ਬ੍ਰਿਸਬੇਨ : ਆਸਟ੍ਰੇਲੀਆ ‘ਚ ਜਾਰੀ ਬਜ਼ੁਰਗਾਂ ਦੀ ਦੇਖਭਾਲ ਪ੍ਰੋਗਰਾਮਾਂ ਬਾਬਤ ਵਿਸ਼ੇਸ਼ ਬੈਠਕ

ਬਹੁਤੇ ਪੰਜਾਬੀ ਪਰਿਵਾਰਾਂ ਨੂੰ ਅਜਿਹੇ ਪ੍ਰੋਗਰਾਮਾਂ ਦੀ ਲੋੜ ਪਰ ਜਾਣਕਾਰੀ ਦੀ ਅਣਹੋਂਦ : ਰਿਤਕਾ ਅਹੀਰ

(ਹਰਜੀਤ ਲਸਾੜਾ, ਬ੍ਰਿਸਬੇਨ 16 ਮਈ) ਇੱਥੇ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪਸਾਰ ਲਈ ਕਾਰਜਸ਼ੀਲ ਸੰਸਥਾ ‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ’ ਅਤੇ ‘ਸਰਵਿਸਿਜ਼ ਆਸਟਰੇਲੀਆ’ ਦੇ ਸਹਿਯੋਗ ਨਾਲ ਕੂਪਰਸਪਲੇਨ ਲਾਇਬ੍ਰੇਰੀ ਵਿਖੇ ਆਸਟਰੇਲੀਆ ਵਿੱਚ ਬਜ਼ੁਰਗ ਲੋਕਾਂ ਦੀਆਂ ਵਿਸ਼ੇਸ਼ ਲੋੜਾਂ ਦੀ ਪੂਰਤੀ ਲਈ ਸਰਕਾਰੀ ਸੇਵਾਵਾਂ ਦੀ ਜਾਣਕਾਰੀ ਬਾਬਤ ਇਕ ਵਿਸ਼ੇਸ਼ ਬੈਠਕ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਪੰਜਾਬੀ ਭਾਈਚਾਰੇ ਤੋਂ ਬਜ਼ੁਰਗਾਂ ਨੇ ਵੱਡੀ ਸ਼ਮੂਲੀਅਤ ਕੀਤੀ। ਸੰਸਥਾ ਕਰਮੀ ਰਿਤਕਾ ਅਹੀਰ ਵੱਲੋਂ ਆਸਟਰੇਲੀਆ ਵਿੱਚ ਮੌਜੂਦਾ ਸਮੇਂ ਬਜ਼ੁਰਗਾਂ ਦੀ ਦੇਖਭਾਲ ਅਤੇ ਉਹਨਾਂ ਦੀਆਂ ਸਿਹਤ ਸੇਵਾਵਾਂ ਦੀ ਅਹਿਮੀਅਤ ਅਤੇ ਸਰਕਾਰੀ ਪ੍ਰੋਗਰਾਮਾਂ ਦੀ ਵਿਸਤਾਰ ਜਾਣਕਾਰੀ ਦਿੰਦਿਆਂ ਕਿਹਾ ਕਿ ਬਹੁਤੇ ਪਰਵਾਸੀ ਪੰਜਾਬੀ ਪਰਿਵਾਰ ਬਿਹਤਰ ਆਰਥਿਕ ਪ੍ਰਾਪਤੀਆਂ ਦੀ ਲਾਲਸਾ ਤੇ ਕੰਮਾਂ ਦੇ ਬੋਝ ਕਾਰਨ ਆਪਣੇ ਬਜ਼ੁਰਗਾਂ ਲਈ ਘਰ ਵਿੱਚ ਸਮਾਂ ਦੇਣ ‘ਚ ਅਸਮਰਥ ਹੋ ਰਹੇ ਹਨ। ਹਾਲਾਂਕਿ, ਸਰਕਾਰ ਆਪਣੇ ਏਜਡ ਕੇਅਰ ਸਰਵਿਸਿਜ਼ (ਬਿਰਧ ਦੇਖਭਾਲ) ਪ੍ਰੋਗਰਾਮਾਂ ਤਹਿਤ ਨਰਸਿੰਗ ਹੋਮਾਂ ਅਤੇ ਘਰ ਵਿੱਚ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਜਿਵੇਂ ਕਿ ਨਿੱਜੀ ਦੇਖਭਾਲ, ਘਰੇਲੂ ਸਹਾਇਤਾ, ਘਰੇਲੂ ਨਰਸਿੰਗ, ਪੋਸ਼ਣ ਅਤੇ ਭੋਜਨ ਤਿਆਰ ਕਰਨ, ਰਾਹਤ ਸੇਵਾਵਾਂ, ਗਤੀਸ਼ੀਲਤਾ ਤੇ ਨਿਪੁੰਨਤਾ ਸਹਾਇਤਾ, ਆਵਾਜਾਈ, ਸਮਾਜਿਕ ਸਹਾਇਤਾ, ਉਪਕਰਨ ਆਦਿ ਸਹਾਇਤਾ ਵਿਵਸਥਾ ਦਾ ਪ੍ਰਬੰਧ ਕਰ ਰਹੀ ਹੈ ਪਰ ਸਾਡਾ ਭਾਈਚਾਰਾ ਅਜੇ ਵੀ ਇਸਤੋਂ ਪੂਰਾ ਜਾਣੂ ਨਹੀਂ ਹੈ।

