਾਂ ਇਕ ਕਾਲਜ ਵਿਖੇ ਕੋਈ ਪੰਜਾਬੀ ਸਮਾਗਮ ‘ਚੋਂ ਜਦੋਂ ਬਾਹਰ ਨਿਕਲ ਰਿਹਾ ਸੀ ਤਾਂ ਇਕ ਨੌਜਵਾਨ ਕੋਲ ਦੀ ਲੰਘਿਆ ਤੇ ਮੂੰਹ ‘ਤੇ ਇਹ ਕਹਿ ਕੇ ਤੁਰਦਾ ਬਣਿਆ ਕਿ “ਰੱਬ ਨੇ ਕਲਮ ਵੀ ਦਿੱਤੀ ਆ ਤਾਂ ਕਿਹੋ ਜਿਹੇ ਬੰਦਿਆਂ ਨੂੰ!” ਇਕ ਬਾਰ ਤਾਂ ਉਸ ਨੌਜਵਾਨ ਦਾ ਇਹ ਤਾਨ੍ਹਾ ਸੀਨੇ ਵੱਜਿਆ ਪਰ ਕੁਝ ਕੁ ਦਿਨਾਂ ‘ਚ ਹੀ ਉਹ ਮੇਰਾ ਤੇ ਮੈਂ ਉਸ ਦਾ ਚਹੇਤਾ ਬਣ ਗਏ। ਕਦੇ ਉਹ ਮੈਨੂੰ ਛੋਟਾ ਵੀਰ ਮਹਿਸੂਸ ਹੁੰਦਾ, ਕਦੇ ਲਾਡਲਾ ਪੁੱਤ ਤੇ ਕਦੇ-ਕਦੇ ਅੜਬ ਬਾਪੂ। ਵਕਤ ਨਾਲ ਉਹ ਮੇਰੀ ਸੱਜੀ ਬਾਂਹ ਬਣ ਬੈਠਿਆ। ਉਹ ਫ਼ੱਕਰ ਇਨਸਾਨ ਹੈ। ਕਦੇ-ਕਦੇ ਇਕੱਲਾ ਬੈਠਾ ਜੁਆਕਾਂ ਵਾਂਗ ਹੱਸੀ ਜਾਂਦਾ। ਕਦੇ ਲੱਖ ਬੇਗਾਨੇ ਦੀ ਹਰਕਤ ਤੋਂ ਵੀ ਸ਼ਰਮ ਮੰਨ ਜਾਂਦਾ, ਕਿਸੇ ਕੰਮ ਨੂੰ ਸਿਰੇ ਨਹੀਂ ਲਾਉਂਦਾ, ਆਖੂ! ਵਾਹਿਗੁਰੂ ਜੀ ਭਲੀ ਕਰਨਗੇ। ਉਹ ਭਾਵੇਂ ਕਿੱਡੀ ਮਹਿਫ਼ਲ ‘ਚ ਬੈਠਾ ਹੋਵੇ ਪਰ ਅਸਲ ‘ਚ ਉਹ ਉੱਥੇ ਨਹੀਂ ਹੁੰਦਾ। ਉਹ ਸੋਚਾਂ ਦੇ ਘੋੜਿਆਂ ਤੇ ਚੜ ਕੇ ਸਦਾ ਸਫ਼ਰ ਤੇ ਰਹਿੰਦਾ। ਲਿਖਣ ਲੱਗਿਆ ਲਿਹਾਜ਼ ਨਹੀਂ ਕਰਦਾ। ਅੰਦਰੋਂ ਪਿਆਰ ਨਾਲ ਲਬਾਲਬ ਹੈ ਪਰ ਕਦੇ-ਕਦੇ ਕੱਬਾ ਵੀ ਲਿਖ ਜਾਂਦਾ। ਪਰ ਮੈਨੂੰ ਪਤਾ ਹੁੰਦਾ ਕਿ ਇਹ ਕੱਬੇ ਸ਼ਬਦ ਉਹਦੇ ਆਪਣੇ ਤੇ ਸਥਾਈ ਨਹੀਂ ਹਨ ਉਹ ਤਾਂ ਸਿਰਫ਼ ਤੇ ਸਿਰਫ਼ ਪਿਆਰ ਦੇ ਬੀਜ ਬੀਜਣ ਵਾਲੀ ਰੂਹ ਹੈ। ਮੇਰਾ ਉਸ ਵਿਚ ਅੰਨ੍ਹਾ ਵਿਸ਼ਵਾਸ ਹੈ। ਕਈ ਬਾਰ ਉਹ ਮੈਨੂੰ ਕਹਿ ਵੀ ਦਿੰਦਾ ਬਾਈ ਤੈਨੂੰ ਡਰ ਨਹੀਂ ਲੱਗਦਾ ਮੇਰੇ ਨਾਲ ਆਪਣੇ ਸਾਰੇ ਰਾਜ ਸਾਂਝੇ ਕਰਨ ਤੋਂ। ਫੇਰ ਆਪ ਹੀ ਹੱਸ ਕੇ ਕਹਿ ਦਿੰਦਾ ਕੋਈ ਨਾ ਬਾਈ ਮੈਂ ਤੇਰੇ ਮਗਰੋਂ ਤੇਰੇ ਤੇ ਕਿਤਾਬ ਲਿਖੂ ਤੇ ਫੇਰ ਦੱਸਾਂਗਾ ਕਿ ਅਸਲ ‘ਚ ਮਿੰਟੂ ਬਰਾੜ ਕੀ ਸ਼ੈਅ ਸੀ। ਏਨਾ ਕਹਿ ਕੇ ਉੱਚੀ-ਉੱਚੀ ਹੱਸਣ ਲੱਗ ਜਾਂਦਾ ਜੁਆਕਾਂ ਵਾਂਗ। ਮੇਰਾ ਦਿਲ਼ੀ ਮੋਹ ਕੁਝ ਕੁ ਇਨਸਾਨ ਹੀ ਲੈ ਸਕੇ ਹਨ ਤੇ ਦਵਿੰਦਰ ਉਨ੍ਹਾਂ ‘ਚੋਂ ਇਕ ਹੈ। ਅੰਤਾਂ ਦਾ ਲਾਪਰਵਾਹ ਤੇ ਸਿਰੇ ਦਾ ਬੇਪ੍ਰਵਾਹ ਹੈ। ਦਸ ਸਾਲ ਹੋਣ ਨੂੰ ਹੋ ਗਏ ਹਾਲੇ ਕੱਚਾ ਤੁਰਿਆ ਫਿਰਦਾ ਬਥੇਰਾ ਜ਼ੋਰ ਲਾਇਆ ਕਿ ਕੁਝ ਕੁ ਸੀਰੀਅਸ ਹੋ ਜਾ, ਮੂਹਰੋਂ ਕਹਿ ਦਿੰਦਾ ਕੋਈ ਨਾ ਬਾਈ ਵਾਹਿਗੁਰੂ ਜੀ ਭਲੀ ਕਰਨਗੇ। ਇਸ ਜਵਾਨੀ ਦੀ ਉਮਰ ‘ਚ ਬਹੁਤ ਘੱਟ ਨੌਜਵਾਨ ਮਿਲਣਗੇ ਜਿਨ੍ਹਾਂ ਨੂੰ ਕੁੜੀਆਂ ‘ਚੋਂ ਧੀ ਜਾਂ ਭੈਣ ਦਾ ਅਕਸ ਦਿਸਦਾ ਹੋਵੇ। ਪਰ ਦਵਿੰਦਰ ਨੂੰ ਦਿਖਦਾ, ਸੱਚੀ ਉਹ ਇਹੋ ਜਿਹਾ ਹੀ ਹੈ। ਜਦੋਂ ਉਹ ਲਿਖਦਾ ਤਾਂ ਕੁਦਰਤ ਡੁੱਲ੍ਹ-ਡੁੱਲ੍ਹ ਪੈਂਦੀ ਹੈ। ਉਸ ਦੇ ਸ਼ਬਦਾਂ ‘ਚੋਂ, ਗ਼ਰੀਬ ਦੀ ਚਿੰਤਾ ਝਲਕਦੀ ਆ, ਕਿਰਸਾਨ ਦੀ ਮਜਬੂਰੀ ਬਹੁਤ ਨੇੜੇ ਤੋਂ ਚਿਤਰਦਾ। ਲਿਖ ਲੈਂਦਾ, ਸਾਂਭਦਾ ਨਹੀਂ। ਦਲੀਲ ਦਿੰਦਾ ਬਾਈ ਇਹ ਤਾਂ ਐਵੇਂ ਕਮਲ ਜਾਂ ਘੋਟਿਆ ਜਦੋਂ ਚੰਗਾ ਲਿਖਿਆ ਜ਼ਰੂਰ ਸਾਂਭ ਲਵਾਂਗਾ। ਮੇਰੇ ਜਿਹੇ ਚਾਰ ਅੱਖਰ ਝਰੀਟ ਕੇ ਆਪਣੇ ਆਪ ਨੂੰ ਲਿਖਾਰੀ ਸਮਝੀ ਜਾਂਦੇ ਹਨ ਪਰ ਮੈਂ ਦੇਖਿਆ ਕਿ ਉਹ ਮੇਰੇ ਵਰਗਿਆਂ ਤੋਂ ਕਈ ਗੁਣਾ ਚੰਗਾ ਲਿਖ ਕੇ ਵੀ ਕਹਿੰਦਾ ਬਾਈ ਹਾਲੇ ਗੱਲ ਨਹੀਂ ਬਣੀ।
ਉਹ! ਮੈਂ ਤਾਂ ਸੰਖੇਪ ‘ਚ ਲਿਖਣ ਲੱਗਿਆ ਸੀ! ਮਾਫ਼ੀ ਚਾਹੁੰਦਾ! ਬਹਿਣ ‘ਚ ਬਹਿ ਗਿਆ ਸੀ! ਚੰਗੇ ਭਵਿੱਖ ਲਈ ਐਡੀਲੇਡ ਛੱਡ ਦਵਿੰਦਰ ਮੈਲਬਰਨ ਦਾ ਹੋ ਗਿਆ। ਸੋ ਮੁੱਲ ਪਾਇਓ ਮੈਲਬਰਨ ਵਾਲ਼ਿਓਂ! ਮੇਰਾ ਦਿਲ ਕਹਿੰਦਾ ਹੈ, ਤੇ ਮੇਰੇ ਇਹ ਬੋਲ ਚੇਤੇ ਰੱਖਿਓ! ਇਕ ਦਿਨ ਆਏਂਗਾ ਜਦੋਂ ਇਹ ਤਾਰਾ ਅੰਬਰਾਂ ਦੇ ਸਿਰ ਚੜ੍ਹ ਕੇ ਬੋਲੇਗਾ। ਹਾਂ ਪਰ ਹੁਣ ਮੈਂ ਜਦੋਂ ਐਡੀਲੇਡ ‘ਚ ਘੁੰਮਦਾ ਹਾਂ ਤਾਂ ਉਸ ਦੇ ਬੋਲ ਬਾਈ ਕਿੱਥੇ ਆ? ਆ ਜਾ ਘਰੇ, ਚਾਹ ਧਰਾਂ, ਫਿੱਕੀ ਪੀਵੇ ਗਾ ਨਾ? ਕੰਨਾਂ ‘ਚ ਗੂੰਜਦੇ ਰਹਿੰਦੇ ਹਨ।
ਹਰਵਿੰਦਰ ਸਿੰਘ ਗਰਚਾ: ਆਸਟ੍ਰੇਲੀਆ ਦੀ ਧਰਤੀ ਤੇ ਜਦੋਂ ਦਸ ਵਰ੍ਹੇ ਪਹਿਲਾਂ ਉੱਤਰਿਆ ਤਾਂ ਰਿਵਰਲੈਂਡ ‘ਚ ਆਇਆਂ ਨੂੰ ਹਾਲੇ ਇਕ ਹਫ਼ਤਾ ਕੁ ਹੋਇਆ ਹੋਣਾ। ਤਾਂ ਬਾਈ ਗਰਚੇ ਨਾਲ ਵਾਹ ਉਦੋਂ ਪਿਆ ਜਦੋਂ ਆਸਟ੍ਰੇਲੀਆ ਦਾ ਡਰਾਈਵਿੰਗ ਲਸੰਸ ਬਣਾਉਣਾ ਸੀ। ਉਹ ਦਿਨ ਤੋਂ ਲੈ ਕੇ ਅੱਜ ਤੱਕ ਇਕ ਦੂਜੇ ਨਾਲ ਖੜ੍ਹੇ ਰਹੇ ਹਾਂ। ਰਿਵਰਲੈਂਡ ‘ਚ ਮੈਨੂੰ ਇਕ ਟੈਕਨੀਸ਼ੀਅਨ ਦੀ ਜੌਬ ਦਾ ਰਾਹ ਦਿਖਾਉਣ ਵਾਲਾ ਵੀ ਬਾਈ ਗਰਚਾ ਹੀ ਸੀ। ਜਿਸ ਦੀ ਬਦੌਲਤ ਇੱਥੇ ਕੁਝ ਬਣਾ ਸਕਿਆ। ਲੋਕੀਂ ਕਹਿੰਦੇ ਹਨ ਗਰਚਾ ਸਨਕੀ ਹੈ ਪਰ ਸੱਚ ਦੱਸਾਂ ਮੇਰੇ ਲਈ ਤਾਂ ਨਹੀਂ ਹੈ। ਪਿਛੋਕੜ ‘ਚ ਮਿਲੇ ਧੋਖਿਆਂ ਨੇ ਹੋ ਸਕਦਾ ਬਾਈ ਦੇ ਸੁਭਾਅ ‘ਚ ਸਨਕ ਲਿਆ ਦਿੱਤੀ ਹੋਵੇ। ਪਰ ਲੋਹੜੇ ਦੇ ਨਰਮ ਸੁਭਾਅ ਵਾਲਾ ਬੰਦਾ ਹੈ। ਕਈ ਬਾਰ ਮੈਂ ਗ਼ੁੱਸੇ ‘ਚ ਉੱਚਾ ਵੀ ਬੋਲ ਗਿਆ ਬਾਈ ਨੂੰ, ਪਰ ਏਨਾ ਕੁ ਠੰਢੇ ਕਿ ਆਖ਼ਿਰ ਨੂੰ ਆਪਣੀ ਨਰਮੀ ਨਾਲ ਹੀ ਮੈਨੂੰ ਦਰੁਸਤ ਕਰ ਦਿੰਦੇ ਹਨ। ਮੇਰੇ ਤੇ ਗਰਚੇ ਬਾਈ ਦੀਆਂ ਕਈ ਗੱਲਾਂ ਮੇਲ ਖਾਂਦੀਆਂ ਹਨ। ਜਿਵੇਂ ਕਿ ਅਸੀਂ ਦੋਨਾਂ ਨੇ ਜ਼ਿੰਦਗੀ ‘ਚ ਬਹੁਤ ਜ਼ਿਆਦਾ ਕੰਮ ਕੀਤੇ ਪਰ ਸਫਲਤਾ ਬਹੁਤ ਘੱਟ ਮਿਲੀ। ਪਰ ਸਿਰੜ ਦੇ ਪੱਕੇ, ਹਾਰ ਨਹੀਂ ਮੰਨਦੇ। ਚੱਲ ਸੋ ਚੱਲ। ਜਿਹੜੀ ਉਮਰ ਜੁਆਕ ਪੜਾਉਣ ਦੀ, ਉਸ ‘ਚ ਆਪ ਪੜ੍ਹੀ ਜਾਂਦੇ ਹਾਂ। ਪਰ ਕਹਿੰਦੇ ਹੁੰਦੇ ਆ ਕਿ ਮਿਹਨਤ ਇਕ ਦਿਨ ਰੰਗ ਜ਼ਰੂਰ ਲਿਆਉਂਦੀ ਹੈ। ਸੋ ਗਰਚੇ ਬਾਈ ਦੀ ਪੜ੍ਹਾਈ ਲਿਖਾਈ ਹੁਣ ਮੈਲਬਰਨ ਵਾਸੀਆਂ ਦੇ ਕੰਮ ਆਊ। ਬਾਈ ਆਪਣੀ ਨਵੀਂ ਪਾਰੀ ਇਕ ਬਿਲਡਰ ਅਤੇ ਰੀਅਲ ਅਸਟੇਟ ਦੇ ਮਾਹਿਰ ਵਜੋਂ ਖੇਡਣ ਲਈ ਮੈਲਬਰਨ ਦੇ ਮੈਦਾਨ ‘ਚ ਡਟ ਗਿਆ ਹੈ। ਮੈਨੂੰ ਪੂਰੀ ਉਮੀਦ ਹੈ ਕਿ ਇਕ ਚੰਗਾ ਭਵਿੱਖ ਬਾਈ ਦੀ ਰਾਹ ਉਡੀਕ ਰਿਹਾ ਹੈ। ਹਾਂ ਏਨੇ ਸਾਲ ਦੁੱਖ-ਸੁੱਖ ਇਕੱਠੇ ਹੰਢਾਉਣ ਕਾਰਨ ਅਸੀਂ ਬਾਈ ਦੀ ਕਮੀ ਮਹਿਸੂਸ ਕਰ ਰਹੇ ਹਾਂ ਤੇ ਕਰਦੇ ਰਹਾਂਗੇ।
ਨਵਜੋਤ ਸਿੰਘ ਕੈਲੀ: ਯਾਨੀ ਕਿ ਸਾਡਾ ਰੋਕੀ ਬਾਈ! ਰੋਕੀ ਬਾਈ ਇਕ ਸੰਦਾਂ ਰਹਿਤ ਇੰਜੀਨੀਅਰ ਹੈ ਤੇ ਇਕ ਝੂਠ ਵਿਹੂਣਾ ਵਕੀਲ। ਬੜਾ ਅਜੀਬ ਸੰਯੋਗ ਹੈ ਕਿ ਇਕ ਇੰਜੀਨੀਅਰ ਤੇ ਮਾਈਗਰਾਂਟ ਵਕੀਲ ਸਮਾਜ ਸੁਧਾਰਕ ਹੋਵੇ! ਘੱਟ ਹੀ ਦੇਖਣ ਨੂੰ ਮਿਲਦਾ। ਜੇਕਰ ਇਕ ਸਮਾਜ ਸੁਧਾਰਕ ਹੋਵੇ ਤੇ ਉਹ ਸੁਰਖ਼ੀਆਂ ‘ਚ ਨਾ ਹੋਵੇ ਇਹ ਵੀ ਨਹੀਂ ਹੋ ਸਕਦਾ। ਪਰ ਰੋਕੀ ਬਾਈ ਇਹਨਾਂ ਸਾਰੀਆਂ ਗੱਲਾਂ ਦਾ ਸੁਮੇਲ ਹੈ। ਉਹ ਇੰਜੀਨੀਅਰ ਹੈ ਪਰ ਉਸ ਦੇ ਸੰਦ ਉਸ ਦਾ ਦਿਮਾਗ਼ ਹੀ ਹੈ। ਉਹ ਵਕੀਲ ਹੈ ਪਰ ਝੂਠ ਨਹੀਂ ਬੋਲਦਾ। ਉਹ ਖ਼ਾਲਸਾ ਏਡ ਦਾ ਇਕ ਵੱਡਾ ਨੁਮਾਇੰਦਾ ਹੈ, ਪਰ ਕਦੇ ਦਿਖਾਵਾ ਨਹੀਂ ਕਰਦਾ। ਉਸ ਨੇ 30ਵੀਆਂ ਸਿੱਖ ਖੇਡਣ ‘ਚ ਕਬੱਡੀ ਦੇ ਸੰਯੋਜਕ ਦੀ ਜੋ ਭੂਮਿਕਾ ਉਲਟ ਹਾਲਤਾਂ ‘ਚ ਨਿਭਾਈ ਉਹ ਆਪਣੇ ਆਪ ‘ਚ ਮਿਸਾਲ ਹੈ ਤੇ ਉਸ ਦਾ ਮੁੱਲ ਰੋਕੀ ਬਾਈ ਨੂੰ ਮਿਲਿਆ, ਜਦੋਂ ਸਿੱਖ ਖੇਡਾਂ ਦੀ ਰਾਸ਼ਟਰੀ ਅਦਾਰੇ ਨੇ ਉਨ੍ਹਾਂ ਨੂੰ ਕਬੱਡੀ ਦੇ ਰਾਸ਼ਟਰੀ ਸੰਯੋਜਕ ਦੀ ਜ਼ੁੰਮੇਵਾਰੀ ਦੇ ਕੇ ਨਿਵਾਜਿਆ। ਮੇਰਾ ਬਾਈ ਨਾਲ ਰਿਸ਼ਤਾ ਇਕ ਲੇਖਕ ਤੇ ਪਾਠਕ ਦੇ ਤੌਰ ਤੋਂ ਸ਼ੁਰੂ ਹੋਇਆ। ਪਰ ਉਸ ਤੋਂ ਬਾਅਦ ਅਸੀਂ ਸਮਾਜਿਕ ਕੰਮਾਂ ਦੇ ਸਾਂਢੂ ਬਣ ਗਏ। ਜਦੋਂ ਵੀ ਮੈਨੂੰ ਕਿਸੇ ਕਾਨੂੰਨੀ ਸਲਾਹ ਦੀ ਲੋੜ ਪੈਣੀ ਆਪਾਂ ਝੱਟ ਬਾਈ ਦਾ ਬੂਹਾ ਜਾ ਖੜਕਾਉਣਾ। ਰੋਕੀ ਬਾਈ ਇਕ ਇਹੋ ਜਿਹਾ ਇਨਸਾਨ ਹੈ ਜੋ ਅੱਧੀ ਰਾਤ ਨੂੰ ਵੀ ਹੱਸਦੇ ਚਿਹਰੇ ਨਾਲ ਬੂਹਾ ਖੋਲ੍ਹ ਦਿੰਦਾ ਹੈ। ਕਿਧਰੇ ਖ਼ਾਲਸਾ ਏਡ ਲਈ ਪੈਸੇ ਇਕੱਠੇ ਕਰੀ ਜਾਂਦਾ, ਕਿਧਰੇ ਆਪਣੇ ਪਿੰਡ ਦੀਆਂ ਸੰਸਥਾਵਾਂ ਨੂੰ ਸਾਂਭੀ ਜਾਂਦਾ। ਕਿਧਰੇ ਲੋੜਵੰਦਾਂ ਦੇ ਵੀਜ਼ੇ ਲਗਵਾਈ ਜਾਂਦਾ, ਕਿਧਰੇ ਮਾਪਿਆਂ ਦੇ ਵੀਜ਼ੇ ਲਈ ਸਰਕਾਰ ਨਾਲ ਸੰਘਰਸ਼ ਕਰੀ ਜਾਂਦਾ। ਹੁਣ ਤੁਸੀਂ ਦੱਸੋ ਜੇ ਇਹੋ ਜਿਹਾ ਬੰਦਾ ਤੁਹਾਡਾ ਗੁਆਂਢ ਛੱਡ ਕੇ ਕਿਸੇ ਹੋਰ ਸ਼ਹਿਰ ‘ਚ ਚੱਲਿਆ ਜਾਵੇ ਤਾਂ ਦਿਲ ਤਾਂ ਦੁਖਦਾ ਹੀ ਹੈ। ਰੋਕੀ ਬਾਈ ਮੇਰਾ ਇਕ ਸੱਚਾ ਮਿੱਤਰ ਹੈ, ਤੇ ਇਕ ਆਦਰਸ਼ ਗੁਆਂਢੀ ਸੀ। ਸੀ ਦਾ ਮਤਲਬ ਅੱਜ ਕੱਲ੍ਹ ਉਸ ਨੂੰ ਵੀ ਚੰਦਰੇ ਮੈਲਬਾਰਨ ਨੇ ਸਾਡੇ ਤੋਂ ਖੋਹ ਲਿਆ ਹੈ। ਸੁਣਿਆ ਕੋਈ ਵੱਡੀ ਨੌਕਰੀ ਲੱਗ ਗਈ ਹੈ। ਬੱਸ ਇਹੀ ਇਕ ਦਿਲ ਨੂੰ ਧਰਵਾਸਾ ਕਿ ਉਹ ਹੁਣ ਹੋਰ ਵੱਡਾ ਅਫ਼ਸਰ ਬਣ ਗਿਆ। ਰੋਕੀ ਬਾਈ ਵਰਗੇ ਲੋਕ ਜਿੱਥੇ ਮਰਜ਼ੀ ਰਹਿਣ ਆਪਣੀ ਖੁਸ਼ਬੋਈ ਨਾਲ ਆਲਾ ਦੁਆਲਾ ਮਹਿਕਾ ਹੀ ਲੈਂਦੇ ਹਨ।
ਬਲਕਾਰ ਸਿੰਘ ਮੱਲ੍ਹੀ: ਬਾਈ ਮੱਲ੍ਹੀ ਦਾ ਨਾਂ ਆਉਣ ਤੇ ਬਿੰਨੂ ਢਿੱਲੋਂ ਦਾ ਉਹ ਡਾਇਲਾਗ ਚੇਤੇ ਆ ਜਾਂਦਾ ਹੈ ਕਿ “ਪਤੰਦਰ ਬਾਹਲ਼ਾ ਹੀ ਕੱਬਾ ਸੁਭਾਅ ਚੱਕੀ ਫਿਰਦਾ।” ਜਿਨ੍ਹਾਂ ਲੋਕਾਂ ਦਾ ਵਾਹ ਬਾਈ ਬਲਕਾਰ ਨਾਲ ਨਹੀਂ ਪਿਆ ਉਨ੍ਹਾਂ ਭਾਣੇ ਉਹ ਕੱਬਾ ਬੰਦਾ। ਪਰ ਜੇਕਰ ਅਸੂਲਾਂ ਦਾ ਖਰਾ ਹੋਣਾ ਤੇ ਸੱਚ ਮੂੰਹ ਤੇ ਕਹਿ ਦੇਣਾ ਕੱਬਾ ਸੁਭਾਅ ਹੁੰਦਾ ਤਾਂ ਮੱਲ੍ਹੀ ਬਾਈ ਵਾਕਿਆ ਹੀ ਕੱਬਾ ਬੰਦਾ। ਮੇਰਾ ਬਾਈ ਨਾਲ ਵਾਹ ਤਕਰੀਬਨ ਪੰਜ ਕੁ ਵਰ੍ਹੇ ਪਹਿਲਾਂ ਪਿਆ ਸੀ ਜਦੋਂ ਉਨ੍ਹਾਂ ਰੈਨਮਾਰਕ ‘ਚ ਕਰਿਆਨੇ ਦੀ ਹੱਟੀ ਪਾਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਜਦੋਂ ਵੀ ਕੋਈ ਕਾਰਜ ਕਰਨਾ ਹੁੰਦਾ ਤਾਂ ਬਲਕਾਰ ਬਾਈ ਅੱਧੇ ਬੋਲ ਨਾਲ ਆ ਖੜ੍ਹਦੇ। ਸਿੱਖ ਭਾਈਚਾਰੇ ਦੀ ਪਛਾਣ ਗੋਰਿਆਂ ‘ਚ ਕਰਵਾਉਣ ਲਈ ਜਿੰਨੇ ਵੀ ਉਪਰਾਲੇ ਹੋਏ, ਬਾਈ ਨੇ ਇਕੱਲੇ ਸਾਰਾ ਖਰਚਾ ਚੁੱਕ ਲਿਆ। ਇਕ ਗੱਲ ਮੈਂ ਬਾਈ ਮੱਲ੍ਹੀ ਬਾਰੇ ਪਹਿਲਾ ਵੀ ਲਿਖ ਤੇ ਬੋਲ ਚੁੱਕਿਆ ਹਾਂ ਪਰ ਮੈਨੂੰ ਲੱਗਦਾ ਅੱਜ ਵੀ ਇਹ ਗੱਲ ਲਿਖਣ ਤੋਂ ਬਿਨਾਂ ਇਹ ਲੇਖ ਅਧੂਰਾ ਰਹੇਗਾ। ਗੱਲ ਸਿੱਖ ਖੇਡਾਂ ਦੀ ਤਿਆਰੀ ਵੇਲੇ ਦੀ ਹੈ। ਮੇਰੀ ਜ਼ਿੰਮੇਵਾਰੀ ਲੰਗਰ ਦਾ ਪ੍ਰਬੰਧ ਕਰਨ ਉੱਤੇ ਲਾ ਦਿੱਤੀ ਗਈ। ਉਸ ਰਾਤ ਨੂੰ ਸਾਰੀ ਰਾਤ ਨੀਂਦ ਨਹੀਂ ਆਈ ਕਿ ਐਡੀ ਵੱਡੀ ਜ਼ਿੰਮੇਵਾਰੀ ਕਿਵੇਂ ਸਿਰੇ ਲੱਗੂ। ਜਦੋਂ ਦੂਜੇ ਦਿਨ ਮੈਂ ਬਾਈ ਬਲਕਾਰ ਨਾਲ ਇਹ ਗੱਲ ਸਾਂਝੀ ਕੀਤੀ ਤਾਂ ਉਹ ਮੂਹਰੇ ਕਹਿੰਦੇ ਤੂੰ ਤਾਂ ਕਮਲਾ ਬਾਈ ਜਮਾ ਈ । ਮੈਂ ਹੈਰਾਨ ਹੋ ਕੇ ਪੁੱਛਿਆ ਕਿਉਂ? ਕਹਿੰਦੇ ਬਾਈ ਜਿਹੜੇ ਕੰਮ ਦੀ ਨਿਓ ਬਾਬਾ ਨਾਨਕ ਨੇ ਧਰੀ ਹੋਵੇ ਉਸ ਕੰਮ ਦਾ ਤੈਨੂੰ ਕੀ ਸੰਸਾ? ਬੱਸ ਉਨ੍ਹਾਂ ਦੇ ਇਹ ਬੋਲ ਸਿਰਫ਼ ਬੋਲ ਨਹੀਂ ਸੀ, ਉਸ ਦਿਨ ਤੋਂ ਬਾਅਦ ਮੈਨੂੰ ਨਹੀਂ ਪਤਾ ਬਾਈ ਮੱਲ੍ਹੀ ਕਿਥੋਂ ਤੇ ਕਿਵੇਂ ਲੰਗਰ ਦਾ ਰਸਦ ਲਿਆ ਲਿਆ ਸਾਡੇ ਕੋਲ ਧਰੀ ਗਏ। ਕਹਿਣ ਦਾ ਭਾਵ ਕਹਿਣੀ ਤੇ ਕਰਨੀ ਦਾ ਪੱਕਾ ਸਾਡਾ ਪਿਆਰਾ ਵੀਰ ਵੀ ਮੈਲਬਾਰਨ ਦਾ ਹੋ ਗਿਆ। ਭਾਵੇਂ ਜਾਂਦਾ ਜਾਂਦਾ ਦਿਲਾਸਾ ਦੇ ਗਿਆ ਕਿ ਕੋਈ ਨਾ ਜਦੋਂ ਮਰਜ਼ੀ ਯਾਦ ਕਰਿਓ ਆਪਾਂ ਹਾਜ਼ਰ ਹੋਵਾਂਗੇ। ਸਾਨੂੰ ਵੀ ਪਤਾ ਮੱਲ੍ਹੀ ਬਾਈ ਤੁਸੀਂ ਆਪਣੀ ਜ਼ੁਬਾਨ ਦੇ ਪੱਕੇ ਇਨਸਾਨ ਹੋ ਪਰ ਸੱਚੀ ਤੁਹਾਡਾ ਛੱਡ ਕੇ ਜਾਣਾ ਸਾਨੂੰ ਦੁਖਿਆ। ਪਰ ਸਾਨੂੰ ਪੱਕਾ ਯਕੀਨ ਹੈ ਕੀ ਤੁਹਾਡੇ ਜਿਹੇ ਇਨਸਾਨ ਜਿੱਥੇ ਮਰਜ਼ੀ ਰਹਿਣ ਆਪਣੀ ਹੋਂਦ ਦਰਸਾ ਹੀ ਦਿੰਦੇ ਹਨ।ਆਪਣੀ ਖੁਸ਼ਬੋਈ ਨਾਲ ਆਲਾ ਦੁਆਲਾ ਮਹਿਕਾ ਹੀ ਲੈਂਦੇ ਹਨ।
ਹਰਮੰਦਰ ਕੰਗ: ਦਰਮਿਆਨੇ ਕੱਦ ‘ਚ ਕਈ ਕੁਝ ਸਮੋਈ ਬੈਠਾ, ਲਿਖਾਰੀ ਆ, ਰੇਡੀਉ ਪੇਸ਼ਕਾਰ ਆ, ਕਈ ਸਟਾਰ ਗਾਇਕਾਂ ਨਾਲੋਂ ਚੰਗਾ ਗਾ ਲੈਂਦਾ, ਭੰਗੜੇ ਦਾ ਮਾਹਿਰ ਆ, ਸਟੇਜ ਸਾਂਭਣ ‘ਚ ਮੋਹਰੀ ਆ, ਬੱਸ ਪਤੰਦਰ ਥੋੜ੍ਹਾ ਜਿਹਾ ਘੌਲੀ ਆ। ਕਈ ਚਿਰਾਂ ਤੋਂ ਜਾਣੂ ਹਾਂ। ਭਾਵੇਂ ਹੁਣ ਤੱਕ ਸਿਡਨੀ ਜਾਂ ਪਰਥ ਹੀ ਰਹਿੰਦਾ ਰਿਹਾ ਪਰ ਸਦਾ ਹੀ ਇਕ ਫ਼ੋਨ ਕਾਲ ਦੀ ਦੂਰੀ ਰਹੀ ਹੈ ਸਾਡੇ ਵਿਚਕਾਰ। ਜਦੋਂ ਮਰਜ਼ੀ ਗੱਲ ਕਰ ਲਵੋ ਸੀਰੀਅਸ ਗੱਲ ਤੇ ਵੀ ਖਿੜ-ਖਿੜਾ ਕੇ ਜਦੋਂ ਹੱਸਦਾ ਹੈ ਤਾਂ ਮੂਹਰਲੇ ਦੇ ਤਣਾਓ ਲਾਹ ਦਿੰਦਾ। ਕੁਝ ਘੌਲੀ ਆ ਤੇ ਕੁਝ ਜੁਆਕ ਨਿਆਣੇ ਹੋਣ ਕਾਰਨ ਹਾਲੇ ਓਨੇ ਜਲਵੇ ਨਹੀਂ ਦਿਖਾ ਰਿਹਾ ਜਿੰਨੇ ਉਹ ਦਿਖਾ ਸਕਦਾ। ਪਰ ਮੈਨੂੰ ਪੂਰੀ ਉਮੀਦ ਹੈ ਕਿ ਹੁਣ ਮੈਲਬਰਨ ‘ਚ ਛੇਤੀ ਉਹ ਆਪਣੀ ਹੋਂਦ ਦਰਸਾ ਦੇਵੇਗਾ। ਪਤੰਦਰ ਨੇ ਪਰਥ ਤੋਂ ਮੂਵ ਹੋਣ ਬਾਰੇ ਢਿੱਡ ਹੀ ਨਹੀਂ ਖੋਲ੍ਹਿਆ ਨਹੀਂ ਤਾਂ ਅਸੀਂ ਰਾਹ ‘ਚ ਹੀ ਐਡੀਲੇਡ ਰੱਖ ਲੈਣਾ ਸੀ ਕੰਗ ਸਾਹਿਬ ਨੂੰ। ਚਲੋ ਭਾਗਾਂ ਵਾਲੀ ਹੈ ਮੈਲਬਰਨ ਜੋ ਚੁਣ-ਚੁਣ ਕੇ ਹੀਰੇ ਇਕੱਠੇ ਕਰ ਰਹੀ ਹੈ। ਪਹਿਲਾ ਹੀ ਮੈਲਬਰਨ ‘ਚ ਬੜੇ ਪਿਆਰੇ ਸੱਜਣ ਵੱਸਦੇ ਸਨ ਪਰ ਹੁਣ ਤਾਂ ਪੱਲੜਾ ਇਕ ਤਰਫਾ ਹੀ ਹੋ ਗਿਆ ਮੈਲਬਰਨ ਦਾ।
ਚਲੋ ਜੀ ਦਿਲ ਨੂੰ ਦਿਲਾਸਾ ਇਹ ਹੈ ਕਿ ਸਾਡੇ ਇਹ ਸਾਰੇ ਪਿਆਰੇ ਦੁਨੀਆ ਦੇ ਨੰਬਰ ਇਕ ਖ਼ੂਬਸੂਰਤ ਸ਼ਹਿਰ ਨੂੰ ਆਪਣਾ ਰੈਣ-ਬਸੇਰਾ ਬਣਾਇਆ ਸੋ ਕਦੇ ਕਦੇ ਅਸੀਂ ਵੀ ਇਹਨਾਂ ਦੇ ਮੋਢਿਆਂ ਤੇ ਬਹਿ ਕੇ ਮੈਲਬਰਨ ਦੇ ਨਜ਼ਾਰੇ ਮਾਣ ਲਾਵਾਂਗੇ।
ਹੁਣ ਜਦੋਂ ਆਪਣੇ ਵਿੱਛੜੇ ਅੰਗਾਂ ਦੀ ਗੱਲ ਛੇੜ ਹੀ ਲਈ ਹੈ ਤਾਂ ਇਕੱਲੇ ਮੈਲਬਾਰਨ ਨੇ ਸਾਡੇ ਨਾਲ ਧੱਕਾ ਨਹੀਂ ਕੀਤਾ। ਇਸ ਤੋਂ ਪਹਿਲਾਂ ਅਮਰੀਕਾ ਵੀ ਸਾਡਾ ਇਕ ਜੁੰਡੀ ਦਾ ਯਾਰ ਖੋਹ ਕੇ ਲੈ ਗਈ ਹੈ। ਜਾਂਦੇ ਜਾਂਦੇ ਉਸ ਬਾਰੇ ਵੀ ਸੁਣ ਲਵੋ ;
ਮਨਪ੍ਰੀਤ ਸਿੰਘ ਢੀਂਡਸਾ: ਸਭ ਤੋਂ ਪਹਿਲਾਂ ਤਾਂ ਮੈਂ ਉਸ ਇਨਸਾਨ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਸ ਨੇ ਤਕਰੀਬਨ ਸੱਤ ਅੱਠ ਵਰ੍ਹੇ ਪਹਿਲਾਂ ਸਾਡੇ ਇਕ ਦੂਜੇ ਪ੍ਰਤੀ ਅਣਜਾਣ ਬੰਦਿਆਂ ਦੇ ਮਨਾ ‘ਚ ਨਫ਼ਰਤ ਭਰੀ ਜੋ ਕਿ ਸਬੱਬ ਬਣੀ ਸਾਡੀ ਮਿਲਣੀ ਦਾ। ਇਕ ਦੂਜੇ ਨੂੰ ਮਿਲ ਕੇ ਪਤਾ ਚੱਲਿਆ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਜਦੋਂ ਮੇਰਾ ਤੇ ਮਨਪ੍ਰੀਤ ਦਾ ਮਿਲਣ ਹੋਇਆ ਤਾਂ ਸਾਡੇ ਘਰ ‘ਪੇਂਡੂ ਆਸਟ੍ਰੇਲੀਆ’ ਨੇ ਜਨਮ ਲਿਆ। ਲੰਮੀਆਂ-ਲੰਮੀਆਂ ਵਿਚਾਰਾਂ ਹੋਈਆਂ। ਬਹੁਤ ਕੁਝ ਸਿੱਖਣ ਨੂੰ ਮਿਲਿਆ। ਉਸ ਦੀ ਸੰਗਤ ‘ਚ ਮੇਰੇ ਧਰਮ ਪ੍ਰਤੀ ਵਿਚਾਰਾਂ ‘ਚ ਨਿਖਾਰ ਆਇਆ। ਕਿਸੇ ਵੀ ਰਚਨਾ ਨੂੰ ਲਿਖਣ ਤੋਂ ਬਾਅਦ ਸੋਧਣ ਦੇ ਕਈ ਗੁਰ ਉਸ ਤੋਂ ਹਾਸਿਲ ਕੀਤੇ। ਮੇਰੇ ਮਾਂ ਬਾਪ ਤੋਂ ਬਾਅਦ ਇੱਕੋ ਬੰਦਾ ਹੈ ਮਨਪ੍ਰੀਤ ਜਿਸ ਕੋਲ ਮੈਨੂੰ ਘੂਰਨ ਅਤੇ ਟੋਕਨ ਦੇ ਅਧਿਕਾਰ ਹਨ।(ਪਤਨੀ ਦਾ ਜ਼ਿਕਰ ਇੱਥੇ ਇਸ ਲਈ ਨਹੀਂ ਕੀਤਾ ਕਿਉਂਕਿ ਇਹ ਕੋਈ ਅੱਤਕਥਨੀ ਨਹੀਂ ਹੈ ਤੇ ਨਾ ਜੱਗ ਤੋਂ ਵੱਖਰੀ ਕੋਈ ਰੀਤ ਹੈ। ਪਤਨੀ ਕੋਲ ਤਾਂ ਘੂਰਨ ਤੋਂ ਇਲਾਵਾ ਛਿਤਰੌਲ ਦੇ ਵੀ ਅਧਿਕਾਰ ਰਾਖਵੇਂ ਹੁੰਦੇ ਹਨ।) ਬਹੁਤ ਹੀ ਜਿਗਿਆਸੂ ਬੰਦਾ। ਕੁਝ ਨਾ ਕੁਝ ਸਿਰਜਦਾ ਰਹਿੰਦਾ। ਕਦੇ-ਕਦੇ ਲੋਕਾਂ ਨਾਲ ਗਿਲਾ ਕਰ ਦਿੰਦਾ ਹੈ ਕਿ ਪਤਾ ਨਹੀਂ ਕਿਉਂ ਲੋਕ ਉਨ੍ਹਾਂ ਦੀ ਮਿਹਨਤ ਨੂੰ ਫਲ ਨਹੀਂ ਲਾਉਂਦੇ। ਇਕ ਟੁਚੀ ਜਿਹੀ ਵੀਡੀਓ ਲੱਖਾਂ ‘ਚ ਸ਼ੇਅਰ ਹੋ ਜਾਂਦੀ ਹੈ ਤੇ ਇਕ ਸੁਚੱਜਾ ਕੰਮ ਦੋ-ਚਾਰ ਹਜ਼ਾਰ ‘ਚ ਰਹਿ ਜਾਂਦਾ ਹੈ। ਪਰ ਮੇਰਾ ਮੰਨਣਾ ਹੈ ਕੇ ਜੋ ਕੰਮ ਮਨਪ੍ਰੀਤ ਕਰ ਰਿਹਾ ਉਹ ਦੂਰ ਤੱਕ ਜਾਣ ਦੇ ਸਮਰੱਥ ਹਨ। ਭਾਵੇਂ ਅੱਜ ਕਦਰਦਾਨ ਘੱਟ ਹੋਣ ਪਰ ਉਹ ਸਦਾਬਹਾਰ ਰਹਿਣਗੇ। ਪਿਛਲੇ ਸਾਲਾਂ ‘ਚ ਕਾਫ਼ੀ ਵਕਤ ਇਕੱਠੇ ਬਿਤਾਉਣ ਦਾ ਸਮਾ ਮਿਲਿਆ। ਜਿਸ ਦੌਰਾਨ ਇਕ ਗੱਲ ਜਿਸ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਉਹ ਉਸ ਦਾ ਨਿੱਤਨੇਮੀ ਹੋਣਾ ਹੈ। ਨਿੱਤਨੇਮੀ ਹੋਣਾ ਕੋਈ ਖ਼ਾਸ ਗੱਲ ਨਹੀਂ ਪਰ ਜਨੂਨ ਦੀ ਹੱਦ ਤੱਕ ਨਿੱਤਨੇਮੀ ਹੋਣਾ ਖ਼ਾਸ ਗੱਲ ਹੈ। ਕਈ ਬਾਰ ਸਾਨੂੰ ਰਾਤ ਦੇ ਦੋ ਵੱਜ ਜਾਣੇ ਪਰ ਕੀ ਮਤਲਬ ਉਹ ਬਿਨਾਂ ਪਾਠ ਕੀਤਿਆਂ ਸੌਂ ਜਾਵੇ ਜਾਂ ਫੇਰ ਅੰਮ੍ਰਿਤ ਵੇਲੇ ਉੱਠਣ ਦੀ ਘੋਲ ਕਰ ਲਵੇ। ਘੱਟ ਬੋਲਦਾ, ਪੂਰਾ ਤੋਲਦਾ, ਪੜ੍ਹਦੇ ਦੇ ਪਿੱਛੇ ਰਹਿ ਕੇ ਕੰਮ ਕਰਨ ਦਾ ਸ਼ੌਕੀਨ ਆ। ਭਾਵੇਂ ਇਕੱਲੇ ‘ਚ ਗਾਉਂਦਾ ਪਰ ਗਾਉਣਾ ਆਉਂਦਾ, ਹਰ ਵਿਧੀ ‘ਚ ਲਿਖ ਲੈਂਦਾ, ਕ੍ਰਿਕਟ ਦਾ ਚੰਗਾ ਖਿਡਾਰੀ ਹੈ, ਆਧੁਨਿਕਤਾ ਉਸ ਦੇ ਪੋਟਿਆਂ ਤੇ ਨੱਚਦੀ ਹੈ। ਪੁਰਾਣੇ ਜਿਹੇ ਕੈਮਰੇ ਤੋਂ ਵੀ ਸਿਰੇ ਦੀ ਫ਼ੋਟੋ ਖਿੱਚਣ ਦੀ ਕਲਾ ਜਾਣਦਾ। ਵੀਡੀਓ ਐਡਿਟਿੰਗ ਦਾ ਸ਼ੌਕ ਰੱਖਦਾ। ਕੰਪਿਊਟਰ ਮਾਹਿਰ ਹੋਣ ਕਾਰਨ ਹੀ ਅਮਰੀਕਾ ਵਾਲੇ ਖੋਹ ਕੇ ਲੈ ਗਏ ਸਾਡਾ ਹੀਰਾ ਬੰਦਾ।
ਜ਼ਿੰਦਗੀ ‘ਚ ਇਕ ਬਾਰ ਵੀ ਪਰਵਾਸ ਕਰਨਾ ਸੌਖਾ ਕੰਮ ਨਹੀਂ ਹੁੰਦਾ ਪਰ ਪਰਵਾਸ ਤੋਂ ਬਾਅਦ ਵੀ ਪਰਵਾਸ ਕਰਨਾ ਬਹੁਤ ਥੋੜ੍ਹੇ ਲੋਕਾਂ ਦੇ ਹਿੱਸੇ ਆਉਂਦਾ ਹੈ। ਭਾਵੇਂ ਇਹ ਔਖਾ ਕੰਮ ਹੈ ਪਰ ਬਾਬਾ ਨਾਨਕ ਜੀ ਦੇ ਕਥਨ ਕਿ “ਚੰਗੇ ਬੰਦੇ ਉੱਜੜਦੇ ਹੀ ਚੰਗੇ ਹੁੰਦੇ ਹਨ” ਨੇ ਇਸ ਉਜਾੜੇ ਨੂੰ ਵੀ ਰਸਦਾਰ ਬਣਾ ਦਿੱਤਾ ਹੈ। ਦੁਨਿਆਵੀ ਬੰਦੇ ਹੋਣ ਕਾਰਨ ਵਿਛੋੜਾ ਇਕ ਬਾਰ ਜ਼ਰੂਰ ਚੀਸ ਦਿੰਦਾ ਹੈ ਪਰ ਵਕਤ ਉਸ ਚੀਸ ਦਾ ਇਲਾਜ ਛੇਤੀ ਕਰ ਦਿੰਦਾ ਹੈ। ਸੋ ਅਸੀਂ ਅਰਦਾਸ ਕਰਦੇ ਹਾਂ ਸਾਡੇ ਇਹਨਾਂ ਯੋਗੀ ਹੋਏ ਮਿੱਤਰਾਂ ਲਈ ਕਿ ਉਹ ਜਿੱਥੇ ਵੀ ਰਹਿਣ ਮਹਿਕਾਂ ਖਿਲਾਰਦੇ ਰਹਿਣ, ਬਾਕੀ ਕਿਸੇ ਸੱਚ ਹੀ ਕਿਹਾ ਕਿ “ਯੋਗੀ ਚੱਲਦੇ ਭਲੇ ਤੇ ਨਗਰੀ ਵੱਸਦੀ ਭਲੀ।”

Install Punjabi Akhbar App

Install
×