ਮੈਲਬੌਰਨ ਵਿੱਚ ਮੀਰੀ ਪੀਰੀ ਸਪੋਰਟਸ ਅਤੇ ਕਲਚਰ ਕਲੱਬ ਵੱਲੋਂ ਪਹਿਲਾ ਕਬੱਡੀ ਕੱਪ ਤੇ ਸੱਭਿਆਚਾਰਕ ਮੇਲਾ 30 ਅਪ੍ਰੈਲ ਨੂੰ

ਮੀਰੀ ਪੀਰੀ ਸਪੋਰਟਸ ਅਤੇ ਕਲਚਰਲ ਕਲੱਬ ਮੈਲਬੌਰਨ ਵਲੋਂ ਪਹਿਲਾ ਕਬੱਡੀ ਕਲੱਬ ਤੇ ਸਭਿਆਚਾਰਕ ਮੇਲਾ 30 ਅਪ੍ਰੈਲ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਬੰਧਕਾਂ ਗੋਪੀ ਸ਼ੋਕਰ, ਮੋਂਟੀ ਬੈਨੀਪਾਲ, ਸੁਖਰਾਜ ਰੋਮਾਣਾ ਤੇ ਜੋਧਾ ਝੂਟੀ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਇਹ ਕਬੱਡੀ ਕੱਪ ਤੇ ਸਭਿਆਚਾਰਕ ਮੇਲਾ ਵੈਰੀਬੀ ਇਲਾਕੇ ਦੇ ਵਿਕਟੋਰੀਆ ਯੂਨੀਵਰਸਿਟੀ ਦੇ ਖੇਡ ਮੈਦਾਨ ਵਿੱਚ ਹੋਵੇਗਾ।

ਉਹਨਾਂ ਕਿਹਾ ਕਿ ਇਹ ਕਬੱਡੀ ਕੱਪ ਸੁਖਮਨ ਚੋਹਲਾ ਸਾਹਿਬ ਅਤੇ ਸੰਦੀਪ ਨੰਗਲ ਅੰਬੀਆਂ ਨੂੰ ਸਮਰਪਿਤ ਹੋਵੇਗਾ ਤੇ ਇਸ ਦੌਰਾਨ ਕੱਬਡੀ ਦੇ ਨਾਮਵਰ ਖਿਡਾਰੀ ਭਾਗ ਲੈਣ ਜਾ ਰਹੇ ਹਨ ਤੇ ਸਾਰੇ ਮੈਚ ਰੋਚਕ ਹੋਣਗੇ। ਉਨਾਂ ਕਿਹਾ ਕਿ ਬੈਸਟ ਰੇਡਰ ਤੇ ਬੈਸਟ ਜਾਫੀ ਦਾ ਸੋਨੇ ਦੇ ਕੈਂਠੇ ਨਾਲ ਸਨਮਾਨ ਕੀਤਾ ਜਾਵੇਗਾ। ਇਹ ਕਬੱਡੀ ਕੱਪ ਅਤੇ ਸੱਭਿਆਚਾਰਕ ਮੇਲਾ ਨਿਰੋਲ ਪਰਿਵਾਰਕ ਹੋਵੇਗਾ। ਇਸ ਮੌਕੇ ਪ੍ਰਸਿੱਧ ਹਾਸਰਸ ਕਲਾਕਾਰ ਤੇ ਗਾਇਕ ਕਰਮਜੀਤ ਅਨਮੋਲ, ਨਿਸ਼ਾ ਬਾਨੋ, ਸਰਬਜੀਤ ਚੀਮਾ ਤੇ ਗੁਰਵਿੰਦਰ ਬਰਾੜ ਦਰਸ਼ਕਾਂ ਦਾ ਮਨੋਰੰਜਨ ਕਰਣਗੇ। ਕੱਬਡੀ ਪ੍ਰੇਮੀਆਂ ਨੂੰ ਇਸ ਮੇਲੇ ਵਿੱਚ ਹੁੰਮ ਹੁੰਮਾ ਕੇ ਪੁੱਜਣ ਦੀ ਅਪੀਲ ਕੀਤੀ ਗਈ।