ਸਰਵਿਸਿਜ਼ ਆਸਟਰੇਲੀਆ ਤੋਂ ਬਜ਼ੁਰਗ ਦੇਖਭਾਲ ਮਾਹਰ ਅਧਿਕਾਰੀ ਮੁਹੰਮਦ ਨੇ ਆਪਣੀ ਵਿਭਾਗੀ ਤਕਰੀਰ ‘ਚ ਦੱਸਿਆ ਕਿ ਤੁਸੀਂ ਕਦੋਂ, ਕਿਵੇਂ ਅਤੇ ਕਿੱਥੇ ਇਹਨਾਂ ਸੇਵਾਵਾਂ ਲਈ ਸੰਪਰਕ ਕਰ ਸਕਦੇ ਹੋ। ਵਿਭਾਗ ਤੁਹਾਡੇ ਮੌਜੂਦਾ ਵਿੱਤੀ ਸਾਧਨ ਦੇਖਕੇ ਤੁਹਾਡੀਆਂ ਸੇਵਾਵਾਂ ਦਾ ਪ੍ਰਬੰਧਨ ਕਰਦਾ ਹੈ। ਸਰਵਿਸਿਜ਼ ਆਸਟਰੇਲੀਆ ਵੱਲੋਂ ਇਹ ਸਰਕਾਰੀ ਪ੍ਰੋਗਰਾਮ ਸੈਂਟਰਲਿੰਕ, ਮੈਡੀਕੇਅਰ, ਪੀਬੀਐਸ ਅਤੇ ਚਾਈਲਡ ਸਪੋਰਟ ਏਜੰਸੀ ਰਾਹੀਂ ਪ੍ਰਦਾਨ ਕੀਤੇ ਜਾਂਦੇ ਹਨ ਅਤੇ ਯੋਗ ਆਸਟ੍ਰੇਲੀਅਨ ਨਾਗਰਿਕ ਅਤੇ ਸਥਾਈ ਨਿਵਾਸੀ ਇੱਕ ਮਾਈਗੌਵ (myGov) ਖਾਤੇ ਰਾਹੀਂ ਇਹਨਾਂ ਵਿੱਚੋਂ ਬਹੁਤ ਸਾਰੀਆਂ ਸੇਵਾਵਾਂ ਤੱਕ ਪਹੁੰਚ ਸਕਦੇ ਹਨ। ਹਰਮਨਦੀਪ ਗਿੱਲ ਦਾ ਮੰਨਣਾ ਹੈ ਕਿ ਅੱਜ ਮਾਪਿਆਂ ਲਈ ਸਾਡੇ ਕੋਲ ਸਮਾਂ ਘਟਦਾ ਜਾ ਰਿਹਾ ਹੈ। ਸਾਡੇ ਪੰਜਾਬੀ ਭਾਈਚਾਰੇ ‘ਚ ਬਜ਼ੁਰਗਾਂ ਲਈ ਅਜਿਹੇ ਪ੍ਰੋਗਰਾਮ ਸਮੇਂ ਦੀ ਲੋੜ ਹਨ। ਸੰਸਥਾ ਮੁਖੀ ਦਲਜੀਤ ਸਿੰਘ ਅਨੁਸਾਰ ਲੰਬੀ ਉਮਰ ਅਤੇ ਘੱਟ ਜਣਨ ਦਰਾਂ ਕਾਰਨ ਆਸਟਰੇਲੀਆ ਦੀ ਆਬਾਦੀ ਵੱਧਦੀ ਜਾ ਰਹੀ ਹੈ। 2016 ਦੀ ਰਾਸ਼ਟਰੀ ਜਨਗਣਨਾ ਦੇ ਨਤੀਜੇ ਦਰਸਾਉਂਦੇ ਹਨ ਕਿ ਛੇ ਵਿੱਚੋਂ ਇੱਕ ਆਸਟਰੇਲਿਆਈ ਹੁਣ 65 ਸਾਲ ਤੋਂ ਵੱਧ ਉਮਰ ਦਾ ਹੈ। 2056 ਤੱਕ, ਇਹ ਅਨੁਮਾਨ ਲਗਾਇਆ ਗਿਆ ਹੈ ਕਿ ਇੱਥੇ 8.7 ਮਿਲੀਅਨ ਬਜ਼ੁਰਗ ਆਸਟਰੇਲੀਅਨ (ਜਨਸੰਖਿਆ ਦਾ 22%) ਹੋਣਗੇ; 2096 ਤੱਕ, 12.8 ਮਿਲੀਅਨ ਲੋਕ (25%) 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹੋ ਜਾਣਗੇ।

