ਮੈਰੀਲੈਂਡ ਸੂਬੇ ਦੇ ਗਵਰਨਰ ਵੈੱਸ ਮੋਰ ਨੇ ਸਿੱਖਸ ਆਫ ਅਮੈਰਿਕਾ ਨੂੰ ਕੌਕਟੇਲ ਰਿਸੈਪਸ਼ਨ ਲਈ ਦਿੱਤਾ ਸੱਦਾ

ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ‘ਚ ਸਮੂਹ ਮੈਂਬਰ ਹੋਏ ਸ਼ਾਮਿਲ

ਵਾਸ਼ਿੰਗਟਨ ਡੀ.ਸੀ. 26 ਮਈ(ਰਾਜ ਗੋਗਨਾ )-ਬੀਤੇ ਦਿਨ ਮੈਰੀਲੈਂਡ ਰਾਜ ਦੇ ਗਵਰਨਰ ਵੈੱਸ ਮੋਰ ਨੇ ਏਸ਼ੀਅਨ ਪੈਸਿਫ਼ਿਕ ਹੈਰੀਟੇਜ ਮੰਥਸਫਲਤਾਪੂਰਵਕ ਮਨਾਉਣ ‘ਤੇ ਗਵਰਨਰ ਹਾਊਸ ਵਿਚ ਦਿੱਤੀ ਗਈ ਕੌਕਟੇਲ ਰਿਸੈਪਸ਼ਨ ‘ਚ ਸ਼ਾਮਿਲ ਹੋਣ ਲਈ ਸਿੱਖਸ ਆਫ ਅਮੈਰਿਕਾ ਨੂੰ ਵਿਸ਼ੇਸ਼ ਤੌਰ ‘ਤੇ ਸੱਦਾ ਦਿੱਤਾ। ਇਸ ਸੱਦੇ ਨੂੰ ਕਬੂਲਦਿਆਂ ਸਿੱਖਸ ਆਫ ਅਮੈਰਿਕਾ ਅਤੇ ਗਵਰਨ’ਸ ਕਮਿਸ਼ਨ ਆਨ ਸਾਊਥ ਏਸ਼ੀਆ ਦੇ ਚੇਅਰਮੈਨ ਸ੍ਰ. ਜਸਦੀਪ ਸਿੰਘ ਜੱਸੀ ਆਪਣੇ ਸਾਥੀਆਂ ਵਾਈਸ ਪ੍ਰਧਾਨ ਬਲਜਿੰਦਰ ਸਿੰਘ ਸ਼ੰਮੀ ਅਤੇ ਸਾਜਿਦ ਤਰਾਰ ਵੀ ਸ਼ਾਮਿਲ ਹੋਏ।

ਮੈਰੀਲੈਂਡ ਦੇ ਸਿੱਖ ਆਗੂ ਬਖਸ਼ੀਸ਼ ਸਿੰਘ ਵੀ ਇਸ ਸਮਾਗਮ ‘ਚ ਪਹੁੰਚੇ। ਗਵਰਨਰ ਵੈੱਸ ਮੋਰ ਅਤੇ ਲੈਫਟੀਨੈਂਟ ਗਵਰਨਰ ਅਰੁਣਾ ਮਿਲਰ ਵਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਇਸ ਰਿਸੈਸ਼ਪਸ਼ਨ ‘ਚ ਹੋਰਨਾਂ ਤੋਂ ਇਲਾਵਾ ਗਵਰਨਰ ਦਫ਼ਤਰ ਦੇ ਮੈਰੀਲੈਂਡ ਸੈਕਟਰੀ ਆਫ਼ ਸਟੇਟ ਸੁਜਨ ਸੀ ਲੀ, ਜਨਰਲ ਸਰਵਿਸਿਜ਼ ਦੇ ਮੈਰੀਲੈਂਡ ਸੈਕਟਰੀ ਆਤਿਫ਼ ਟੀ. ਚੌਧਰੀ, ਲੈਰੀ ਵਾਕਰ ਐਗਜ਼ੈਕਟਿਵ ਡਾਇਰੈਕਟਰ ਕਮਿਉਨਿਟੀ ਇਨੀਸ਼ੀਏਟਿਵ, ਮੈਰੀਲੈਂਡ ਉੱਚ ਸਿੱਖਿਆ ਦੇ ਸੈਕਟਰੀ ਸੰਜੇ ਰਾਏ, ਮਿੰਟਗੁਮਰੀ ਕਾਉਂਟੀ ਦੇ ਸ਼ੈਰਿਫ਼, ਸੈਨੇਟਰ ਕਲੈਂਰੈਂਸ ਲੈਮ ਵੀ ਸ਼ਾਮਿਲ ਹੋਏ।

ਇਸ ਮੌਕੇ ਗਵਰਨਰ ਵੈੱਸ ਮੋਰ ਅਤੇ ਲੈਫਟੀਨੈਂਟ ਗਵਰਨਰ ਅਰੁਣਾ ਮਿਲਰ ਵਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਏਸ਼ੀਅਨ ਪੈਸਿਫ਼ਿਕ ਹੈਰੀਟੇਜ ਮੰਥ ਸਫਲਤਾਪੂਰਵਕ ਮਨਾਏ ਜਾਣ ਵਿਚ ਸਹਿਯੋਗ ਦੇਣ ਲਈ ਸਭ ਦਾ ਧੰਨਵਾਦ ਕੀਤਾ ਗਿਆ।