ਮਸਲਾ ਆਸਟ੍ਰੇਲੀਅਨ ਕਬੱਡੀ ਦਾ

 

ਜਦੋਂ ਕਿਸੇ ਮਸਲੇ ਦਾ ਹੱਲ ਸੰਬੰਧਿਤ ਧਿਰਾਂ ਤੋਂ ਨਾ ਨਿਕਲੇ ਤਾਂ ਆਖ਼ਰੀ ਕੋਸ਼ਿਸ਼ ਦੇ ਰੂਪ ‘ਚ ਗੱਲ ਜਨਤਾ ਦੀ ਕਚਹਿਰੀ ਲੈ ਜਾਣੀ ਸਿਆਣਪ ਹੁੰਦੀ ਹੈ ਤੇ ਜਿਸ ਪਾਸੇ ਲੋਕ ਬਹੁਮਤ ਹੋ ਜਾਵੇ ਉਸ ਨੂੰ ਮੰਨ ਲਿਆ ਜਾਂਦਾ ਹੈ ਜਾਂ ਮੰਨ ਲੈਣਾ ਹੀ ਲੋਕ ਭਲਾਈ ਹੁੰਦਾ ਹੈ। ਜੇ ਲੋਕਾਈ ਵੀ ਕਿਸੇ ਮਸਲੇ ਦਾ ਹੱਲ ਕੱਢਣ ‘ਚ ਨਾਕਾਮ ਹੋ ਜਾਂਦੀ ਹੈ ਤਾਂ ਫੇਰ ਵਕਤ ਬੜੀ ਬਲਵਾਨ ਸ਼ੈਅ ਦਾ ਨਾਂ ਹੈ, ਉਹ ਵੱਡੇ-ਵੱਡੇ ਮਸਲੇ ਦਾ ਹੱਲ ਕੱਢ ਹੀ ਦਿੰਦਾ ਹੈ। ਭਾਵੇਂ ਹਰ ਮਸਲੇ ਦਾ ਹੱਲ ਵਕਤ ਦੀ ਕੁੱਖ ‘ਚ ਹੁੰਦਾ ਹੈ। ਪਰ ਵਕਤ ਫ਼ੈਸਲੇ ਦੇਣ ‘ਚ ਦੇਰੀ ਬਹੁਤ ਕਰ ਦਿੰਦਾ ਹੈ। ਇਹ ਦੇਰੀ ਕਈਆਂ ਦਾ ਭਵਿੱਖ ਰੋਲ ਕੇ ਰੱਖ ਦਿੰਦੀ ਹੈ। ਸੋ ਬਿਹਤਰ ਇਹ ਹੀ ਹੋਇਆ ਕਿ ਅਸੀਂ ਕਿਸੇ ਦਾ ਭਵਿੱਖ ਦਾਅ ਤੇ ਲਾਉਣ ਦੀ ਬਜਾਏ ਖ਼ੁਦ ਹੀ ਮਸਲੇ ਨਜਿੱਠਣ ਦੀ ਕੋਸ਼ਿਸ਼ ਕਰ ਲਈਏ ਤਾਂ ਚੰਗਾ।
ਕੁਝ ਅਜਿਹੇ ਮੋੜ ਤੇ ਅੱਜ ਕੱਲ੍ਹ ਆਸਟ੍ਰੇਲੀਆ ਦੀ ਕਬੱਡੀ ਹੈ। ਖੇਡ ਦੇ ਮੈਦਾਨਾਂ ‘ਚ ਖਿਡਾਰੀਆਂ ਦੀ ਕਬੱਡੀ ਦੀ ਥਾਂ ਮੈਦਾਨ ਤੋਂ ਬਾਹਰ ਪ੍ਰਬੰਧਕਾਂ ਵਿਚ ਜੋਰਾਂ-ਸ਼ੋਰਾਂ ਨਾਲ ਕਬੱਡੀ ਖੇਡੀ ਜਾ ਰਹੀ ਹੈ। ਖੇਡ ਮੈਦਾਨ ‘ਚ ਤਾਂ ਅਕਸਰ ਅਸੀਂ ਕਹਿ ਦਿੰਦੇ ਹਾਂ ਕਿ ਖੇਡ ਭਾਵਨਾ ਨਾਲ ਖੇਡੀ ਜਾਵੇ। ਪਰ ਹੁਣ ਪ੍ਰਬੰਧਕਾਂ ਨੂੰ ਕਿਹੜੀ ਭਾਵਨਾ ਅਪਣਾਉਣ ਦੀ ਸਲਾਹ ਦਿੱਤੀ ਜਾਵੇ। ਤਕਰੀਬਨ ਪਿਛਲੇ ਇਕ ਡੇਢ ਸਾਲ ਤੋਂ ਆਸਟ੍ਰੇਲੀਅਨ ਕਬੱਡੀ ਨੂੰ ਗ੍ਰਹਿਣ ਲੱਗ ਗਿਆ ਹੈ। ਜੇ ਕੋਈ ਇਸ ਮੁੱਦੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਵੀ ਫ਼ਿੱਟ ਲਾਹਨਤ ਪਾਈ ਜਾਂਦੀ ਹੈ।
