ਬੀ ਜੇ ਪੀ ਦਾ ਮਾਸਟਰ ਸਟਰੋਕ: ਕਬਾਇਲੀ ਇਸਤਰੀ ਰਾਸ਼ਟਰਪਤੀ ਦੀ ਉਮੀਦਵਾਰ

ਭਾਰਤੀ ਜਨਤਾ ਪਾਰਟੀ ਨੇ ਐਨ ਡੀ ਏ ਦਾ ਸਾਂਝਾ ਉਮੀਦਵਾਰ ਝਾਰਖੰਡ ਦੀ ਸਾਬਕਾ ਰਾਜਪਾਲ ਉਡੀਸ਼ਾ ਦੀ ਜ਼ਮੀਨੀ ਪੱਧਰ ਦੀ ਕਬਾਇਲੀ ਤੇਜ਼ ਤਰਾਰ ਇਸਤਰੀ ਆਗੂ ਦਰੋਪਤੀ ਮੁਰਮੂ ਨੂੰ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰ ਬਣਾ ਕੇ ਮਾਸਟਰ ਸਟਰੋਕ ਮਾਰਿਆ ਹੈ। ਯੂ ਪੀ ਏ ਨੇ ਵੀ ਸਾਬਕਾ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਨੂੰ ਆਪਣਾ ਉਮੀਦਵਾਰ ਬਣਾ ਕੇ ਆਪਣੇ ਜਾਣੀ ਕੱਦੂ ਵਿਚ ਤੀਰ ਮਾਰਿਆ ਹੈ। ਇਕ ਕਿਸਮ ਨਾਲ ਭਾਜਪਾ ਦਾ ਭਾਜਪਾ ਨਾਲ ਮੁਕਾਬਲਾ ਹੈ ਕਿਉਂਕਿ ਯਸ਼ਵੰਤ ਸਿਨਹਾ ਵੀ ਕਿਸੇ ਸਮੇਂ ਭਾਰਤੀ ਜਨਤਾ ਪਾਰਟੀ ਦੇ ਦਿਗਜ਼ ਨੇਤਾ ਤੇ ਮੰਤਰੀ ਸਨ। ਇਸ ਸਮੇਂ ਉਹ ਤ੍ਰਿਣਮੂਲ ਕਾਂਗਰਸ ਵਿਚ ਹਨ। ਯਸ਼ਵੰਤ ਸਿਨਹਾ ਨੂੰ ਜਿਤਾਉਣ ਲਈ ਮਮਤਾ ਬੈਨਰਜ਼ੀ ਅੱਡੀ ਤੋਂ ਚੋਟੀ ਦਾ ਜ਼ੋਰ ਲਾਉਣਗੇ। ਉਹ ਬੀ ਜੇ ਪੀ ਦੇ ਨੇਤਾਵਾਂ ਨੂੰ ਪਹਿਲਾਂ ਵੀ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਲ ਕਰ ਚੁੱਕੇ ਹਨ। ਹੋ ਸਕਦਾ ਬੀ ਜੇ ਪੀ ਦੀਆਂ ਵੋਟਾਂ ਨੂੰ ਸੰਨ੍ਹ ਲਾਉਣ ਦੀ ਕੋਸ਼ਿਸ਼ ਕਰਨ।
ਭਾਰਤ ਦੇ 16ਵੇਂ ਰਾਸ਼ਟਰਪਤੀ ਦੀ ਚੋਣ 18 ਜੁਲਾਈ 2022 ਨੂੰ ਹੋਣ ਜਾ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਰਾਜ ਵਿਚ ਇਹ ਤੀਜੀ ਵਾਰ ਚੋਣ ਹੋ ਰਹੀ ਹੈ। ਇਸ ਤੋਂ ਪਹਿਲਾਂ 2002 ਵਿਚ ਏ ਪੀ ਜੇ ਅਬਦੁਲ ਕਲਾਮ ਅਤੇ 2012 ਵਿਚ ਰਾਮ ਨਾਥ ਕੋਵਿੰਦ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇ ਤੌਰ ‘ਤੇ ਚੋਣ ਜਿੱਤੇ ਸਨ। ਇਹ ਦੋਵੇਂ ਉਮੀਦਵਾਰ ਘੱਟ ਗਿਣਤੀਆਂ ਅਤੇ ਅਨੁਸੂਚਿਤ ਜਾਤੀਆਂ ਵਿੱਚੋਂ ਉਮੀਦਵਾਰ ਬਣਾ ਕੇ ਅਗਲੀਆਂ ਚੋਣਾਂ ਜਿੱਤਣ ਦੇ ਇਰਾਦੇ ਨਾਲ ਚੋਣ ਮੈਦਾਨ ਵਿਚ ਉਤਾਰੇ ਗਏ ਸਨ। ਇਸ ਪਾਸੇ ਉਹ ਸਫਲ ਵੀ ਹੋਏ ਸਨ। 2022 ਦੀ ਚੋਣ ਲਈ ਭਾਰਤੀ ਜਨਤਾ ਪਾਰਟੀ ਨੇ ਕਬਾਇਲੀ ਇਸਤਰੀ ਨੇਤਾ ਦਰੋਪਤੀ ਮੁਰਮੂ ਨੂੰ ਉਮੀਦਵਾਰ ਬਣਾ ਕੇ 2024 ਦੀਆਂ ਅਗਲੀਆਂ ਲੋਕ ਸਭਾ ਚੋਣਾਂ ਵਿਚ ਕਬਾਇਲੀਆਂ, ਅਨੁਸੂਚਿਤ ਜਾਤੀਆਂ ਅਤੇ ਇਸਤਰੀਆਂ ਦੀ ਵੋਟਾਂ ਬਟੋਰਨ ਦਾ ਪੈਂਤੜਾ ਵਰਤਿਆ ਹੈ। ਵੇਖਣ ਵਾਲੀ ਗੱਲ ਹੋਵੇਗੀ ਕਿ ਭਾਰਤੀ ਜਨਤਾ ਪਾਰਟੀ ਦਾ ਇਹ ਨਵਾਂ ਪੈਂਤੜਾ 2024 ਵਿਚ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਵਿਚ ਕਿਤਨਾ ਕਾਰਗਰ ਸਾਬਤ ਹੋਵੇਗਾ। ਕਿਉਂਕਿ ਉਹ ਹਰ ਹਾਲਤ ਵਿਚ 2024 ਦੀਆਂ ਚੋਣਾ ਜਿੱਤਣਾ ਚਾਹੁੰਦੇ ਹਨ। ਸ਼੍ਰੀਮਤੀ ਦਰੋਪਤੀ ਮੁਰਮੂ ਬਿਜਲੀ ਵਿਭਾਗ ਦੀ ਜੂਨੀਅਰ ਸਹਾਇਕ ਤੋਂ ਰਾਸ਼ਟਰਪਤੀ ਦੇ ਉਮੀਦਵਾਰ ਤੱਕ ਪਹੁੰਚਣ ਵਾਲੀ ਪਹਿਲੀ ਕਬਾਇਲੀ ਇਸਤਰੀ ਹੈ। ਆਜ਼ਾਦੀ ਤੋਂ ਬਾਅਦ 1958 ਵਿਚ ਪੈਦਾ ਹੋਣ ਵਾਲੀ ਰਾਸ਼ਟਰਪਤੀ ਦੀ ਉਮੀਦਵਾਰ ਵੀ ਉਹ ਪਹਿਲੀ ਇਸਤਰੀ ਹੈ।
ਉਨ੍ਹਾਂ ਆਪਣਾ ਸਿਆਸੀ ਕੈਰੀਅਰ 1997 ਵਿਚ ਰਾਏਰੰਗਪੁਰ ਨਗਰ ਪੰਚਾਇਤ ਦੇ ਕੌਂਸਲਰ ਤੋਂ ਸ਼ੁਰੂ ਕੀਤਾ ਅਤੇ ਨਗਰ ਪੰਚਾਇਤ ਦੀ ਉਪ ਚੇਅਰਪਰਸਨ ਬਣੀ। 2000 ਵਿਚ ਹੀ ਪਹਿਲੀ ਵਾਰ ਵਿਧਾਇਕਾ ਬਣਨ ਤੋਂ ਬਾਅਦ ਉਡੀਸ਼ਾ ਸਰਕਾਰ ਵਿਚ ਮੰਤਰੀ ਦਾ ਅਹੁਦਾ ਪ੍ਰਾਪਤ ਕੀਤਾ। ਉਨ੍ਹਾਂ ਬੜੇ ਮਹੱਤਵਪੂਰਨ ਵਿਭਾਗਾਂ ਦੀ ਮੰਤਰੀ ਰਹਿੰਦਿਆਂ ਪ੍ਰਸ਼ਾਸ਼ਕੀ ਤਜਰਬਾ ਹਾਸਲ ਕੀਤਾ। ਉਡੀਸ਼ਾ ਵਿਧਾਨ ਸਭਾ ਵੱਲੋਂ ਉਨ੍ਹਾਂ ਨੂੰ 2007 ਵਿਚ ਸਰਵੋਤਮ ਵਿਧਾਇਕਾ ਲਈ ”ਨੀਲਕੰਠ ਪੁਰਸਕਾਰ” ਦੇ ਕੇ ਸਨਮਾਨਿਤ ਕੀਤਾ ਗਿਆ ਸੀ। 2015 ਵਿਚ ਉਨ੍ਹਾਂ ਨੂੰ ਝਾਰਖੰਡ ਦੀ ਰਾਜਪਾਲ ਬਣਾਇਆ ਗਿਆ। ਝਾਰਖੰਡ ਦੀ ਵੀ ਉਹ ਪਹਿਲੀ ਇਸਤਰੀ ਰਾਜਪਾਲ ਸੀ। ਜੇ ਉਹ ਚੁਣੀ ਗਈ ਤਾਂ ਆਜ਼ਾਦੀ ਤੋਂ ਬਾਅਦ ਪੈਦਾ ਹੋਣ ਵਾਲੀ ਅਤੇ ਸਭ ਤੋਂ ਛੋਟੀ ਉਮਰ ਦੀ ਰਾਸ਼ਟਰਪਤੀ ਹੋਵੇਗੀ।
ਭਾਰਤੀ ਜਨਤਾ ਪਾਰਟੀ ਆਪਣਾ ਹਰ ਫ਼ੈਸਲਾ 2024 ਦੀਆਂ ਲੋਕ ਸਭਾ ਚੋਣਾ ਨੂੰ ਮੁੱਖ ਰੱਖ ਕੇ ਲੈ ਰਹੀ ਹੈ। ਉਹ ਆਪਣਾ ਹਿੰਦੂਤਵ ਦਾ ਰਾਗ ਅਲਾਪ ਕੇ ਲੋਕਾਂ ਨੂੰ ਆਪਣੇ ਨਾਲ ਜੋੜ ਰਹੀ ਹੈ। ਸ਼੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਲਗਾਤਾਰ ਦੋ ਵਾਰ 2014 ਅਤੇ 2019 ਵਿਚ ਭਾਰਤੀ ਜਨਤਾ ਪਾਰਟੀ ਲੋਕ ਸਭਾ ਦੀਆਂ ਚੋਣਾਂ ਭਾਰੀ ਬਹੁਮਤ ਨਾਲ ਜਿੱਤ ਚੁੱਕੀ ਹੈ। ਤੀਜੀ ਵਾਰ ਵੀ ਉਹ ਹਰ ਹੀਲਾ ਵਰਤ ਕੇ ਸਰਕਾਰ ਬਣਾਉਣ ਦੀਆਂ ਤਰਕੀਬਾਂ ਬਣਾ ਰਹੀ ਹੈ। 2014 ਤੋਂ ਲਗਾਤਾਰ ਭਾਰਤੀ ਜਨਤਾ ਪਾਰਟੀ ਭਾਰੀ ਬਹੁਮਤ ਹੋਣ ਕਰਕੇ ਵਿਰੋਧੀ ਧਿਰਾਂ ਨੂੰ ਵਿਸ਼ਵਾਸ ਵਿਚ ਲਏ ਤੋਂ ਬਿਨਾ ਫ਼ੈਸਲੇ ਲੈਂਦੀ ਆ ਰਹੀ ਹੈ। ਜਿਹੜਾ ਵੀ ਫ਼ੈਸਲਾ ਲੈ ਲੈਂਦੀ ਹੈ, ਉਸ ‘ਤੇ ਟੱਸ ਤੇ ਮੱਸ ਨਹੀਂ ਹੁੰਦੀ। 2014 ਤੋਂ ਹੁਣ ਤੱਕ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਪਣੇ ਬਹੁਤੇ ਫ਼ੈਸਲਿਆਂ ਕਰਕੇ ਵਾਦ-ਵਿਵਾਦ ਵਿਚ ਹੀ ਰਹੀ ਹੈ ਕਿਉਂਕਿ ਉਨ੍ਹਾਂ ਦੇ ਫ਼ੈਸਲੇ ਆਰ ਐਸ ਐਸ ਦੀਆਂ ਨੀਤੀਆਂ ਅਨੁਸਾਰ ਹੁੰਦੇ ਹਨ। ਇਕ ਕਿਸਮ ਨਾਲ ਪਾਰਟੀ ਦਾ ਥਿੰਕ ਟੈਂਕ ਆਰ ਐਸ ਐਸ ਹੀ ਹੈ। ਜਿਸ ਕਰਕੇ ਉਨ੍ਹਾਂ ਨੂੰ ਅੰਦੇਸ਼ਾ ਹੈ ਕਿ ਉਹ ਪਹਿਲਾਂ ਦੀ ਤਰ੍ਹਾਂ ਭਾਰੀ ਬਹੁਮਤ ਨਾਲ ਜਿੱਤ ਨਹੀਂ ਸਕਣਗੇ, ਇਸ ਲਈ ਸਮਝਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਆਰ ਐਸ ਐਸ ਦੇ ਕੱਟੜ ਸਮਰਥਕ ਨੂੰ ਹੀ ਰਾਸ਼ਟਰਪਤੀ ਦਾ ਉਮੀਦਵਾਰ ਬਣਾਇਆ ਹੈ।
ਹੁਣ ਤੱਕ ਦੇ ਮਹੱਤਵਪੂਰਨ ਫ਼ੈਸਲੇ ਜਿਨ੍ਹਾਂ ਦੀ ਵਜਾਹ ਕਰਕੇ ਵਾਦ-ਵਿਵਾਦ ਖੜ੍ਹੇ ਹੁੰਦੇ ਰਹੇ ਹਨ, ਉਨ੍ਹਾਂ ਵਿਚ ਨੋਟ ਬੰਦੀ ਕਰਕੇ ਕਾਲਾ ਧਨ ਵਾਪਸ ਮੰਗਵਾਉਣਾ, ਨਾਗਰਿਕ ਸੋਧ ਕਾਨੂੰਨ, ਏਅਰ ਪੋਰਟ ਤੇ ਰੇਲਵੇ ਵੇਚਣਾ, ਕੋਵਿਡ ਸਮੇਂ ਬੁਰੀ ਤਰ੍ਹਾਂ ਫ਼ੇਲ੍ਹ ਹੋਣਾ, ਮਹਿੰਗਾਈ ਦਾ ਵਧਣਾ, ਪੈਟਰੋਲ ਅਤੇ ਗੇੈਸ ਦੀਆਂ ਕੀਮਤਾਂ ਦਾ ਦੁੱਗਣਾ ਹੋਣਾ, ਜੰਮੂ ਕਸ਼ਮੀਰ ਦੀ ਧਾਰਾ 370 ਖ਼ਤਮ ਕਰਨਾ ਅਤੇ ਕੇਂਦਰੀ ਸ਼ਾਸ਼ਤ ਸੂਬਾ ਬਣਾਉਣਾ, ਖੇਤੀਬਾੜੀ ਸੰਬੰਧੀ ਤਿੰਨ ਕਾਨੂੰਨ ਬਣਾਉਣਾ, ਆਯੋਧਿਆ ਵਿਚ ਮੰਦਰ ਬਣਾਉਣਾ, ਘੱਟ ਗਿਣਤੀਆਂ ਦਾ ਆਪਣੇ ਆਪ ਨੂੰ ਮਹਿਫ਼ੂਜ਼ ਨਾ ਸਮਝਣਾ, ਸਰਕਾਰੀ ਸੰਸਥਾਵਾਂ ਨੂੰ ਕਮਜ਼ੋਰ ਕਰਨਾ, ਪ੍ਰਾਈਵੇਟਾਈਜ਼ੇਸ਼ਨ ਨੂੰ ਪਹਿਲ ਦੇਣਾ ਅਤੇ ਫ਼ੌਜ ਵਿਚ ਰੈਗੂਲਰ ਭਰਤੀ ਬੰਦ ਕਰਕੇ ਅਗਨੀਪਥ ਸ਼ੁਰੂ ਕਰਨਾ, ਸੂਬਿਆਂ ਦੀਆਂ ਫ਼ੌਜ ਦੀਆਂ ਰੈਗੂਲਰ ਯੂਨਿਟਾਂ ਖ਼ਤਮ ਕਰਨੀਆਂ ਆਦਿ ਹਨ। ਉਪਰੋਕਤ ਸਾਰੇ ਫ਼ੈਸਲਿਆਂ ਦਾ ਆਮ ਜਨਤਾ ਨੇ ਹਮੇਸ਼ਾ ਵਿਰੋਧ ਕੀਤਾ ਪ੍ਰੰਤੂ ਸਰਕਾਰ ਨੇ ਇਨ੍ਹਾਂ ਵਿੱਚੋਂ ਸਿਰਫ਼ ਖੇਤੀ ਕਾਨੂੰਨ ਵਾਪਸ ਲਏ ਹਨ ਬਾਕੀਆਂ ਬਾਰੇ ਲੋਕਾਈ ਅਤੇ ਵਿਰੋਧੀ ਪਾਰਟੀਆਂ ਦੀ ਸੁਣੀ ਨਹੀਂ ਗਈ। ਅਗਨੀਪਥ ਸਕੀਮ ਬਾਰੇ ਭਾਰਤ ਦੇ ਲੋਕਾਂ ਵਿਚ ਸ਼ੰਕਾ ਹੈ ਕਿ ਆਰ ਐਸ ਐਸ ਦੇ ਮੈਂਬਰਾਂ ਨੂੰ ਅਸਲੇ ਚਲਾਉਣ ਦੀ ਸਿੱਖਿਆ ਦੇਣ ਲਈ ਸ਼ੁਰੂ ਕੀਤੀ ਗਈ ਹੈ।
ਇਸ ਤੋਂ ਇਲਾਵਾ ਗ਼ੈਰ ਭਾਰਤੀ ਜਨਤਾ ਪਾਰਟੀ ਦੀਆਂ ਸੂਬਾ ਸਰਕਾਰਾਂ ਤੋਂ ਬਿਨਾ ਬਾਕੀ ਸਾਰੀਆਂ ਸਰਕਾਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨਾ ਵੀ ਲੋਕਾਂ ਵਿਚ ਗ਼ੁੱਸੇ ਦਾ ਵਧਣਾ ਹੈ। ਸ਼੍ਰੀਮਤੀ ਦਰੋਪਤੀ ਮੁਰਮੂ ਨੂੰ ਰਾਸ਼ਟਰਪਤੀ ਦਾ ਉਮੀਦਵਾਰ ਬਣਾ ਕੇ ਭਾਰਤੀ ਜਨਤਾ ਪਾਰਟੀ ਵਿਰੋਧੀ ਪਾਰਟੀਆਂ ਦੇ ਪ੍ਰਾਪੇਗੰਡੇ ਨੂੰ ਠਲ ਪਾਉਣ ਵਿਚ ਸਫਲ ਹੋਣਾ ਚਾਹੁੰਦੀ ਹੈ। ਸ਼੍ਰੀਮਤੀ ਦਰੋਪਤੀ ਮੁਰਮੂ ਜ਼ਮੀਨੀ ਪੱਧਰ ਦੀ ਫਾਇਰ ਬਰਾਂਡ ਆਗੂ ਹੈ। ਉਸਦੀ ਚੋਣ ਅਗਲੇ ਦੋ ਸਾਲਾਂ ਵਿਚ ਦੋ ਕਬਾਇਲੀ ਇਲਾਕਿਆਂ ਵਾਲੇ ਛੱਤੀਸਗੜ੍ਹ ਅਤੇ ਝਾਰਖੰਡ ਵਿਚ ਵਿਧਾਨ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਨੂੰ ਮੁੱਖ ਰੱਖ ਕੇ ਕੀਤੀ ਗਈ ਲਗਦੀ ਹੈ। ਅਜਿਹੇ ਹਾਲਾਤ ਵਿਚ ਭਾਰਤੀ ਜਨਤਾ ਪਾਰਟੀ ਲਈ ਰਾਸ਼ਟਰਪਤੀ ਦੀ ਚੋਣ ਇਕ ਵੰਗਾਰ ਹੋਵੇਗੀ। ਭਾਵੇਂ ਭਾਰਤੀ ਜਨਤਾ ਪਾਰਟੀ ਰਾਸ਼ਟਰਪਤੀ ਦੀ ਚੋਣ ਜਿੱਤਣ ਦੇ ਪੂਰੀ ਤਰ੍ਹਾਂ ਸਮਰੱਥ ਹੈ ਪ੍ਰੰਤੂ ਵਿਰੋਧੀ ਪਾਰਟੀਆਂ ਦਾ ਇਕ ਮੰਚ ‘ਤੇ ਲਾਮਬੰਦ ਹੋਣਾ ਤੇ ਪੁਰਾਣੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਯਸ਼ਵੰਤ ਸਿਨਹਾ ਨੂੰ ਉਮੀਦਵਾਰ ਬਣਾਉਣਾ ਚਿੰਤਾ ਦਾ ਵਿਸ਼ਾ ਜ਼ਰੂਰ ਹੈ। ਵਿਰੋਧੀ ਪਾਰਟੀਆਂ ਨੇ ਸਾਬਕਾ ਭਾਰਤੀ ਜਨਤਾ ਪਾਰਟੀ ਦੇ ਨੇਤਾ ਨੂੰ ਉਮੀਦਵਾਰ ਇਸ ਆਸ ਨਾਲ ਬਣਾਇਆ ਹੈ ਕਿ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਦੀਆਂ ਕੁਝ ਵੋਟਾਂ ਪੈ ਸਕਦੀਆਂ ਹਨ। ਸਿਆਸਤਦਾਨਾਂ ਵਿਚ ਵਿਚਾਰਧਾਰਾ ਦੀ ਥਾਂ ਮੌਕਾ ਪ੍ਰਸਤੀ ਭਾਰੂ ਹੋ ਗਈ ਹੈ।
ਭਾਰਤੀ ਜਨਤਾ ਪਾਰਟੀ ਨੇ ਆਪਣੇ ਸਰਕਾਰੀ ਅਸਰ ਰਸੂਖ਼ ਨਾਲ ਕਈ ਰਾਜਾਂ ਵਿਚ ਦੂਜੀਆਂ ਪਾਰਟੀਆਂ ਦੇ ਵਿਧਾਇਕ ਤੋੜ ਕੇ ਸਰਕਾਰਾਂ ਬਣਾ ਲਈਆਂ ਹਨ। ਤਾਜ਼ਾ ਘਟਨਾਕ੍ਰਮ ਮਹਾਰਾਸ਼ਟਰ ਵਿਚ ਵਿਰੋਧੀ ਪਾਰਟੀਆਂ ਦੀ ਸਾਂਝੀ ਸਰਕਾਰ ਤੋੜ ਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣਾ ਬਹੁਤ ਮਹੱਤਵਪੂਰਨ ਹੈ। ਪ੍ਰੰਤੂ ਇਸ ਕਰਕੇ ਸਰਕਾਰ ਡਰ ਵੀ ਰਹੀ ਹੈ ਕਿ ਜਿਹੜੇ ਪਾਰਟੀ ਬਦਲ ਕੇ ਉਨ੍ਹਾਂ ਨਾਲ ਆ ਸਕਦੇ ਹਨ, ਉਹ ਰਾਸ਼ਟਰਪਤੀ ਦੀ ਚੋਣ ਵਿਚ ਕਰਾਸ ਵੋਟਿੰਗ ਵੀ ਕਰ ਸਕਦੇ ਹਨ। ਅਗਲੀਆਂ ਲੋਕ ਸਭਾ ਚੋਣਾ ਵਿਚ ਜੇਕਰ ਭਾਰਤੀ ਜਨਤਾ ਪਾਰਟੀ ਨੂੰ ਭਾਰੀ ਬਹੁਮਤ ਨਾ ਮਿਲਿਆ ਤਾਂ ਰਾਸ਼ਟਰਪਤੀ ਦਾ ਅਹੁਦਾ ਬਹੁਤ ਮਹੱਤਵਪੂਰਨ ਯੋਗਦਾਨ ਪਾ ਸਕਦਾ ਹੈ। ਜਿਸ ਕਰਕੇ ਉਹ ਗਿਆਨੀ ਜ਼ੈਲ ਸਿੰਘ ਦੇ ਸਮੇਂ ਹੋਏ ਘਟਨਾਕ੍ਰਮ ਨੂੰ ਮੁੱਖ ਰੱਖ ਕੇ ਰਣਨੀਤੀ ਬਣਾ ਰਹੇ ਹਨ। ਉਦਾਹਰਣ ਲਈ ਇਹ ਦੱਸਣਾ ਜ਼ਰੂਰੀ ਹੈ ਕਿ ਗਿਆਨੀ ਜ਼ੈਲ ਸਿੰਘ ਦੇ 1982 ਤੋਂ 87 ਤੱਕ ਭਾਰਤ ਦੇ ਰਾਸ਼ਟਰਪਤੀ ਦੀ ਮਿਆਦ ਦੌਰਾਨ ਕਾਂਗਰਸ ਪਾਰਟੀ ਨਾਲ ਸੰਬੰਧ ਚੰਗੇ ਨਹੀਂ ਰਹੇ ਸਨ। ਉਨ੍ਹਾਂ ਪੋਸਟਲ ਬਿਲ ਦੀ ਪ੍ਰਵਾਨਗੀ ਨਹੀਂ ਦਿੱਤੀ ਸੀ। ਹਾਲਾਂ ਕਿ ਗਿਆਨੀ ਜ਼ੈਲ ਸਿੰਘ ਦੇ ਸੰਜੇ ਗਾਂਧੀ ਅਤੇ ਸ਼੍ਰੀਮਤੀ ਇੰਦਰਾ ਗਾਂਧੀ ਨਾਲ ਬਹੁਤ ਚੰਗੇ ਸੰਬੰਧ ਸਨ।
ਗਿਆਨੀ ਜ਼ੈਲ ਸਿੰਘ ਨੂੰ ਜਦੋਂ ਕਾਂਗਰਸ ਪਾਰਟੀ ਨੇ ਰਾਸ਼ਟਰਪਤੀ ਦਾ ਉਮੀਦਵਾਰ ਬਣਾਇਆ ਸੀ, ਉਦੋਂ ਗਿਆਨੀ ਜ਼ੈਲ ਸਿੰਘ ਨੇ ਇਕ ਬਿਆਨ ਦਿੱਤਾ ਸੀ ਕਿ ਉਹ ਆਪਣੇ ਨੇਤਾ ਦੇ ਕਹਿਣ ‘ਤੇ ਝਾੜੂ ਲਗਾਉਣ ਲਈ ਤਿਆਰ ਹਨ, ਜਿਨ੍ਹਾਂ ਨੇ ਉਸ ਵਿਚ ਇਤਨਾ ਵੱਡਾ ਭਰੋਸਾ ਪ੍ਰਗਟ ਕੀਤਾ ਹੈ। ਫਿਰ ਵੀ ਗਿਆਨੀ ਜ਼ੈਲ ਸਿੰਘ ਦੇ ਇੰਦਰਾ ਗਾਂਧੀ ਨਾਲ ਸੰਬੰਧ ਚੰਗੇ ਨਾ ਰਹਿਣਾ ਇਕ ਬੁਝਾਰਤ ਸੀ। ਸ਼੍ਰੀ ਹਰਿਮੰਦਰ ਸਾਹਿਬ ਵਿਚ ਜੂਨ 1984 ਵਿਚ ਬਲਿਊ ਸਟਾਰ ਅਪ੍ਰੇਸ਼ਨ ਕਰਨ ਤੋਂ ਪਹਿਲਾਂ ਗਿਆਨੀ ਜ਼ੈਲ ਸਿੰਘ ਨੂੰ ਜਾਣਕਾਰੀ ਵੀ ਨਹੀਂ ਦਿੱਤੀ ਗਈ ਸੀ ਜਦੋਂ ਕਿ ਉਹ ਤਿੰਨਾਂ ਫ਼ੌਜਾਂ ਦੇ ਕਮਾਂਡਰ ਇਨ ਚੀਫ਼ ਸਨ। ਹੁਣ ਤਾਂ ਭਾਰਤੀ ਜਨਤਾ ਪਾਰਟੀ ਨੇ ਤਿੰਨਾਂ ਸੈਨਾਵਾਂ ਦਾ ਮੁਖੀ ਹੀ ਬਣਾ ਕੇ ਰਾਸ਼ਟਰਪਤੀ ਦੇ ਅਹੁਦੇ ਦੇ ਪਰ ਕੁਤਰ ਦਿੱਤੇ ਹਨ। ਜਦੋਂ ਸ਼੍ਰੀਮਤੀ ਇੰਦਰਾ ਦਾ ਕਤਲ ਹੋਇਆ ਸੀ ਤਾਂ ਗਿਆਨੀ ਜ਼ੈਲ ਸਿੰਘ ਨੇ ਮੰਤਰੀ ਮੰਡਲ ਦੇ ਸਭ ਤੋਂ ਸੀਨੀਅਰ ਮੰਤਰੀ ਸ਼੍ਰੀ ਪ੍ਰਣਬ ਮੁਖਰਜੀ ਨੂੰ ਕਾਰਜ-ਵਾਹਕ ਪ੍ਰਧਾਨ ਮੰਤਰੀ ਬਣਾਉਣ ਦੀ ਪ੍ਰੋਟੋਕਾਲ ਤੋੜ ਕੇ ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਸੀ, ਫਿਰ ਵੀ ਗਿਆਨੀ ਜ਼ੈਲ ਸਿੰਘ ਅਤੇ ਰਾਜੀਵ ਗਾਂਧੀ ਦੇ ਸੰਬੰਧਾਂ ਵਿਚ ਖਟਾਸ ਆ ਗਈ ਸੀ। ਅਜਿਹੇ ਹਾਲਤ ਦੇ ਮੱਦੇ ਨਜ਼ਰ ਭਾਰਤੀ ਜਨਤਾ ਪਾਰਟੀ ਨੇ ਰਾਸ਼ਟਰਪਤੀ ਦਾ ਉਮੀਦਵਾਰ ਮੰਥਨ ਕਰਨ ਤੋਂ ਬਾਅਦ ਬਣਾਇਆ ਹੈ। ਕਿਉਂਕਿ ਉ ਕਿਸੇ ਕਿਸਮ ਦਾ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੀ।

(ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ)

Install Punjabi Akhbar App

Install
×