ਨਵਦੀਪ ਸਿੰਘ ਵੱਲੋਂ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਭਾਗ ਨੂੰ ਸ਼ੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਆਪਣੇ ਸੁਨੇਹਿਆਂ ਨੂੰ ਲੋਕਾਂ ਤੱਕ ਹੋਰ ਸੌਖਿਆਂ ਪਹੁੰਚਦਾ ਕਰਨਾ ਚਾਹੀਦਾ ਹੈ। ਬੈਠਕ ਦੌਰਾਨ ਇਕਬਾਲ ਧਾਮੀ ਨੇ ਬਜ਼ੁਰਗਾਂ ਦੀ ਵਧਦੀ ਉਮਰ ‘ਚ ਉਹਨਾਂ ਦੀ ਦੇਖਭਾਲ ਨੂੰ ਅਹਿਮ ਮੁੱਦਾ ਬਿਆਨਿਆ। ਉਹਨਾਂ ਵੱਲੋਂ ਗਾਏ ਗੀਤ ‘ਰੂਹ ਦਾ ਹਾਣੀ’ ਨੇ ਪ੍ਰਸੰਸਾ ਖੱਟੀ। ਵਰਿੰਦਰ ਅਲੀਸ਼ੇਰ ਮੁਤਾਬਿਕ ਜਨਤਕ ਬਿਰਧ-ਸੰਭਾਲ ਪ੍ਰਣਾਲੀ ਪਹਿਲਾਂ ਹੀ ਦਬਾਅ ਹੇਠ ਹੈ। ਅਨੁਮਾਨ ਹੈ ਕਿ 2060 ਤੱਕ, ਬਜ਼ੁਰਗ ਦੇਖਭਾਲ ਦੇ ਪ੍ਰੋਗਰਾਮ ਰਾਸ਼ਟਰੀ ਜੀਡੀਪੀ ਦੇ ਲਗਭਗ 6 ਪ੍ਰਤੀਸ਼ਤ ਦੇ ਬਰਾਬਰ ਵਾਧੂ ਦਬਾਅ ਪਾਉਣਗੇ। ਪ੍ਰੋਗਰਾਮ ਦੇ ਅੰਤ ਵਿੱਚ ਲੇਖਕ ਗੁਰਜਿੰਦਰ ਸਿੰਘ ਸੰਧੂ ਦੇ ਧਾਰਮਿਕ ਗੀਤ ‘ਸਾਹਿਬ ਸੋਹਣਾ’ ਦਾ ਪੋਸਟਰ ਲੋਕ ਅਰਪਣ ਕੀਤਾ ਗਿਆ। ਮੰਚ ਸੰਚਾਲਨ ਗਾਇਕ ਪਰਮਿੰਦਰ ਹਰਮਨ ਵੱਲੋਂ ਬਾਖੂਬੀ ਨਿਭਾਇਆ ਗਿਆ। ਲੇਖਕ ਸਭਾ ਵੱਲੋਂ ਨਸਲੀ ਕਮਿਊਨਿਟੀਜ਼ ਕੌਂਸਲ ਆਫ਼ ਕੁਈਨਜ਼ਲੈਂਡ (ECCQ) ਅਤੇ ਸੰਸਥਾ ਪੀਆਈਸੀਏਸੀ (PICAC – ਸੱਭਿਆਚਾਰਕ ਤੌਰ ‘ਤੇ ਢੁਕਵੀਂ ਦੇਖਭਾਲ ਵਿੱਚ ਭਾਈਵਾਲ ਸੰਸਥਾ) ਦੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਬੈਠਕ ਵਿੱਚ ਹੋਰਨਾਂ ਤੋਂ ਇਲਾਵਾ ਰਛਪਾਲ ਹੇਅਰ, ਬਲਵਿੰਦਰ ਮੋਰੋਂ, ਮੁਹੰਮਦ, ਰਿਤਕਾ ਅਹੀਰ, ਹਰਪ੍ਰੀਤ ਸਿੰਘ, ਨਵਦੀਪ ਸਿੰਘ, ਦਲਜੀਤ ਸਿੰਘ, ਜੈਨੀ ਹੇਜ਼ਲਵੁਡ, ਵਰਿੰਦਰ ਅਲੀਸ਼ੇਰ, ਪਰਮਿੰਦਰ ਹਰਮਨ, ਹਰਮਨਦੀਪ ਗਿੱਲ, ਜਸਵੰਤ ਵਾਗਲਾ, ਇਕਬਾਲ ਧਾਮੀ, ਗੁਰਜਿੰਦਰ ਸੰਧੂ, ਅਨੀਤਾ ਰਾਜ, ਸੁਰਿੰਦਰ ਕੌਰ, ਅਮੰਡਾ, ਗੁਰਲੀਨ ਅਲੀਸ਼ੇਰ, ਤਾਜ ਰੱਤੂ, ਜਸਕਰਨ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ। ਔਰਤਾਂ ਦੀ ਸ਼ਮੂਲੀਅਤ ਕਾਬਲੇ-ਤਾਰੀਫ਼ ਰਹੀ।