ਸੋ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ‘ਚ ਰੱਖਦਿਆਂ, ਭਾਈਚਾਰੇ ਨਾਲ ਸੰਬੰਧਿਤ ਮੀਡੀਆ ਹੋਣ ਕਾਰਨ ਆਪਣਾ ਫ਼ਰਜ਼ ਸਮਝਦੇ ਹੋਏ ਅਸੀਂ ਆਪਣੇ ਤੌਰ ਤੇ ਇਕ ਲੋਕ ਰਾਏ ਲੈਣ ਦਾ ਫ਼ੈਸਲਾ ਕੀਤਾ। ਜਿਸ ਲਈ ਸਿੱਖ ਖੇਡਾਂ ਤੇ ਗ੍ਰਫਿਥ ਖੇਡਾਂ ਨੂੰ ਆਧਾਰ ਬਣਾਇਆ ਗਿਆ। ਨਤੀਜੇ ਬੜੇ ਹੈਰਾਨੀਜਨਕ ਆਏ।
ਅਸੀਂ ਕੁਝ ਕੁ ਸਵਾਲ ਤਿਆਰ ਕੀਤੇ ਜਿਨ੍ਹਾਂ ਨੂੰ ਤਕਰੀਬਨ ੬੦੦ ਲੋਕਾਂ ਕੋਲ ਕੀਤਾ ਗਿਆ। ਸਾਡੀ ਆਸ ਦੇ ਉਲਟ ਨੱਬੇ ਪ੍ਰਤੀਸ਼ਤ ਲੋਕਾਂ ਨੂੰ ਇਸ ਮਸਲੇ ਨਾਲ ਕੋਈ ਵਾਹ ਵਾਸਤਾ ਨਹੀਂ ਸੀ ਕਿ ਕਬੱਡੀ ‘ਚ ਕੀ ਹੋ ਰਿਹਾ ਤੇ ਕੋਣ ਖੇਡ ਰਿਹਾ ਕੋਣ ਨਹੀਂ ਖੇਡ ਰਿਹਾ। ਉਨ੍ਹਾਂ ਦਾ ਕਹਿਣਾ ਸੀ ਅਸੀਂ ਤਾਂ ਮੈਦਾਨ ‘ਚ ਵੱਖੋ ਵੱਖਰੇ ਰੰਗ ਦੇਖਣ ਆਉਂਦੇ ਹਾਂ ਤੇ ਜੋ ਖਿਡਾਰੀ ਵਧੀਆ ਖੇਡ ਰਿਹਾ ਹੁੰਦਾ ਹੈ ਉਸ ਨੂੰ ਤਾੜੀਆਂ ਦੀ ਦਾਦ ਦਿੰਦੇ ਹਾਂ। ਪੰਜ ਪ੍ਰਤੀਸ਼ਤ ਲੋਕਾਂ ਨੂੰ ਕਲੱਬਾਂ ਦੇ ਨਾਮ ਬਾਰੇ ਭਿਣਕ ਸੀ ਤੇ ਪੰਜ ਪ੍ਰਤਿਸ਼ਤ ਦੇ ਕਰੀਬ ਉਹ ਸਨ ਜਿਨ੍ਹਾਂ ਨੂੰ ਪੂਰਨ ਜਾਣਕਾਰੀ ਸੀ ਮਤਲਬ ਉਹ ਕਬੱਡੀ ਨਾਲ ਸੰਬੰਧਿਤ ਹਰ ਵਰਤਾਰੇ ਤੋਂ ਜਾਣੂ ਸਨ।
ਹੁਣ ਗੱਲ ਆ ਜਾਂਦੀ ਹੈ ਕਿ ਇਸ ਲੇਖ ਨੂੰ ਪੜ੍ਹਨ ਵਾਲਿਆਂ ਨੂੰ ਪਹਿਲਾਂ ਤਾਂ ਮਸਲੇ ਤੋਂ ਜਾਣੂ ਕਰਵਾਇਆ ਜਾਵੇ। ਕਿਉਂਕਿ ਮੇਰੇ ਵਰਗੇ ਫੇਸਬੁੱਕ ਦੇ ਚਾਰ ਲਾਈਕ ਦੇਖ ਕੇ ਇਹ ਸਮਝਣ ਲੱਗ ਜਾਂਦੇ ਹਨ ਕਿ ਮੈਂ ਤਾਂ ਜਗਤ ਪ੍ਰਸਿੱਧ ਬੰਦਾ ਹਾਂ, ਮੇਰੇ ਬਾਰੇ ਤਾਂ ਸਭ ਨੂੰ ਪਤਾ ਹੀ ਹੋਣਾ ਪਰ ਉਪਰੋਕਤ ਸਰਵੇਖਣ ਦੱਸਦਾ ਕਿ ਸਿਰਫ਼ ਪੰਜ-ਸੱਤ ਪ੍ਰਤਿਸ਼ਤ ਬੰਦੇ ਹੁੰਦੇ ਆ ਜੋ ਚਾਰ ਚੁਫੇਰੇ ਦੀ ਖ਼ਬਰ ਰੱਖਦੇ ਹੁੰਦੇ ਹਨ ਬਾਕੀਆਂ ਨੂੰ ਕੋਈ ਵਾ-ਵਾਸਤਾ ਨਹੀਂ ਹੁੰਦਾ। ਸੋ ਪਰਵੇਜ਼ ਮੁਸ਼ੱਰਫ਼ ਵਾਲੇ ਭੁਲੇਖੇ ‘ਚੋਂ ਨਿਕਲਣ ਦੀ ਲੋੜ ਹੈ ਕਿਉਂਕਿ ਉਹ ਵੀ ਫੇਸਬੁੱਕ ਦੇ ਲਾਈਕ ਦੇਖ ਕੇ ਪਾਕਿਸਤਾਨ ਮੁੜ ਆਇਆ ਸੀ ਕਿ ਉਥੋਂ ਦੀ ਜਨਤਾ ਬਹੁਤ ਚਾਹੁੰਦੀ ਹੈ ਉਸ ਨੂੰ। ਚਲੋ ਮੁੱਦੇ ਤੇ ਆਉਂਦੇ ਹਾਂ।
ਆਸਟ੍ਰੇਲੀਅਨ ਕਬੱਡੀ ਮੁੱਦੇ ਦੀ ਉਮਰ ਵੀ ਬਾਦਲਾਂ ਦੇ ਵਰਲਡ ਕਬੱਡੀ ਕੱਪ ਜਿੰਨੀ ਹੈ। ਭਾਵ ਜਦੋਂ ਪਹਿਲੀ ਵਾਰ ਕਬੱਡੀ ਕੱਪ ਹੋਇਆ ਤਾਂ ਡਰੱਗ ਦੇ ਮਸਲੇ ਨੂੰ ਆਸਟ੍ਰੇਲੀਅਨ ਕਬੱਡੀ ਨੂੰ ਦਾਗ਼ੀ ਕੀਤਾ। ਜਦੋਂ ਦੂਜੇ ਕੱਪ ਦੀ ਵਾਰੀ ਆਈ ਤਾਂ ਕਬੱਡੀ ਨੂੰ ਸਿਆਸਤ ਖਾ ਗਈ ਤੇ ਵਰਲਡ ਕੱਪ ਲਈ ਦੋ ਦਾਅਵੇ ਹੋਣ ਕਾਰਨ ‘ਸਾਰਾ ਖਾਂਦੀ ਅੱਧੇ ਤੋਂ ਵੀ ਗਈ।’ ਵਕਤ ਨਾਲ ਆਸਟ੍ਰੇਲੀਅਨ ਕਬੱਡੀ ਦੇ ਜੋ ਫੁਨਸੀ ਨਿਕਲੀ ਸੀ ਉਸ ਨੂੰ ਆਰਾਮ ਆਉਣ ਦੀ ਥਾਂ ਉਹ ਹੁਣ ਇਕ ਫੋੜੇ ਦਾ ਰੂਪ ਧਾਰਨ ਕਰ ਗਈ ਹੈ ਤੇ ਜੇ ਫੋੜਾ ਪੱਕ ਜਾਵੇ ਤਾਂ ਫੇਰ ਡਾਕਟਰਾਂ ਕੋਲ ਵੀ ਇਕ ਹੀ ਜਵਾਬ ਹੁੰਦਾ ਕਿ ”ਬੱਸ ਭਾਈ ਹੁਣ ਇਸ ਨੂੰ ਘਰ ਲੈ ਜਾਓ, ਤੇ ਸੇਵਾ ਕਰ ਲਵੋ ਜੋ ਹੁੰਦੀ ਹੈ।” ਤਾਜ਼ਾ ਘਟਨਾਕ੍ਰਮ ਇਹ ਹੈ ਕਿ ਕਬੱਡੀ ਦੀਆਂ ਦੋ ਸੰਸਥਾਵਾਂ ਹੋਂਦ ‘ਚ ਆ ਚੁੱਕਿਆ ਹਨ ਤੇ ਦੋਹਾਂ ਦੇ ਪ੍ਰਬੰਧਕਾਂ ਦੀ ਹੋਮੈ ਖਿਡਾਰੀਆਂ ਦੇ ਭਵਿੱਖ ਨਾਲ ਖੇਡ ਰਹੀ ਹੈ। ਇਥੇ ਦਰਸ਼ਕਾਂ ਨੂੰ ਕੋਈ ਘਾਟਾ ਨਹੀਂ ਪਵੇਗਾ ਕਿਉਂਕਿ ਉਹ ਤਾਂ ਉਪਰੋਕਤ ਸਰਵੇਖਣ ਨੇ ਦੱਸ ਦਿੱਤਾ ਕਿ ਕਿੰਨੇ ਕੁ ਦਰਸ਼ਕਾਂ ਨੂੰ ਇਸ ਨਾਲ ਫ਼ਰਕ ਪੈਂਦਾ ਹੈ। ਹੁਣ ਤੁਸੀਂ ਕਹੋਗੇ ਕਿ ਦੋ ਫੈਡਰੇਸ਼ਨ ਬੰਨ੍ਹਣ ਨਾਲ ਕੀ ਫ਼ਰਕ ਪੈਣ ਲੱਗਿਆ। ਸਹੀ ਸਵਾਲ ਹੈ ਜੀ ਕਰਨਾ ਬਣਦਾ ਹੈ। ਸੁਣੋ ਜੀ ਫੈਡਰੇਸ਼ਨ ਭਾਵੇਂ ਦੋ ਹੋਣ ਭਾਵੇਂ ਚਾਰ ਹੋਣ ਪਰ ਜਿਹੜੀ ਪਰਸਨਲ ਹੋਮੈ ਹੈ ਫ਼ਰਕ ਉਸ ਨਾਲ ਪੈ ਰਿਹਾ ਹੈ। ਕੁਝ ਕੁ ਪ੍ਰਬੰਧਕਾਂ ਦੇ ਨਿੱਜੀ ਮਸਲੇ ਨਿੱਜੀ ਲੜਾਈਆਂ ਕਬੱਡੀ ਦੀ ਆੜ ‘ਚ ਅੱਗੇ ਤੋਰੀਆਂ ਜਾ ਰਹੀਆਂ ਹਨ। ਦੋਨੇਂ ਸੰਸਥਾਵਾਂ ਕਿਸੇ ਤੀਜੇ ਪਲੇਟਫ਼ਾਰਮ ਤੇ ਵੀ ਇਕ ਦੂਜੇ ਨਾਲ ਖੇਡਣ ਨੂੰ ਤਿਆਰ ਨਹੀਂ ਹਨ। ਦੋਵੇਂ ਤਾਂ ਮੈਂ ਲੋਕ ਲੱਜੋਂ ਤੇ ਆਪਣੇ ਪਾਲੇ ਤੋਂ ਲਿਖ ਗਿਆ ਕਿ ਕੱਲ੍ਹ ਨੂੰ ਮੈਨੂੰ ਵੀ ਫਿਟ ਲਾਹਨਤ ਨਾ ਮਿਲੇ ਪਰ ਸੱਚ ਇਹ ਹੈ ਕਿ ਇਕ ਸੰਸਥਾ ਨੂੰ ਜਦੋਂ ਸੰਪਰਕ ਕੀਤਾ ਤਾਂ ਉਹ ਕਹਿੰਦੀ ਜਦੋਂ ਮਰਜ਼ੀ, ਜਿੱਥੇ ਮਰਜ਼ੀ, ਜਿਸ ਨਾਲ ਮਰਜ਼ੀ ਖੇਡਣ ਨੂੰ ਤਿਆਰ ਹਾਂ। ਪਰ ਦੂਜੀ ਸੰਸਥਾ ਕਹਿੰਦੀ ਕਿ ਜਿੱਥੇ ਉਹ ਹੋਣਗੇ ਅਸੀਂ ਉਥੇ ਨਹੀਂ ਖੇਡਣਾ। ਹੁਣ ਇਸ ਕਸ਼ਮਕਸ਼ ਦਾ ਫ਼ਰਕ ਕੀਹਨੂੰ ਪੈ ਰਿਹਾ। ਜਿਵੇਂ ਕਿ ਹੁਣ ਤੱਕ ਦਾ ਲੇਖ ਕਹਿ ਰਿਹਾ ਕਿ ਨਾ ਦਰਸ਼ਕਾਂ ਨੂੰ, ਨਾ ਪ੍ਰਬੰਧਕਾਂ ਨੂੰ, ਜੇ ਫ਼ਰਕ ਪੈ ਰਿਹਾ ਹੈ ਤਾਂ ਉਹ ਹਨ ਖਿਡਾਰੀ। ਇਹ ਇਕ ਦੁਨਿਆਵੀ ਸੱਚ ਹੈ ਕਿ ਕਬੱਡੀ ਖਿਡਾਰੀ ਦੀ ਮੈਦਾਨੀ ਉਮਰ ਬਹੁਤ ਥੋੜ੍ਹੀ ਹੁੰਦੀ ਹੈ। ਜੇ ਪ੍ਰਬੰਧਕਾਂ ਦੇ ਇਹ ਆਪਣੇ ਨਿੱਜੀ ਮਸਲੇ ਦੋ ਚਾਰ ਸਾਲ ਇੰਝ ਹੀ ਚਲਦੇ ਰਹੇ ਤਾਂ ਬਹੁਤ ਸਾਰੇ ਖਿਡਾਰੀ ਆਪਣਾ ਵੇਲਾ ਲੰਗਾਹ ਚੁੱਕੇ ਹੋਣਗੇ।
ਉਪਰੋਕਤ ਸਰਵੇਖਣ ‘ਚ ਜੋ ਸਵਾਲ ਲੋਕਾਂ ਨੂੰ ਕਿਤੇ ਗਏ ਉਨ੍ਹਾਂ ‘ਚ ਜੋ ਬਹੁਮਤ ਸਾਹਮਣੇ ਨਿਕਲ ਕੇ ਆਇਆ ਉਸ ਮੁਤਾਬਿਕ ਲੋਕਾਂ ਦੀਆਂ ਜੋ ਮੰਗਾ ਸਨ ਉਸ ਵਿਚ ਸਭ ਤੋਂ ਪਹਿਲੀ ਤਾਂ ਲੋਕਲ ਟੇਲੈਂਟ ਨੂੰ ਵੱਧ ਤੋਂ ਵੱਧ ਮੌਕੇ ਦੇਣਾ ਤੇ ਇਸ ਖੇਡ ਨਾਲ ਜੋੜਨਾ, ਦੂਜਾ ਉਹ ਆਸਟ੍ਰੇਲੀਅਨ ਕਬੱਡੀ ‘ਚ ਭਾਵੇਂ ਜਿੰਨੇ ਮਰਜ਼ੀ ਕਲੱਬ ਹੋਣ ਪਰ ਉਨ੍ਹਾਂ ਨੂੰ ਇਕ ਝੰਡੇ ਥੱਲੇ ਦੇਖਣਾ ਚਾਹੁੰਦੀ ਹਨ। ਤਾਂ ਕਿ ਵਰਲਡ ਕੱਪ ਜਾਂ ਹੋਰ ਮੁਕਾਬਲਿਆਂ ‘ਚ ਪੂਰੀ ਤਾਕਤ ਨਾਲ ਟੀਮ ਹਿੱਸਾ ਲੈ ਸਕੇ। ਕਈਆਂ ਨੇ ਤਾਂ ਇੱਥੋਂ ਤੱਕ ਵੀ ਆਸ ਲਾਈ ਕਿ ਆਸਟ੍ਰੇਲੀਆ ਦੇ ਸਰਬੋਤਮ ਖਿਡਾਰੀਆਂ ਦੀ ਟੀਮ ਦੇ ਹਰ ਸਾਲ ਪੰਜ ਮੈਚ ਵੱਖਰੇ-ਵੱਖਰੇ ਮੁਲਕਾਂ ਨਾਲ ਰੱਖੇ ਜਾਣੇ ਚਾਹੀਦੇ ਹਨ। ਤੀਜਾ ਨਸ਼ਿਆਂ ਅਤੇ ਲੜਾਈ ਝਗੜੇ ਤੋਂ ਬਿਨਾਂ ਸਾਫ਼ ਸੁਥਰੀ ਕਬੱਡੀ ਉਹ ਦੇਖਣਾ ਚਾਹੁੰਦੇ ਹਨ। ਬਹੁਤੇ ਲੋਕਾਂ ਦੀ ਦਲੀਲ ਸੀ ਕਿ ਆਸਟ੍ਰੇਲੀਆ ‘ਚ ਲੋਕ, ਖੇਡਾਂ ਨੂੰ ਆਪਣੇ ਪਰਵਾਰਾਂ ਨਾਲ ਆ ਕੇ ਦੇਖਦੇ ਹਾਂ ਜੋ ਕਿ ਕਿਸੇ ਵੀ ਮੁਲਕ ‘ਚ ਨਹੀਂ ਹੈ, ਸੋ ਲੋਕਾਂ ਦਾ ਇਹ ਵਿਸ਼ਵਾਸ ਸਾਫ਼ ਸੁਥਰੀ ਖੇਡ ਅਤੇ ਸੁਚੱਜੇ ਪ੍ਰਬੰਧਾਂ ਨਾਲ ਹੀ ਬਰਕਰਾਰ ਰੱਖਿਆ ਜਾ ਸਕਦਾ।
ਉਪਰੋਕਤ ਸਰਵੇਖਣ ਅਤੇ ਪਿਛਲੇ ਦੋ ਖੇਡ ਮੇਲਿਆਂ ਸਿੱਖ ਖੇਡਾਂ ਤੇ ਗ੍ਰਫਿਥ ਸ਼ਹੀਦੀ ਟੂਰਨਾਮੈਂਟ ਨੇ ਇਕ ਹੋਰ ਬਹੁਤ ਵੱਡਾ ਵਹਿਮ ਇਹ ਕੱਢ ਦਿੱਤਾ ਕਿ ਲੋਕ ਸਿਰਫ਼ ਮੈਦਾਨ ‘ਚ ਕਬੱਡੀ ਦੇਖਣ ਆਉਂਦੇ ਹਨ! ਲੋਕਾਂ ਦੀ ਇਹਨਾਂ ਮੇਲੀਆਂ ‘ਚ ਹੋਈ ਆਮਦ ਨੇ ਇਹ ਦਰਸਾ ਦਿੱਤਾ ਕਿ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਉਹ ਤਾਂ ਰੁਝੇਵਿਆਂ ਭਰੀ ਜ਼ਿੰਦਗੀ ‘ਚ ਦੋ ਦਿਨ ਫ਼ੁਰਸਤ ਤੇ ਹਲਕੇ ਫੁਲਕੇ ਮਾਹੌਲ ‘ਚ ਆਪਣੇ ਸੱਜਣਾਂ ਮਿੱਤਰਾਂ ਨਾਲ, ਹਰ ਖੇਡ ਦਾ ਆਨੰਦ ਮਾਣਨ ਤਕ ਸੀਮਤ ਹੁੰਦੇ ਹਨ। ਕਿਹੜਾ ਕਲੱਬ ਖੇਡ ਰਿਹਾ, ਕਿਹੜਾ ਨਹੀਂ ਇਸ ਨਾਲ ਬਹੁਤੀਆਂ ਨੂੰ ਕੋਈ ਫ਼ਰਕ ਨਹੀਂ ਪੈਦਾ। ਉਲਟਾ ਬਹੁਤੇ ਲੋਕਾਂ ਨੂੰ ਇਸ ਗੱਲ ਦਾ ਇਤਰਾਜ਼ ਕਰਦੇ ਸੁਣਿਆ ਗਿਆ ਕਿ ਇਹ ਕਿਹੋ ਜਿਹੇ ਕਲੱਬ ਹਨ ਜਿਨ੍ਹਾਂ ਨੇ ਨਾਂ ਸਿੱਖੀ ਨੂੰ ਦਰਸਾਉਂਦੇ ਰੱਖੇ ਹਨ ਤੇ ਸਿੱਖ ਸ਼ਹੀਦਾਂ ਦੀ ਯਾਦ ‘ਚ ਹੋ ਰਹੇ ੧੮ ਵਰ੍ਹੇ ਪੁਰਾਣੇ ਖੇਡ ਮੇਲੇ ਨੂੰ ਫ਼ੇਲ੍ਹ ਕਰਵਾਉਣ ‘ਚ ਅੱਡੀ ਚੋਟੀ ਦਾ ਜੋਰ ਲਾ ਰਹੇ ਹਨ।
ਇਥੇ ਇਹ ਜ਼ਿਕਰਯੋਗ ਹੈ ਕਿ ਗ੍ਰਫਿਥ ਖੇਡਾਂ ਤੋਂ ਪਹਿਲਾਂ ਵੱਡੇ ਪੱਧਰ ਤੇ ਇਹ ਅਫ਼ਵਾਹ ਫਲਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਇਸ ਵਾਰ ਇਹ ਖੇਡਾਂ ਨਹੀਂ ਹੋ ਰਹੀਆਂ ਕਿਉਂਕਿ ਉਨ੍ਹਾਂ ਦੀ ਦਲੀਲ ਸੀ ਕਿ ਕਬੱਡੀ ਦੀਆਂ ਟੀਮਾਂ ਨਹੀਂ ਜਾ ਰਹੀਆਂ ਤੇ ਇਸ ਲਈ ਖੇਡਾਂ ਵੀ ਨਹੀਂ ਹੋਣਗੀਆਂ। ਪਰ ਹੋਇਆ ਇਸ ਦੇ ਉਲਟ ਉੱਥੇ ਪਹੁੰਚੀ ੭-੮ ਹਜ਼ਾਰ ਦਰਸ਼ਕਾਂ ਦੀ ਗਿਣਤੀ ਨੇ ਇਹ ਸਾਬਤ ਕਰ ਦਿੱਤਾ ਕਿ ਗੱਡਾ ਬਲਦਾਂ ਦੇ ਸਹਾਰੇ ਹੀ ਚਲਦਾ ਹੁੰਦਾ ਹੈ।
ਇਹ ਤਾਂ ਮਸਲਾ ਸੀ ਤੇ ਮਸਲੇ ਬਾਰੇ ਲੋਕਾਂ ਦੇ ਵਿਚਾਰ ਸਨ। ਪਰ ਹੁਣ ਗੱਲ ਆ ਜਾਂਦੀ ਹੈ ਮਸਲੇ ਦੇ ਹੱਲ ਦੀ ਤਾਂ ਇਸ ਮਸਲੇ ਦਾ ਹੱਲ, ਇਕੋ ਮੇਲੇ ‘ਚ ਦੋ-ਦੋ ਕੱਪ ਕਰਾਉਣਾ ਨਹੀਂ ਹੋ ਸਕਦਾ। ਕਿਉਂਕਿ ਇਹ ਪਿਰਤ ਨਾਲ ਕੱਲ੍ਹ ਨੂੰ ਜੇ ਬਰਾੜਾਂ ਦਾ ਕੱਪ, ਸੰਧੂਆਂ ਦਾ ਕੱਪ, ਗਰੇਵਾਲਾਂ ਦਾ ਕੱਪ ਦੇਖਣ ਨੂੰ ਮਿਲਣ ਤਾਂ ਫੇਰ ਸਾਨੂੰ ਬੁਰਾ ਮਨਾਉਣ ਦਾ ਕੋਈ ਹੱਕ ਨਹੀਂ ਹੋਵੇਗਾ। ਸੋ ਵੇਲਾ ਸੰਭਾਲਣ ਦੀ ਲੋੜ ਹੈ। ਇਕ ਸੱਤ ਮੈਂਬਰੀ ਕਮੇਟੀ ਬਣਾਈ ਗਈ ਹੈ ਉਸ ਨੂੰ ਇਸ ਮਸਲੇ ਦੇ ਹੱਲ ਲਈ ਸਹਿਯੋਗ ਦੇਣਾ ਚਾਹੀਦਾ ਹੈ। ਇਸ ਕਮੇਟੀ ਵੱਲੋਂ ਸਾਰੇ ਸੰਬੰਧਿਤ ਕਲੱਬਾਂ ਨੂੰ ਇਕ ਫਾਰਮ ਭੇਜਿਆ ਗਿਆ ਹੈ ਜਿਸ ਵਿਚ ਉਨ੍ਹਾਂ ਦੇ ਸਵਾਲ ਉਸ ਦੇ ਹੱਲ ਆਦਿ ਦੀ ਡਿਟੇਲ ਭੇਜਣ ਨੂੰ ਕਿਹਾ ਹੈ। ਤਾਂ ਕਿ ਕਿਸੇ ਸਾਰਥਿਕ ਨਤੀਜੇ ਤੇ ਪਹੁੰਚਿਆ ਜਾਵੇ। ਹੁਣ ਦੇਖਦੇ ਹਾਂ ਕਿ ਇਸ ਕਮੇਟੀ ਨੂੰ ਕਿੰਨਾ ਸਹਿਯੋਗ ਮਿਲਦਾ ਹੈ।
