ਰੁੱਤ ਨਵਿਆਂ ਦੀ ਆਈ

ਖ਼ਾਲਸਾ ਸਾਜਨਾ ਦਿਵਸ ਦੀਆਂ ਰੌਣਕਾਂ ਦੇ ਨਾਲ ਇਸ ਮਹੀਨੇ ਵਿਚ ਸਿਆਸੀ ਗਤੀਵਿਧੀਆਂ ਵੀ ਜੋਰਾਂ-ਸ਼ੋਰਾਂ ਨਾਲ ਜਾਰੀ ਹਨ। ਹਰ ਪਾਸੇ ਬਦਲਾਅ ਦਾ ਨਾਅਰਾ ਗੂੰਜ ਰਿਹਾ। ਜੇ ਵਿਸਾਖੀ ਤੋਂ ਸ਼ੁਰੂ ਕੀਤਾ ਜਾਵੇ ਤਾਂ ਆਸਟ੍ਰੇਲੀਆ ਭਰ ‘ਚ ਵਿਸਾਖੀ ਮਨਾਉਣ ਦੀਆਂ ਖ਼ਬਰਾਂ ਆ ਰਹੀਆਂ ਹਨ। ਹਰ ਸ਼ਹਿਰ ‘ਚ ਵੱਖੋ-ਵੱਖ ਢੰਗ ਨਾਲ ਵਿਸਾਖੀ ਕਿਤੇ ਦੋ ਦਿਨ ਪਹਿਲਾਂ ਤੇ ਕਿਤੇ ਇਕ ਦਿਨ ਮਗਰੋਂ ਆਪੋ ਆਪਣੇ ਰੁਝੇਵਿਆਂ ਦੇ ਮੱਦੇ ਨਜ਼ਰ ਮਨਾਈ ਜਾ ਰਹੀ ਹੈ। ਇਹਨਾਂ ਵਿਚੋਂ ਜੇ ਸਭ ਤੋਂ ਵੱਧ ਪ੍ਰਭਾਵਿਤ ਤੇ ਨਿਵੇਕਲੇ ਢੰਗ ਨਾਲ ਵਿਸਾਖੀ ਮਨਾਉਣ ਦਾ ਸਿਹਰਾ ਬੰਨ੍ਹਣਾ ਹੋਵੇ ਤਾਂ ਉਹ ‘ਸਿੱਖ ਸਰਵਿਸਿਜ਼ ਆਸਟ੍ਰੇਲੀਆ’ ਦੇ ਸਿਰ ਬੱਝਦਾ ਹੈ। ਸਿੱਖ ਸਰਵਿਸਿਜ਼ ਆਸਟ੍ਰੇਲੀਆ ਬਾਰੇ ਦੱਸ ਦੇਵਾ ਕਿ ਇਹ ਸੰਸਥਾ ਥੋੜ੍ਹੀ ਦੇਰ ਪਹਿਲਾਂ ਹੋਂਦ ‘ਚ ਆਈ ਹੈ, ਜਿਸ ਨੇ ਆਪਣੇ ਪਹਿਲੇ ਉਪਰਾਲੇ ਨਾਲ ਹੀ ਆਪਣੇ ਭਾਈਚਾਰੇ ਦੇ ਨਾਲ-ਨਾਲ ਦੂਜਿਆਂ ਭਾਈਚਾਰਿਆਂ ‘ਚ ਵੀ ਆਪਣੀ ਹੋਂਦ ਦਰਸਾਈ। ਉਨ੍ਹਾਂ ਆਸਟ੍ਰੇਲੀਆ ਡੇਅ ਵਾਲੇ ਦਿਨ ਫ੍ਰੀ ਪਾਣੀ ਦੀ ਛਬੀਲ ਐਡੀਲੇਡ ਵਿਖੇ ਲਗਾਈ ਸੀ ਜਿਸ ਦੀ ਚਰਚਾ ਇੱਥੋਂ ਦੇ ਸਾਰੇ ਭਾਈਚਾਰਿਆਂ ਵੱਲੋਂ ਕੀਤੀ ਗਈ ਸੀ। ਜਿਸ ਨਾਲ ਸਿੱਖ ਧਰਮ ਦੀ ਪਛਾਣ ਵਿਚ ਵੀ ਵਾਧਾ ਹੋਇਆ ਸੀ। ਆਪਣੇ ਦੂਜੇ ਉਪਰਾਲੇ ਵਿੱਚ ਵਿਸਾਖੀ ਦੇ ਦਿਹਾੜੇ ਉਤੇ ਉਨ੍ਹਾਂ ਸਿੱਖੀ ਨਾਲ ਲਬਰੇਜ਼ ਇਕ ਰੰਗਾਰੰਗ ਪ੍ਰੋਗਰਾਮ ਕਰਵਾਇਆ। ਜਿਸ ਵਿਚ ਸਿੱਖੀ ਦੀ ਨਵੀਂ ਪਨੀਰੀ ਨੂੰ ਸਾਂਭਣ ਦੀ ਆਧੁਨਿਕ ਤਰੀਕੇ ਨਾਲ ਕੋਸ਼ਿਸ਼ ਕੀਤੀ ਗਈ ਅਤੇ ਦੂਜੇ ਭਾਈਚਾਰਿਆਂ ਨੂੰ ਵੀ ਸਿੱਖੀ ਦੇ ਫ਼ਲਸਫ਼ੇ ਤੋਂ ਜਾਣੂ ਕਰਵਾਇਆ ਗਿਆ। ਸਾਰੇ ਸਮਾਗਮ ਦੀ ਰੂਪਰੇਖਾ ਤੇ ਪੇਸ਼ਕਾਰੀ ਬਹੁਤ ਸਲਾਹੁਣਯੋਗ ਤੇ ਲੀਹ ਤੋਂ ਹਟਵੀਂ ਸੀ। ਸਿੱਖ ਸਰਵਿਸਿਜ਼ ਦੇ ਸਾਰੇ ਭਾਈਵਾਲਾਂ ਨੇ ਲਗਦਾ ਸਮੇਂ ਦੀ ਨਬਜ਼ ਫੜ ਲਈ ਹੈ ਤੇ ਸਿਰਫ਼ ਗੋਲਕ ਦੇ ਦੁਆਲੇ ਘੁੰਮਦੀ ਮਰਿਆਦਾ ਤੋਂ ਬਾਹਰ ਨਿਕਲ ਕੇ ਸਿੱਖੀ ਲਈ ਕੁਝ ਕੀਤਾ। ਜਿਸ ਦੀ ਸਾਨੂੰ ਸਾਰਿਆਂ ਨੂੰ ਵਧਾਈ ਦੇਣੀ ਚਾਹੀਦੀ ਹੈ ਤੇ ਅੱਗੇ ਤੋਂ ਇਹੋ ਜਿਹੇ ਉਪਰਾਲੇ ਹੋਰ ਹੋਣ ਇਸ ਲਈ ਬਣਦਾ ਸਹਿਯੋਗ ਦੇਣਾ ਚਾਹੀਦੇ ਹੈ।
ਸਿੱਖ ਧਰਮ ਨਾਲ ਹੀ ਸੰਬੰਧਿਤ ਦੂਜਾ ਵਰਤਾਰਾ ਜੋ ਹੋਇਆ ਉਸ ਨੂੰ ਅਸੀਂ ਕਦੇ ਵੀ ਦੁਹਰਾਉਣਾ ਨਹੀਂ ਚਾਹਾਂਗੇ। ਇਹ ਵਰਤਾਰਾ ਪਰਥ ‘ਚ ਵਾਪਰਿਆ। ਇਸ ਮਾਮਲੇ ‘ਚ ਹੋਰ ਲਿਖ ਕੇ ਮਸਲਾ ਉਲਝਾਉਣ ਨਾਲੋਂ ਇਕ ਆਸ ਕਰਾਂਗੇ ਕਿ ਕੌਮ ਦੇ ਅੰਦਰੂਨੀ ਮਾਮਲੇ ਜੇ ਰਲ-ਮਿਲ ਸੁਲਝਾ ਲਏ ਜਾਣ ਤਾਂ ਚੰਗਾ ਰਹੇ। ਦੋਨਾਂ ਧਿਰਾਂ ਲਈ ਆਤਮ ਚਿੰਤਨ ਕਰਨ ਦੀ ਲੋੜ ਹੈ। ਗੁਰਦੁਆਰਾ ਪ੍ਰਬੰਧਕਾਂ ਨੂੰ ਚਾਹੀਦੇ ਕਿ ਮਰਿਆਦਾ ਸਭ ਤੋਂ ਉੱਪਰ ਰੱਖੀ ਜਾਵੇ ਅਤੇ ਸਿੱਖ ਧਰਮ ਫੈਲ ਰਿਹਾ ਤੇ ਨਵੇਂ ਲੋਕ ਇਸ ‘ਚ ਜੁੜ ਰਹੇ ਹਨ, ਉਨ੍ਹਾਂ ਦਾ ਸਵਾਗਤ ਕੀਤਾ ਜਾਵੇ ਤੇ ਉਨ੍ਹਾਂ ਨੂੰ ਹੱਲਾ ਸ਼ੇਰੀ ਦਿੱਤੀ ਜਾਵੇ ਨਾ ਕਿ ਉਨ੍ਹਾਂ ਲਈ ਕੱਲ੍ਹ ਦੀ ਭੂਤਨੀ….! ਵਰਗੀ ਮਾੜੀ ਸ਼ਬਦਾਵਲੀ ਵਰਤੀ ਜਾਵੇ। ਨਵੇਂ ਜੁੜ ਰਹੇ ਸੱਜਣਾਂ ਨੂੰ ਵੀ ਬੇਨਤੀ ਹੈ ਕਿ ਸੰਜਮ ਵਰਤਿਆ ਜਾਵੇ ਕਿਉਂਕਿ ਜਦੋਂ ਬਦਲਾਅ ਆਉਂਦਾ ਤਾਂ ਪੁਰਾਣੀਆਂ ਆਦਤਾਂ ਛੱਡਣ ਵਿਚ ਵਕਤ ਲਗਦਾ ਅਤੇ ਤਕਲੀਫ਼ ਹੁੰਦੀ ਹੈ। ਸੋ ਤੁਹਾਡੇ ਰੂਪੀ ਬਦਲਾਅ ਨੂੰ ਮਨਜ਼ੂਰ ਕਰਨ ਲਈ ਪੁਰਾਣੀਆਂ ਨੂੰ ਵਕਤ ਦਿਓ।
ਇਹਨਾਂ ਸਾਰੇ ਮਸਲਿਆਂ ਦੇ ਜੇ ਇਕ ਹੱਲ ਦੀ ਗੱਲ ਕੀਤੀ ਜਾਵੇ ਤਾਂ ਉਹ ਹੈ ‘ਪਾਰਦਰਸ਼ਤਾ’। ਪਿਛਲੇ ਕਾਫ਼ੀ ਚਿਰਾਂ ਤੋਂ ਇਕ ਸੁਝਾਅ ਜਾਂ ਕਾਰਣ ਕਾਫ਼ੀ ਚਰਚਾ ‘ਚ ਰਿਹਾ ਹੈ। ਉਹ ਹੈ ਇਹਨਾਂ ਸਾਰੇ ਵਰਤਾਰਿਆਂ ਲਈ ਗੋਲਕ ਨੂੰ ਜ਼ੁੰਮੇਵਾਰ ਮੰਨਿਆ ਜਾਣਾ। ਕਦੇ ਗੋਲਕ ਹਟਾਉਣ ਦੀ ਗੱਲ ਹੁੰਦੀ ਹੈ, ਜੋ ਕਿ ਹੁਣ ਸੰਭਵ ਨਹੀਂ ਲਗਦੀ। ਹਾਂ ਆਧੁਨਿਕਤਾ ਦੇ ਦੌਰ ‘ਚ ਜੇ ਕੋਈ ਗੱਲ ਸੰਭਵ ਹੈ ਉਹ ਇਹ ਹੈ ਕਿ ਆਧੁਨਿਕ ਗੋਲਕ ਬਣਾਏ ਜਾਣ ਤੇ ਜਿਨ੍ਹਾਂ ਦਾ ਸਿੱਧਾ ਸੰਪਰਕ ਨੈੱਟ ਨਾਲ ਹੋਵੇ ਅਤੇ ਜਦੋਂ ਵੀ ਉਸ ਗੋਲਕ ‘ਚ ਕੁਝ ਵੀ ਪਾਇਆ ਜਾਵੇ ਆਪਣੇ ਆਪ ਅੱਪਡੇਟ ਹੋ ਕੇ ਦੁਨੀਆ ਦੇ ਸਾਹਮਣੇ ਹੋਵੇ। ਜਦੋਂ ਗੁਰੂ ਘਰ ਦੀ ਆਮਦਨ ਸਭ ਦੇ ਸਾਹਮਣੇ ਹੋਵੇਗੀ ਤਾਂ ਖ਼ਰਚੇ ਖ਼ੁਦ ਪ੍ਰਬੰਧਕ ਆਨਲਾਈਨ ਕਰਨਗੇ। ਜਿਸ ਨਾਲ ਜ਼ਿਆਦਾ ਨਹੀਂ ਤਾਂ ਅੱਸੀ ਪ੍ਰਤੀਸ਼ਤ ਸਮੱਸਿਆਵਾਂ ਦਾ ਹੱਲ ਨਿਕਲ ਜਾਵੇਗਾ। ਭਾਵੇਂ ਹੁਣ ਇਹ ਗੱਲ ਹਜ਼ਮ ਨਾ ਹੋਣ ਵਾਲੀ ਹੋਵੇ ਪਰ ਅਸੰਭਵ ਵੀ ਨਹੀਂ ਹੈ। ਇਸ ਤੇ ਵਿਚਾਰ ਕੀਤਾ ਜਾ ਸਕਦਾ ਹੈ। ਉਮੀਦ ਹੈ ਇਹ ਗੱਲ ਸਿਰਫ਼ ਪ੍ਰਬੰਧਕਾਂ ਨੂੰ ਛੱਡ ਹੋਰ ਸੰਗਤਾਂ ਨੂੰ ਜ਼ਰੂਰ ਭਾਏਗੀ।
