
(ਬ੍ਰਿਸਬੇਨ) ਇੱਥੇ ‘ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ’ ਦੀ ਅਗਵਾਈ ਹੇਠ ਸਹਿਯੋਗੀ ਸੰਸਥਾਵਾਂ, ਲੇਖਕਾਂ, ਪੱਤਰਕਾਰਾਂ ਅਤੇ ਪੰਜਾਬੀ ਹਿਤੈਸ਼ੀਆਂ ਵੱਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ। ਦੋ ਘੰਟੇ ਚੱਲੇ ਇਸ ਸਮਾਗਮ ਵਿੱਚ ਵੱਖ ਵੱਖ ਬੁਲਾਰਿਆਂ ਵੱਲੋਂਆਪਣੀਆਂ ਤਕਰੀਰਾਂ, ਗੀਤਾਂ, ਗ਼ਜ਼ਲਾਂ, ਲੇਖਾਂ ਆਦਿ ਨਾਲ ਪੰਜਾਬੀ ਬੋਲੀ ਦਾ ਚਿੰਤਨ ਅਤੇ ਭਵਿੱਖੀ ਲੋੜਾਂ ਨੂੰ ਆਪਣਾ ਸ਼ਬਦੀ ਜਾਮਾ ਪਹਿਨਾਇਆ ਗਿਆ। ਬੈਠਕਦੀ ਸ਼ੁਰੂਆਤ ਅਜੇਪਾਲ ਸਿੰਘ ਵੱਲੋਂ ਹਾਜਰੀਨ ਦੇ ਸਵਾਗਤ ਨਾਲ ਕੀਤੀ ਅਤੇ ਕਿਹਾ ਕਿ ਵਰਤਮਾਨ ਸਮੇਂ ਵਿੱਚ ਅਜੇ ਵੀ ਪੰਜਾਬੀ ਭਾਸ਼ਾ ਦੀ ਸਥਿਤੀ ਜਿਆਦਾ ਮਜ਼ਬੂਤਨਹੀਂ ਹੈ। ਜਗਜੀਤ ਖੋਸਾ ਨੇ ਆਪਣੀ ਤਕਰੀਰ ‘ਚ ਵਿਸ਼ਵੀਕਰਨ ਦੇ ਦੌਰ ਵਿੱਚ ਪੰਜਾਬੀ ਭਾਸ਼ਾ ਦੇ ਪੱਛੜ ਜਾਣ ਨੂੰ ਦੁੱਖਦ ਵਰਤਾਰਾ ਕਿਹਾ। ਸੰਸਥਾ ਪ੍ਰਧਾਨ ਦਲਜੀਤ ਸਿੰਘ ਅਤੇ ਰਿਤਿਕਾ ਅਹੀਰ ਨੇ ਕਿਹਾ ਕਿ ਬੰਗਲਾ ਭਾਸ਼ਾ ਲਈ ਕੀਤਾ ਸੰਘਰਸ਼ ਸਾਡੇ ਸਾਰਿਆਂ ਲਈ ‘ਰੋਲ ਮਾਡਲ’ ਦਾ ਚਿੰਨ੍ਹ ਹੈ। ਜਸਵੰਤ ਵਾਗਲਾ ਅਤੇ ਵਰਿੰਦਰ ਅਲੀਸ਼ੇਰ ਨੇ ਸਾਂਝੇ ਰੂਪ ‘ਚ ਕਿਹਾ ਕਿ ਸਾਨੂੰ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਪੰਜਾਬੀ ਭਾਸ਼ਾ, ਪੰਜਾਬੀ ਵਿਰਾਸਤ ਅਤੇ ਪੰਜਾਬੀਅਤ ਨੂੰ ਬਰਕਰਾਰ ਰੱਖਣ ਦੀ ਲੋੜ ਹੈ। ਸੁਰਿੰਦਰ ਖੁਰਦ ਨੇ ਮਾਂ ਬੋਲੀ ਦੇ ਪਿਛੋਕੜ ਅਤੇ ਹੋਂਦ ਬਾਬਤ ਪਰਚਾ ਪੜ੍ਹਿਆ ਅਤੇ ਦੱਸਿਆ ਕਿ ਦੁਨੀਆਂ ਭਰ ਵਿੱਚ 7000 ਤੋਂ ਵੱਧ ਭਾਸ਼ਾਵਾਂ ਹਨ ਲੇਕਿਨ ਹਰ ਦੋ ਹਫ਼ਤੇ ਬਾਅਦ ਤਕਰੀਬਨ ਇੱਕ ਦੋ ਭਾਸ਼ਾਵਾਂ ਮਰ ਜਾਂਦੀਆਂ ਹਨ। ਜਗਜੀਤ ਖੋਸਾ ਅਨੁਸਾਰ ਪੰਜਾਬ ‘ਚ 82% ਬੱਚੇ ਪੰਜਾਬੀ ਮਾਤ ਭਾਸ਼ਾ ਵਿਚ ਪੈਂਤੀ ਲਿਖਣ ਤੋਂ ਅਸਮਰਥ ਰਹੇ ਹਨ। ਦੇਵ ਸਿੱਧੂ ਅਤੇ ਹਰਪ੍ਰੀਤ ਸਿੰਘ ਕੋਹਲੀ ਵੱਲੋਂ ਬੱਚਿਆਂ ਨੂੰ ਪੰਜਾਬੀ ਭਾਸ਼ਾ ਵੱਲ ਵਧੇਰੇ ਪ੍ਰੇਰਿਤ ਕਰਨ ਲਈ ਵੱਖੋ ਵੱਖਰੇ ਢੰਗ ਤੇ ਸੁਝਾਅ ਦਿੱਤੇ। ਰਛਪਾਲ ਹੇਅਰ ਅਨੁਸਾਰ ਪੰਜਾਬੀ ਮਾਤ ਭਾਸ਼ਾ ਦੀ ਮੌਜੂਦਾ ਸਮੇਂ ਵਿੱਚ ਨਿਘਰਦੀ ਜਾ ਰਹੀ ਹਾਲਤ ਨੂੰ ਵੇਖਦਿਆਂ ਇਹ ਸੋਚਣ ਵਿੱਚ ਸੰਕੋਚ ਨਹੀਂ ਕਰਨਾ ਚਾਹੀਦਾ ਕਿ ਅਗਲੇ 50 ਸਾਲਾਂ ਤੱਕ ਪੰਜਾਬੀ ਭਾਸ਼ਾ ਕੁਦਰਤੀ ਮੌਤ ਦਾ ਸ਼ਿਕਾਰ ਹੋ ਸਕਦੀ ਹੈ ਜੇਕਰ ਅਸੀਂ ਇਸੇ ਤਰਾਂ ਲਾਪਰਵਾਹੀ ਵਰਤਦੇ ਰਹੇ। ਗਰੀਨ ਪਾਰਟੀ ਤੋਂ ਨਵਦੀਪ ਸਿੰਘ ਨੇ ਕਿਹਾ ਕਿ ਸਾਡੇ ਲਈ ਇਹ ਦਿਨ ਇਸ ਹੱਕ ਦਾ ਪ੍ਰਤੀਕ ਹੈ ਕਿ ਮਾਤ ਭਾਸ਼ਾ ਸਾਰੀਆਂ ਕੋਮਾਂ ਦਾ ਜਮਾਂਦਰੂ ਹੱਕ ਹੈ। ਗੀਤਕਾਰ ਸੁਰਜੀਤ ਸੰਧੂ ਤੇ ਹਰਜੀਤ ਕੌਰ ਸੰਧੂ ਨੇ ਪੰਜਾਬੀ ਪੜ੍ਹਾਉਣ ਦੇ ਤਰੀਕਿਆਂ ਵੱਲ ਵੀ ਆਲੋਚਨਾਤਮਿਕ ਖਿਆਲਾਂ ਦੀ ਸਾਂਝ ਤਹਿਤ ਬੱਚਿਆਂ ਨੂੰ ਪੜ੍ਹਾਉਣ ਦੇ ਨਵੇਂ ਤਰੀਕਿਆਂ ਦੀ ਗੱਲ ਕੀਤੀ। ਹੋਰ ਬੁਲਾਰਿਆਂ ਨੇ ਪੰਜਾਬ ਵਿੱਚ ਨਿੱਘਰਦੀ ਜਾ ਰਹੀ ਪੰਜਾਬੀ ਦੀ ਹਾਲਤ ਤੇ ਡੂੰਘਾਈ ਨਾਲ ਜ਼ਿਕਰ ਕੀਤਾ। ਹਰਜੀਤ ਲਸਾੜਾ ਨੇ ਆਪਣੀ ਤਕਰੀਰ ‘ਚ ਕਿਹਾ ਕਿ ਰੂਸੀ, ਚੀਨੀ, ਜਪਾਨੀ ਅਤੇ ਜਰਮਨੀ ਨੇ ਆਪਣੀਆਂ ਆਪਣੀਆਂ ਭਾਸ਼ਾਵਾਂ ਵਿੱਚ ਖੂਬ ਤਰੱਕੀ ਕੀਤੀ ਹੈ ਪਰ ਭਾਰਤੀ ਭਾਸ਼ਾਵਾਂ ਖਾਸ ਕਰਕੇ ਪੰਜਾਬੀ ਭਾਸ਼ਾ ਅਜੇ ਵੀ ਪਛੜਦੀ ਦਿੱਖ ਰਹੀ ਹੈ। ਭਾਵੇਂ ਇਸ ਕਾਰਜ ਲਈ ‘ਪੰਜਾਬੀ ਯੂਨੀਵਰਸਿਟੀ’ ਦੀ ਸੰਥਾਪਨਾ ਕੀਤੀ ਗਈ ਸੀ। ਉਹਨਾਂ ਕਿਸਾਨੀ ਅੰਦੋਲਨ ਦੇ ਹੱਕ ‘ਚ ਆਵਾਜ਼ ਵੀ ਬੁਲੰਦ ਕੀਤੀ। ਜਸਪਾਲ ਸੰਧੂ ਨੇ ਵਿਦੇਸ਼ਾਂ ‘ਚ ਮਾਂ ਬੋਲੀ ਪੰਜਾਬੀ ਨੂੰ ਵੱਧ ਤੋਂ ਵੱਧ ਪ੍ਰਫੁਲਿਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਭਾਸ਼ਾਵਾਂ ਜਿੰਨੀਆਂ ਮਰਜ਼ੀ ਪੜ੍ਹੋ ਪਰ ਮਾਂ ਬੋਲੀ ਨਾਲ ਸਾਂਝ ਬਣਾਈ ਰੱਖਣੀ ਜ਼ਰੂਰੀ ਹੈ। ਸਮਾਰੋਹ ਵਿੱਚ ਸਹਿਜਪ੍ਰੀਤ ਕੌਰ, ਸੁਖਮਨਦੀਪ ਸੰਧੂ, ਅਸ਼ਮੀਤ ਸੰਧੂ, ਸਲੋਕ ਆਦਿ ਬੱਚਿਆਂ ਦੀਆਂ ਰਚਨਾਵਾਂ ਪ੍ਰੋਗਰਾਮ ਦਾ ਸਿਖਰ ਹੋ ਨਿੱਬੜੀਆਂ। ਪੰਜਾਬ ਤੋਂ ਲੇਖਕ ਅਲੀ ਰਾਜਪੁਰਾ ਅਤੇ ਗਾਇਕ ਹਰਮਿੰਦਰ ਨੂਰਪੁਰੀ ਨੇ ਵੀਡੀਓ ਸੁਨੇਹਿਆਂ ਨਾਲ ਪ੍ਰੋਗਰਾਮ ‘ਚ ਮਾਂ ਬੋਲੀ ਨੂੰ ਸਿਜਦਾ ਕੀਤਾ। ਸਮਾਰੋਹ ਦੇ ਅੰਤ ਵਿੱਚ ਪ੍ਰੈੱਸ ਕਲੱਬ ਵੱਲੋਂ ਮਾਂ ਬੋਲੀ ਪੰਜਾਬੀ ਲਈ ਕੀਤੇ ਗਏ ਸੁਹਿਰਦ ਕਾਰਜਾਂ ਲਈ ਦਵਿੰਦਰ ਕੌਰ ਬੈਂਸ, ਹਰਵਿੰਦਰ ਕੌਰ ਸਿੱਧੂ, ਸਿੰਘ ਸਭਾ ਗੁਰਮੁਖੀ ਸਕੂਲ ਟੈਗਮ, ਪੰਜਾਬੀ ਸਕੂਲ ਮਾਝਾ ਯੂਥ ਕਲੱਬ, ਪੰਜਾਬੀ ਸਕੂਲ ਬ੍ਰਿਸਬੇਨ ਸਿੱਖ ਟੈਂਪਲ ਅਤੇ ਨਿੱਕੇ ਤਾਰੇ ਪੰਜਾਬੀ ਸਕੂਲ ਬ੍ਰਿਸਬੇਨ ਨੂੰ ਸਨਮਾਨ ਪੱਤਰ ਦਿੱਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਿਤਿਕਾ ਅਹੀਰ, ਗੁਰਵਿੰਦਰ ਕੌਰ, ਦਵਿੰਦਰ ਕੌਰ ਬੈਂਸ, ਹਰਵਿੰਦਰ ਕੌਰ ਸਿੱਧੂ, ਹਰਜੀਤ ਕੌਰ ਸੰਧੂ, ਸੰਸਥਾ ਪ੍ਰਧਾਨ ਦਲਜੀਤ ਸਿੰਘ, ਅਜੇਪਾਲ, ਗੁਰਵਿੰਦਰ ਸਿੰਘ, ਸੁਰਿੰਦਰ ਖੁਰਦ, ਹਰਪ੍ਰੀਤ ਕੋਹਲੀ, ਜਗਜੀਤ ਖੋਸਾ, ਦੇਵ ਸਿੱਧੂ, ਹਰਜੀਤ ਲਸਾੜਾ, ਜਸਵੰਤ ਵਾਗਲਾ, ਵਰਿੰਦਰ ਅਲੀਸ਼ੇਰ, ਸੁਰਜੀਤ ਸੰਧੂ, ਜੱਗਾ ਸਿੱਧੂ, ਗੁਰਮੁੱਖ ਭੰਨਦੋਲ, ਜਤਿੰਦਰ ਰਹਿਲ, ਨਵਦੀਪ ਸਿੰਘ, ਰਛਪਾਲ ਹੇਅਰ, ਹਰਜੀਤ ਭੁੱਲਰ, ਮਨਜੀਤ ਭੁੱਲਰ, ਗੁਰਪ੍ਰੀਤ ਬਰਾੜ, ਸੁਰਿੰਦਰ ਸਿੰਘ, ਜਸਪਾਲ ਸੰਧੂ, ਪ੍ਰਣਾਮ ਹੇਅਰ, ਕਮਲ ਆਦਿ ਨੇ ਆਪਣੀਆਂ ਤਕਰੀਰਾਂ ਅਤੇ ਰਚਨਾਵਾਂ ਨਾਲ ਹਾਜ਼ਰੀ ਲਗਵਾਈ। ਦੱਸਣਯੋਗ ਹੈ ਕਿ ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ ਹਰ ਸਾਲ 21 ਫਰਵਰੀ ਨੂੰ ਭਾਸ਼ਾਈ ਅਤੇ ਸੱਭਿਆਚਾਰਿਕ ਵੰਨ ਸੁਵੰਨਤਾ ਨੂੰ ਬਰਕਰਾਰ ਰੱਖਣ ਲਈ ਮਨਾਇਆ ਜਾਂਦਾ ਹੈ।