ਇਸ ਸਾਰੇ ਮੁੱਦੇ ਤੇ ਜਦੋਂ ਗ੍ਰਫਿਥ ਖੇਡਾਂ ਦੇ ਪ੍ਰਬੰਧਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਸਟ੍ਰੇਲੀਅਨ ਪੰਜਾਬੀ ਮੀਡੀਆ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਪ੍ਰਬੰਧਕਾਂ ਵੱਲੋਂ ਪੰਜਾਬੀ ਅਖ਼ਬਾਰ ਨਾਲ ਗੱਲ ਕਰਦਿਆਂ ਸਰਵਣ ਸਿੰਘ ਨੇ ਕਿਹਾ ਕਿ ਸਾਨੂੰ ਬਹੁਤ ਹੈਰਾਨੀ ਹੋਈ ਜਦੋਂ ਪਤਾ ਚੱਲਿਆ ਕਿ ਇਕ ਸਾਂਝੇ ਤੌਰ ਤੇ ਕਰਾਈਆਂ ਜਾ ਰਹੀਆਂ ਖੇਡਾਂ ਦਾ ਵਿਰੋਧ ਖ਼ੁਦ ਸਾਡੇ ਆਪਣੇ ਲੋਕ ਹੀ ਕਰ ਰਹੇ ਹਨ। ਪਰ ਮੀਡੀਆ ਵੱਲੋਂ ਨਿਭਾਏ ਗਏ ਸਾਰਥਿਕ ਰੋਲ ਕਾਰਨ ਗ਼ਲਤ ਪ੍ਰਚਾਰ ਕਰਨ ਵਾਲਿਆਂ ਲਈ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੇਰਾ ਇਥੇ ਇਹ ਵਾਕਾ ਸਾਂਝਾ ਕਰਨ ਦਾ ਕਾਰਨ ਇਹ ਵੀ ਹੈ ਕਿ ਮੀਡੀਆ ਦੇ ਹੱਥ ਬਹੁਤ ਕੁਝ ਹੁੰਦਾ ਬਸ਼ਰਤੇ ਉਸ ਦਾ ਸਦਉਪਯੋਗ ਕੀਤਾ ਜਾਵੇ। ਉਮੀਦ ਹੈ ਕਿ ਅੱਗੇ ਤੋਂ ਵੀ ਇਹੋ ਜਿਹਾ ਸਾਰਥਿਕ ਸਹਿਯੋਗ ਹਰ ਪੱਖ ਤੋਂ ਮਿਲਦਾ ਰਹੇਗਾ।
ਆਖ਼ਿਰ ‘ਚ ਇਹੀ ਕਹਿਣਾ ਚਹਾਂਗਾ ਕਿ ਵਿਦੇਸ਼ ਦੀਆਂ ਮਜਬੂਰੀਆਂ ‘ਚੋਂ ਵੀ ਟਾਈਮ ਕੱਢ ਕੇ ਆਪਣੀ ਖੇਡ ਲਈ ਮਿਹਨਤ ਕਰ ਰਹੇ ਖਿਡਾਰੀਆਂ ਦੇ ਭਵਿੱਖ ਨਾਲ ਨਾ ਖੇਡਿਆ ਜਾਵੇ ਤੇ ਜਿਨ੍ਹਾਂ ਛੇਤੀ ਹੋਵੇ ਇਸ ਮਸਲੇ ਦਾ ਹੱਲ ਕੱਢ ਕੇ ਸਿਆਣਪ ਦਾ ਸਬੂਤ ਦਿੱਤਾ ਜਾਵੇ। ਜੇ ਕਿਸੇ ਇਕ ਧਿਰ ਨੂੰ ਝੁਕਣਾ ਵੀ ਪਵੇ ਤਾਂ ਝੁਕਣ ਲੱਗਿਆਂ ਬਾਬਾ ਨਾਨਕ ਜੀ ਦੇ ਵਿਚਾਰਾਂ ਨੂੰ ਧਿਆਨ ‘ਚ ਰੱਖਿਆ ਜਾਵੇ ਕਿ ਜਿਨ੍ਹਾਂ ਨੂੰ ਫਲ ਲਗਦਾ ਉਹੀ ਝੁਕਦੇ ਹਨ। ਉਂਝ ਵੀ ਆਕੜ ਤਾਂ ਮੁਰਦੇ ਦੀ ਨਿਸ਼ਾਨੀ ਹੁੰਦੀ ਹੈ।

 

Install Punjabi Akhbar App

Install
×