ਭਾਰਤ ਵਿਚ ਹੋ ਰਹੀਆਂ ਚੋਣਾ ਦੀ ਜੇ ਗੱਲ ਕੀਤੀ ਜਾਵੇ ਤਾਂ ਬਦਲਾਅ ਦਾ ਦੌਰ ਉੱਥੇ ਵੀ ਚੱਲ ਰਿਹਾ। ਮਈ ਮਹੀਨੇ ਵਿਚ ਆਉਣ ਵਾਲੇ ਨਤੀਜਿਆਂ ਦੀ ਕਲਪਨਾ ਕਰ ਕੇ ਦੇਖਦਾ ਹਾਂ ਤਾਂ ਕਿਸੇ ਵੇਲੇ ਤਾਂ ਦਿੱਲੀ ਦੇ ਨਤੀਜਿਆਂ ਦੇ ਨਜ਼ਰੀਆ ਨਾਲ ਤਾਂ ਲਗਦਾ ਕਿ ਹਾਰਨ ਵਾਲਿਆਂ ਚ ਮੋਦੀ, ਰਾਹੁਲ, ਹਰਸਿਮਰਤ, ਢੀਂਡਸਾ ਜਿਹੇ ਵੱਡੇ ਨਾਂ ਦਿਖਾਈ ਦੇ ਰਹੇ ਹਨ। ਕਾਫ਼ੀ ਰੁਮਾਂਚਿਤ ਹੋਣਗੇ ਉਹ ਪਲ ਜਦੋਂ ਨਤੀਜੇ ਆ ਰਹੇ ਹੋਣਗੇ। ਦੂਜੇ ਪਾਸੇ ਅੰਗਰੇਜ਼ੀ ਦੀ ਕਹਾਵਤ ‘ਬਾਏ ਹੁੱਕ ਐਂਡ ਕਰੂਕ’ ਨੂੰ ਸੱਚੀ ਕਰਨ ਲਈ ਹਰ ਵਾਹ ਇਹ ਲੋਕ ਲਾਉਣਗੇ। ਬਾਕੀ ਹੁਣ ਤਕ ਦੋਂਹਾਂ ਹੱਥਾਂ ਨਾਲ ਜੋ ਧਨ ਇਹਨਾਂ ਲੁੱਟਿਆ ਉਸ ਨੂੰ ਇਹ ਨੇਤਾ ਹਿੱਕ ਤੇ ਧਰ ਕੇ ਤਾਂ ਲਿਜਾ ਨਹੀਂ ਸਕਦੇ, ਇਸ ਗੱਲ ਤੋਂ ਇਹ ਚੰਗੀ ਤਰ੍ਹਾਂ ਜਾਣੂ ਹਨ। ਸੋ ਉਸ ਧਨ ਦੀ ਇਸ ਤੋਂ ਵਧੀਆ ਵਰਤੋਂ ਹੋਰ ਕਦੋਂ ਕਰ ਸਕਦੇ ਹਨ!!! ਹੁਣ ਗੱਲ ਆਮ ਆਦਮੀ ਤੇ ਆ ਖੜਦੀ ਹੈ ਕਿ ਉਹ ਇਸ ਬਾਰ ਆਪਣੀ ਜ਼ਮੀਰ ਚਾਰ ਛਿੱਲੜਾਂ ਵੱਟੇ ਵੇਚਦਾ ਹੈ ਜਾਂ ਸੱਚ ਬਦਲੇ। ਜੋ ਵੀ ਹੈ ਇਕ ਗੱਲ ਹੁਣੇ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਜਿਸ ਦਿਨ ਨਤੀਜੇ ਆਉਣਗੇ ਉਸ ਦਿਨ ਟੀ.ਵੀ. ਚੈਨਲਾਂ ਦੀ ਟੀ.ਆਰ.ਪੀ. ਅਗਲੇ ਪਿਛਲੇ ਸਾਰੇ ਰਿਕਾਰਡ ਤੋੜ ਦੇਵੇਗੀ।